ਸਰਹੱਦੀ ਤਣਾਅ ਕਾਰਨ ਲੋਕ ਘਰੋਂ ਬੇਘਰ

ਅੰਮ੍ਰਿਤਸਰ (ਗੁਰਵਿੰਦਰ ਸਿੰਘ ਵਿਰਕ): ਭਾਰਤ-ਪਾਕਿਸਤਾਨ ਵਿਚ ਛਿੜੀ ਅਣਐਲਾਨੀ ਜੰਗ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ। ਕਸ਼ਮੀਰ ਦੇ ਉੜੀ ਇਲਾਕੇ ਵਿਚ ਅਤਿਵਾਦੀਆਂ ਵੱਲੋਂ ਫੌਜੀ ਕੈਂਪ ‘ਤੇ ਹਮਲਾ ਅਤੇ ਭਾਰਤੀ ਫੌਜ ਵੱਲੋਂ ਮਕਬੂਜ਼ਾ ਕਸ਼ਮੀਰ ‘ਚ ਦਾਖਲ ਹੋ ਕੇ ਅਤਿਵਾਦੀਆਂ ਵਿਰੁੱਧ ਕੀਤੀ ਕਾਰਵਾਈ ਪਿੱਛੋਂ ਸਰਹੱਦ ਨਾਲ ਲੱਗਦੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਅਚਾਨਕ ਘਰ-ਬਾਰ ਛੱਡਣ ਦੇ ਹੁਕਮ ਚਾੜ੍ਹ ਦਿੱਤੇ। ਸਿਰਫ ਚਾਰ ਘੰਟਿਆਂ ਵਿਚ ਘਰ-ਬਾਰ ਛੱਡਣ ਦੇ ਆਏ ਹੁਕਮਾਂ ਕਾਰਨ ਸਰਹੱਦੀ ਲੋਕਾਂ ਵਿਚ ਭਾਜੜ ਮੱਚ ਗਈ।

ਸਰਹੱਦ ਨਾਲ ਲੱਗਦੇ ਦਸ ਕਿਲੋਮੀਟਰ ਦੇ ਘੇਰੇ ਵਿਚ ਆਉਂਦੇ ਪੰਜਾਬ ਦੇ ਲਗਭਗ ਇਕ ਹਜ਼ਾਰ ਪਿੰਡਾਂ ਦੇ ਲੋਕ ਕੁਝ ਘੰਟਿਆਂ ਵਿਚ ਹੀ ਬੇਘਰ ਹੋ ਗਏ। ਪੰਜਾਬ ਸਰਕਾਰ ਨੇ ਕੌਮਾਂਤਰੀ ਸਰਹੱਦ ਉਪਰ ਪੈਦਾ ਹੋਏ ਤਣਾਅ ਭਰੇ ਮਾਹੌਲ ਨੂੰ ਵੇਖਦਿਆਂ ਭਾਰਤ ਸਰਕਾਰ ਤੋਂ ਅਰਧ-ਸੈਨਿਕ ਦਲਾਂ ਦੀਆਂ 15 ਕੰਪਨੀਆਂ ਪੰਜਾਬ ਦੇ ਸਰਹੱਦੀ ਖੇਤਰ ਦੀ ਸੁਰੱਖਿਆ ਲਈ ਮੰਗੀਆਂ ਹਨ, ਜਦੋਂ ਦੇ ਹਾਲਾਤ ਖਰਾਬ ਹੋਏ ਹਨ ਸਰਹੱਦੀ ਖੇਤਰ ਵਿਚ ਪੰਜਾਬ ਪੁਲਿਸ ਦੇ 15 ਹਜ਼ਾਰ ਜਵਾਨ ਤਾਇਨਾਤ ਕੀਤੇ ਗਏ ਹਨ।
1947 ਤੋਂ ਬਾਅਦ 1965, 1971 ਦੀਆਂ ਆਹਮੋ-ਸਾਹਮਣੀਆਂ ਜੰਗਾਂ, ਕਾਰਗਿਲ ਜੰਗ, ਪਾਰਲੀਮੈਂਟ ਹਾਊਸ ਦਿੱਲੀ ‘ਤੇ ਹਮਲਾ, ਤਾਜ ਹੋਟਲ ‘ਤੇ ਅਤਿਵਾਦੀ ਹਮਲਾ, ਉੜੀ ਸੈਕਟਰ ‘ਚ ਫੌਜ ਉਤੇ ਹਮਲੇ ਪਿੱਛੋਂ ਭਾਰਤੀ ਸੈਨਾ ਵੱਲੋਂ ਅਤਿਵਾਦੀ ਟਿਕਾਣਿਆਂ ‘ਤੇ ਕੀਤੀ ਕਾਰਵਾਈ ਆਦਿ ਘਟਨਾਵਾਂ ਦਾ ਸੇਕ ਹਿੰਦ-ਪਾਕਿ ਸਰਹੱਦ ‘ਤੇ ਵਸੇ ਪੰਜਾਬ ਦੇ ਲੋਕਾਂ ਨੂੰ ਉਜਾੜੇ ਦੇ ਰੂਪ ਵਿਚ ਲੱਗਦਾ ਰਿਹਾ ਹੈ। ਪੰਜਾਬ ਵਾਸੀਆਂ ਦੀ ਤਰਾਸਦੀ ਹੈ ਕਿ ਆਦਿ ਕਾਲ ਤੋਂ ਹਿੰਦੁਸਤਾਨ ‘ਤੇ ਹੁੰਦੇ ਹਮਲਿਆਂ ਦਾ ਕਹਿਰ ਸੂਬਾ ਵਾਸੀਆਂ ਨੂੰ ਹੀ ਜਾਨੀ-ਮਾਲੀ ਨੁਕਸਾਨ ਕਰਵਾ ਕੇ ਚੁੱਕਣਾ ਪੈਂਦਾ ਹੈ। ਹੁਣ ਪਾਕਿਸਤਾਨ ਨਾਲ ਰਿਸ਼ਤੇ ਵਿਗੜਦਿਆਂ ਹੀ ਖੇਤਾਂ ਵਿਚ ਲਹਿਰਾਉਂਦੀਆਂ ਪੱਕੀਆਂ ਫਸਲਾਂ ਛੱਡ ਕੇ ਜਾਣ ਵਾਲੇ ਸਰਹੱਦੀ ਲੋਕਾਂ ਦੀਆਂ ਪੀੜਾਂ ਨੂੰ ਕੋਈ ਨਹੀਂ ਸਮਝ ਰਿਹਾ ਜਿਨ੍ਹਾਂ ਦੀ ਗਿਣਤੀ 20-25 ਲੱਖ ਹੈ। ਦੱਸਣਯੋਗ ਹੈ ਕਿ ਇਸ ਸਮੇਂ ਪੰਜਾਬ ਦੇ 6 ਸਰਹੱਦੀ ਜ਼ਿਲ੍ਹੇ ਅਣਐਲਾਨੀ ਜੰਗ ਦੀ ਮਾਰ ਝੱਲ ਰਹੇ ਹਨ। ਅਜੇ ਜੰਗ ਬੇਸ਼ੱਕ ਨਹੀਂ ਛਿੜੀ, ਪਰ 2-3 ਲੱਖ ਘਰੋਂ ਬੇਘਰ ਕੀਤੇ ਪਰਿਵਾਰਾਂ ਲਈ ਤਾਂ ਜੰਗ ਲੱਗੀ ਹੀ ਹੋਈ ਹੈ। ਪੰਜਾਬ ਦੇ 991 ਪਿੰਡਾਂ ਵਿਚੋਂ ਉਠੀ ਇਸ ਗਰੀਬ ਕਿਸਾਨੀ ਨੂੰ ਹੁਣ ਨਾ ਤਾਂ ਆੜ੍ਹਤੀ ਨੇੜੇ ਢੁਕਣ ਦਿੰਦੇ ਹਨ ਅਤੇ ਨਾ ਹੀ ਬੈਂਕਾਂ ਦੇ ਬਾਬੂ। ਛੇ ਜ਼ਿਲ੍ਹਿਆਂ ਦੀ ਲਗਭਗ 5 ਲੱਖ ਏਕੜ ਜ਼ਮੀਨ 10 ਕਿਲੋਮੀਟਰ ਦੀ ਸਰਹੱਦੀ ਪੱਟੀ ਦੇ ਘੇਰੇ ਵਿਚ ਆਉਂਦੀ ਹੈ। ਇਸ ਤੋਂ ਬਿਨਾ ਤਾਰਾਂ ਤੋਂ ਪਾਰ ਵੀ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਹੈ, ਕਿਤੇ ਬਿਜਲੀ ਸਪਲਾਈ ਘਟਾ ਦਿੱਤੀ ਗਈ ਹੈ, ਕਿਤੇ ਸੁਰੱਖਿਆ ਕਾਰਨ ਫਸਲਾਂ ਨੂੰ ਪਾਣੀ ਲਾਉਣ ਤੋਂ ਰੋਕਿਆ ਗਿਆ ਹੈ। ਸਰਹੱਦੀ ਪੱਟੀ ਦੀ ਮੁਸੀਬਤ ਦੇ ਨਾਲ ਪੱਟੀ ਤੋਂ ਹਟ ਕੇ ਪੈਂਦੇ ਕਸਬੇ, ਮੰਡੀਆਂ ਤੇ ਸ਼ਹਿਰਾਂ ਅੰਦਰ ਕਾਰੋਬਾਰ ਠੱਪ ਹੋ ਗਿਆ ਹੈ ਤੇ ਕੋਈ ਵੀ ਸਰਕਾਰੀ ਕੰਮ ਨਹੀਂ ਹੋ ਰਿਹਾ। ਸਿਰਫ ਬੈਂਕਾਂ ਨੂੰ ਛੱਡ ਕੇ ਬਾਕੀ ਦਫਤਰਾਂ ਤੋਂ ਇਹੀ ਜਵਾਬ ਮਿਲਦਾ ਹੈ ਕਿ ਜੰਗ ਲੱਗਣ ਵਾਲੀ ਹੈ।
ਉਧਰ, ਪਾਕਿਸਤਾਨ ਨੇ ਰਾਜਸਥਾਨ ਨਾਲ ਲੱਗਦੀ ਸਰਹੱਦ ‘ਤੇ ਵੀ ਫੌਜੀ ਸਰਗਰਮੀਆਂ ਵਧਾ ਦਿੱਤੀਆਂ ਹਨ। ਫੌਜ ਦੇ ਜਵਾਨਾਂ ਨੂੰ ਰੇਂਜਰਜ਼ ਦੀਆਂ ਵਰਦੀਆਂ ਵਿਚ ਤਾਇਨਾਤ ਕੀਤਾ ਗਿਆ ਹੈ। ਸਰਹੱਦ ਦੇ ਨੇੜੇ ਪਾਕਿਸਤਾਨ ਦੇ ਡ੍ਰੋਨ (ਯੂæਏæਵੀæ ਕੈਮਰੇ) ਮੰਡਰਾਉਂਦੇ ਦੇਖੇ ਗਏ ਹਨ। ਵਹੀਕਲਾਂ ਦੀ ਆਵਾਜਾਈ ਵੀ ਤੇਜ਼ ਹੋ ਗਈ ਹੈ। ਬੀæਐਸ਼ਐਫ਼ ਦੇ ਮੁਕਾਬਲੇ ਪਾਕਿ ਰੇਂਜਰਜ਼ ਦੀਆਂ ਚੌਕੀਆਂ ਵਿਚਕਾਰ ਦਾ ਫਾਸਲਾ ਕਾਫੀ ਜ਼ਿਆਦਾ ਹੈ। ਪਾਕਿਸਤਾਨ ਸਰਹੱਦ ਉਤੇ ਆਪਣੀ ਸਮਰੱਥਾ ਵਧਾ ਰਿਹਾ ਹੈ।
____________________________________________
ਸਿਆਸੀ ਰਣਨੀਤੀ ਦਾ ਸ਼ਿਕਾਰ ਹੋਏ ਸਰਹੱਦੀ ਲੋਕ?
ਚੰਡੀਗੜ੍ਹ: ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਪਿੰਡਾਂ ਨੂੰ ਅਚਾਨਕ ਖਾਲੀ ਕਰਵਾਉਣ ਦੇ ਹੁਕਮਾਂ ‘ਤੇ ਸਵਾਲ ਉਠਣ ਲੱਗੇ ਹਨ। ਇਸ ਗੱਲ ਦੀ ਵੀ ਚਰਚਾ ਹੈ ਕਿ ਇਹ ਕਾਰਵਾਈ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅੱਗੇ ਪਾਉਣ ਲਈ ਕੀਤੀ ਗਈ ਹੈ। ਅਸਲ ਵਿਚ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਰਾਜਨੀਤਕ ਹਲਕਿਆਂ ਵਿਚ ਚਰਚਾ ਹੈ ਕਿ ਸਰਹੱਦੀ ਇਲਾਕਿਆਂ ਦਾ ਮੁੱਦਾ ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਵੀ ਗੂੰਜੇਗਾ। ਵਿਰੋਧੀ ਧਿਰਾਂ ਸਮੇਤ ਬੁੱਧੀਜੀਵੀਆਂ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਵਿਚ ਨਿੱਤ ਦਿਨ ਪਾਕਿਸਤਾਨ ਫੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਕਾਰਨ ਸਰਹੱਦ ਨੇੜੇ ਵੱਸੇ ਲੋਕ ਮਰ ਜਾਂ ਜ਼ਖਮੀ ਹੋ ਰਹੇ ਹਨ, ਪਰ ਇਨ੍ਹਾਂ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਜਾਣ ਬਾਰੇ ਕਦੇ ਹੁਕਮ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਰਾਜਸਥਾਨ ਨਾਲ ਵੀ ਪਾਕਿ ਦੀ ਸਰਹੱਦ ਲੱਗਦੀ ਹੈ ਤੇ ਉਨ੍ਹਾਂ ਲੋਕਾਂ ਨੂੰ ਵੀ ਪੰਜਾਬ ਦੇ ਸਰਹੱਦੀ ਪਿੰਡਾਂ ਜਿੰਨਾ ਹੀ ਖਤਰਾ ਹੈ, ਪਰ ਘਰ ਬਾਰ ਛੱਡਣ ਦੇ ਹੁਕਮ ਸਿਰਫ ਪੰਜਾਬ ਦੇ ਲੋਕਾਂ ਨੂੰ ਹੀ ਦਿੱਤੇ ਹਨ। ਇਸ ਨੂੰ ਸਿਆਸੀ ਲਾਹਾ ਲੈਣ ਵਾਲੀ ਕਾਰਵਾਈ ਮੰਨਿਆ ਜਾ ਰਿਹਾ ਹੈ।