ਸਿਕੰਦਰ ਸਿੰਘ ਮਲੂਕਾ ਤੇ ਜਨਮੇਜਾ ਸਿੰਘ ਸੇਖੋਂ ਹੋਏ ਆਹਮੋ-ਸਾਹਮਣੇ

ਬਠਿੰਡਾ: ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਜਨਮੇਜਾ ਸਿੰਘ ਸੇਖੋਂ ਪੰਜਾਬ ਵਿਚ ਨਵੇਂ ਬਣੇ ਸੇਵਾ ਕੇਂਦਰਾਂ ਦੇ ਮਾਮਲੇ ਉਤੇ ਆਹਮੋ-ਸਾਹਮਣੇ ਹੋ ਗਏ ਹਨ। ਇਹ ਸੇਵਾ ਕੇਂਦਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਦਾ ਡਰੀਮ ਪ੍ਰੋਜੈਕਟ ਹੈ।

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸੇਵਾ ਕੇਂਦਰਾਂ ਦੀ ਉਸਾਰੀ ਵਿਚ ਗੜਬੜ ਦੇ ਮਾਮਲੇ ਉਤੇ ਲੋਕ ਨਿਰਮਾਣ ਵਿਭਾਗ ਦੇ ਇੰਜਨੀਅਰਿੰਗ ਵਿੰਗ Ḕਤੇ ਜਨਤਕ ਤੌਰ ਉਤੇ ਉਂਗਲ ਉਠਾ ਦਿੱਤੀ ਹੈ। ਦੂਜੇ ਪਾਸੇ ਸ਼ ਸੇਖੋਂ ਨੇ ਇਸ ਮਾਮਲੇ ਦੀ ਪੜਤਾਲ ਕਰਾਉਣ ਦਾ ਫ਼ੈਸਲਾ ਕੀਤਾ ਹੈ। ਉਂਜ ਉਹ ਇਹ ਮਾਮਲਾ ਜਨਤਕ ਤੌਰ Ḕਤੇ ਉਠਾਏ ਜਾਣ ਕਾਰਨ ਸ਼ ਸੇਖੋਂ ਨਾਖੁਸ਼ ਹਨ। ਇਸ ਬਾਰੇ ਸ਼ ਮਲੂਕਾ ਨੇ ਕਿਹਾ ਕਿ ਰਾਮਪੁਰਾ ਫੂਲ ਹਲਕੇ ਵਿਚ ਉਨ੍ਹਾਂ ਨੇ ਉਦਘਾਟਨ ਮੌਕੇ ਜਦੋਂ ਸੇਵਾ ਕੇਂਦਰ ਦੇਖੇ ਤਾਂ ਕਈ ਖ਼ਾਮੀਆਂ ਧਿਆਨ ਵਿਚ ਆਈਆਂ ਅਤੇ ਉਸਾਰੀ ਦਾ ਮਿਆਰ ਵੀ ਚੰਗਾ ਨਹੀਂ ਹੈ। ਲੋਕ ਨਿਰਮਾਣ ਵਿਭਾਗ ਦੇ ਇੰਜਨੀਅਰਿੰਗ ਵਿੰਗ ਦੇ ਅਫ਼ਸਰਾਂ ਨੇ ਜ਼ਿਆਦਾ ਐਸਟੀਮੇਟ ਬਣਾਏ ਹਨ ਅਤੇ ਉਸਾਰੀ ਕੁਆਲਿਟੀ ਵਾਲੀ ਨਹੀਂ ਹੈ। ਉਨ੍ਹਾਂ ਸੇਵਾ ਕੇਂਦਰਾਂ ਵਿਚ ਗੜਬੜ ਦੀ ਜਾਂਚ ਲਈ ਮੁੱਖ ਮੰਤਰੀ ਨੂੰ ਪੱਤਰ ਲਿਖਣ ਦੀ ਗੱਲ ਵੀ ਆਖੀ ਹੈ।
ਉਧਰ, ਲੋਕ ਨਿਰਮਾਣ ਵਿਭਾਗ ਦੇ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਚੰਗਾ ਹੁੰਦਾ ਜੇ ਮਲੂਕਾ ਸਾਹਿਬ ਇਹ ਮਾਮਲਾ ਪਹਿਲਾਂ ਉਨ੍ਹਾਂ ਦੇ ਧਿਆਨ ਵਿਚ ਲਿਆਉਂਦੇ ਅਤੇ ਫਿਰ ਮੁੱਖ ਮੰਤਰੀ ਪੰਜਾਬ ਨੂੰ ਜਾਣੂ ਕਰਾਉਂਦੇ। ਜਨਤਕ ਤੌਰ Ḕਤੇ ਇਉਂ ਸੇਵਾ ਕੇਂਦਰਾਂ ਵਿਚ ਘਪਲੇ ਦੀ ਗੱਲ ਕਰਨ ਨਾਲ ਸਰਕਾਰ ਦਾ ਅਕਸ ਖ਼ਰਾਬ ਹੁੰਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੇ ਸੇਵਾ ਕੇਂਦਰਾਂ ਦੀ ਉਸਾਰੀ ਵਿਚ ਕੋਈ ਗੜਬੜ ਹੋਈ ਹੈ ਤਾਂ ਉਹ ਪੜਤਾਲ ਕਰਾਉਣਗੇ।
ਜੇ ਜਾਂਚ ਵਿਚ ਕੋਈ ਗੜਬੜ ਸਾਹਮਣੇ ਆਈ ਤਾਂ ਉਹ ਵਿਜੀਲੈਂਸ ਬਿਊਰੋ ਤੋਂ ਪੜਤਾਲ ਕਰਾਉਣ ਦੀ ਸਿਫ਼ਾਰਸ਼ ਕਰਨਗੇ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਕੁੱਲ 2146 ਸੇਵਾ ਕੇਂਦਰ ਬਣਾਏ ਹਨ ਜਿਨ੍ਹਾਂ ਵਿਚੋਂ ਸ਼ਹਿਰੀ ਖੇਤਰ ਵਿਚ 389 ਅਤੇ ਪੇਂਡੂ ਖੇਤਰਾਂ ਵਿਚ 1758 ਕੇਂਦਰ ਹਨ। ਇਨ੍ਹਾਂ Ḕਤੇ ਤਕਰੀਬਨ 500 ਕਰੋੜ ਰੁਪਏ ਲੱਗੇ ਹਨ।
ਇਸੇ ਦੌਰਾਨ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਸੇਵਾ ਕੇਂਦਰਾਂ ਵਿਚ ਗੜਬੜ ਦੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਵਿਚ ਲੋਕ ਨਿਰਮਾਣ ਵਿਭਾਗ ਦੇ ਅੰਦਰੂਨੀ ਵਿਜੀਲੈਂਸ ਵਿੰਗ ਦੇ ਮੁੱਖ ਇੰਜਨੀਅਰ ਰਾਮਪਾਲ, ਮੁੱਖ ਇੰਜੀਨੀਅਰ ਕੇæਕੇæ ਗਰਗ ਅਤੇ ਮੁੱਖ ਇੰਜਨੀਅਰ ਯੋਗੇਸ਼ ਗੁਪਤਾ ਸ਼ਾਮਲ ਹਨ। ਕਮੇਟੀ ਨੂੰ ਪੰਦਰਾਂ ਦਿਨਾਂ ਵਿਚ ਪੜਤਾਲ ਰਿਪੋਰਟ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ।