‘ਆਪ’ ਦੇ ਸ਼ਰੀਕ ਵੀ ਮੈਦਾਨ ‘ਚ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਨਵੀਨਰ ਦੇ ਅਹੁਦੇ ਤੋਂ ਲਾਂਭੇ ਕੀਤੇ ਸੁੱਚਾ ਸਿੰਘ ਛੋਟੇਪੁਰ ਵੱਲੋਂ ‘ਆਪਣਾ ਪੰਜਾਬ’ ਅਤੇ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਵੱਲੋਂ ‘ਸਵਰਾਜ ਇੰਡੀਆ’ ਨਾਂ ਦੀਆਂ ਪਾਰਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਧਿਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਹੋਰ ਬਾਗੀਆਂ ਨਾਲ ਗੱਠਜੋੜ ਕਰ ਕੇ ਚੋਣਾਂ ਵਿਚ ‘ਆਪ’ ਸਮੇਤ ਰਵਾਇਤੀ ਪਾਰਟੀਆਂ ਨੂੰ ਚੁਣੌਤੀ ਦੇਣ ਦੀ ਰਣਨੀਤੀ ਤਿਆਰ ਕੀਤੀ ਗਈ ਹੈ। ਕਾਬਲੇਗੌਰ ਹੈ ਕਿ ਯੋਗੇਂਦਰ ਯਾਦਵ ਦਾ ਪੰਜਾਬ ਵਿਚ ਆਧਾਰ ਹੈ।

ਇਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਵੋਟ ਇਕ ਥਾਂ ਹੋਰ ਵੰਡੀ ਜਾਏਗੀ। ਯਾਦਵ ਦੀ ਖੱਬੀਆਂ ਧਿਰਾਂ ਨਾਲ ਵੀ ਸੁਰ ਰਲਦੀ ਹੈ। ਯੋਗੇਂਦਰ ਯਾਦਵ ਦਾ ਦਾਅਵਾ ਹੈ ਕਿ ਦੇਸ਼ ਦੀ ਚੋਣ ਸਿਆਸਤ ਵਿਚ ਜਵਾਬਦੇਹੀ, ਪਾਰਦਰਸ਼ੀ ਪਹੁੰਚ ਅਤੇ ਇਮਾਨਦਾਰੀ ਦੀ ਭਾਵਨਾ ਨੂੰ ਹੁਲਾਰਾ ਦੇਣਾ ਲਈ ਉਨ੍ਹਾਂ ਨੇ ਕਦਮ ਚੁੱਕਿਆ ਹੈ। ਇਉਂ ਪੰਜਾਬ ਵਿਚ ਇਕ ਵਾਰ ਫਿਰ ਚੌਥੇ ਫਰੰਟ ਦੀ ਗੱਲ ਚੱਲ ਪਈ ਹੈ।
ਮੰਨਿਆ ਜਾ ਰਿਹਾ ਹੈ ਕਿ ਸ਼ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ, ਸਵਰਾਜ ਇੰਡੀਆ ਨਾਲ ਗੱਠਜੋੜ ਕਰ ਸਕਦੀ ਹੈ। ਇਸ ਤੋਂ ਇਲਾਵਾ ਹੋਰ ਸਿਆਸੀ ਦਲ ਵੀ ਇਸ ਵਿਚ ਸ਼ਾਮਲ ਹੋ ਸਕਦੇ ਹਨ। ਇਉਂ ਇਹ ਗੱਠਜੋੜ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਨੂੰ ਖੋਰਾ ਲਾ ਸਕਦਾ ਹੈ। ਰਾਸ਼ਟਰੀ ਲੋਕ ਸਮਾਜ ਪਾਰਟੀ ਹਰਿਆਣਾ, ਦਲਿਤ ਕ੍ਰਾਂਤੀ ਦਲ, ਜੈ ਜਵਾਨ ਕਿਸਾਨ ਪਾਰਟੀ ਅਤੇ ਇੰਡੀਆ ਲੇਬਰ ਪਾਰਟੀ ਨੇ ‘ਆਪਣਾ ਪੰਜਾਬ’ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਉਧਰ, ਸ਼ ਛੋਟੇਪੁਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ‘ਆਪ’ ਵਿਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਧਰਮਵੀਰ ਗਾਂਧੀ ਦੇ ਧੜੇ ਨਾਲ ਗੱਠਜੋੜ ਦੀ ਗੱਲ ਹੋ ਚੁੱਕੀ ਹੈ ਅਤੇ ਉਹ ਨਿਮਾਣੇ ਕਾਮੇ ਵਜੋਂ ‘ਆਵਾਜ਼-ਏ-ਪੰਜਾਬ’ ਦੇ ਆਗੂਆਂ ਨਵਜੋਤ ਸਿੰਘ ਸਿੱਧੂ, ਬੈਂਸ ਭਰਾਵਾਂ ਅਤੇ ਪਰਗਟ ਸਿੰਘ ਕੋਲ ਵੀ ਗੱਠਜੋੜ ਵਾਸਤੇ ਪਹੁੰਚ ਕਰ ਚੁੱਕੇ ਹਨ। ਉਹ 16 ਦਿਨ ਅਜਿਹੇ ਯਤਨਾਂ ਵਿਚ ਰਹੇ ਹਨ ਅਤੇ ਸਿੱਧੂ ਨੂੰ ਅੱਗੇ ਲਾ ਕੇ ਚੱਲਣ ਲਈ ਵੀ ਤਿਆਰ ਸਨ, ਪਰ ਫਿਲਹਾਲ ਇਸ ਧੜੇ ਨਾਲ ਸਾਂਝ ਦੀ ਗੱਲ ਸਿਰੇ ਨਹੀਂ ਲੱਗ ਸਕੀ ਹੈ।
ਪੰਜਾਬ ਦੀ ਸਿਆਸਤ ਵਿਚ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਬੀæਐਸ਼ਪੀæ, ਭਾਰਤੀ ਜਨਤਾ ਪਾਰਟੀ, ਅਕਾਲੀ ਦਲ (ਅ) ਅਤੇ ਯੂਨਾਈਟਿਡ ਅਕਾਲੀ ਦਲ ਸਰਗਰਮ ਹਨ। ਪੰਜਾਬ ਦੇ ਲੋਕ, ਖਾਸ ਕਰ ਕੇ ਨੌਜਵਾਨਾਂ ਦਾ ਵੱਡਾ ਤਬਕਾ ਕਾਂਗਰਸ ਤੇ ਅਕਾਲੀ ਦਲ, ਦੋਵਾਂ ਤੋਂ ਹੀ ਦੁਖੀ ਹੈ। ਇਹ ਨੌਜਵਾਨ ਨਹੀਂ ਚਾਹੁੰਦੇ ਕਿ ਉਨ੍ਹਾਂ ਦੀਆਂ ਵੰਡੀਆਂ ਵੋਟਾਂ ਇਨ੍ਹਾਂ ਦੋਵਾਂ ਵਿਚੋਂ ਕਿਸੇ ਇਕ ਨੂੰ ਵੀ ਫਾਇਦਾ ਪਹੁੰਚਾਉਣ, ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਜਿੱਤ ਦਾ ਰਾਹ ਸਾਫ ਕਰ ਦਿੱਤਾ ਸੀ।