ਅਰੁੰਧਤੀ ਦੀ ਅਗਲੀ ਉਡਾਣ

ਮਸ਼ਹੂਰ ਲਿਖਾਰੀ ਅਤੇ ਕਾਰਕੁਨ ਅਰੁੰਧਤੀ ਰਾਏ ਨੇ ਐਲਾਨ ਕਰ ਦਿੱਤਾ ਹੈ। ਉਸ ਦਾ ਦੂਜਾ ਨਾਵਲ ‘ਦਿ ਮਿਨਿਸਟਰੀ ਆਫ ਅੱਟਮੋਸਟ ਹੈਪੀਨੈੱਸ’ ਅਗਲੇ ਸਾਲ ਜੂਨ ਮਹੀਨੇ ਹੈਮਿਸ਼ ਹੈਮਿਲਟਨ ਯੂæਕੇæ ਅਤੇ ਪੈਂਗੁਇਨ ਇੰਡੀਆ ਵੱਲੋਂ ਛਾਪਿਆ ਜਾ ਰਿਹਾ ਹੈ। ਇਸ ਨਾਵਲ ਬਾਰੇ ਉਤਸੁਕਤਾ ਜਾਗਣੀ ਸੁਭਾਵਕ ਹੈ। ਉਸ ਦੇ ਸਾਹਿਤਕ ਏਜੰਟ ਡੇਵਿਡ ਗੋਡਵਿਨ ਨੇ ਇਹ ਕਹਿ ਕੇ ਉਤਸੁਕਤਾ ਹੋਰ ਵਧਾ ਦਿੱਤੀ ਹੈ- “ਅਜਿਹਾ ਨਾਵਲ ਅਰੁੰਧਤੀ ਰਾਏ ਹੀ ਲਿਖ ਸਕਦੀ ਹੈ। ਐਨ ਮੌਲਿਕ, ਨਿਵੇਕਲਾ ਅਤੇ ਨਿਆਰਾ। ਇਹ ਨਾਵਲ ਪਿਛਲੇ ਵੀਹ ਵਰ੍ਹਿਆਂ ਤੋਂ ਲਿਖਿਆ ਜਾ ਰਿਹਾ ਸੀæææ ਪਲ ਪਲ! ਇੰਨੀ ਲੰਮੀ ਉਡੀਕ ਦਾ ਮੁੱਲ ਪੈ ਗਿਆ ਹੈ।”

ਸਾਲ 1997 ਵਿਚ ਜਦੋਂ ਅਰੁੰਧਤੀ ਰਾਏ ਦਾ ਪਹਿਲਾ ਨਾਵਲ ‘ਦਿ ਗੌਡ ਆਫ ਸਮਾਲ ਥਿੰਗਜ਼’ ਛਪਿਆ ਸੀ ਤਾਂ ਉਸ ਨੇ ਸਮਝੋ ਇਕੋ ਡਗੇ ਨਾਲ ਪਿੰਡ ਲੁੱਟ ਲਿਆ ਸੀ। ਇਸ ਨਾਵਲ ਲਈ ਉਸ ਨੂੰ ਵੱਕਾਰੀ ‘ਮੈਨ ਬੁੱਕਰ ਇਨਾਮ’ ਮਿਲਿਆ। ਇਸ ਨਾਵਲ ਵਿਚ ਉਸ ਦੇ ਬਚਪਨ ਦਾ ਇਕ ਖਾਸ ਹਿੱਸਾ ਪਰੋਇਆ ਹੋਇਆ ਹੈ। ਉਂਜ ਇਸ ਨਾਵਲ ਦੇ ਬਿਰਤਾਂਤ ਨੇ ਸਭ ਨੂੰ ਕਾਇਲ ਕੀਤਾ ਅਤੇ ਦਿਨ-ਬਦਿਨ ਉਸ ਦੀਆਂ ਸਿਫਤਾਂ ਦਾ ਪੁਲ ਵੱਡਾ ਹੁੰਦਾ ਗਿਆ।
ਸਿਫਤਾਂ ਦਾ ਇਹ ਪੁਲ ਵੱਡਾ ਹੋਣ ਵਿਚ ਉਸ ਦੇ ਨਾਵਲ ਦਾ ਯੋਗਦਾਨ ਤਾਂ ਸੀ ਹੀ, ਉਸ ਦੇ ਐਕਵਿਜ਼ਿਮ ਨੇ ਵੀ ਉਸ ਲਈ ਜੱਸ ਖੱਟਿਆ। ਉਸ ਨੇ ਮਨੁੱਖੀ ਹੱਕਾਂ ਅਤੇ ਵਾਤਾਵਰਨ ਦੇ ਮੁੱਦਿਆਂ ਤੋਂ ਇਲਾਵਾ ਕਈ ਮਾਮਲਿਆਂ ਵਿਚ ਸਖਤ ਸਿਆਸੀ ਪੈਂਤੜੇ ਵੀ ਮੱਲੇ ਅਤੇ ਹਾਕਮਾਂ ਦਾ ਗੁੱਸਾ ਵੀ ਝੱਲਿਆ। ਇਸ ਨਾਲ ਉਸ ਦਾ ਕੱਦ-ਬੁੱਤ ਦਿਨਾਂ ਵਿਚ ਹੀ ਉਚ-ਦੁਮਾਲੜਾ ਹੋ ਗਿਆ। ਅਰੁੰਧਤੀ ਦਾ ਜਨਮ ਬੰਗਾਲੀ ਹਿੰਦੂ ਰਾਜੀਬ ਰਾਏ ਅਤੇ ਮਲਿਆਲੀ ਇਸਾਈ ਮੇਰੀ ਰਾਏ ਦੇ ਘਰ ਹੋਇਆ। ਉਹ ਮਸਾਂ ਦੋ ਵਰ੍ਹਿਆਂ ਦੀ ਹੋਈ ਸੀ ਕਿ ਰਾਜੀਬ ਅਤੇ ਮੇਰੀ ਅਲੱਗ ਹੋ ਗਏ। ਦਿੱਲੀ ਵਿਚ ਉਹਨੇ ਆਰਕੀਟੈਕਟ ਦੀ ਪੜ੍ਹਾਈ ਹਾਸਲ ਕੀਤੀ ਅਤੇ ਉਥੇ ਹੀ 1984 ਵਿਚ ਉਹ ਫਿਲਮਸਾਜ਼ ਪ੍ਰਦੀਪ ਕਿਸ਼ਨ ਨੂੰ ਮਿਲੀ। ਉਨ੍ਹਾਂ ਦਿਨੀ ਪ੍ਰਦੀਪ ਫਿਲਮ ‘ਮੈਸੀ ਸਾਹਿਬ’ ਬਣਾਉਣ ਦੀ ਤਿਆਰੀ ਕਰ ਰਿਹਾ ਸੀ। ਅਰੁੰਧਤੀ ਨੂੰ ਇਸ ਫਿਲਮ ਵਿਚ ਕੰਮ ਮਿਲ ਗਿਆ। ਇਸ ਤੋਂ ਬਾਅਦ ਅਰੁੰਧਤੀ ਨੇ ਕਈ ਕੰਮ ਕੀਤੇ, ਪਰ ‘ਦਿ ਗੌਡ ਆਫ ਸਮਾਲ ਥਿੰਗਜ਼’ ਤੋਂ ਬਾਅਦ ਉਸ ਦੀ ਦੁਨੀਆ ਬਦਲ ਗਈ। ਆਪਣੀ ਮਸ਼ਹੂਰੀ ਨੂੰ ਉਸ ਨੇ ਲੋਕ-ਹਿਤ ਦੇ ਲੇਖੇ ਲਾ ਦਿੱਤਾ। ਉਸ ਨੇ ਕਸ਼ਮੀਰੀ ਸੰਘਰਸ਼ ਦੇ ਹੱਕ ਵਿਚ ਅਤੇ ਮੇਧਾ ਪਾਟੇਕਰ ਨਾਲ ਰਲ ਕੇ ਸਰਦਾਰ ਸਰੋਵਰ ਪ੍ਰੋਜੈਕਟ ਦੇ ਖਿਲਾਫ ਸਟੈਂਡ ਲਿਆ। ਫਿਰ ਅਮਰੀਕਾ ਦੀ ਅਫਗਾਨਿਸਤਾਨ ਵਿਚਲੀ ਵਿਦੇਸ਼ ਨੀਤੀ ਅਤੇ ਭਾਰਤ ਦੇ ਪਰਮਾਣੂ ਪ੍ਰੋਗਰਾਮ ਦੀ ਤਿੱਖੀ ਨੁਕਤਾਚੀਨੀ ਕੀਤੀ। ਫਲਸਤੀਨੀਆਂ ਦਾ ਘਾਣ ਕਰ ਰਹੇ ਇਸਰਾਈਲ ਦੀ ਵੀ ਉਸ ਨੇ ਆਲੋਚਨਾ ਕੀਤੀ। ਭਾਰਤ ਵਿਚ ਉਸ ਦੀ ਸਭ ਤੋਂ ਵੱਧ ਚਰਚਾ ਮਾਓਵਾਦੀਆਂ ਦੇ ਸੰਘਰਸ਼ ਦੀ ਹਮਾਇਤ ਕਰਨ ਕਰ ਕੇ ਹੋਈ। ਜਦੋਂ ਸਰਕਾਰ ਨੇ ਮਾਓਵਾਦੀਆਂ ਖਿਲਾਫ ਵੱਡੇ ਪੱਧਰ ਉਤੇ ਓਪਰੇਸ਼ਨ ਗ੍ਰੀਨ ਹੰਟ ਆਰੰਭ ਕੀਤਾ ਤਾਂ ਉਸ ਨੇ ਇਸ ਨੂੰ “ਮੁਲਕ ਦੇ ਗੁਰਬਤ ਮਾਰੇ ਲੋਕਾਂ ਖਿਲਾਫ ਜੰਗ” ਕਰਾਰ ਦਿੱਤਾ। ਸਾਲ 2011 ਵਿਚ ਜਦੋਂ ਮੁਲਕ ਦੇ ਬਹੁਤੇ ਲੋਕ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਚਲਾ ਰਹੇ ਸਮਾਜ-ਸੇਵੀ ਅੱਨਾ ਹਜ਼ਾਰੇ ਦੀਆਂ ਸਿਫਤਾਂ ਕਰ ਰਹੇ ਸਨ ਤਾਂ ਅਰੁੰਧਤੀ ਰਾਏ ਨੇ ਉਸ ਦੇ ਅੰਦੋਲਨ ਬਾਰੇ ਵੱਡੇ ਸਵਾਲ ਖੜ੍ਹੇ ਕੀਤੇ ਜੋ ਬਾਅਦ ਵਿਚ ਸਹੀ ਸਾਬਤ ਹੋਏ। ਅੱਜ ਸੰਸਾਰ ਭਰ ਵਿਚ ਅਰੁੰਧਤੀ ਰਾਏ ਦੇ ਵਿਚਾਰਾਂ ਦਾ ਮੁੱਲ ਪੈਂਦਾ ਹੈ। ਉਸ ਦੀ ਗਿਣਤੀ ਅਮਰੀਕੀ ਚਿੰਤਕ ਨੌਮ ਚੌਮਸਕੀ ਵਰਗਿਆਂ ਨਾਲ ਹੁੰਦੀ ਹੈ। 2013 ਵਿਚ ਜਦੋਂ ਭਾਜਪਾ ਨੇ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਆਪਣਾ ਉਮੀਦਵਾਰ ਐਲਾਨਿਆ ਸੀ ਤਾਂ ਅਰੁੰਧਤੀ ਨੇ ਇਸ ਨੂੰ “ਤਰਾਸਦੀ” ਆਖਿਆ ਸੀ। ਸੱਚਮੁੱਚ ਇਹ ਸ਼ਖਸ ਹੁਣ ਮੁਲਕ ਲਈ ਤਰਾਸਦੀ ਬਣ ਕੇ ਵਰ੍ਹ ਰਿਹਾ ਹੈ।
-ਕੀਰਤ ਕਾਸ਼ਣੀ