ਜਿਹੋ ਜਹੀ ਕੋਕੋ, ਉਹੋ ਜਿਹੇ ਕੋਕੋ ਦੇ ਬੱਚੇ

ਚਰਨਜੀਤ ਸਿੰਘ ਸਾਹੀ
ਫੋਨ: 317-430-6545
“ਰਿਸ਼ਤਿਆਂ ‘ਚ ਪਿਆਰ, ਇੱਜ਼ਤ ਤੇ ਵਿਸ਼ਵਾਸ ਕਿਤੇ ਖੰਭ ਲਾ ਕੇ ਉਡ ਗਏ ਲੱਗਦੇ ਨੇ, ਈਰਖਾ ਲਾਲਚ ਤੇ ਅਕ੍ਰਿਤਘਣਤਾ ਨਵੇਂ ਖੰਭਾਂ ਦੀ ਤਰ੍ਹਾਂ ਅੱਜ ਦੇ ਮਨੁਖ ‘ਤੇ ਉਗ ਰਹੇ ਨੇ। ਕਿਸੇ ਦਾ ਭਲਾ ਕੀਤਾ ਹੋਇਆ ਯਾਦ ਰੱਖਣ ਨਾਂ ਦੀ ਚੀਜ ਇਸ ਆਧੁਨਿਕ ਜ਼ਿੰਦਗੀ ‘ਚੋਂ ਮਨਫੀ ਹੋ ਗਈ ਹੈ। ਮਨੁੱਖ ਚਾਬੀ ਦੇ ਕੇ ਛੱਡਿਆ ਇਕ ਖਿਡਾਉਣਾ ਈ ਜਾਪਦਾ ਏ। ਇੰਜ ਲੱਗਦਾ ਏ, ਚਾਬੀ ਮੁੱਕਣ ‘ਤੇ ਹੀ ਸਥਿਰ ਹੋਵੇਗਾ, ਇਕ ਨਿਰਜਿੰਦ ਖਿਡਾਉਣਾ! ਜਿਸ ਵਿਚ ਇਹ ਸਾਰੀਆਂ ਚੀਜ਼ਾਂ ਮਹਿਸੂਸ ਕਰਨ ਦੀ ਸ਼ਕਤੀ ਖਤਮ ਹੋ ਗਈ ਹੈ। ਅੱਜ ਮੈਂ ਵੀ ਉਨ੍ਹਾਂ ਖਿਡਾਉਣਿਆਂ ‘ਚ ਸ਼ਾਮਲ ਹੋ ਗਿਆ ਹਾਂ।” ਚਰਨ ਲਗਾਤਾਰ ਬੋਲੀ ਜਾ ਰਿਹਾ ਸੀ।

“ਚਲੋ ਬੱਸ ਕਰੋ, ਤੁਸੀਂ ਜੋ ਕੀਤਾ ਠੀਕ ਕੀਤਾ, ਰੋਜ਼ ਦੇ ਕਲਪਣ ਨਾਲੋਂ, ਕਹਿੰਦੇ ਨੇ ਨਾ, ਅਖੇ, ਸਖੀ ਨਾਲੋਂ ਸੂਮ ਭਲਾ ਜਿਹੜਾ ਤੁਰਤ ਦੇਵੇ ਜਵਾਬ। ਜਿਨ੍ਹਾਂ ਦਾ ਆਪਾਂ ਪਹਿਲਾਂ ਕੀਤਾ, ਕਿਹੜੇ ਤਮਗੇ ਪਾ ਦਿੱਤੇ।” ਅਜੀਤ ਆਪਣੇ ਪਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ।
“ਅਜੀਤ! ਆਪਾਂ ਕੋਈ ਤਮਗੇ ਲੈਣ ਨੂੰ ਜਾਂ ਸਿਫਤਾਂ ਕਰਾਉਣ ਨੂੰ ਨਹੀਂ ਬੁਲਾਇਆ ਇਥੇ ਭੈਣ-ਭਾਈਆਂ ਨੂੰ, ਮੈਨੂੰ ਤਾਂ ਫਿਕਰ ਸੀ, ਜੱਟਾਂ ਦੇ ਸਿਆੜ ਘਟਦੇ ਜਾ ਰਹੇ ਨੇ, ਬੱਚੇ ਪੜ੍ਹਦੇ ਨਹੀਂ। ਜੱਟਾਂ ਨੂੰ ਅੱਵਲ ਤਾਂ ਪ੍ਰੋਫੈਸ਼ਨਲ ਕੋਰਸਾਂ ‘ਚ ਦਾਖਲੇ ਨਹੀਂ ਮਿਲਦੇ, ਜੇ ਮਿਲ ਜਾਣ ਤਾਂ ਨੌਕਰੀਆਂ? ਇਥੇ ਆ ਜਾਣਗੇ, ਆਪਣਾ ਕਮਾਉਣਗੇ, ਰੱਜ ਕੇ ਰੋਟੀ ਖਾਣਗੇ, ਪਰਦੇਸ ‘ਚ ਨੇੜੇ-ਤੇੜੇ ਖੁਸ਼ੀ ਗਮੀ ‘ਚ ਇਕ-ਦੂਜੇ ਨਾਲ ਖਲੋਣਗੇ। ਪਰ ਹੋਰ ਤਾਂ ਹੋਰ ਭੈੜੇ ਬੋਲਣੋ ਵੀ ਗਏ, ਦੱਸਣ ਤਾਂ ਸਹੀ, ਮੈਂ ਕੀ ਗੁਨਾਹ ਕੀਤੈ? ਤੂੰ ਜਾਣਦੀ ਏ ਮੈਂ ਕਦੀ ਆਪਣੇ ਅਸੂਲਾਂ ਤੋਂ ਨਹੀਂ ਭਟਕਿਆ ਪਰ ਅੱਜ ਦਿਲ ‘ਤੇ ਪੱਥਰ ਰੱਖ ਕੇ ਜਵਾਬ ਦਿਤਾ।”
ਅਸਲ ‘ਚ ਅੱਜ ਇੰਡੀਆ ਤੋਂ ਨਵੇਂ ਆਏ ਰਿਸ਼ਤੇਦਾਰ ਨੇ ਚਰਨ ਨੂੰ ਕਾਰ ਖਰੀਦਣ ਲਈ ਗਾਰੰਟਰ ਵਜੋਂ ਸਾਈਨ ਕਰਨ ਨੂੰ ਕਿਹਾ ਸੀ। ਉਹ ਗੱਲ ਫਿਲਮ ਦੀ ਰੀਲ ਵਾਂਗ ਘੁੰਮ ਗਈ ਜਦੋਂ ਉਸ ਦੇ ਭੂਆ ਤੇ ਫੁੱਫੜ ਕੁਝ ਸਮਾਂ ਪਹਿਲਾਂ ਵਿਸ਼ਵਾਸਘਾਤ ਦੀ ਅਮਿਟ ਯਾਦ ਛੱਡ ਗਏ ਸਨ। ਅੱਧੀ ਰਾਤੀਂ ਫੋਨ ਖੜਕਿਆ, “ਪਤਾ ਨਹੀਂ ਕੌਣ ਏ ਐਸ ਵੇਲੇ?” ਚਰਨ ਨੇ ਪ੍ਰੇਸ਼ਾਨ ਹੁੰਦਿਆਂ ਫੋਨ ਚੁਕਿਆ।
“ਵੇ ਚੰਨ! ਮੈਂ ਤੇਰੀ ਭੂਆ ਕੈਲੀਫੋਰਨੀਆ ਤੋਂ।” ਅੱਗੋਂ ਆਵਾਜ਼ ਆਈ।
“ਕੀ ਗੱਲ! ਭੂਆ ਜੀ ਸੁੱਖ ਏ ਨਾ? ਐਸ ਵੇਲੇ ਫੋਨ ਕੀਤਾ?”
“ਵੇ ਤੂੰ ਪੂਰੀ ਗੱਲ ਤਾਂ ਸੁਣ ਲੈ, ਸੁੱਖ ਈ ਏ, ਅਸੀਂ ਮੂਵ ਹੋਣਾ ਤੇਰੇ ਵਾਲੇ ਪਾਸੇ, ਪਤਾ ਲੱਗਾ ਇਥੇ ਕੰਮ ਵੀ ਮਿਲ ਜਾਂਦਾ ਤੇ ਸਿਟੀਜ਼ਨ ਵੀ ਛੇਤੀ ਬਣ ਜਾਂਦੇ ਨੇ। ਹੋਰ ਗੱਲਾਂ ਮਿਲ ਕੇ ਦੱਸਾਂਗੀ।”
“ਪਰ ਭੂਆ ਜੀ, ਮੈਂ ਪਹਿਲਾਂ ਭੈਣ ਕੋਲੋਂ ਤਾਂ ਪੁਛਾਂ, ਉਹਦੇ ਬੱਚਿਆਂ ਨੂੰ ਕੌਣ ਸੰਭਾਲੂ? ਜੇ ਤੁਸੀਂ ਇਥੇ ਆ ਗਏ, ਉਹ ਸੋਚੇਗੀ ਪਤਾ ਨਹੀਂ ਕਿਸ ਮਤਲਬ ਲਈ ਮੇਰੇ ਮਾਂ-ਬਾਪ ਨੂੰ ਇਥੋਂ ਪੁੱਟ ਕੇ ਆਪਣੇ ਕੋਲ ਲੈ ਗਿਆ।”
“ਮੁੰਡਿਆ ਗੱਲ ਸੁਣ ਮੇਰੀ, ਤੂੰ ਹਾਂ ਕਰ ਜਾਂ ਨਾਂਹ, ਜੇ ਤੂੰ ਏਅਰ ਪੋਰਟ ਤੋਂ ਲੈਣ ਨਾ ਆਇਆ ਤਾਂ ਤੇਰੇ ਫੁੱਫੜ ਦਾ ਦੋਸਤ ਸਾਡੇ ਕੋਲੋਂ ਇਥੇ ਤੇਰੇ ਵਾਲੇ ਸ਼ਹਿਰ ਈ ਮੂਵ ਹੋਇਆ ਪਿਛਲੇ ਮਹੀਨੇ, ਉਹ ਦੱਸਦਾ ਬਈ ਨਾਲੇ ਉਹਨੇ ਘਰ ਤੇ ਨਾਲੇ ਬਿਜਨਸ ਲੈ ਲਿਆ, ਉਹ ਕਹਿੰਦਾ ਮੈਂ ਤੁਹਾਨੂੰ ਏਅਰ ਪੋਰਟ ਤੋਂ ਲੈ ਜਾਊਂ ਨਾਲੇ ਕੰਮ ਦਿਵਾਊਂ, ਨਾਲੇ ਕੋਲ ਰੱਖੂੰ, ਬਾਅਦ ‘ਚ ਤੁਸੀਂ ਰਹਿਣ ਦਾ ਪ੍ਰਬੰਧ ਕਰ ਲਿਉ। ਤੂੰ ਦੱਸ, ਜੇ ਅੱਜ ਵੀਰ ਜਿਉਂਦਾ ਹੁੰਦਾ, ਉਹ ਸਾਨੂੰ ਬੇਗਾਨੇ ਘਰ ਜਾਣ ਦਿੰਦਾ?”
“ਭੂਆ ਜੀ, ਤੁਸੀਂ ਹੁਣ ਸੌਂ ਜਾਵੋ, ਮੈਂ ਤੁਹਾਨੂੰ ਦਿਨ ਵੇਲੇ ਫੋਨ ਕਰਦਾਂ।”
“ਵੇ ਚੰਨ ਭੁਲੀਂ ਨਾ।”
ਫੋਨ ਬੰਦ ਹੋਣ ਪਿਛੋਂ ਗੁਰਚਰਨ ਸਿਰ ਗੋਡਿਆਂ ‘ਚ ਦੇ ਕੇ ਸੋਚਣ ਲੱਗਾ।
“ਕੀ ਕਹਿੰਦੇ ਭੂਆ ਜੀ?”
“ਕਹਿਣਾ ਕੀ ਏ, ਮੂਵ ਹੋਣ ਨੂੰ ਕਹਿੰਦੇ ਨੇ ਇਥੇ ਸਾਡੇ ਕੋਲ।”
“ਕਿਉਂ?”
“ਕਹਿੰਦੇ, ਤੁਹਾਡੇ ਸਿਟੀਜ਼ਨ ਛੇਤੀ ਬਣ ਜਾਂਦੇ, ਨਾਲੇ ਕੰਮ ਮਿਲ ਜਾਂਦਾ।”
“ਪੈ ਜਾਓ ਹੁਣ, ਮੈਂ ਕਹਿੰਦੀ ਆਂ ਕਲ ਪਹਿਲਾਂ ਛਿੰਦੀ ਭੈਣ ਨੂੰ ਫੋਨ ਕਰਕੇ ਪੁਛੋ।” ਕੋਲ ਬੈਠੀ ਚਰਨ ਦੀ ਪਤਨੀ ਅਜੀਤ ਨੇ ਉਬਾਸੀਆਂ ਲੈਂਦਿਆਂ ਕਿਹਾ।
“ਸਾਲੀ ਹੁਣ ਨੀਂਦ ਕਿਥੇ! ਮੈਨੂੰ ਪਤਾ ਆਪਣੇ ਫੁੱਫੜ ਦਾ, ਏਹਨੇ ਸਾਰੀ ਉਮਰ ਡੱਕਾ ਨਹੀਂ ਤੋੜਿਆ, ਬੰਦੂਕ ਇਹ ਕਮਲੀ ਭੂਆ ਦੇ ਮੋਢਿਆਂ ‘ਤੇ ਰੱਖ ਕੇ ਚਲਾਉਂਦਾ ਰਿਹਾ। ਪਹਿਲਾਂ ਸਾਡੇ ਦਾਦੇ ਨੂੰ ਸੂਲੀ ਚਾੜ੍ਹੀ ਰੱਖਿਆ, ਫਿਰ ਸਾਡੇ ਪਿਉ ਨੂੰ, ਹੁਣ ਮੇਰੀ ਵਾਰੀ। ਮੈਨੂੰ ਪੱਕਾ ਪਤਾ, ਹੁਣ ਵੀ ਕੋਲ ਬੈਠਾ ਉਹੀ ਉੜਾ-ਐੜਾ ਪੜ੍ਹਾਉਂਦਾ ਹੋਣੈ, ਉਵੇਂ ਭੂਆ ਬੋਲੀ ਗਈ। ਇਹ ਸਾਰੀ ਉਮਰ ਨੌਕਰੀ ਕਰਦੀ ਰਹੀ, ਏਨੀ ਜਾਇਦਾਦ ਹੁੰਦਿਆਂ ਵੀ, ਇਹ ਸਾਲਾ ਲੋਕਾਂ ਦੀਆਂ ਜ਼ਮੀਨਾਂ ‘ਤੇ ਕਬਜੇ, ਲੜਾਈਆਂ ਤੇ ਕੋਰਟ ਕਚਹਿਰੀਆਂ ਵਿਚ ਫਿਰਦਾ ਰਿਹਾ। ਮਾੜੀ ਨੀਤæææ। ਲੈ ਹੁਣ ਵੀ ਮੂਵ ਹੋਣ ਦਾ ਕੋਈ ਖਾਸ ਕਾਰਨ ਹੋਣਾ, ਦੇਖਦਾਂ ਇਨ੍ਹਾਂ ਦੀ ਕੁੜੀ ਨਾਲ ਗੱਲ ਕਰ ਕੇ।”
ਦੂਜੇ ਦਿਨ ਚਰਨ ਨੇ ਛਿੰਦੀ ਨੂੰ ਫੋਨ ਕੀਤਾ, “ਛਿੰਦੀ ਮੈਂ ਬੋਲਦਾਂ ਚਰਨ।”
“ਹਾਂ! ਵੀਰੇ ਪਛਾਣ ਲਿਆ ਮੈਂ, ਕਿਵੇਂ ਯਾਦ ਆ ਗਈ ਭੈਣ ਦੀ? ਪਰਿਵਾਰ ਠੀਕ ਏ?”
“ਭੈਣ ਸਭ ਠੀਕ ਏ, ਰਾਤ ਫੋਨ ਆਇਆ ਸੀ ਭੂਆ ਜੀ ਦਾ, ਬਈ ਅਸੀਂ ਤੇਰੇ ਕੋਲ ਮੂਵ ਹੋਣਾ। ਮੈਂ ਸੋਚਿਆ ਤੈਨੂੰ ਪਹਿਲਾਂ ਪੁੱਛਾਂ, ਤੇਰੇ ਬੱਚਿਆਂ ਦਾæææ।”
“ਨਾ! ਵੀਰੇ ਨਾਂਹ ਕਰ ਦੇ।” ਵਿਚੋਂ ਟੋਕਦਿਆਂ ਛਿੰਦੀ ਨੇ ਕਿਹਾ, “ਤੈਨੂੰ ਪਤਾ, ਮੈਂ ਬੱਚੇ ਕਿਥੇ ਛੱਡਾਂਗੀ?”
“ਪਰ ਜੇ ਮੇਰੇ ਹੁੰਦਿਆਂ ਕਿਸੇ ਹੋਰ ਦੇ ਘਰ ਜਾ ਵੜੇ ਭੈਣ!”
“ਕੀਹਦੇ?”
“ਕੋਈ ਤਾਰਾ ਸਿੰਘ ਤੁਹਾਡੇ ਕੋਲੋਂ ਮੂਵ ਹੋਇਆ ਸਾਡੇ ਇਥੇ।”
“ਅੱæææਛਾ! ਮੈਂ ਵੀ ਕਹਾਂ, ਮੰਮੀ ਹੋਰੀਂ ਨਿੱਤ ਤਾਰੇ ਅੰਕਲ ਦੀਆਂ ਸਿਫਤਾਂ ਕਿਉਂ ਕਰਦੇ ਆ! ਫਿਰ ਵੀਰੇ ਇਨ੍ਹਾਂ ਦੀ ਮਰਜੀ, ਰੱਸਾ ਤਾਂ ਮੈਂ ਪਾ ਨਹੀਂ ਸਕਦੀ।”

ਦੋ ਹਫਤੇ ਲੰਘੇ। ਇਕ ਦਿਨ ਫੋਨ ਦੀ ਘੰਟੀ ਵੱਜੀ। “ਓ ਕਾਕਾ ਗੁਰਚਰਨ ਮੈਂ ਤੇਰਾ ਫੁੱਫੜ ਬੋਲਦਾਂ।”
“ਕੋਈ ਨੀ, ਫੁੱਫੜ ਜੀ ਜਦੋਂ ਮਰਜੀ ਆ ਜਾਇਓ, ਆਉਣ ਤੋਂ ਪਹਿਲਾਂ ਦਿਨ ਤੇ ਫਲਾਈਟ ਦੱਸ ਦਿਓ, ਮੈਂ ਲੈ ਆਵਾਂਗਾ।”
“ਓਏ ਅਸੀਂ ਤਾਂ ਤੇਰੇ ਸ਼ਹਿਰ ਦੇ ਏਅਰ ਪੋਰਟ ਤੋਂ ਈ ਬੋਲਦੇ ਆਂ।”
“ਤੁਸੀਂ ਆ ਗਏ? ਮੈਂ ਆਉਨਾਂ, ਥੋੜਾ ਟਾਈਮ ਲੱਗ ਜਾਣਾ ਰਸ਼ ਆਵਰਜ਼ ਨੇ।”
ਚਰਨ ਸਟੋਰ ਤੋਂ ਕੰਮ ਵਿਚੇ ਛੱਡ ਘਰ ਪਹੁੰਚਿਆ, “ਭਾਗਵਾਨੇ, ਲੈ ਪਹੁੰਚ ਗਿਆ ਪਤੰਦਰ।”
“ਕੌਣ?”
“ਫੁੱਫੜ!” ਐਂ ਕਰਦੇ ਆਂ ਆਪਣੇ ਵਾਲਾ ਬੈਡਰੂਮ ਉਨ੍ਹਾਂ ਵਾਸਤੇ ਤਿਆਰ ਕਰ ਦੇ, ਗਰਾਊਂਡ ਫਲੋਰ ‘ਤੇ, ਉਨ੍ਹਾਂ ਨੂੰ ਆਰਾਮ ਰਹੇਗਾ। ਨਾਲੇ ਰਸੋਈ ਬਿਲਕੁਲ ਨਾਲ, ਭੂਆ ਕਰੀ ਜਾਊ ਫੁੱਫੜ ਦੀ ਸੇਵਾ। ਮੈਂ ਲੈ ਆਵਾਂ ਏਅਰ ਪੋਰਟ ਤੋਂ।”
ਚਰਨ ਨੇ ਆਪਣੇ ਅੱਠ ਕੁ ਸਾਲ ਦੇ ਪੋਤੇ ਨੂੰ ਅਤੇ ਅਜੀਤ ਨੇ ਆਪਣੀ ਦਸ ਕੁ ਸਾਲ ਦੀ ਪੋਤੀ ਨੂੰ ਬੈਡ ਰੂਮ ਸ਼ੇਅਰ ਕਰਨ ਵਾਸਤੇ ਮਨਾਉਣ ਲਈ ਸੋਚ ਲਿਆ। ਉਨ੍ਹਾਂ ਨੂੰ ਪਤਾ ਸੀ ਕਿ ਬੱਚਿਆਂ ਔਖੇ ਹੀ ਮੰਨਣਾ ਹੈ ਕਿਉਂਕਿ ਅਜੇ ਕੁਝ ਦੇਰ ਪਹਿਲਾਂ ਹੀ ਦੋ ਰਿਸ਼ਤੇਦਾਰ ਤਿੰਨ ਮਹੀਨੇ ਇਸੇ ਤਰ੍ਹਾਂ ਹੀ ਐਡਜਸਟ ਕਰ ਕੇ ਰੱਖੇ ਸਨ।
ਚਰਨ ਭੂਆ-ਫੁੱਫੜ ਨੂੰ ਏਅਰ ਪੋਰਟ ਤੋਂ ਚੁੱਕ ਲਿਆਇਆ। “ਲਉ ਫੁੱਫੜ ਜੀ ਆਹ ਤੁਹਾਡਾ ਬੈਡਰੂਮ, ਤੁਸੀਂ ਖਾਓ-ਪੀਓ ਤੇ ਆਰਾਮ ਕਰੋ, ਮੈਂ ਸਟੋਰ ਦਾ ਕੰਮ ਮੁਕਾ ਆਵਾਂ, ਸ਼ਾਮ ਨੂੰ ਮਿਲਦੇ ਆਂ।”
ਅਜੀਤ ਨੂੰ ਇਕ ਪਾਸੇ ਕਰਕੇ ਚਰਨ ਬੋਲਿਆ, “ਲੈ ਦੱਸ ਵਿਹਲੜ ਚਾਰ ਅਟੈਚੀ ਚੁੱਕ ਲਿਆਇਆ, ਪਤਾ ਨ੍ਹੀਂ ਕੀ ਪੱਥਰ ਭਰੇ ਨੇ? ਤੂੰ ਕਰ ਸੇਵਾ, ਸ਼ਾਮ ਨੂੰ ਕਰਦਾਂ ਸੇਵਾ ਫੁੱਫੜ ਦੀ ਕੁੱਕੜ ਨਾਲ।”
“ਵੇ ਚੰਨ, ਮੇਰੀ ਗੱਲ ਸੁਣ ਕੇ ਜਾਵੀਂ।” ਭੂਆ ਬੋਲ ਪਈ।
“ਦੱਸੋ ਭੂਆ ਜੀ।”
“ਪੁੱਤ ਫੁੱਫੜ ਦਾ ਖਿਆਲ ਰੱਖੀਂ, ਵਾਸ਼ਰੂਮ ਗਏ ਨੇ, ਮੈਂ ਸੋਚਿਆ ਤੈਨੂੰ ਦੱਸ ਦਿਆਂ, ਰੋਜ਼ ਈ ਸ਼ਾਮੀ ਖਾਂਦੇ-ਪੀਂਦੇ ਨੇ। ਕਾਕਾ ਤੈਨੂੰ ਪਤਾ ਈ ਏ, ਤੁਹਾਡੇ ਘਰ ਦਾ ਜਵਾਈ ਭਾਈ ਏ।”
ਫਿਕਰ ਨਾ ਕਰੋ ਭੂਆ ਜੀ, ਕਹੋ ਤਾਂ ਡਰੰਮ ‘ਚ ਈ ਪਾ ਦਿੰਦੇ ਆਂ ਫੁੱਫੜ ਨੂੰ।” ਹੱਸਦਿਆਂ ਚਰਨ ਨੇ ਵਿਅੰਗ ਕੀਤਾ।
“ਫੋਟ! ਕਿਹੋ ਜਈਆਂ ਗੱਲਾਂ ਕਰਦਾ।” ਭੂਆ ਵੀ ਹੱਸ ਕੇ ਗੱਲ ਟਾਲ ਗਈ।
ਚਰਨ ਸਟੋਰ ‘ਤੇ ਚਲਾ ਗਿਆ। ਅਜੀਤ ਨੇ ਸਰਸਰੀ ਕਿਹਾ, “ਭੂਆ ਜੀ, ਆਰਾਮ ਕਰ ਲਓ।”
“ਲੈ ਕੁੜੇ ਜਹਾਜ ‘ਚ ਆਰਾਮ ਈ ਸੀ, ਊਂ ਖਸਮਾਂ ਨੂੰ ਖਾਣੇ, ਕੁਝ ਨਹੀਂ ਦਿੰਦੇ ਖਾਣ ਪੀਣ ਨੂੰ।”
“ਲਓ ਭੂਆ ਜੀ ਚਾਹ ਵੀ ਬਣ ਗਈ, ਖਾ ਵੀ ਲਓ, ਬੁਲਾਓ ਫੁੱਫੜ ਜੀ ਨੂੰ ਵੀ।”
“ਨਹੀਂ! ਫੁੱਫੜ ਤਾਂ ਪੈ ਗਏ, ਉਹ ਤਾਂ ਸ਼ਾਮੀਂ ਉਠਣਗੇ। ਲਿਆ ਆਪਾਂ ਪੀਨੇ ਆਂ ਨਾਲੇ ਗੱਲਾਂ ਕਰਦੇ ਆਂ। ਹੋਰ ਸੁਣਾ, ਨੂੰਹ ਕਹਿਣੇ ਵਿਚ ਏ?”
“ਭੂਆ ਜੀ ਸ਼ੁਕਰ ਏ ਵਾਹਿਗੁਰੂ ਦਾ, ਨੂੰਹ ਨਹੀਂ, ਸਾਡੀ ਤਾਂ ਧੀ ਵਾਂਗ ਏ। ਪੋਤੀਆਂ, ਪੋਤਾ ਤੇ ਪੁੱਤਰ ਪਿਆਰ ਤੇ ਇੱਜ਼ਤ ਕਰਦੇ ਆ। ਬਾਕੀ ਪੈਸਿਆਂ ਦੀ ਕੀ, ਕਦੀ ਵੱਧ ਕੀ ਤੇ ਕਦੀ ਘੱਟ। ਤੁਸੀ ਦੱਸੋ ਛਿੰਦੀ ਭੈਣ, ਬੱਚੇ ਪ੍ਰਾਹੁਣਾ ਕਿਵੇਂ ਨੇ?”
“ਕੁੜੀਏ, ਥੋੜ੍ਹੀ ਉਰਾਂ ਨੂੰ ਹੋ ਜਾ, ਲੈ ਸੁਣ ਲੈ ਪ੍ਰਾਹੁਣੇ ਦੀ, ਸਾਨੂੰ ਪੰਜ ਸਾਲ ਹੋਣ ਨੂੰ ਨੇ, ਆਇਆਂ ਨੂੰ। ਕੁੜੀ ਨੂੰ ਵੀ ਕਿਹਾ ਇਕੋ ਤੇਰਾ ਭਰਾ ਏ, ਉਹਦਾ ਕੁਛ ਕਰੋ, ਸੁਣਦੇ ਨਹੀਂ! ਅਖੇ ਤੁਸੀਂ ਸਿਟੀਜ਼ਨ ਬਣੋ, ਫੇਰ ਕਰ ਲਿਉ ਅਪਲਾਈ, ਸਾਨੂੰ ਨਾ ਕੋਈ ਬੈਂਕ ਦਾ ਕਾਰਡ ਲੈ ਕੇ ਦਿਤਾ, ਨਾ ਸਾਨੂੰ ਕਿਸੇ ਸਟੋਰ ਦਾ ਪਤਾ, ਬਸ ਘਰੇ ਬੰਦ, ਇਨ੍ਹਾਂ ਦੀ ਚੌਕੀਦਾਰੀ ਕਰੋ, ਨਾਲੇ ਘਰ ਦਾ ਕੰਮ। ਕੁੜੀਏ ਧੀ ਦੇ ਘਰ ਰਹਿਣਾ ਕਿਤੇ ਸੌਖਾ, ਧੀ ਤਾਂ ਆਪਣੀ, ਜਵਾਈ ਤਾਂ ਬੇਗਾਨਾ ਪੁੱਤ।”
“ਚਲੋ ਛੱਡੋ ਭੂਆ ਜੀ।” ਗਰਾਜ ਖੁਲ੍ਹਣ ਦੀ ਆਵਾਜ਼ ਸੁਣ ਕੇ ‘ਬੱਚੇ ਆ ਗਏ ਲੱਗਦਾ ਸਕੂਲੋਂ’ ਕਹਿੰਦੀ ਹੋਈ ਅਜੀਤ ਉਠ ਖਲੋਤੀ।
ਸ਼ਾਮ ਹੋਈ ‘ਤੇ ਫੁੱਫੜ ਦੀ ਪੂਰੀ ਸੇਵਾ ਹੋਈ। ਹਫਤਾ ਗੁਜ਼ਰ ਗਿਆ। ਅਜੀਤ ਵੇਅਰ ਹਾਊਸ ਵਿਚ ਕਵਾਲਟੀ ਕੰਟਰੋਲ ਦਾ ਕੰਮ ਕਰਦੀ ਸੀ, ਉਸ ਨੇ ਭੂਆ ਤੇ ਫੁੱਫੜ ਨੂੰ ਵੀ ਪੈਕਿੰਗ ਡਿਪਾਰਟਮੈਂਟ ‘ਚ ਲਵਾ ਲਿਆ, ਉਮਰ ‘ਚ ਭਾਵੇਂ ਫੁੱਫੜ ਤੇ ਭੂਆ ਦੋਵੇਂ ਸੱਤਰਾਂ ਨੂੰ ਢੁਕੇ ਸਨ ਪਰ ਕੰਮ ਦੋਵੇਂ ਖਿੱਚ ਧੂਹ ਕੇ ਕਰੀ ਜਾਂਦੇ। ਦੋ ਮਹੀਨੇ ਲੰਘ ਗਏ, ਫੁੱਫੜ ਨੇ ਡਰਾਇਵਿੰਗ ਲਾਈਸੈਂਸ ਵੀ ਲੈ ਲਿਆ, ਨਾਲੇ ਸਿਟੀਜ਼ਨਸ਼ਿਪ ਵਾਸਤੇ ਅਪਲਾਈ ਕਰ ਦਿਤਾ। ਹੁਣ ਦੋਹਾਂ ਖੌਰੂ ਪੁਟਣਾ ਲਾ’ਤਾ ਬਈ ਸਾਨੂੰ ਮਕਾਨ ਦਿਵਾਓ, ਨਾਲੇ ਕਾਰ।
“ਫੁੱਫੜ ਜੀ, ਕਾਰ ਆਹ ਸਾਡੇ ਕੋਲ ਵਾਧੂ ਖੜ੍ਹੀ, ਤੁਸੀਂ ਚਲਾਈ ਜਾਵੋ, ਜਦੋਂ ਗੁੰਜਾਇਸ਼ ਹੋਈ, ਲੈ ਲਿਓ। ਮਕਾਨ ਦਾ, ਮੈਂ ਤੁਹਾਨੂੰ ਰਾਏ ਦਿੰਦਾਂ ਬਈ ਅਪਾਰਟਮੈਂਟ ਲੈ ਲਵੋ।” ਚਰਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਗੱਲਾਂ ਤੋਂ ਪਤਾ ਲੱਗ ਚੁਕਾ ਸੀ ਕਿ ਇਨ੍ਹਾਂ ਨੇ ਸਿਟੀਜ਼ਨ ਬਣ ਕੇ ਮੁੰਡੇ ਤੇ ਉਸ ਦੇ ਪਰਿਵਾਰ ਦਾ ਅਪਲਾਈ ਕਰਨਾ, ਫਿਰ ਪਤਾ ਨਹੀਂ ਇਨ੍ਹਾਂ ਦਾ ਕੀ ਇਰਾਦਾ!
“ਨਹੀਂ ਬਈ ਨਹੀਂ! ਅਸੀਂ ਤਾਂ ਮਕਾਨ ਈ ਲੈਣਾ, ਸਾਡੇ ਕੋਲੋਂ ਨ੍ਹੀਂ ਰਿਹਾ ਜਾਣਾ ਅਪਾਰਟਮੈਂਟ ‘ਚ। ਤੇਰੇ ਬੈਠਿਆਂ ਕੱਲ ਹੀ ਤਾਂ ਲੱਕੀ ਦਾ ਫੋਨ ਆਇਆ, ਡੈਡੀ ਮਕਾਨ ਈ ਲੈਣਾ ਆਪਾਂ ਸਾਰੇ ਪੈਸੇ ਇਕ-ਦੋ ਖੇਤ ਵੇਚ ਕੇ ਦੇ ਦੇਣੇ ਨੇ। ਤੂੰ ਕਾਕਾ ਮਕਾਨ ਦਾ ਈ ਹੀਲਾ ਕਰ।”
“ਪਰ, ਫੁੱਫੜ ਜੀ ਤੁਹਾਡਾ ਤਾਂ ਕਰੈਡਿਟ ਹੈ ਨਹੀਂ, ਬੈਂਕ ਨੇ ਲੋਨ ਨਹੀਂ ਦੇਣਾ।”
ਲਾਗੇ ਬੈਠੀ ਭੂਆ ਝੱਟ ਬੋਲ ਪਈ, “ਪੁੱਤਰ ਤੂੰ ਕਿਹੜੇ ਮਰਜ ਦੀ ਦਵਾਈ ਏਂ? ਜਿਵੇਂ ਮਰਜੀ ਕਰ।”
ਅਸਲ ‘ਚ ਅਜੀਤ ਦਾ ਸੁਭਾ ਬਹੁਤ ਨਰਮ ਤੇ ਮਿਲਵਰਤਨ ਵਾਲਾ ਸੀ, ਜਦੋਂ ਵੀ ਭੂਆ ਨੇ ਕੋਈ ਸਵਾਲ ਪਾਉਣਾ ਤਾਂ ਚਰਨ ਦੇ ਜਵਾਬ ਤੋਂ ਪਹਿਲਾਂ ਹੀ ਫੁੱਫੜ ਬੋਲ ਪੈਂਦਾ, “ਚਲੋ ਘਰ ਦੀ ਧੀ ਧਿਆਣੀ ਏ, ਸਾਰੋ ਗਰਜ ਔਖੇ-ਸੌਖੇ।” ਇਹ ਸਾਰੀ ਔਖ ਵੀ ਫੁੱਫੜ ਈ ਖੜ੍ਹੀ ਕਰੀ ਰੱਖਦਾ। ਇੰਡੀਆ ‘ਚ ਵੀ ਫੁੱਫੜ ਦੇ ਛੇੜੇ ਮੁਕੱਦਮਿਆਂ ਦੀ ਤੰਗੀ ਵੇਲੇ ਭੂਆ ਚਰਨ ਕੋਲੋਂ ਗਾਹੇ-ਬਗਾਹੇ ਮਦਦ ਲੈ ਜਾਂਦੀ। ਚਰਨ ਦਾ ਲੜਕਾ ਜੋ ਰੀਅਲ ਅਸਟੇਟ ਦਾ ਕੰਮ ਕਰਦਾ ਸੀ, ਨੇ ਵੀ ਜਵਾਬ ਦੇ ਦਿਤਾ, “ਡੈਡੀ ਮੈਂ ਨਹੀਂ ਇਨ੍ਹਾਂ ਦੀ ਕੋਈ ਜ਼ਿੰਮੇਵਾਰੀ ਲੈਣੀ, ਮੈਨੂੰ ਫੁੱਫੜ ਦੇ ਰਿਕਾਰਡ ਦਾ ਪਤਾ ਏ।”
“ਚੱਲ ਬੇਟਾ ਤੇਰੀ ਮਰਜੀ, ਪਰ ਮੈਂ ਨਹੀਂ ਭੱਜ ਸਕਦਾ।” ਚਰਨ ਨੇ ਆਪਣੀ ਮਜਬੂਰੀ ਦੱਸੀ, “ਫਿਰ ਭੂਆ ਜੀ ਲੋਨ ਮੈਨੂੰ ਆਪਣੇ ਨਾਂ ‘ਤੇ ਲੈਣਾ ਪੈਣਾ, ਕਿਸ਼ਤਾਂ ਤੁਸੀਂ ਦੇਣੀਆਂ, ਮਕਾਨ ਵੀ ਤੁਹਾਡਾ ਈ ਹੋਣਾ, ਪੈਸੇ ਤੁਸੀਂ ਖੇਤ ਵੇਚ ਕੇ ਸਾਰੇ ਦੇ ਈ ਦੇਣੇ।”
“ਯਾਰ ਆਹ ਹੀ ਤਾਂ ਮੈਂ ਤੈਨੂੰ ਕਹਿ ਰਿਹਾਂ।” ਫੁੱਫੜ ਨੇ ਕੋਲ ਬੈਠਿਆਂ ਹੁੰਗਾਰਾ ਭਰਿਆ।
ਜ਼ੀਰੋ ਡਾਊਨ ਪੇਮੈਂਟ ‘ਤੇ ਘਰ ਲੈ ਲਿਆ। ਚਾਰ ਮਹੀਨੇ ਲੰਘ ਗਏ। ਭੂਆ ਖੁਸ਼ੀ ਖੁਸ਼ੀ ਆਪਣੇ ਨਵੇਂ ਘਰ ‘ਚ ਮੂਵ ਹੋ ਗਈ। ਦੋਵੇਂ ਜਾਬ ਕਰ ਰਹੇ ਸਨ। ਗੁਜ਼ਾਰੇ ਜੋਗਾ ਫਰਨੀਚਰ ਤੇ ਹੋਰ ਸਮਾਨ ਲੈ ਲਿਆ, ਜਿਸ ‘ਚ ਜ਼ਿਆਦਾ ਚਰਨ ਨੇ ਆਪਣੇ ਕਰੈਡਿਟ ‘ਤੇ ਲੈ ਦਿਤਾ।
ਕੁਝ ਦਿਨਾਂ ਪਿਛੋਂ ਚਰਨ ਦਾ ਬੇਟਾ ਕਹਿਣ ਲੱਗਾ, “ਡੈਡੀ ਆਹ ਚਾਰ ਹਜ਼ਾਰ ਦਾ ਚੈਕ ਭੂਆ ਨੂੰ ਦੇ ਦਿਉ।”
“ਇਹ ਕਾਹਦਾ?” ਚਰਨ ਨੇ ਹੈਰਾਨ ਹੁੰਦਿਆਂ ਪੁਛਿਆ।
“ਡੈਡੀ, ਮੈਂ ਦੂਜੇ ਏਜੰਟ ਨਾਲ ਆਪਣਾ ਨਾਂ ਪਵਾ ਦਿੱਤਾ ਸੀ, ਇਹ ਮੈਨੂੰ ਕਮਿਸ਼ਨ ਆਇਆ। ਆਖਰ ਤੁਹਾਡੀ ਭੂਆ ਸਾਡੀ ਵੀ ਤਾਂ ਕੁਝ ਲੱਗਦੀ ਏ।” ਏਨਾ ਕਹਿੰਦਿਆਂ ਚਰਨ ਨੇ ਪੁੱਤ ਨੂੰ ਜੱਫੀ ਪਾ ਲਈ, “ਜਿਉਂਦਾ ਰਹਿ ਪੁੱਤਰਾ।” ਚਰਨ ਦੀਆਂ ਅੱਖਾਂ ਨਮ ਹੋ ਗਈਆਂ। ਆਪਣੇ ਭਾਈਚਾਰੇ ਦੇ ਹਰੇਕ ਫੰਕਸ਼ਨ ‘ਤੇ ਭੂਆ-ਫੁੱਫੜ ਨੂੰ ਨਾਲ ਲੈ ਕੇ ਜਾਂਦੇ ਤੇ ਸਾਰੇ ਉਨ੍ਹਾਂ ਨੂੰ ਭੂਆ-ਫੁੱਫੜ ਕਹਿ ਕੇ ਹੀ ਬੁਲਾਉਂਦੇ। ਕੁਝ ਮਹੀਨਿਆਂ ਬਾਅਦ ਦੋਵੇਂ ਸਿਟੀਜ਼ਨ ਬਣ ਗਏ। ਲੜਕੇ ਤੇ ਉਸ ਦੇ ਪਰਿਵਾਰ ਦਾ ਕੇਸ ਵੀ ਫਾਈਲ ਹੋ ਗਿਆ। ਅਚਾਨਕ ਇਕ ਦਿਨ ਸਵੇਰੇ ਈ ਭੂਆ-ਫੁੱਫੜ ਗੁਰਚਰਨ ਦੇ ਘਰ ਆ ਟਪਕੇ। ਹੱਥ ਵਿਚ ਲੱਡੂਆਂ ਦਾ ਡੱਬਾ।
“ਕੰਮ ‘ਤੇ ਨਹੀਂ ਗਏ ਫੁੱਫੜ ਜੀ?”
“ਨਹੀਂ! ਬਈ ਅਸੀਂ ਦੋਹਾਂ ਕੱਲ ਜਵਾਬ ਦੇ ਦਿਤਾ, ਆਹ ਮੂੰਹ ਮਿੱਠਾ ਕਰੋ, ਪੋਤਾ ਹੋਇਆ ਕੱਲ।”
“ਵਾਹ ਜੀ ਵਾਹ! ਬਹੁਤ ਬਹੁਤ ਵਧਾਈਆਂ।”
“ਜਵਾਨਾ ਕੰਮ ਨਹੀਂ ਹੁੰਦਾ ਹੁਣ, ਐਂ ਕਰ ਸਾਡੇ ਨਾਲ ਸੋਸ਼ਲ ਸਕੁਰਟੀ (ਸਕਿਉਰਿਟੀ) ਆਫਿਸ ਚੱਲ, ਜੇ ਕੁਝ ਪੈਨਸ਼ਨ ਲਾ ਦੇਣ। ਦੱਸਦੇ ਨੇ ਸਾਡੇ ਵਰਗਿਆਂ ਨੂੰ, ਉਹ ਕੀ ਕਹਿੰਦੇ ਕੋਈ ਫੂਡ ਸਟੈਂਪਾਂæææ।”
“ਪਰ ਫੁੱਫੜ ਜੀ ਮਕਾਨ ਦਾ ਤੇ ਘਰ ਦਾ ਕਿਵੇਂ ਚੱਲੂ? ਮੈਂ ਤੁਹਾਨੂੰ ਪਹਿਲੇ ਦਿਨ ਕਿਹਾ ਸੀ, ਬਈ ਅਪਾਰਟਮੈਂਟ ਲੈ ਲਓ, ਜਦੋਂ ਮਰਜੀ ਛੱਡ ਦਿਓ ਨੋਟਿਸ ਦੇ ਕੇ।”
“ਐਨੀ ਕੁ ਮੱਦਤ ਕਰਦੇ, ਆ ਮਕਾਨ ਦੀਆਂ ਕਿਸ਼ਤਾਂ ਕੁਝ ਮਹੀਨੇ ਦੇ ਦੇ, ਜਦ ਤੱਕ ਸਾਡੀ ਪੈਨਸ਼ਨ ਨਹੀਂ ਲੱਗਦੀ। ਮੈਂ ਲੱਕੀ ਨੂੰ ਫੋਨ ਕੀਤਾ, ਬਈ ਵੇਚ ਖੇਤ ਆਪਾਂ ਦਈਏ ਮਕਾਨ ਦੇ ਸਾਰੇ ਪੈਸੇ ਤੇ ਤੇਰੇ ਵੀ ਜਿਹੜੇ ਬਣਨਗੇ, ਚੁਕਤਾ ਕਰ ਦਿਆਂਗੇ। ਉਹ ਕਹਿੰਦਾ ਥੋੜਾ ਮੰਦਾ ਚਲ ਰਿਹਾ, ਪਰ ਤੂੰ ਫਿਕਰ ਨਾ ਕਰ।”
“ਫੁੱਫੜ ਜੀ, ਗੱਲ ਫਿਕਰ ਵਾਲੀ ਏ, ਨਾਲੇ ਪੈਨਸ਼ਨ ਨਾਲ ਨਹੀਂ ਸਰਨਾ, ਉਹ ਕਿੰਨੀ ਕੁ ਲੱਗਣੀ ਆ? ਤੁਹਾਨੂੰ ਪਤਾ ਇਕ ਵੀ ਕਿਸ਼ਤ ਲੇਟ ਹੋਈ, ਮੇਰਾ ਤਾਂ ਕਰੈਡਿਟ ਗਿਆ, ਆਹ ਤਾਂ ਬਹੁਤ ਔਖਾ ਹੋ ਜਾਣਾ।” ਚਰਨ ਨੂੰ ਤਾਂ ਹੱਥਾਂ ਪੈਰਾਂ ਦੀਆਂ ਪੈ ਗਈਆਂ। ਮਰਦਾ ਕੀ ਨਾ ਕਰਦਾ, ਲੈ ਤੁਰਿਆ ਸੋਸ਼ਲ ਸਕਿਉਰਿਟੀ ਆਫਿਸ। ਕਾਗਜ਼ੀ ਕਾਰਵਾਈ ਕਰ-ਕਰਾ ਕੇ ਦੋਹਾਂ ਨੂੰ ਸੋਸ਼ਲ ਸਕਿਉਰਿਟੀ ਦੇ ਥੋੜ੍ਹੇ ਪੈਸੇ ਮਿਲਣ ਲੱਗ ਗਏ। ਪਰ ਉਸ ਨਾਲ ਤਾਂ ਮਸਾਂ ਘਰ ਦਾ ਸਰਦਾ। ਤਿੰਨ ਮਹੀਨੇ ਦੀਆਂ ਮਕਾਨ ਦੀਆਂ ਕਿਸ਼ਤਾਂ ਭਰੀਆਂ। ਦਸੰਬਰ ਦਾ ਪਹਿਲਾ ਹਫਤਾ ਸੀ, ਚਰਨ ਤੇ ਅਜੀਤ ਨੂੰ ਰਿਸ਼ਤੇਦਾਰੀ ‘ਚ ਦੂਜੀ ਸਟੇਟ ਜਾਣਾ ਪੈ ਗਿਆ। ਉਥੇ ਹੀ ਫੁੱਫੜ ਦਾ ਇਕ ਰਾਤ ਫੋਨ ਆ ਗਿਆ, “ਹਾਅ ਕੀ ਕਰ’ਤਾ ਤੂੰ?”
“ਕੀ ਫੁੱਫੜ ਜੀ?”
“ਐਨੀ ਸਨੋ ਪਈ ਏ, ਤੂੰ ਲਾਈਟ ਬੰਦ ਕਰਾ ਦਿਤੀ, ਤੂੰ ਬਿਲ ਨਹੀਂ ਭਰਿਆ ਹੋਣਾ!”
“ਫੁੱਫੜ ਜੀ ਕੀ ਗੱਲ ਕਰਦੇ ਓ, ਐਨਾ ਵੱਡਾ ਸਟਾਰਮ ਆਇਆ, ਕਿਤੇ ਖਰਾਬੀ ਪੈ ਗਈ ਹੋਣੀ, ਮੈਂ ਤਾਂ ਬਿਲ ਕਦੀ ਲੇਟ ਨਹੀਂ ਹੋਣ ਦਿਤਾ।”
“ਅਸੀਂ ਇੰਡੀਆ ਐਸ ਪੰਦਰਾਂ ਨੂੰ ਚਲੇ ਜਾਣਾ, ਪੋਤੇ ਦੀ ਲੋਹੜੀ ਏ।”
“ਕਦੋਂ ਮੁੜਨਾ?”
“ਪਤਾ ਨਹੀ!”
“ਫੁੱਫੜ ਜੀ ਮਕਾਨ, ਕਿਸ਼ਤਾਂ, ਉਹ ਖੇਤ?” ਚਰਨ ਦੇ ਮੂੰਹੋਂ ਕਈ ਸਵਾਲ ਨਿਕਲ ਗਏ।
“ਇਹ ਮਕਾਨ ਤਾਂ ਕਾਕਾ ਤੇਰਾ ਈ ਏ, ਭਾਵੇਂ ਵੇਚ ਭਾਵੇਂ ਰੱਖ, ਸਾਡਾ ਨ੍ਹੀਂ ਪਤਾ ਮੁੜੀਏ ਕਿ ਨਾ।”
“ਪਰ ਫੁੱਫੜ ਜੀ, ਇਹ ਕੀ ਕਹਿ ਰਹੇ ਓਂ? ਤੁਸੀਂ ਮੇਰੇ ਨਾਲ ਵਿਸਾਹਘਾਤ ਕਰ ਰਹੇ ਹੋ।” ਦੂਜੇ ਪਾਸੇ ਤੋਂ ਫੋਨ ਬੰਦ ਹੋ ਗਿਆ। ਚਰਨ ਨੇ ਦੋਬਾਰਾ ਫੋਨ ਕੀਤਾ, “ਭੂਆ ਜੀ, ਹਾਅ ਫੁੱਫੜ ਕੀ ਕਹਿੰਦਾ।” ਚਰਨ ਪੂਰਾ ਗੁੱਸੇ ਵਿਚ ਸੀ।
“ਕੋਈ ਨੀ ਪੁੱਤਰ, ਤੇਰਾ ਪੈਸਾ-ਪੈਸਾ ਦੇਵਾਂਗੇ, ਤੂੰ ਲਿਖ ਲੈ।”
“ਭੂਆ ਮੈਂ ਕੀ ਕੀ ਲਿਖਾਂ? ਭੂਆ ਇਹ ਤਾਂ ਹੁਣ ਤੱਕ ਦੀਆਂ ਕਿਸ਼ਤਾਂ ਤੇ ਬਿੱਲ ਨੇ, ਮੈਂ ਅਗੋਂ ਕੀ ਕਰੂੰ ਮਕਾਨ ਦਾ?”
“ਪੁੱਤ ਤੂੰ ਮੇਰੀਆਂ ਟੂੰਮਾਂ ਰੱਖ ਲੈ, ਤੇਰੇ ਪੈਸੇ ਦੇ ਕੇ ਲੈ ਲਾਂਗੇ।”
“ਭੂਆ ਕੀ ਗੱਲਾਂ ਕਰਦੀ ਏਂ, ਮੈਂ ਐਨਾ ਕਮੀਨਾ ਨਹੀਂ, ਨਾਲੇ ਟੂੰਮਾਂ ਦਾ ਕੀ ਆਉਣਾ? ਤੁਸੀਂ ਮੇਰੇ ਨਾਲ ਚੰਗਾ ਨਹੀਂ ਕਰ ਰਹੇ।” ਭੂਆ ਵੀ ਫੋਨ ਬੰਦ ਕਰ ਗਈ।
ਚਰਨ ਦੀ ਵਾਪਸੀ ਤੋਂ ਪਹਿਲਾਂ ਹੀ ਭੂਆ ਤੇ ਫੁੱਫੜ ਆਪਣਾ ਕੁਝ ਸਮਾਨ ਵੇਚ ਬਾਕੀ ਸਟੋਰ ‘ਚ ਰੱਖ, ਕਾਰ ਉਹਦੀ ਘਰ ਦੀ ਪਾਰਕਿੰਗ ‘ਚ ਲਾ, ਇੰਡੀਆ ਜਾ ਵੜੇ। ਇਕਾਨਮੀ ਮਾੜੀ ਹੋਣ ਕਰਕੇ ਮਕਾਨਾਂ ਦੀਆਂ ਕੀਮਤਾਂ ਡਿੱਗ ਚੁਕੀਆਂ ਸਨ। ਤਿੰਨ ਮਹੀਨੇ ਭੂਆ ਦੀ ਵੇਟ ਕਰਕੇ ਘਰ ਸੇਲ ‘ਤੇ ਲਾ ਦਿਤਾ, ਛੇ ਮਹੀਨੇ ਦੀਆਂ ਕਿਸ਼ਤਾਂ ਚਰਨ ਜੇਬ ‘ਚੋਂ ਭਰ ਬੈਠਾ ਸੀ। ਆਖਰਕਾਰ ਚਰਨ ਨੇ ਆਪਣੇ ਵੱਡੇ ਭਰਾ ਨੂੰ ਸਾਰੀ ਹੱਡਬੀਤੀ ਇੰਡੀਆ ਫੋਨ ਕਰਕੇ ਸੁਣਾਈ, ਨਾਲ ਈ ਕਿਹਾ ਕਿ ਫੁੱਫੜ ਕੋਲ ਜਾ ਕੇ ਆਉ। ਹਫਤੇ ਬਾਅਦ ਫੋਨ ਆਇਆ, “ਛੋਟੇ ਉਹ ਤਾਂ ਵਾਪਿਸ ਕੁੜੀ ਕੋਲ ਅਮਰੀਕਾ ਚਲੇ ਗਏ, ਲੱਕੀ ਕਹਿੰਦਾ ਅਸੀਂ ਕਾਹਦੇ ਪੈਸੇ ਦਈਏ, ਉਹ ਘਰ ਤਾਂ ਚਰਨ ਵੀਰ ਦਾ।æææਚਰਨ ਤੈਨੂੰ ਯਾਦ ਆ ਮੈਂ ਤੈਨੂੰ ਕਿਹਾ ਸੀ, ਫੁੱਫੜ ਨੂੰ ਮੂੰਹ ਨਾ ਲਾਵੀਂ।”
“ਭਾਜੀ, ਦੁੱਖ ਇਸ ਗੱਲ ਦਾ, ਕੋਈ ਮਾੜਾ-ਧੀੜਾ ਹੋਵੇ ਭੈਣ-ਭਾਈ ਹੋਰ ਗੱਲ ਏ, ਇਹ ਤਾਂ ਕਰੋੜਾਂ ਦੀ ਜਾਇਦਾਦ ਦੇ ਮਾਲਕ, ਇਨ੍ਹਾਂ ਧੋਖਾ ਕੀਤਾ ਮੇਰੇ ਨਾਲ। ਮਕਾਨ ਨਾ ਵਿਕਿਆ, ਸੇਲ ਤੋਂ ਲਾਹ ਕੇ ਕਿਰਾਏ ‘ਤੇ ਚਾੜ੍ਹਿਆ, ਦੋ ਮਹੀਨੇ ਬਾਅਦ ਹੀ ਕਿਰਾਏਦਾਰ ਤੋੜ ਭੰਨ ਕਰਕੇ ਖਾਲੀ ਕਰ ਗਏ। ਦੋਬਾਰਾ ਸੇਲ ‘ਤੇ ਲਾਇਆ, ਵਿਕ ਗਿਆ ਪਰ ਚਰਨ ਨੂੰ ਤੇਰਾਂ ਹਜਾਰ ਡਾਲਰ ਦਾ ਚੈਕ ਕਲੋਜ਼ਿੰਗ ਵੇਲੇ ਕੋਲੋਂ ਦੇਣਾ ਪਿਆ। ਕੁਲ ਮਿਲਾ ਕੇ ਤੀਹ ਹਜਾਰ ‘ਚ ਭੂਆ ਤੇ ਫੁੱਫੜ ਪਏ।”
“ਅਜੀਤ! ਬੇਗਾਨੇ ‘ਤੇ ਛੱਡ, ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਖੂਨ ਦੇ ਰਿਸ਼ਤੇ ਵੀ ਪੈਸੇ ਤੇ ਲਾਲਚ ਅੱਗੇ ਪੇਤਲੇ ਪੈ ਗਏ ਨੇ, ਖੂਨ ਸਫੈਦ ਨਹੀਂ, ਪਾਣੀ ਹੋ ਗਿਆ ਰਿਸ਼ਤਿਆਂ ਦਾ।”
ਚਰਨ ਨੇ ਘਰ ਆ ਘਰ ਵਾਲੀ ਨਾਲ ਮਕਾਨ ਵਿਕਣ ਦੇ ਘਾਟੇ ਦਾ ਦੁੱਖ ਸਾਂਝਾ ਕੀਤਾ।
ਫਿਰ ਇਕ ਦਿਨ ਚਰਨ ਨੂੰ ਫੁੱਫੜ ਦਾ ਉਹੀ ਦੋਸਤ ਤਾਰਾ ਕਿਸੇ ਪਾਰਟੀ ‘ਚ ਮਿਲਿਆ। ਪਤਾ ਲੱਗਾ ਕੁਝ ਦਿਨ ਪਹਿਲਾਂ ਈ ਜੇਲ ‘ਚੋਂ ਜਮਾਨਤ ‘ਤੇ ਰਿਹਾ ਹੋ ਕੇ ਆਇਆ, ਜਿਸ ਨੂੰ ਫਰਾਡ ਦੇ ਕੇਸ ‘ਚ ਜੇਲ੍ਹ ਹੋ ਗਈ ਸੀ। ਉਹ ਖਚਰਾ ਜਿਹਾ ਮੁਸਕਰਾ ਕੇ ਦੱਸ ਰਿਹਾ ਸੀ, “ਤੁਹਾਡੇ ਫੁੱਫੜ ਹੋਣੀ ਤਾਂ ਆਪਣੀ ਕੁੜੀ ਕੋਲ ਕੈਲੀਫੋਰਨੀਆ ਘੁੱਗ ਵੱਸਦੇ ਹਨ।” ਇਹ ਸੁਣ ਕੇ ਚਰਨ ਦੇ ਮੂੰਹੋਂ ਸੁਭਾਵਕ ਨਿਕਲ ਗਿਆ, “ਜਿਹੋ ਜਹੀ ਕੋਕੋ, ਉਹੋ ਜਿਹੇ ਕੋਕੋ ਦੇ ਬੱਚੇ।”
-0-