ਕਿਸਾਨੀ ਵਿਚ ਹਰੀ ਕ੍ਰਾਂਤੀ ਦਾ ਝੰਡਾਬਰਦਾਰ ਜਗਜੀਤ ਹਾਰਾ

ਗੁਲਜ਼ਾਰ ਸਿੰਘ ਸੰਧੂ
ਸ਼ੇਰਸ਼ਾਹ ਸੂਰੀ ਮਾਰਗ ਉਤੇ ਲੁਧਿਆਣੇ ਨੇੜੇ ਸਾਹਨੇਵਾਲ ਦੀ ਬੁਕਲ ਵਿਚ ਇੱਕ ਨਿੱਕਾ ਜਿਹਾ ਪਿੰਡ ਹੈ ਜਿਸ ਦਾ ਡਾਕਖਾਨਾ ਵੀ ਖਾਸ ਨਹੀਂ ਕੰਗਣਵਾਲ ਹੈ ਜਿੱਥੋਂ ਦੇ ਜਗਜੀਤ ਸਿੰਘ ਹਾਰਾ ਨੇ ਇਸ ਪਿੰਡ ਨੂੰ ਕਿਰਸਾਣੀ ਜਗਤ ਦੇ ਨਕਸ਼ੇ ਉਤੇ ਲੈ ਆਂਦਾ ਹੈ। ਅਰਥਸ਼ਾਸਤਰ ਦੀ ਐਮæਏæ ਜਗਜੀਤ ਹਾਰਾ ਅਜਿਹਾ ਅਗਾਂਹਵਧੂ ਕਿਸਾਨ ਹੈ ਜਿਸ ਦੀ ਉਨਤ ਖੇਤੀ ਵੇਖ ਕੇ ਤੇ ਹਰੀ ਕ੍ਰਾਂਤੀ ਦਾ ਜਨਮਦਾਤਾ ਨਾਰਮਨ ਬੋਰਲਾਗ ਹੀ ਨਹੀਂ, ਉਨਤ ਤੇ ਵਿਗਿਆਨਕ ਖੇਤੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਮਹਾਂ ਵਿਗਿਆਨੀ

ਐਮæ ਐਸ਼ ਸਵਾਮੀਨਾਥਨ ਤੇ ਗੁਰਦੇਵ ਸਿੰਘ ਖੁਸ਼ ਸਮੇਤ ਪੰਜਾਬ ਖੇਤੀ ਯੂਨੀਵਰਸਟੀ ਦੇ ਸਾਰੇ ਵਾਈਸ ਚਾਂਸਲਰ (ਐਮæ ਐਸ਼ ਰੰਧਾਵਾ, ਜੀæ ਐਸ਼ ਕਾਲਕਟ, ਅਮਰੀਕ ਸਿੰਘ ਚੀਮਾ, ਮਨਜੀਤ ਸਿੰਘ ਕੰਗ ਤੇ ਕੇæ ਐਸ਼ ਔਲਖ) ਉਸ ਦੇ ਫਾਰਮ ‘ਤੇ ਜਾ ਕੇ ਉਹਦੇ ਨਾਲ ਗੱਲਬਾਤ ਕਰਦੇ ਰਹੇ ਹਨ।
10 ਅਕਤੂਬਰ ਨੂੰ ਅੱਸੀ ਵਰ੍ਹੇ ਦੇ ਹੋਏ ਜਗਜੀਤ ਨੂੰ ਵਿਗਿਆਨਕ ਬਿਰਤੀ ਵਿਰਸੇ ਵਿਚ ਮਿਲੀ ਹੈ। ਉਹਦੇ ਤਾਇਆ ਜੀ ਸਰਦਾਰ ਲਾਲ ਸਿੰਘ ਇਕੱਠੇ ਭਾਰਤ ਵਿਚ ਮੰਨੇ ਪ੍ਰਮੰਨੇ ਖੇਤੀ ਪ੍ਰਬੰਧਕ ਸਨ। ਜਗਜੀਤ ਨੇ ਵਿਗਿਆਨਕ ਖੇਤੀ ਦਾ ਸਫਰ ਕਣਕ ਤੇ ਝੋਨੇ ਦੇ ਨਵੇਂ ਤੇ ਉਨਤ ਬੀਜਾਂ ਦੀ ਕਾਸ਼ਤ ਰਾਹੀਂ ਅਰੰਭਿਆ ਤੇ ਅੱਜ ਵੀ ਉਹ ਮੱਕੀ ਆਦਿ ਫਸਲਾਂ ਤੋਂ ਬਿਨਾ ਗਾਜਰ, ਮੂਲੀ, ਧਨੀਆ ਹੀ ਨਹੀਂ ਬਰਸੀਮ ਵਰਗੇ ਪਸ਼ੂਚਾਰੇ ਦੀ ਖੇਤੀ ਵਿਚ ਵੀ ਧਨ ਤੇ ਮਹਿਮਾ ਕਮਾ ਰਿਹਾ ਹੈ।
ਇਹ ਵੀ ਸੱਚ ਹੈ ਕਿ ਜਗਜੀਤ ਆਮ ਕਿਸਾਨਾਂ ਲਈ ਖੇਤੀ ਨੂੰ ਲਾਹੇਵੰਦਾ ਧੰਦਾ ਨਹੀਂ ਮੰਨਦਾ। ਉਸ ਦੀ ਵਿਗਿਆਨਕ ਤੇ ਅਗਾਂਹਵਧੂ ਸੋਚ ਉਸ ਨੂੰ ਸਾਂਝੀ ਖੇਤੀ ਦੇ ਆਦਰਸ਼ ਵਲ ਧੱਕ ਰਹੀ ਹੈ। ਉਹਦੇ ਨਾਲ ਨਿੱਠ ਕੇ ਵਿਚਾਰ ਵਟਾਂਦਰਾ ਕਰੀਏ ਤਾਂ ਉਹ ਪੰਜਾਬ ਦੀ ਡੁੱਬ ਰਹੀ ਕਿਸਾਨੀ ਨੂੰ ਕੰਢੇ ਲਾਉਣ ਲਈ ਹਰ ਸੰਭਵ ਯੋਗਦਾਨ ਪਾਉਣ ਲਈ ਤਿਆਰ ਹੈ।
ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਤੇ ਪੰਜਾਬ ਸਰਕਾਰ ਵੱਲੋਂ ਨਿਸ਼ਾਨ-ਏ-ਖਾਲਸਾ ਨਾਲ ਨਿਵਾਜੇ ਜਾ ਚੁਕੇ ਜਗਜੀਤ ਸਿੰਘ ਹਾਰਾ ਨੇ ਰੂਸ, ਫਰਾਂਸ, ਚੀਨ, ਅਮਰੀਕਾ, ਜਰਮਨੀ, ਹਾਲੈਂਡ ਆਦਿ ਦੇਸ਼ਾਂ ਦੀ ਸੈਰ ਕੀਤੀ ਹੈ। ਇਹ ਸਾਰੇ ਸਫਰ ਖੇਤੀ ਨੂੰ ਲਾਹੇਵੰਦਾ ਧੰਦਾ ਬਣਾਉਣ ਦੀ ਭਾਵਨਾ ਨਾਲ ਕੀਤੇ ਗਏ।
ਪੰਜਾਬੀਆਂ ਵਿਚ ਉਚੀਆਂ ਮਲਾਂ ਮਾਰਨ ਦੀ ਰੁਚੀ ਭਾਰਤ ਦੇ ਬਾਕੀ ਰਾਜਾਂ ਨਾਲੋਂ ਕਿਤੇ ਵਧ ਹੈ। ਮੈਨੂੰ ਚੇਤੇ ਹੈ ਕਿ ਪੰਜਾਬ ਖੇਤੀ ਯੂਨੀਵਰਸਟੀ ਦੇ ਸੰਚਾਰ ਕੇਂਦਰ ਦਾ ਮੁਖੀ ਹੁੰਦਿਆਂ ਮੈਂ ਇੱਕ ਵਾਰੀ ਅੰਗਰੇਜ਼ੀ ਰਸਾਲੇ Ḕਇਲਸਟ੍ਰੇਟਿਡ ਵੀਕਲੀḔ ਦੇ ਮਰਾਠੀ ਸੰਪਾਦਕ ਐਚæ ਵੀæ ਕਾਮਤ ਨੂੰ ਚੰਡੀਗੜ੍ਹ ਤੋਂ ਲੁਧਿਆਣਾ ਲਿਜਾ ਰਿਹਾ ਸਾਂ ਤਾਂ ਉਸ ਨੇ ਸਿਰ ਉਤੇ ਮੰਡਾਸਾ ਮਾਰ ਕੇ ਤੁਰੇ ਜਾਂਦੇ ਇਕ ਸਧਾਰਨ ਜੱਟ ਕੋਲ ਗੱਡੀ ਰੁਕਵਾ ਕੇ ਉਸ ਨੂੰ ਪੁਛਿਆ ਕਿ ਉਸ ਨੇ ਆਪਣੇ ਪਿੰਡ ਤੋਂ ਦੂਰ ਕਿਥੋਂ ਕੁ ਤੱਕ ਦਾ ਸਫਰ ਕੀਤਾ ਹੈ। ਉਸ ਦੇ ਮੂੰਹੋਂ Ḕਮੈਂ ਤਾਂ ਜੀ ਦੁਬਈ ਤੱਕ ਹੀ ਗਿਆ ਹਾਂ’ ਸੁਣ ਕੇ ਕਾਮਤ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਆ ਗਏ ਸਨ। ਮੰਡਾਸੇ ਵਾਲੇ ਉਸ ਕਿਸਾਨ ਦਾ ਪਿੰਡ ਸਾਹਨੇਵਾਲ ਦੇ ਨੇੜਿਓਂ ਲੰਘਦੀ ਦੋਰਾਹਾ ਨਹਿਰ ਉਤੇ ਸੀ। ਸਾਡਾ ਹਾਰਾ ਤਾਂ ਪੜ੍ਹਿਆ-ਲਿਖਿਆ ਕਿਸਾਨ ਹੈ। ਮੈਂ ਉਸ ਨੂੰ ਆਪਣੇ ਖੇਤੀ ਯੂਨੀਵਰਸਟੀ ਵਿਚ ਬਿਤਾਏ ਵਰ੍ਹਿਆਂ ਤੋਂ ਜਾਣਦਾ ਹਾਂ ਜਦ ਉਸ ਦੀ ਪਤਨੀ ਸੁਰਜੀਤ ਕੌਰ ਹਾਰਾ ਫਾਰਮ ‘ਤੇ ਆਏ ਮਹਿਮਾਨਾਂ ਦੀ ਆਓ ਭਗਤ ਲਈ ਜਾਣੀ ਜਾਂਦੀ ਸੀ। ਉਹ ਜਗਜੀਤ ਨੂੰ ਇਕੱਲਿਆਂ ਛੱਡ ਕੇ ਤੁਰ ਗਈ ਹੈ ਤੇ ਮੈਨੂੰ ਅਫ਼ਸੋਸ ਹੈ ਕਿ ਜਗਜੀਤ ਹਾਰਾ ਨੂੰ ਆਪਣਾ ਅੱਸੀਵਾਂ ਜਨਮ ਦਿਨ ਜ਼ਿੰਦਾ ਦਿਲ ਸੁਰਜੀਤ ਦੀ ਗੈਰਹਾਜ਼ਰੀ ਵਿਚ ਮਨਾਉਣਾ ਪਿਆ। ਉਹ ਅੱਜ ਕੱਲ ਅਜਿਹੀ ਖੇਤੀ ਦੇ ਤਜਰਬਿਆਂ ਨਾਲ ਦਿਲ ਪਰਚਾ ਰਿਹਾ ਹੈ ਜਿੱਥੋਂ ਘਟ ਤੋਂ ਘਟ ਖਰਚੇ ਨਾਲ ਵਧ ਤੋਂ ਵਧ ਆਮਦਨ ਲਈ ਜਾ ਸਕੇ। ਉਸ ਦੇ ਨਵੇਂ ਕਾਰਜਾਂ ਵਿਚ ਸੁਰਜੀਤ ਕੌਰ ਦੀ ਆਤਮਾ ਉਹਦੇ ਨਾਲ ਹੈ।
ਨਸ਼ੇੜੀਆਂ ਦੇ ਮਾਪੇ ਧਿਆਨ ਦੇਣ: ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿਚ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ। ਨਸ਼ੇੜੀਆਂ ਦੀ ਨਾ ਕੋਈ ਮਾਂ ਹੈ, ਨਾ ਬਾਪ ਤੇ ਨਾ ਹੀ ਭੈਣ-ਭਰਾ। ਸਿੰਥੈਟਿਕ ਨਸ਼ਿਆਂ ਦੀ ਲਪੇਟ ਵਿਚ ਆਏ ਘਰ ਤਬਾਹ ਹੋ ਰਹੇ ਹਨ। ਪਿਆਰਾ ਸਿੰਘ ਟਾਂਡਾ ਆਪਣੇ ਨਾਵਲ Ḕਛੇਵਾਂ ਦਰਿਆ’ ਵਿਚ ਇਸ ਨਿਘਾਰ ਦਾ ਦਰਦਨਾਕ ਨਕਸ਼ਾ ਖਿਚਦਾ ਹੈ। ਇਸ ਦੀਆਂ ਜੜ੍ਹਾਂ ਮਾਪਿਆਂ, ਖਾਸ ਕਰਕੇ ਮਾਂਵਾਂ ਵਲੋਂ ਆਪਣੇ ਲਾਡਲੇ ਧੀਆਂ-ਪੁੱਤਾਂ ਨੂੰ ਦਿਤੀਆਂ ਖੁੱਲ੍ਹਾਂ ਵਿਚ ਹਨ। ਨਵੀਂ ਰੋਸ਼ਨੀ ਵਿਚ ਪਲੇ ਇਹ ਬੱਚੇ ਕਿਥੋਂ ਕੀ ਸਿਖਦੇ ਹਨ, ਉਨ੍ਹਾਂ ਨੂੰ ਪਤਾ ਨਹੀਂ ਲਗਦਾ। ਬਾਹਰ ਉਨ੍ਹਾਂ ਦੀ ਇੱਛਾ ਪੂਰਤੀ ਦੇ ਮਾਹਰ ਪੁਲਸੀਏ ਹੀ ਨਹੀਂ ਰਾਜਨੀਤਕ ਨੇਤਾ ਵੀ ਹਨ। ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਪੰਜਾਬ ਦੀ ਜਵਾਨੀ ਨੂੰ ਕਿਹੋ ਜਿਹੇ ਖੂਹ ਵਲ ਧੱਕ ਰਹੀ ਹੈ, ਟਾਂਡਾ ਨੇ ਇਸ ਦਾ ਦੁਖਦਾਈ ਚਿੱਤਰ ਪੇਸ਼ ਕੀਤਾ ਹੈ। ਮਾਪਿਆਂ ਤੋਂ ਬਿਨਾ ਵਿਸ਼ਵੀਕਰਨ ਤੇ ਹਰੀ ਕ੍ਰਾਂਤੀ ਸਮੇਂ ਆਮਦਨ ਵਿਚ ਹੋਇਆ ਅਚਾਨਕ ਵਾਧਾ ਵੀ ਨਵੀਂ ਪੀੜ੍ਹੀ ਨੂੰ ਇਸ ਪਾਸੇ ਤੋਰਨ ਦਾ ਜ਼ਿਮੇਵਾਰ ਹੈ। ਆਪੋ ਵਿਚ ਦਵੰਦ ਤੇ ਤਣਾਓ ਦਾ ਸ਼ਿਕਾਰ ਹੋਇਆ ਸਮਾਜ ਤੇ ਭਾਈਚਾਰਾ ਕਿੰਨਾ ਲਾਚਾਰ ਹੋ ਜਾਂਦਾ ਹੈ, ਲੇਖਕ ਨੇ ਵੱਖ-ਵੱਖ ਘਟਨਾਵਾਂ ਰਾਹੀਂ ਪੇਸ਼ ਕੀਤਾ ਹੈ। ਖੇਤੀ ਦੀ ਉਪਜ ਦਾ ਲਾਹੇਵੰਦਾ ਨਾ ਰਹਿਣਾ ਤੇ ਪੜ੍ਹੀ-ਲਿਖੀ ਜਵਾਨੀ ਨੂੰ ਰੋਜ਼ਗਾਰ ਨਾ ਮਿਲਣਾ, ਇਸ ਦੇ ਗੁੱਝੇ ਕਾਰਨ ਹਨ। 35-40 ਪੰਨਿਆਂ ਦਾ ਇਹ ਨਿੱਕਾ ਨਾਵਲ ਬਹੁਤ ਕੁਝ ਕਹਿ ਜਾਂਦਾ ਹੈ। ਨਸ਼ਿਆਂ ਦਾ ਸ਼ਿਕਾਰ ਹੋਈ ਜਵਾਨੀ ਇਸ ਨੂੰ ਅਤਿਕਥਨੀ ਕਹਿ ਸਕਦੀ ਹੈ ਪਰ ਮਾਪੇ ਇਸ ਤੋਂ ਲਾਭਦਾਇਕ ਨਤੀਜੇ ਲੈ ਸਕਦੇ ਹਨ।
ਅੰਤਿਕਾ: ਮਿਰਜ਼ਾ ਗ਼ਾਲਿਬ
ਨਾ ਪੂਛ ਕਿ ਕਿਆ ਹਾਲ ਹੈ ਮੇਰਾ ਤੇਰੇ ਪੀਛੇ,
ਤੂ ਦੇਖ ਕਿ ਕਿਆ ਰੰਗ ਹੈ ਤੇਰਾ ਮੇਰੇ ਆਗੇ।