ਧਰਮ ਬਨਾਮ ਰਾਸ਼ਟਰਵਾਦ

ਹਿੰਦੂਤਵੀ ਰਾਸ਼ਟਰਵਾਦ ਦੀਆਂ ਬਸਤੀਵਾਦੀ ਜੜ੍ਹਾਂ-3
ਭਾਰਤੀ ਰਾਸ਼ਟਰਵਾਦ ਦੇ ਬਸਤੀਵਾਦੀ ਅਤੇ ਸੰਮਿਲਤ (ਨਿਚਲੁਸਵਿe) ਮੁੱਢ ਨੂੰ ਹਿੰਦੂ ਬਹੁ-ਗਿਣਤੀਵਾਦ ਦੇ ਹਮਾਇਤੀਆਂ ਵਲੋਂ ਘੱਟੇ ਰੋਲਿਆ ਜਾ ਰਿਹਾ ਹੈ। ਇਸ ਲੇਖ ਵਿਚ ਇਤਿਹਾਸਕਾਰ ਰੋਮਿਲਾ ਥਾਪਰ ਨੇ ਇਹ ਤੱਥ ਉਜਾਗਰ ਕੀਤਾ ਹੈ ਕਿ ਹਿੰਦੂਤਵ ਦਾ ਕਪਟ ਕਿਸ ਤਰ੍ਹਾਂ ਬਸਤੀਵਾਦੀ ਇਤਿਹਾਸਕਾਰੀ ਦੀ ਸੌੜੀ ਅਤੇ ਪੱਖਪਾਤੀ ਪਰੰਪਰਾ ਉਪਰ ਉਸਾਰਿਆ ਗਿਆ ਸੀ।

ਅੰਗਰੇਜ਼ੀ ਹਫਤਾਵਾਰੀ ਪਰਚੇ ‘ਆਊਟਲੁੱਕ’ ਵਿਚ ਛਪੇ ਇਸ ਲੰਮੇ ਲੇਖ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਸਾਨੂੰ ਘੱਲਿਆ ਹੈ। ਐਤਕੀਂ ਇਸ ਲੇਖ ਦੀ ਤੀਜੀ ਅਤੇ ਆਖਰੀ ਕਿਸ਼ਤ ਛਾਪੀ ਜਾ ਰਹੀ ਹੈ। -ਸੰਪਾਦਕ

ਰੋਮਿਲਾ ਥਾਪਰ
ਅਨੁਵਾਦ: ਬੂਟਾ ਸਿੰਘ
ਫੋਨ:91-94634-74342

ਹਿੰਦੁਸਤਾਨ ਵਿਚ ਸਾਡੀਆਂ ਅਜੋਕੀਆਂ ਪਛਾਣਾਂ ਵਿਚ, ਸਿਰਕੱਢ ਪੈੜ ਬਸਤੀਵਾਦੀ ਜ਼ਮਾਨੇ ਵਿਚ ਜਾ ਲੱਭਦੀ ਹੈ। ਇਸ ਦੀਆਂ ਮਿਸਾਲਾਂ ਨਸਲ, ਜ਼ੁਬਾਨ, ਜਾਤ, ਕਬੀਲੇ ਅਤੇ ਧਰਮ ਦੀਆਂ ਪਛਾਣਾਂ ਹਨ। ਗਰੀਬੀ ਅਤੇ ਨਵੀਂ ਤਰ੍ਹਾਂ ਦੀ ਨਾਬਰਾਬਰੀ ਵਸੋਂ ਦੇ ਵੱਡੇ ਹਿੱਸਿਆਂ ਲਈ ਬਸਤੀਵਾਦੀ ਵਿਰਾਸਤ ਹੈ। ਉਨੀਵੀਂ ਸਦੀ ਵਿਚ ਬਸਤੀਵਾਦ ਵਲੋਂ ਘੜੀਆਂ ਪਛਾਣਾਂ ਉਹ ਪ੍ਰਿਜ਼ਮ ਬਣ ਗਈਆਂ ਜਿਨ੍ਹਾਂ ਵਿਚੋਂ ਯੂਰਪ ਨੇ ਹਿੰਦੁਸਤਾਨ ਦੇ ਅਤੀਤ ਨੂੰ ਦੇਖਣਾ ਸ਼ੁਰੂ ਕੀਤਾ। ਇਸ ਬਸਤੀ ਦਾ ਇਤਿਹਾਸ ਬਸਤੀਵਾਦੀ ਹੁਕਮਰਾਨਾਂ ਲਈ ਮੁੱਖ ਸਰੋਕਾਰ ਸੀ ਤਾਂ ਕਿ ਉਹ ਲੋਕਾਂ ਉਪਰ ਰਾਜ ਕਰਨ ਸਕਣ ਅਤੇ ਦੌਲਤ ਦੀ ਲੁੱਟਮਾਰ ਕਰ ਸਕਣ।
ਇਸ ਸਰੋਕਾਰ ਦਾ ਨਤੀਜਾ ਇਹ ਹੋਇਆ ਕਿ ਪੁਰਾਤਨ ਲਿਖਤਾਂ ਦੀ ਘੁੰਡੀ ਖੋਲ੍ਹਣ, ਖੁਦਾਈ ਰਾਹੀਂ ਲੁਕੇ ਹੋਏ ਇਤਿਹਾਸ ਨੂੰ ਸਾਹਮਣੇ ਲਿਆਉਣ ਅਤੇ ਭਾਸ਼ਾ ਵਿਗਿਆਨ ਦੁਆਰਾ ਜ਼ੁਬਾਨ ਦੇ ਭਾਸ਼ਾ ਵਿਗਿਆਨਕ ਹਿੱਸਿਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਇਸ ਦੀ ਛਾਣਬੀਣ ਕਰਨ ਦਾ ਮੁਹਾਣ ਪਲਟਾਊ ਕੰਮ ਹੋਇਆ। ਪੁਰਾਤਤਵ ਖੁਦਾਈ, ਭਾਸ਼ਾ ਵਿਗਿਆਨਕ ਸਰਵੇਖਣਾਂ ਤੇ ਪਾਂਡੂ ਲਿੱਪੀਆਂ ਨੂੰ ਸੰਗ੍ਰਿਹ ਕਰਨ ਦੇ ਸਿਲਸਿਲੇਵਾਰ ਪ੍ਰੋਗਰਾਮ ਦੁਆਰਾ ਜਾਣਕਾਰੀ ਜੁਟਾਉਣ ਦੇ ਵਾਹਵਾ ਯਤਨ ਕੀਤੇ ਗਏ। ਭੱਟਾਂ ਦੀਆਂ ਰਚਨਾਵਾਂ ਦੀਆਂ ਮੌਖਿਕ ਰਵਾਇਤਾਂ ਵੀ ਇਸ ਯਤਨ ਦਾ ਹਿੱਸਾ ਸਨ। ਪੁਰਾਤਨ ਲਿਪੀਆਂ ਜਿਵੇਂ ਬ੍ਰਹਮੀ ਦੀ ਘੁੰਡੀ ਖੋਲ੍ਹੀ ਗਈ ਤਾਂ ਕਿ ਸ਼ਿਲਾਲੇਖਾਂ ਨੂੰ ਪੜ੍ਹਿਆ ਜਾ ਸਕੇ, ਤੇ ਇਸ ਜ਼ਰੀਏ ਤਾਜ਼ਾ ਜਾਣਕਾਰੀ ਮੁਹੱਈਆ ਹੋਵੇ ਜੋ ਹਮੇਸ਼ਾ ਮਾਪਦੰਡਾਂ ਅਨੁਸਾਰ ਅਤੇ ਗ੍ਰੰਥਾਂ ਨਾਲ ਮੇਲ ਨਹੀਂ ਸੀ ਖਾਦੀ। ਲਿਹਾਜ਼ਾ ਸਮਾਜ ਦੀ ਰੌਚਕ ਮੁਤਬਾਦਲ ਤਸਵੀਰ ਪੇਸ਼ ਕਰਦੀ ਸੀ।
ਤਿੰਨ ਦਲੀਲਾਂ ਹਿੰਦੁਸਤਾਨ ਦੇ ਇਤਿਹਾਸ ਦੀ ਬਸਤੀਵਾਦੀ ਵਿਆਖਿਆ ਦਾ ਮੂਲ ਸਨ। ਪਹਿਲੀ ਸੀ ਕਾਲ ਵੰਡ। ਕਰੀਬ 200 ਸਾਲ ਪਹਿਲਾਂ ਜੇਮਜ਼ ਮਿੱਲ ਨੇ ‘ਹਿਸਟਰੀ ਆਫ ਬ੍ਰਿਟਿਸ਼ ਇੰਡੀਆ (1817-1826)’ ਵਿਚ ਤਿੰਨ ਕਾਲ ਵੰਡ ਦੇ ਹੱਕ ‘ਚ ਦਲੀਲ ਦਿਤੀ, ਇਨ੍ਹਾਂ ਦਾ ਨਾਮਕਰਨ ਹੁਕਮਰਾਨਾਂ ਦੇ ਧਰਮ ਅਨੁਸਾਰ ਕੀਤਾ ਗਿਆ ਸੀ: ਹਿੰਦੂ ਤਹਿਜ਼ੀਬ, ਮੁਸਲਿਮ ਤਹਿਜ਼ੀਬ ਅਤੇ ਬਰਤਾਨਵੀ ਦੌਰ। ਇਸ ਕਾਲ ਵੰਡ ਦੀ ਤਾਈਦ ਇਸ ਮਨੌਤ ਨਾਲ ਕੀਤੀ ਗਈ ਕਿ ਹਿੰਦੁਸਤਾਨੀ ਸਮਾਜ ਦੀਆਂ ਇਕਾਈਆਂ ਹਮੇਸ਼ਾ ਤੋਂ ਇਕਹਿਰੇ ਧਾਰਮਿਕ ਫਿਰਕੇ ਰਹੀਆਂ ਹਨ- ਮੁੱਖ ਤੌਰ ‘ਤੇ ਹਿੰਦੂ ਤੇ ਮੁਸਲਿਮ ਜੋ ਇਕ ਦੂਜੇ ਦੇ ਵੈਰੀ ਹਨ।
1872 ਅਤੇ ਬਾਅਦ ਦੀ ਮਰਦਮਸ਼ੁਮਾਰੀ ਦੇ ਆਧਾਰ ‘ਤੇ ਹਿੰਦੂਆਂ ਨੂੰ ਬਹੁਗਿਣਤੀ ਅਤੇ ਮੁਸਲਮਾਨਾਂ ਤੇ ਬਾਕੀਆਂ ਨੂੰ ਘੱਟਗਿਣਤੀ ਫਿਰਕੇ ਕਿਹਾ ਜਾਣ ਲੱਗਾ। ਦਲੀਲ ਸੀ ਕਿ ਹਿੰਦੁਸਤਾਨ ‘ਚ ਇਤਿਹਾਸਕ ਤਬਦੀਲੀ ਦੀ ਅਣਹੋਂਦ ਸੀ; ਸੋ, ਬਸਤੀਵਾਦੀ ਸੱਤਾ ਆਉਣ ਤਕ ਸਭ ਸੰਸਥਾਵਾਂ ਖੜੋਤ ਦੀ ਹਾਲਤ ਵਿਚ ਸਨ। ਇਹ ਕਾਲ ਵੰਡ ਹਿੰਦੁਸਤਾਨ ਦੇ ਇਤਿਹਾਸ ਦੀ ਵਿਆਖਿਆ ਦਾ ਸਵੈਸਿੱਧ ਪ੍ਰਮਾਣ ਬਣ ਗਈ।
ਦੂਜਾ ਦਾਅਵਾ ਸੀ ਕਿ ਪੂਰਵ-ਬਸਤੀਵਾਦੀ ਸਿਆਸੀ ਆਰਥਿਕਤਾ ਉਸ ਮਾਡਲ ਦੇ ਅਨੁਸਾਰੀ ਰਹੀ ਹੈ ਜਿਸ ਨੂੰ ਪੂਰਬੀ ਤਾਨਾਸ਼ਾਹੀ ਦਾ ਨਾਂ ਦਿਤਾ ਗਿਆ ਸੀ। ਇਹ ਨਮੂਨਾ ਜੋ ਸਾਰੇ ਏਸ਼ੀਆਈ ਸਮਾਜਾਂ ਉਤੇ ਸਾਂਝੇ ਤੌਰ ‘ਤੇ ਲਾਗੂ ਕੀਤਾ ਗਿਆ, ਕਿਸੇ ਉਘੜਵੇਂ ਆਰਥਿਕ ਤਬਦੀਲੀ ਨੂੰ ਨਹੀਂ ਚਿਤਵਦਾ ਸੀ। ਖੜੋਤ ਮਾਰੇ ਸਮਾਜ ਦਾ ਭਾਵ ਇਹ ਵੀ ਸੀ ਕਿ ਇਸ ਨੂੰ ਇਤਿਹਾਸ ਦੀ ਸਮਝ ਨਹੀਂ ਹੈ।
ਤੀਜਾ ਪਹਿਲੂ ਸੀ ਕਿ ਹਿੰਦੂ ਸਮਾਜ ਹਮੇਸ਼ਾ ਚਾਰ ਮੁੱਖ ਜਾਤੀ ਸਮੂਹਾਂ (ਚਾਰ ਵਰਣਾਂ) ਵਿਚ ਵੰਡਿਆ ਰਿਹਾ ਹੈ। ਇਹ ਦਲੀਲ ਦਿਤੀ ਗਈ ਕਿ ਇਹ ਵੰਡ ਅੱਡ-ਅੱਡ ਰਹਿਣ ਵਾਲੀਆਂ ਨਸਲਾਂ ਦੇ ਸਮੂਹ ਵਾਲੇ ਹਿੰਦੁਸਤਾਨੀ ਸਮਾਜ ‘ਤੇ ਆਧਾਰਤ ਸੀ ਜਿਥੇ ਜਾਤ ਉਹ ਬਣਤਰ ਸੀ ਜੋ ਕਾਇਦੇ-ਕਾਨੂੰਨਾਂ ਨਾਲ ਇਸ ਵੰਡ ਨੂੰ ਕੰਟਰੋਲ ਕਰਦੀ ਹੈ ਜੋ ਇਹ ਤੈਅ ਕਰਦੇ ਸਨ ਕਿ ਇਹ ਕੰਮ ਕਿਵੇਂ ਕਰੇ। ਨਸਲੀ ਪਛਾਣ ਉਦੋਂ ਦੇ ਸਮਾਜ ਬਾਬਤ ਬਹਿਸਾਂ ਵਿਚ ਮੋਹਰੀ ਰਹਿੰਦੀ ਸੀ ਜਿਸ ਨੂੰ ਇਸ ਦੇ ਬੋਲਬਾਲੇ ਕਾਰਨ ਯੂਰਪ ਅੰਦਰ ‘ਨਸਲ ਵਿਗਿਆਨ’ ਕਿਹਾ ਜਾਂਦਾ ਸੀ। ਜਾਤ ਦੀ ਇਹ ਧਾਰਨਾ ਬਸਤੀਵਾਦੀ ਵਿਦਵਾਨਾਂ ਨੇ ਮੁੱਖ ਤੌਰ ‘ਤੇ ਉਸ ਨੂੰ ਲੈ ਕੇ ਬਣਾਈ ਸੀ ਜਿਸ ਨੂੰ ਉਹ ਹਿੰਦੁਸਤਾਨੀ ਤਹਿਜ਼ੀਬ ਦੀਆਂ ਆਰੀਅਨ ਬੁਨਿਆਦਾਂ ਵਜੋਂ ਦੇਖਦੇ ਸਨ, ਇਕ ਨਸਲ ਅਤੇ ਇਕ ਜ਼ੁਬਾਨ ਦੋਹਾਂ ਦੇ ਤੌਰ ‘ਤੇ। ਇਹ ਕਿਉਂਕਿ ਵੱਖਰੀ ਭੂਗੋਲਿਕ ਸਥਿਤੀ ਅਤੇ ਚੋਖੀ ਤਾਦਾਦ ‘ਚ ਬੋਲਣ ਵਾਲਿਆਂ ਦਾ ਇਕ ਹੋਰ ਪੁਰਾਤਨ ਭਾਸ਼ਾਈ ਸਮੂਹ ਸੀ, ਇਸ ਕਰ ਕੇ ਆਦਿ ਕਾਲੀ ਲੋਕਾਂ ਉਪਰ ਦਰਾਵਿੜ ਦਾ ਲੇਬਲ ਲਾ ਦਿਤਾ ਗਿਆ। ਹੁਣ ਦਰਾਵਿੜ ਆਰੀਅਨ ਤੋਂ ਵੱਖਰੀ ਚੀਜ਼ ਹੋ ਗਏ। ਸੰਸਕ੍ਰਿਤ ਨੂੰ ਆਰੀਅਨ ਤਹਿਜ਼ੀਬ ਦੀ ਭਾਰੂ ਜ਼ੁਬਾਨ ਮੰਨਿਆ ਗਿਆ; ਭਾਰੂ ਧਰਮ ਵੈਦਿਕ ਬ੍ਰਾਹਮਣਵਾਦ ਸੀ। ਤਿੰਨਾਂ ਹੀ ਬਿਰਤਾਂਤਾਂ ਵਿਚ, ਹਿੰਦੁਸਤਾਨ ਨੂੰ ਅਜਨਬੀ, ਯੂਰਪ ਲਈ “ਗ਼ੈਰ” ਵਜੋਂ ਪੇਸ਼ ਕੀਤਾ ਗਿਆ।
ਬਸਤੀਵਾਦੀ ਵਿਆਖਿਆਵਾਂ ਦਾਅਵਾ ਤਾਂ ਇਹ ਕਰਦੀਆਂ ਸਨ ਕਿ ਬਸਤੀ ਦੇ ਇਤਿਹਾਸ ਦੀ ਵਿਆਖਿਆ ਕਰਦੇ ਵਕਤ ਉਹ ਗਿਆਨ ਚਿੰਤਨ ਤਰਕਸ਼ੀਲਤਾ ਦਾ ਚੌਖਟਾ ਲਾਗੂ ਕਰਦੀਆਂ ਹਨ, ਪਰ ਹਕੀਕਤ ਵਿਚ ਉਹ ਅਜਿਹਾ ਇਤਿਹਾਸ ਥੋਪ ਰਹੀਆਂ ਸਨ ਜੋ ਬਸਤੀਵਾਦੀ ਗ਼ਲਬੇ ਨੂੰ ਜਾਇਜ਼ ਠਹਿਰਾਉਣ ਤੋਂ ਅਲੱਗ ਨਹੀਂ ਸੀ। ਬਸਤੀਵਾਦੀ ਇਤਿਹਾਸਕਾਰਾਂ ਨੇ ਉਨ੍ਹਾਂ ਗ੍ਰੰਥਾਂ ਨੂੰ ਆਧਾਰ ਬਣਾਇਆ ਜਿਨ੍ਹਾਂ ਵਿਚ ਹਿੰਦੁਸਤਾਨੀ ਸਮਾਜ ਦੇ ਕੁਲੀਨ ਵਰਗ-ਜਾਤੀ ਭਵਿਖਨਕਸ਼ੇ ਸਮੋਏ ਹੋਏ ਸਨ ਅਤੇ ਇਨ੍ਹਾਂ ਨੂੰ ਸਮੁੱਚੇ ਸਮਾਜ ਉਪਰ ਲਾਗੂ ਕੀਤਾ ਗਿਆ। ਪੁਰਾਤਨ ਹਿੰਦੁਸਤਾਨ ਬਾਰੇ ਲਿਖਣ ਵਾਲੇ ਹਿੰਦੁਸਤਾਨੀ ਇਤਿਹਾਸਕਾਰ ਨਵੇਂ ਉਭਰੇ ਮੱਧ ਵਰਗ ਵਿਚੋਂ ਸਨ ਅਤੇ ਵਿਸ਼ੇਸ਼ ਅਧਿਕਾਰ ਵਾਲੀਆਂ ਜਾਤਾਂ ਨਾਲ ਸਬੰਧਤ ਸਨ। ਇਸ ਕਰ ਕੇ ਇਨ੍ਹਾਂ ਗ੍ਰੰਥਾਂ ਤੋਂ ਉਹ ਜਾਣੂ ਸਨ।
ਫਿਰ ਵੀ, ਇਕ ਬਹਿਸ ਉਠੀ, ਖ਼ਾਸ ਕਰ ਕੇ ਉਨ੍ਹਾਂ ਇਤਿਹਾਸਕਾਰਾਂ ਅੰਦਰ ਜੋ ਰਾਸ਼ਟਰਵਾਦੀ ਖ਼ਿਆਲਾਂ ਦੇ ਪ੍ਰਭਾਵ ਹੇਠ ਸਨ ਅਤੇ ਕੁਝ ਬਸਤੀਵਾਦੀ ਪੂਰਵ-ਧਾਰਨਾਵਾਂ ਦੇ ਖ਼ਿਲਾਫ਼ ਸਨ। ਬਸਤੀਵਾਦੀ ਕਾਲ ਵੰਡ ਆਮ ਤੌਰ ‘ਤੇ ਕਬੂਲ ਕਰ ਲਈ ਗਈ ਸੀ। ਕੁਝ ਨੇ ਇਨ੍ਹਾਂ ਦੇ ਨਾਂ ਬਦਲ ਕੇ ਪੁਰਾਤਨ, ਮੱਧਯੁਗੀ ਅਤੇ ਆਧੁਨਿਕ ਕਰ ਦਿਤੇ ਜੋ ਯੂਰਪ ਤੋਂ ਲਏ ਗਏ ਸਨ ਅਤੇ ਇਨ੍ਹਾਂ ਨੂੰ ਵਧੇਰੇ ਧਰਮ ਨਿਰਪੱਖ ਸਮਝ ਲਿਆ ਗਿਆ, ਹਾਲਾਂਕਿ ਨਿਖੇੜਾ ਕਰਨ ਵਾਲੇ ਪੈਮਾਨੇ ਉਹੀ ਰਹੇ ਅਤੇ ਕੋਈ ਪ੍ਰਭਾਵਸ਼ਾਲੀ ਤਬਦੀਲੀ ਨਹੀਂ ਹੋਈ ਸੀ। ਪੂਰਬੀ ਤਾਨਾਸ਼ਾਹੀ ਜੋ ਹਿੰਦੁਸਤਾਨ ਦੀ ਆਧੁਨਿਕ ਤੋਂ ਪਹਿਲੇ ਦੌਰ ਦੀ ਸਿਆਸੀ ਆਰਥਿਕਤਾ ਦੀ ਵਿਆਖਿਆ ਕਰਨ ਵਾਲੀ ਧਾਰਨਾ ਸੀ, ਬਤੌਰ ਸਿਧਾਂਤ ਇਸ ਨੂੰ ਅਪਨਾਉਣ ਵਾਲੇ ਥੋੜ੍ਹੇ ਸਨ। ਰਾਸ਼ਟਰਵਾਦੀ ਹਿੰਦੁਸਤਾਨੀ ਇਤਿਹਾਸਕਾਰਾਂ ਨੇ ਮੁੱਖ ਤੌਰ ‘ਤੇ ਇਸ ਨੂੰ ਖਾਰਜ ਕਰ ਦਿਤਾ। ਫਿਰ ਵੀ, ਪੁਰਾਤਨ ਹਿੰਦੁਸਤਾਨੀ ਸਿਆਸੀ ਆਰਥਿਕਤਾ ਅਤੇ ਸਮਾਜ ਬਾਰੇ ਮੁਤਬਾਦਲ ਮਨੌਤਾਂ ਮਹਿਦੂਦ ਸਨ। ਇਸ ਦਾ ਭਾਵ ਹੋਣਾ ਸੀ ਬਿਰਤਾਂਤ ਗ੍ਰੰਥਾਂ ਦੀ ਆਲੋਚਨਾ ਕਰਨਾ ਅਤੇ ਗ਼ੈਰ-ਧਾਰਮਿਕ ਗ੍ਰੰਥਾਂ ਉਪਰ ਵਧੇਰੇ ਭਰੋਸਾ ਕਰਨਾ। ਆਮ ਲਿਖਤਾਂ ‘ਚ ਸਮਾਜੀ ਇਤਿਹਾਸ ਵਲੋਂ ਮੁੱਖ ਤੌਰ ‘ਤੇ ਚਾਰ ਵਰਣਾਂ ਵਾਲੀ ਵਿਥਿਆ ਹੀ ਦੁਹਰਾਈ ਗਈ। ਜਿਥੇ ਪਵਿੱਤਰ ਗ੍ਰੰਥਾਂ ਤੇ ਸ਼ਿਲਾਲੇਖੀ ਸਬੂਤਾਂ ਦਰਮਿਆਨ ਟਕਰਾਓ ਸੀ, ਉਸ ਦਾ ਵਿਸ਼ਲੇਸ਼ਣ ਕੀਤਾ ਹੀ ਨਹੀਂ ਗਿਆ।
ਰਾਸ਼ਟਰਵਾਦ ਦੀ ਭਾਰੂ ਸ਼ਕਲ ਜਿਸ ਨੂੰ ਬਸਤੀਵਾਦ ਵਿਰੋਧੀ ਅਤੇ ਧਰਮ ਨਿਰਪੱਖ ਕਿਹਾ ਗਿਆ, ਦੀ ਇਤਿਹਾਸ ਲੇਖਣੀ ਉਪਰ ਛਾਪ 20ਵੀਂ ਸਦੀ ਦੇ ਮੁੱਢ ਵਿਚ ਜਾ ਕੇ ਲੱਗਣੀ ਸ਼ੁਰੂ ਹੋਈ। ਇਹ ਹਿੰਦੁਸਤਾਨੀ ਵਸੋਂ ਦੀ ਬਹੁਗਿਣਤੀ ਦਾ ਰਾਸ਼ਟਰਵਾਦ ਸੀ। ਹਿੰਦੁਸਤਾਨੀ ਅਤੀਤ ਦੇ ਬਸਤੀਵਾਦੀ ਰੂਪਾਂਤਰ ਵਲੋਂ ਇਨ੍ਹਾਂ ਨੂੰ ਕਾਫ਼ੀ ਹੱਲਾਸ਼ੇਰੀ ਦਿਤੀ ਗਈ। ਇਹ ਲਾਜ਼ਮੀ ਤੌਰ ‘ਤੇ ਬਸਤੀਵਾਦ ਵਿਰੋਧੀ ਨਹੀਂ ਸਨ, ਕਿਉਂਕਿ ਇਨ੍ਹਾਂ ਦਾ ਏਜੰਡਾ ਇਨ੍ਹਾਂ ਦੇ ਵੱਖਰੇ ਧਰਮ ਆਧਾਰਤ ਕੌਮੀ ਰਾਜ ਕਾਇਮ ਕਰਨ ਦੀ ਸਿਆਸੀ ਅਭਿਲਾਸ਼ਾ ‘ਚ ਪਿਆ ਹੈ। ਇਹ ਆਪਣੀ ਸਿਆਸੀ ਵਿਚਾਰਧਾਰਾ ਅਤੇ ਇਸ ਲਈ ਉਹ ਜੋ ਲਾਮਬੰਦੀ ਕਰਨਾ ਚਾਹੁੰਦੇ ਸਨ, ਉਸ ਨੂੰ ਸਹੀ ਠਹਿਰਾਉਣ ਲਈ ਉਹ ਉਸ ਇਤਿਹਾਸ ਦੀ ਵਰਤੋਂ ਕਰਨ ਵਿਚ ਵਧੇਰੇ ਰੁਚਿਤ ਸਨ ਜੋ ਬਸਤੀਵਾਦੀ ਵਿਦਵਤਾ ਨੇ ਪਰੋਸ ਦਿਤਾ ਸੀ। ਉਨ੍ਹਾਂ ਨੇ ਦਲੀਲ ਦਿਤੀ ਕਿ ਹਿੰਦੂ ਅਤੇ ਮੁਸਲਿਮ ਦੀ ਇਹ ਪਛਾਣ ਸਮਕਾਲੀ ਦੌਰ ਅੰਦਰ ਕੌਮੀ ਰਾਜਾਂ ਦੇ ਖ਼ਾਸੇ ਨੂੰ ਤੈਅ ਕਰੇਗੀ, ਜੇ ਇਸ ਦਾ ਭਾਵ ਦੋ ਅਲਹਿਦਾ ਰਾਸ਼ਟਰ ਸਥਾਪਤ ਕਰਨਾ ਹੈ ਤਾਂ ਵੀ। ਉਨ੍ਹਾਂ ਲਈ ਜਮਹੂਰੀਅਤ ਅਤੇ ਮਨੁੱਖੀ ਹਕੂਕ ਨਾਲੋਂ ਧਰਮ ਵੱਧ ਅਹਿਮ ਸੀ।
ਇਨ੍ਹਾਂ ਦੋ ਭਵਿੱਖਨਕਸ਼ਿਆਂ ਤੋਂ ਇਤਿਹਾਸ ਦਾ ਨਿਸ਼ਾਨਾ ਉਸ ਨੂੰ ਸਹੀ ਠਹਿਰਾਉਣਾ ਸੀ ਜੋ ਆਜ਼ਾਦੀ ਦਾ ਨਤੀਜਾ ਬਣ ਕੇ ਸਾਹਮਣੇ ਆਉਣਾ ਸੀ- ਇਹ ਸੀ ਹਿੰਦੁਸਤਾਨ ਦੀ ਦੋ ਰਾਜਾਂ ਵਿਚ ਵੰਡ, ਇਕ ਇਸਲਾਮ ਨੂੰ ਬੁਲੰਦ ਕਰਨ ਵਾਲਾ ਅਤੇ ਦੂਜਾ ਉਹ ਜਿਸ ਵਿਚ ਧਰਮ ਨਿਰਪੱਖ ਜਮਹੂਰੀਅਤ ਦੀ ਖਾਹਸ਼ ਰੱਖਣ ਵਾਲਿਆਂ ਅਤੇ ਹਿੰਦੂ ਰਾਜ ਦੀ ਤਜਵੀਜ਼ ਪੇਸ਼ ਕਰਨ ਵਾਲਿਆਂ ਵਿਚਾਲੇ ਸੰਘਰਸ਼ ਸ਼ਾਮਲ ਸੀ। ਇਹ ਦਲੀਲ ਕਿ ਜੇ ਇਕ ਆ ਗਿਆ, ਫਿਰ ਦੂਜਾ ਅਟੱਲ ਹੈ, ਇਹ ਸੋਚ ਮਹਿਜ਼ ਉਨ੍ਹਾਂ ਦੀ ਸੀ ਜੋ ਹਿੰਦੁਸਤਾਨੀ ਇਤਿਹਾਸ ਦੇ ਬਸਤੀਵਾਦੀ ਰੂਪਾਂਤਰ ਨੂੰ ਸਵੀਕਾਰ ਕਰਦੇ ਸਨ, ਜਿਵੇਂ ‘ਧਾਰਮਿਕ’ ਰਾਸ਼ਟਰਵਾਦੀਆਂ ਨੇ ਕੀਤਾ, ਭਾਵੇਂ ਉਹ ਕਦੇ ਵੀ ਇਹ ਸਵੀਕਾਰ ਨਹੀਂ ਕਰਦੇ ਕਿ ਉਨ੍ਹਾਂ ਦੇ ਸਰੋਤ ਬਸਤੀਵਾਦੀ ਹਨ। ਬਸਤੀਵਾਦ ਤੋਂ ਬਾਅਦ ਦਾ ਰਾਸ਼ਟਰਵਾਦ (ਜੋ ਧਾਰਮਿਕ ਰਾਸ਼ਟਰਵਾਦਾਂ ਤੋਂ ਵੱਖਰਾ ਸੀ) ਅਜੇ ਵੀ ਬਜ਼ਿਦ ਸੀ ਕਿ ਹਿੰਦੁਸਤਾਨ ਦਾ ਰਾਜ ਧਰਮ ਨਿਰਪੱਖ ਜਮਹੂਰੀਅਤ ਹੋਣਾ ਚਾਹੀਦਾ ਹੈ।

ਜਿਥੇ ਕਿਤੇ ਰਾਸ਼ਟਰਵਾਦ ਖ਼ਾਸ ਧਾਰਮਿਕ, ਭਾਸ਼ਾਈ ਜਾਂ ਨਸਲੀ-ਸਭਿਆਚਾਰਕ ਪਛਾਣ ਦੇ ਆਧਾਰ ‘ਤੇ ਕੌਮੀ ਰਾਜ ਬਣਾਉਣ ‘ਚ ਸਫਲ ਰਿਹਾ, ਇਸ ਨੂੰ ਪਛਾਣਾਂ ਦੀ ਸਿਆਸਤ ਨੂੰ ਵਾਜਬ ਠਹਿਰਾਉਣ ਲਈ ਵਰਤਿਆ ਜਾਂਦਾ ਹੈ। ਇਹ ਹਮੇਸ਼ਾ ਜ਼ਰੂਰੀ ਨਹੀਂ ਹੁੰਦਾ ਕਿ ਪਛਾਣ ਧਰਮ ਵਿਚੋਂ ਪੈਦਾ ਹੋਵੇ। ਬੰਗਲਾਦੇਸ਼ ਦੇ ਮਾਮਲੇ ਵਿਚ ਇਹ ਭਾਸ਼ਾ ਵਿਚੋਂ ਪੈਦਾ ਹੋਈ ਸੀ। ਵੱਖਰਾ ਕੌਮੀ ਰਾਜ ਬਣਾਉਣ ਦੀਆਂ ਹਾਲੀਆ ਨਾਕਾਮਯਾਬ ਮੰਗਾਂ, ਜਿਵੇਂ ਸਿੱਖਾਂ ਵਲੋਂ ਖ਼ਾਲਿਸਤਾਨ ਦੀ ਮੰਗ, ਇਕ ਵਾਰ ਫਿਰ ਵਡੇਰੇ ਰਾਸ਼ਟਰ ਭਾਵ ਬਹੁ-ਧਰਮੀ ਰਾਸ਼ਟਰ ਦੇ ਪ੍ਰਸੰਗ ਅੰਦਰ ਧਰਮ ਵਿਚੋਂ ਪੈਦਾ ਹੋਈਆਂ ਸਨ।
ਵੱਖਵਾਦੀ ਲਹਿਰਾਂ ਚੰਗੀ ਤਰ੍ਹਾਂ ਪੈਰ ਜਮਾ ਚੁੱਕੇ ਰਾਸ਼ਟਰਾਂ ਲਈ ਵੀ ਓਪਰੀ ਚੀਜ਼ ਨਹੀਂ, ਪਰ ਜ਼ਰੂਰੀ ਨਹੀਂ, ਉਹ ਹਿੰਸਕ ਹੋਣ ਜਾਂ ਇੰਤਹਾਪਸੰਦ ਵਿਚਾਰਧਾਰਾ ਵਾਲੀਆਂ ਹੋਣ, ਭਾਵੇਂ ਆਇਰਿਸ਼ ਰਾਸ਼ਟਰਵਾਦ ਵੱਖਰੀ ਚੀਜ਼ ਸੀ ਜਿਸ ਦੇ ਜ਼ਾਹਰਾ ਕਾਰਨ ਰਹੇ ਹਨ। ਹਿੰਦੁਸਤਾਨ ‘ਚ ਦੱਖਣ ਦੀਆਂ ਜ਼ੁਬਾਨ ਆਧਾਰਤ ਲਹਿਰਾਂ ਅਤੇ ਖੇਤਰੀ ਖ਼ੁਦਮੁਖਤਿਆਰੀ ਦੀ ਮੰਗਾਂ ਵਾਲੀਆਂ ਲਹਿਰਾਂ ਦੇ ਰੁਝਾਨ ਇਸ ਪਾਸੇ ਰਹੇ ਹਨ। ਜਿਨ੍ਹਾਂ ਲਹਿਰਾਂ ਦੀ ਵਧੇਰੇ ਸੇਧ ਨਸਲੀ-ਸਭਿਆਚਾਰਕ ਖ਼ੂਬੀਆਂ ਵਾਲੀ ਹੈ, ਉਹ ਉਤਰ-ਪੂਰਬ ਦੀਆਂ ਲਹਿਰਾਂ ਹਨ।
ਜਿਥੇ ਇਸ ਨੂੰ ਚੁਣੌਤੀ ਨਹੀਂ ਦਿਤੀ ਜਾਂਦੀ, ਉਥੇ ਬਸਤੀਵਾਦੀ ਵਿਰਾਸਤ ਬਰਕਰਾਰ ਰਹਿੰਦੀ ਹੈ, ਤੇ ਧਾਰਮਿਕ ਰਾਸ਼ਟਰਵਾਦ ਇਸ ਨੂੰ ਹਥਿਆ ਲੈਂਦੇ ਹਨ, ਇਸ ਨੂੰ ਆਪਣਾ ਆਧਾਰ ਬਣਾਉਂਦੇ ਹਨ। ਇਹ ਉਨ੍ਹਾਂ ਦੀ ਸੋਚ ਵਿਚ ਭਾਰੂ ਹੈ ਜੋ ਸਮਝਦੇ ਹਨ ਕਿ ਜੋ ਕੁਝ ਹਿੰਦੁਸਤਾਨੀ ਹੈ, ਇਸ ਤੋਂ ਉਨ੍ਹਾਂ ਦੀ ਮੁਰਾਦ ਹਿੰਦੂ ਹੈ, ਜਾਂ ਜਿਸ ਧਰਮ ਦੇ ਉਹ ਹਮਾਇਤੀ ਹਨ, ਉਸ ਦੀ ਰਾਖੀ ਉਨ੍ਹਾਂ ਦੇ ਜ਼ੁੰਮੇ ਹੈ। ਉਹ ਘੱਟਗਿਣਤੀ ਭਾਈਚਾਰੇ ਦਾ ਵਿਰੋਧ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਹ ਉਨ੍ਹਾਂ ਦੇ ਹੁਕਮਾਂ ਦੀ ਤਾਮੀਲ ਨਹੀਂ ਕਰਨ ਲੱਗੇ। ਇਹ ਜੇਮਜ਼ ਮਿੱਲ ਦੇ ਦੋ ਕੌਮਾਂ ਦੇ ਸਿਧਾਂਤ ਜੋ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਜਮਾਂਦਰੂ ਵੈਰ ਉਪਰ ਜ਼ੋਰ ਦਿੰਦਾ ਹੈ, ਤੇ ਹਿੰਦੂਆਂ ਦੇ ਮੁਸਲਿਮ ਹੁਕਮਰਾਨਾਂ ਦੇ ਜ਼ੁਲਮਾਂ ਤੋਂ ਪੀੜਤ ਹੋਣ ਦੇ ਸਿਧਾਂਤ ਦੀ ਸਪਸ਼ਟ ਲਗਾਤਾਰਤਾ ਹੈ। ਲਿਹਾਜ਼ਾ, ਕੁਝ ਲੋਕਾਂ ਅਨੁਸਾਰ ਪਾਕਿਸਤਾਨ ਦੀ ਤਰਜ਼ ‘ਤੇ ਹਿੰਦੂ ਹਿੰਦੁਸਤਾਨ ਬਣਾਉਣਾ ਹੋਵੇਗਾ, ਭਾਵੇਂ ਬਹੁਭਾਂਤੀ ਸੰਸਕ੍ਰਿਤੀਆਂ ਅਤੇ ਬਹੁਤ ਸਾਰੇ ਧਾਰਮਿਕ ਅਕੀਦਿਆਂ ਵਾਲੇ ਰਾਸ਼ਟਰੀ ਇਤਿਹਾਸ (ਤੇ ਅਜੋਕੀ ਹਕੀਕਤ) ਨੂੰ ਦੇਖਦੇ ਹੋਏ ਧਰਮ ਨਿਰਪੱਖ ਹਿੰਦੁਸਤਾਨ ਵਧੇਰੇ ਟਿਕਾਊ ਹੈ।
ਇਹ ਦਲੀਲ ਕਿ ਬਹੁਗਿਣਤੀ ਅਤੇ ਘੱਟਗਿਣਤੀ ਧਾਰਮਿਕ ਫਿਰਕਿਆਂ ਨੂੰ ਇਕਾਈਆਂ ਮੰਨ ਕੇ ਧਰਮ ਆਧਾਰਤ ਰਾਜ ਜਮਹੂਰੀਅਤ ਦੇ ਅਨੂਕੂਲ ਨਹੀਂ ਹੈ, ਇਸ ਦੀ ਅਜਿਹੇ ਖ਼ਿਆਲਾਂ ਵਾਲਿਆਂ ਨੂੰ ਕੋਈ ਪ੍ਰਵਾਹ ਨਹੀਂ। ਉਹ ਧਰਮ ਆਧਾਰਤ ਰਾਸ਼ਟਰਵਾਦਾਂ ਦੇ ਗ਼ੈਰਜਮਹੂਰੀ ਇਰਾਦਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਅਤੇ ਹੁਣ ਤਾਂ ਇਹ ਹੋਰ ਵੀ ਜ਼ਿਆਦਾ ਹੋ ਰਿਹਾ ਹੈ ਜਦੋਂ ਅਸੀਂ ਨਵਉਦਾਰ ਮੰਡੀ ਆਰਥਿਕਤਾ ਵਿਚ ਗ੍ਰਸੇ ਹੋਏ ਹਾਂ ਜੋ ਨਾਬਰਾਬਰੀਆਂ ਦੀਆਂ ਦਰਜੇਬੰਦੀਆਂ ਨੂੰ ਵਾਰ-ਵਾਰ ਦੁਹਰਾਉਂਦੀ ਹੋਈ ਪੱਕੀਆਂ ਕਰਦੀ ਹੈ। ਬਰਾਬਰੀ ਦੀ ਮੰਗ ਕਰਨ ਵਾਲੀਆਂ, ਹੇਠੋਂ ਉਠਣ ਵਾਲੀਆਂ ਲਹਿਰਾਂ ਨੂੰ ਰਾਜ ਲਈ ਖ਼ਤਰਾ ਦੱਸਿਆ ਜਾਂਦਾ ਹੈ। ਮੁਸਲਿਮ ਰਾਸ਼ਟਰਵਾਦ ਨੇ ਦੋ ਕੌਮਾਂ ਦੀ ਬਸਤੀਵਾਦੀ ਦਲੀਲ ਇਸਤੇਮਾਲ ਕਰਦੇ ਹੋਏ ਵੱਖਰੇ ਰਾਜ ਦੀ ਮੰਗ ਕੀਤੀ। ਕੁਝ ਦੇ ਕਹਿਣ ਅਨੁਸਾਰ, ਅਜਿਹਾ ਰਾਜ ਨਵੇਂ ਜੋਸ਼ ਨਾਲ ਲਬਰੇਜ਼ ਇਸਲਾਮਿਕ ਜਗਤ ਦੀ ਗੁਲੀ ਬਣ ਜਾਵੇਗਾ। ਵੰਡ ਤੋਂ ਪਹਿਲੇ ਹਿੰਦੁਸਤਾਨ ਦੀਆਂ ਸਾਰੀਆਂ ਮੁਸਲਿਮ ਜਥੇਬੰਦੀਆਂ ਨੇ ਇਸ ਦਲੀਲ ਦੀ ਹਾਮੀ ਨਹੀਂ ਭਰੀ, ਤੇ ਕੁਝ ਨੇ ਇਸ ਦਾ ਵਿਰੋਧ ਕੀਤਾ; ਪਰ ਇਸ ਨੇ ਦਾਅਵਾ ਕੀਤਾ, ਜਿਵੇਂ ਧਾਰਮਿਕ ਰਾਸ਼ਟਰਵਾਦ ਕਰਦੇ ਹੀ ਹਨ, ਕਿ ਇਸ ਨੂੰ ਬਹੁਗਿਣਤੀ ਦੀ ਹਮਾਇਤ ਹੈ।
ਆਪਣੇ ਹਿੰਦੂਤਵੀ ਅਵਤਾਰ ਦੇ ਰੂਪ ਵਿਚ ਜਿਵੇਂ ਹਿੰਦੂ ਧਾਰਮਿਕ ਰਾਸ਼ਟਰਵਾਦ ਇਤਿਹਾਸ ਨੂੰ ਦੇਖਦਾ ਹੈ, ਇਸ ਬਿਰਤਾਂਤ ਅਨੁਸਾਰ ਹਿੰਦੂ ਉਸ ਧਰਤੀ ਦੇ ਅਸਲ ਬਾਸ਼ਿੰਦੇ ਸਨ ਜੋ ਬਾਅਦ ਵਿਚ ਬਰਤਾਨਵੀ ਹਿੰਦੁਸਤਾਨ ਵਜੋਂ ਜਾਣੀ ਗਈ, ਇਉਂ ਉਹੀ ਇਸ ਦੇ ਵਾਰਿਸ ਹਨ। ਇਹ ਕਿਹਾ ਜਾਂਦਾ ਹੈ ਕਿ ਕਦੇ ਹਿੰਦੂਆਂ ਦਾ ਮਹਾਨ ਅਤੇ ਸ਼ਾਨਾਮੱਤਾ ਅਤੀਤ ਹੁੰਦਾ ਸੀ ਜੋ ਮੁਸਲਿਮ ਧਾੜਵੀਆਂ ਵਲੋਂ ਤਬਾਹ ਕਰ ਦਿਤਾ ਗਿਆ। ਨਤੀਜੇ ਵਜੋਂ, ਹਿੰਦੂ ਰਾਜ ਬਣਾਏ ਜਾਣ ਨੂੰ ਹੱਕੀ ਵਿਰਾਸਤ ਵੱਲ ਜਾਇਜ਼ ਵਾਪਸੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਵਿਚਾਰਧਾਰਾ ਅਨੁਸਾਰ, ਮੁੱਢ-ਕਦੀਮ ਤੋਂ ਹਿੰਦੂ ਵੰਸ਼ ਅਤੇ ਧਰਮ (ਪਿਤਰੀਭੂਮੀ ਅਤੇ ਪੁਨਿਆਭੂਮੀ) ਦੀ ਪੀੜ੍ਹੀ-ਦਰ-ਪੀੜ੍ਹੀ ਲਗਾਤਾਰਤਾ ਵਰਤਮਾਨ ਅੰਦਰ ਹਿੰਦੂਆਂ ਦੀ ਸ਼੍ਰੇਸ਼ਟ ਹੈਸੀਅਤ ਨੂੰ ਵਾਜਬੀਅਤ ਮੁਹੱਈਆ ਕਰਦੀ ਹੈ। ਇਸ ਨਾਲ ਇਹ ਪੂਰਬਵਾਦੀ (ੌਰਇਨਟਅਲਸਿਟ) ਅਤੇ ਭਾਸ਼ਾਵਿਗਿਆਨੀ ਐਫ਼ਐਮæ ਮੁਲਰ ਦੀ ਇਸ ਵਿਆਖਿਆ ਨੂੰ ਜੋੜ ਲੈਂਦਾ ਹੈ ਕਿ ਆਰੀਅਨ ਸੰਸਕ੍ਰਿਤੀ ਹੀ ਸ਼੍ਰੇਸ਼ਟ ਹੈ ਅਤੇ ਹਿੰਦੁਸਤਾਨੀ (ਇਸ ਨੂੰ ਹਿੰਦੂ ਪੜ੍ਹੋ) ਤਹਿਜ਼ੀਬ ਦੀਆਂ ਬੁਨਿਆਦਾਂ ਆਰੀਅਨ ਹਨ।
ਮਜ਼ੇਦਾਰ ਗੱਲ ਇਹ ਹੈ ਕਿ ਇਹ ਧਰਮਾਤਮਾ ਲੋਕ (ਠਹeੋਸੋਪਹਸਿਟਸ) ਅਤੇ ਖ਼ਾਸ ਕਰ ਕੇ ਇਸ ਸੰਸਥਾ ਦੇ ਇਕ ਬਾਨੀ ਕਰਨਲ ਐਚæਐਸ਼ ਔਲਕਾਟ ਸਨ ਜੋ ਮੁੱਢ ਵਿਚ ਉਨੀਵੀਂ ਸਦੀ ਅੰਦਰ ਇਸ ਸਿਧਾਂਤ ਦੇ ਵੱਡੇ ਪ੍ਰਚਾਰਕ ਹੋਏ ਹਨ। ਔਲਕਾਟ ਨੇ ਦਲੀਲ ਦਿਤੀ ਕਿ ਆਰੀਅਨ ਹਿੰਦੁਸਤਾਨ ਦੇ ਮੂਲ ਬਾਸ਼ਿੰਦੇ ਸਨ ਅਤੇ ਉਹੀ ਇਸ ਤਹਿਜ਼ੀਬ ਨੂੰ ਹਿੰਦੁਸਤਾਨ ਤੋਂ ਪੱਛਮ ਵਿਚ ਲੈ ਕੇ ਗਏ, ਹਿੰਦੂਤਵ ਇਸ ਖ਼ਿਆਲ ਨੂੰ ਉਤਸ਼ਾਹਤ ਕਰਦਾ ਹੈ, ਪਰ ਉਸ ਨੇ ਇਸ ਦੇ ਬਸਤੀਵਾਦੀ ਮੂਲ ਦਾ ਕੋਈ ਜ਼ਿਕਰ ਨਹੀਂ ਕੀਤਾ। ਪਤਨ ਹੋਣ ਤੋਂ ਪਹਿਲਾਂ ਇਹ ਧਰਮਾਤਮਾ ਆਰੀਆ ਸਮਾਜ ਦੇ ਨੇੜੇ ਸਨ।
ਆਰੀਅਨ ਮੂਲ ਦੇ ਸਿਧਾਂਤ ਦਾ ਲਾਹਾ ਇਹ ਸੀ ਕਿ ਕੁਲੀਨ-ਵਰਗੀ ਜਾਤਾਂ ਨੂੰ ਆਰੀਅਨ ਵੰਸ਼ ‘ਚੋਂ ਹੋਣ ਅਤੇ ਨਾਲ ਹੀ ਇਹ ਦਾਅਵੇ ਕਰਨ ਦਾ ਅਧਾਰ ਠੁੰਮ੍ਹਣਾ ਮਿਲ ਗਿਆ ਕਿ ਆਰੀਅਨ ਵੰਸ਼ ਦੁਆਰਾ ਤਹਿਜ਼ੀਬ ਦਾ ਮੁੱਢ ਬੱਝਣ ਦੇ ਵੇਲੇ ਤੋਂ ਹੀ ਉਨ੍ਹਾਂ ਦਾ ਵੰਸ਼ ਸ਼੍ਰੇਸ਼ਟ ਚਲਿਆ ਆ ਰਿਹਾ ਹੈ। ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਅੰਗਰੇਜ਼ਾਂ ਨਾਲ ਉਨ੍ਹਾਂ ਦਾ ਗੂੜ੍ਹਾ ਰਿਸ਼ਤਾ ਹੈ ਜੋ ਭੂਗੋਲਿਕ ਤੌਰ ‘ਤੇ ਯੂਰੇਸ਼ੀਆ ਤੋਂ ਪਾਰ ‘ਆਰੀਅਨਾਂ’ ਦੇ ਪਸਾਰੇ ਦੀ ਦੂਜੀ ਕੰਨੀ ਉਪਰ ਵਸੇ ਹੋਏ ਸਨ। ਹੜੱਪਾ ਤਹਿਜ਼ੀਬ ਜਿਸ ਦੀ ਖੋਜ 1920ਵਿਆਂ ਵਿਚ ਹੋਈ, ਦੀ ਹੋਂਦ ਇਸ ਬਿਰਤਾਂਤ ਉਪਰ ਸਵਾਲੀਆ ਚਿੰਨ੍ਹ ਲਾਉਂਦੀ ਹੈ, ਪਰ ਇਹ ਦਾਅਵਾ ਕਰਦੇ ਹੋਏ ਕਿ ਹੜੱਪਾ ਦੇ ਬਾਸ਼ਿੰਦੇ ਵੀ ਆਰੀਅਨ ਸਨ, ਇਨ੍ਹਾਂ ਸਵਾਲਾਂ ਨੂੰ ਨਾਮਨਜ਼ੂਰ ਕਰ ਦਿਤਾ ਜਾਂਦਾ ਹੈ। ਜਦਕਿ, ਅਜੇ ਤਕ ਇਸ ਦਲੀਲ ਦੇ ਹੱਕ ਵਿਚ ਕੋਈ ਸਬੂਤ ਨਹੀਂ ਦਿਤਾ ਗਿਆ। ਦੋ ਕੌਮਾਂ ਦਾ ਸਿਧਾਂਤ ਅਤੇ ਆਰੀਅਨ ਮੂਲ ਦਾ ਸਿਧਾਂਤ ਦੋਹਾਂ ਦੀਆਂ ਜੜ੍ਹਾਂ ਹਿੰਦੁਸਤਾਨੀ ਇਤਿਹਾਸ ਦੀ ਉਨੀਵੀਂ ਸਦੀ ਵਾਲੀ ਬਸਤੀਵਾਦੀ ਵਿਆਖਿਆ ਵਿਚ ਹਨ। ਇਹ ਸਿਧਾਂਤ ਇਹ ਦਾਅਵਾ ਕਰਦੇ ਹੋਏ ਕਿ ਉਹ ਹੀ ਹਿੰਦੁਸਤਾਨ ਦਾ ਮੂਲ ਇਤਿਹਾਸ ਹਨ, ਇਕ ਰੂਪ ‘ਚ ਹਿੰਦੁਸਤਾਨੀ ਇਤਿਹਾਸ ਦੀ ਬਸਤੀਵਾਦੀ ਵਿਆਖਿਆ ਦੀ ਪਰਵਰਿਸ਼ ਕਰ ਰਹੇ ਹਨ ਅਤੇ ਇਸ ਨੂੰ ਜਾਰੀ ਰੱਖ ਰਹੇ ਹਨ।
ਜ਼ਿਆਦਾਤਰ ਇਤਿਹਾਸਕਾਰ ਇਨ੍ਹਾਂ ਅਤੇ ਹੋਰ ਸਿਧਾਂਤਾਂ ‘ਤੇ ਸਵਾਲੀਆ ਚਿੰਨ੍ਹ ਲਾਉਂਦੇ ਹਨ, ਜਿਵੇਂ ਹਿੰਦੁਸਤਾਨੀ ਅਤੀਤ ਦੀ ਵਧੇਰੇ ਸਥਾਪਤ ਬਸਤੀਵਾਦੀ ਵਿਆਖਿਆ ਦੇ ਲੇਖਕਾਂ ਮਿੱਲ-ਮੈਕਾਲੇ-ਮੁਲਰ ਦੀ ਤਿੱਕੜੀ ਵਲੋਂ ਪੇਸ਼ ਕੀਤੇ ਸਿਧਾਂਤ (ਮੈਕਾਲੇ ਬਰਤਾਨਵੀ ਸਿਆਸਤਦਾਨ ਤੇ ਪ੍ਰਸ਼ਾਸਕ ਅਤੇ 1835 ਵਾਲੇ ਬਦਨਾਮ ਥੀਸਿਜ਼ ੰਨੁਟe ੋਨ ੀਨਦਅਿਨ ਓਦੁਚਅਟਿਨ ਦਾ ਲੇਖਕ ਸੀ ਜਿਸ ਨੇ “ਹਿੰਦੁਸਤਾਨ ਅਤੇ ਅਰਬ ਦੇ ਕੁਲ ਦੇਸੀ ਸਾਹਿਤ” ਨੂੰ ਫ਼ਜ਼ੂਲ ਦੱਸ ਕੇ ਖਾਰਜ ਕੀਤਾ)। ਵਿਅੰਗ ਦੀ ਗੱਲ ਇਹ ਹੈ ਕਿ ਇਨ੍ਹਾਂ ਬਸਤੀਵਾਦੀ ਸਿਧਾਂਤਾਂ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਉਣ ਵਾਲੇ ਇਤਿਹਾਸਕਾਰਾਂ ਉਪਰ ਹੀ ਹਿੰਦੂਤਵਵਾਦੀਆਂ ਵਲੋਂ ਰਾਸ਼ਟਰਵਿਰੋਧੀ, ਮੈਕਾਲੇ ਦੀ ਔਲਾਦ, ਅਤੇ ‘ਮਾਰਕਸਵਾਦੀ’ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ। ਅਜੋਕਾ ਇਤਿਹਾਸਕ ਮੌਕਾ ਉਤਰ-ਬਸਤੀਵਾਦੀ ਰਾਜ, ਆਜ਼ਾਦ ਰਾਸ਼ਟਰ ਦਾ ਦੌਰ ਹੈ, ਤੇ ਇਸ ਦੇ ਜੋ ਸੱਤਾ ਰਿਸ਼ਤੇ ਹਨ, ਉਨ੍ਹਾਂ ਵਿਚ ਬੇਥਾਹ ਰੱਦੋਬਦਲ ਨੂੰ ਲੈ ਕੇ ਟਕਰਾਓ ਹੈ। ਟਕਰਾਓ ਨੂੰ ਧਰਮ ਦਾ ਜਾਮਾ ਪਹਿਨਾਇਆ ਗਿਆ ਹੈ ਅਤੇ ਨਾਅਰਾ ਇਹ ਹੈ ਕਿ ਹਿੰਦੂਤਵ ਦੀ ਸ਼੍ਰੇਸਟਤਾ ਸਥਾਪਤ ਕਰਨੀ ਹੈ।
(ਆਊਟਲੁਕ ਤੋਂ ਧੰਨਵਾਦ ਸਹਿਤ)