ਛੋਟੇਪੁਰ ‘ਆਪਣਾ ਪੰਜਾਬ ਪਾਰਟੀ’ ਨਾਲ ਚੋਣ ਮੈਦਾਨ ਵਿਚ ਨਿਤਰੇ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਨਵੀਨਰ ਦੇ ਅਹੁਦੇ ਤੋਂ ਹਟਾਏ ਗਏ ਸੁੱਚਾ ਸਿੰਘ ਛੋਟੇਪੁਰ ਨੇ ‘ਆਪਣਾ ਪੰਜਾਬ’ ਪਾਰਟੀ ਬਣਾ ਕੇ 117 ਵਿਧਾਨ ਸਭਾ ਸੀਟਾਂ ਉਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਪਾਰਟੀ ਦੇ ਪ੍ਰਧਾਨ ਛੋਟੇਪੁਰ ਹੋਣਗੇ ਅਤੇ ‘ਆਪ’ ਤੋਂ ਅਸਤੀਫਾ ਦੇ ਚੁੱਕੇ ਹਰਦੀਪ ਸਿੰਘ ਕਿੰਗਰਾ ਜਨਰਲ ਸਕੱਤਰ ਅਤੇ ਐਚæਐਸ਼ ਚੀਮਾ ਖਜ਼ਾਨਚੀ ਹੋਣਗੇ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰ ਵਿੰਗਾਂ ਦਾ ਐਲਾਨ ਜਲਦੀ ਕਰਨ ਦਾ ਸੰਕੇਤ ਦਿੱਤਾ ਗਿਆ ਹੈ।

ਸ੍ਰੀ ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਦੀ ‘ਆਪ’ ਵਿਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਧਰਮਵੀਰ ਗਾਂਧੀ ਦੇ ਧੜੇ ਨਾਲ ਗੱਠਜੋੜ ਦੀ ਗੱਲ ਹੋ ਚੁੱਕੀ ਹੈ। ਉਹ ਇਕ ਨਿਮਾਣੇ ਵਿਅਕਤੀ ਵਜੋਂ ‘ਆਵਾਜ਼-ਏ-ਪੰਜਾਬ’ ਦੇ ਆਗੂਆਂ ਨਵਜੋਤ ਸਿੰਘ ਸਿੱਧੂ, ਬੈਂਸ ਭਰਾਵਾਂ ਅਤੇ ਪਰਗਟ ਸਿੰਘ ਕੋਲ ਵੀ ਗੱਠਜੋੜ ਵਾਸਤੇ ਪਹੁੰਚ ਕਰ ਚੁੱਕੇ ਹਨ। ਉਹ 16 ਦਿਨ ਅਜਿਹੇ ਯਤਨਾਂ ਵਿਚ ਰਹੇ ਹਨ ਅਤੇ ਸ੍ਰੀ ਸਿੱਧੂ ਨੂੰ ਅੱਗੇ ਲਾ ਕੇ ਚੱਲਣ ਲਈ ਵੀ ਤਿਆਰ ਸਨ, ਪਰ ਫਿਲਹਾਲ ਇਸ ਧੜੇ ਨਾਲ ਸਾਂਝ ਦੀ ਗੱਲ ਸਿਰੇ ਨਹੀਂ ਲੱਗ ਸਕੀ ਹੈ। ਉਨ੍ਹਾਂ ਕਿਹਾ ਕਿ ਜੇ ਅੱਜ ਵੀ ਸਿੱਧੂ ਧੜਾ ਪਹੁੰਚ ਕਰੇਗਾ ਤਾਂ ਉਹ ਸਾਂਝ ਲਈ ਤਿਆਰ ਹਨ। ਸ੍ਰੀ ਛੋਟੇਪੁਰ ਨੇ ਸਪੱਸ਼ਟ ਕੀਤਾ ਕਿ ਅਕਾਲੀ-ਭਾਜਪਾ ਗੱਠਜੋੜ, ਕਾਂਗਰਸ ਅਤੇ ‘ਆਪ’ ਨਾਲ ਉਨ੍ਹਾਂ ਦੀ ਪਾਰਟੀ ਕਿਸੇ ਵੀ ਰੂਪ ਵਿਚ ਕੋਈ ਸਾਂਝ ਨਹੀਂ ਪਾਵੇਗੀ। ਗਾਂਧੀ ਧੜੇ ਸਮੇਤ ਹੋਰ ਧਿਰਾਂ ਨੂੰ ਜੋੜ ਕੇ ਪੰਜਾਬ ਪ੍ਰੋਗਰੈਸਿਵ ਅਲਾਇੰਸ ਬਣਾਇਆ ਜਾਵੇਗਾ ਅਤੇ ਇਸ ਪਲੇਟਫਾਰਮ ਤੋਂ ਸਮੂਹ 117 ਸੀਟਾਂ ਉਪਰ ਚੋਣ ਲੜੀ ਜਾਵੇਗੀ।
ਸ੍ਰੀ ਛੋਟੇਪੁਰ ਨੇ ਕਿਹਾ ਕਿ ਹੋਰ ਪਾਰਟੀਆਂ ਦੇ ਚੰਗੇ ਲੀਡਰ ਉਹ ਆਪਣੀ ਪਾਰਟੀ ਵਿਚ ਸ਼ਾਮਲ ਕਰਨਗੇ। ਦੱਸਣਯੋਗ ਹੈ ਕਿ ਪਹਿਲਾਂ ਸ੍ਰੀ ਛੋਟੇਪੁਰ ਦੋਸ਼ ਲਾਉਂਦੇ ਰਹੇ ਹਨ ਕਿ ‘ਆਪ’ ਨੇ ਆਪਣੇ ਵਾਲੰਟੀਅਰਾਂ ਨੂੰ ਅੱਖੋਂ-ਪਰੋਖੇ ਕਰ ਕੇ ਹੋਰ ਪਾਰਟੀਆਂ ਦੇ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਖੇਤਰੀ ਪਾਰਟੀਆਂ ਦਾ ਯੁੱਗ ਹੈ, ਜਿਸ ਦੀ ਮਿਸਾਲ ਮਮਤਾ ਬੈਨਰਜੀ ਅਤੇ ਜੈਲਲਿਤਾ ਹਨ।
ਸ੍ਰੀ ਛੋਟੇਪੁਰ ਨੇ ਦੱਸਿਆ ਕਿ ਭਾਵੇਂ ਉਹ ਢਾਈ ਸਾਲ ‘ਆਪ’ ਦੇ ਕਨਵੀਨਰ ਰਹੇ, ਪਰ ਉਨ੍ਹਾਂ ਨੂੰ ਕੋਈ ਸਿਆਸੀ ਅਧਿਕਾਰ ਨਹੀਂ ਦਿੱਤੇ ਗਏ ਸਨ ਅਤੇ ਨਾ ਹੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦਾ ਮੈਂਬਰ ਹੀ ਬਣਾਇਆ ਸੀ। ਉਨ੍ਹਾਂ ਕੋਲੋਂ ਟਿਕਟਾਂ ਵੰਡਣ ਵੇਲੇ ਵੀ ਕੋਈ ਸਲਾਹ ਨਹੀਂ ਲਈ ਸੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਪੰਜਾਬ ਦੀ ਨੰਬਰ ਇਕ ਦੁਸ਼ਮਣ ਹੈ। ਹੁਣ ਅਕਾਲੀ ਦਲ ਮਹਿਜ਼ ਬਾਦਲ ਪਰਿਵਾਰ ਐਂਡ ਕੰਪਨੀ ਬਣ ਕੇ ਰਹਿ ਗਿਆ ਹੈ ਅਤੇ ਟਕਸਾਲੀ ਆਗੂਆਂ ਦੀ ਕੋਈ ਵੁੱਕਤ ਨਹੀਂ ਹੈ। ਸ੍ਰੀ ਬਾਦਲ ਨੇ ਅਕਾਲੀ ਦਲ ਨੂੰ ਭਾਜਪਾ ਕੋਲ ਗਹਿਣੇ ਰੱਖ ਦਿੱਤਾ ਹੈ। ਕਾਂਗਰਸ ਨੇ ਕਦੇ ਵੀ ਪੰਜਾਬ ਦੇ ਹਿੱਤ ਨਹੀਂ ਪਾਲੇ ਅਤੇ ਇਸ ਦੇ ਆਗੂ ਮਹਿਜ਼ ਪੈਸੇ ਇਕੱਠੇ ਕਰਨ ਤੱਕ ਹੀ ਸੀਮਤ ਹਨ। ਦੂਜੇ ਪਾਸੇ ‘ਆਪ’ ਵੱਲੋਂ ਪੰਜਾਬੀਆਂ ਨੂੰ ਦਿਖਾਏ ਸੁਪਨੇ ਫਰਾਡ ਸਾਬਤ ਹੋਏ ਹਨ। ਇਸ ਮੌਕੇ ਪਾਰਟੀ ਦਾ ਚੋਣ ਨਿਸ਼ਾਨ ਵੀ ਜਾਰੀ ਕੀਤਾ ਗਿਆ।
ਰਾਸ਼ਟਰੀ ਲੋਕ ਸਮਾਜ ਪਾਰਟੀ ਹਰਿਆਣਾ, ਦਲਿਤ ਕ੍ਰਾਂਤੀ ਦਲ, ਜੈ ਜਵਾਨ ਕਿਸਾਨ ਪਾਰਟੀ ਅਤੇ ਇੰਡੀਆ ਲੇਬਰ ਪਾਰਟੀ ਨੇ ‘ਆਪਣਾ ਪੰਜਾਬ’ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਸ੍ਰੀ ਛੋਟੇਪੁਰ ਨੇ ਕਿਹਾ ਕਿ 10 ਫੀਸਦੀ ਸੀਟਾਂ ਪੱਛੜੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਦਿੱਤੀਆਂ ਜਾਣਗੀਆਂ।
_____________________________________
‘ਆਪ’ ਨੂੰ 93 ਤੋਂ ਵੱਧ ਸੀਟਾਂ ਮਿਲਣ ਦਾ ਦਾਅਵਾ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਦਾਅਵਾ ਕੀਤਾ ਕਿ ਵੀæਡੀæਪੀ ਐਸੋਸੀਏਟ ਵੱਲੋਂ ਸਤੰਬਰ 2016 ‘ਚ ਕੀਤੇ ਸਰਵੇਖਣ ਅਨੁਸਾਰ ‘ਆਪ’ 100 ਦੇ ਕਰੀਬ ਸੀਟਾਂ ‘ਤੇ ਜੇਤੂ ਰਹੇਗੀ। ਉਨ੍ਹਾਂ ਕਿਹਾ ਕਿ 19 ਸਤੰਬਰ ਤੋਂ 26 ਸਤੰਬਰ ਤੱਕ ਪੰਜਾਬ ਭਰ ਵਿਚ ਕੀਤੇ ਸਰਵੇਖਣ ਅਨੁਸਾਰ ਪੰਜਾਬ ਦੇ 43 ਫੀਸਦੀ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿਚ ਵੋਟ ਪਾਉਣਗੇ ਅਤੇ 117 ਵਿਚੋਂ ਕੁਲ 93 ਤੋਂ ਵੱਧ ਸੀਟਾਂ ‘ਆਪ’ ਦੀ ਝੋਲੀ ਵਿਚ ਪੈਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚ ਅਕਾਲੀ-ਭਾਜਪਾ ਵਿਰੋਧੀ ਲਹਿਰ ਅਤੇ ਕਾਂਗਰਸ ਵੱਲੋਂ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿਚ ਨਾਕਾਮਯਾਬ ਰਹਿਣ ‘ਤੇ ਪੰਜਾਬ ਦੇ ਲੋਕ ਹੁਣ ਨਵਾਂ ਪੰਜਾਬ ਸਿਰਜਣ ਲਈ ‘ਆਪ’ ਉਤੇ ਉਮੀਦ ਲਗਾ ਰਹੇ ਹਨ।
___________________________________
ਯਾਦਵ ਤੇ ਭੂਸ਼ਨ ਵੱਲੋਂ ਨਵੀਂ ਪਾਰਟੀ ਦਾ ਐਲਾਨ
ਨਵੀਂ ਦਿੱਲੀ: ਦੇਸ਼ ਦੀ ਚੋਣ ਸਿਆਸਤ ਵਿਚ ਜਵਾਬਦੇਹੀ, ਪਾਰਦਰਸ਼ੀ ਪਹੁੰਚ ਅਤੇ ਇਮਾਨਦਾਰੀ ਦੀ ਭਾਵਨਾ ਭਰਨ ਦੇ ਉਦੇਸ਼ ਨਾਲ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਨੇ ਨਵੀਂ ਸਿਆਸੀ ਪਾਰਟੀ ‘ਸਵਰਾਜ ਇੰਡੀਆ’ ਦੇ ਗਠਨ ਦਾ ਐਲਾਨ ਕੀਤਾ। ਪਾਰਟੀ ਨੇ ਇਥੇ ਆਪਣੀ ਸਥਾਪਤੀ ਕਨਵੈਨਸ਼ਨ ਕੀਤੀ, ਜਿਸ ਵਿਚ ਨਵੀਂ ਸਿਆਸੀ ਪਾਰਟੀ ਦੇ ‘ਦ੍ਰਿਸ਼ਟੀਕੋਣ ਅਤੇ ਮਿਸ਼ਨ’ ਲਈ ਜਦੋ ਜਹਿਦ ਕਰਨ ਦੇ ਅਹਿਦ ਨਾਲ ਵੱਖ-ਵੱਖ ਰਾਜਾਂ ਦੇ 400 ਤੋਂ ਵੱਧ ਡੈਲੀਗੇਟ ਸ਼ਾਮਲ ਹੋਏ। ਟਵਿੱਟਰ ਉਤੇ ਦਿਤੇ ਸੰਦੇਸ਼ ਵਿਚ ਯੋਗੇਂਦਰ ਯਾਦਵ ਨੇ ਕਿਹਾ ਕਿ ਉਹ ਸਵਰਾਜ ਇੰਡੀਆ ਰਾਹੀਂ ਸਦਾਚਾਰਕ ਸਿਆਸਤ ਦੇ ਆਦਰਸ਼ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਕਰਨਗੇ। ਉਨ੍ਹਾਂ ਕਿਹਾ ਕਿ ਬਦਲਵੀਂ ਸਿਆਸਤ ਦੇ ਕੀ ਪੈਮਾਨੇ ਹਨ? ਇਹ ਅੰਦਰੂਨੀ ਜਮਹੂਰੀਅਤ, ਪਾਰਦਰਸ਼ੀ ਪਹੁੰਚ ਅਤੇ ਜਵਾਬਦੇਹੀ ਹਨ। ਸਵਰਾਜ ਅਭਿਆਨ ਬਾਰੇ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਪ੍ਰਚਾਰ ਮੁਹਿੰਮ ਜਾਰੀ ਰੱਖਣਗੇ। ਕਨਵੈਨਸ਼ਨ ਦੌਰਾਨ ਸਾਬਕਾ ਕਾਨੂੰਨ ਮੰਤਰੀ ਤੇ ਉਘੇ ਵਕੀਲ ਸ਼ਾਂਤੀ ਭੂਸ਼ਨ ਨੇ ਉਮੀਦ ਜਤਾਈ ਕਿ ਨਵੀਂ ਸਿਆਸੀ ਪਾਰਟੀ, ਭ੍ਰਿਸ਼ਟ ਪਾਰਟੀਆਂ ਨੂੰ ਫੈਸਲਾਕੁਨ ਟੱਕਰ ਦੇ ਕੇ ਦੇਸ਼ ਵਿੱਚ ਅਸਲ ‘ਸਵਰਾਜ’ ਲਿਆਏਗੀ।
____________________________
‘ਆਪ’ ਦੀ ਹਮਾਇਤ ਲਈ ਪਰਵਾਸੀਆਂ ਵੱਲੋਂ ਕਮਰਕੱਸੇ
ਟੋਰਾਂਟੋ: ਪੰਜਾਬ ਵਿਚ ਚੋਣਾਂ ਦੇ ਭਖਦੇ ਮਾਹੌਲ ਦਾ ਅਸਰ ਵਿਦੇਸ਼ਾਂ ਵਿਚ ਵੀ ਵਿਖਾਈ ਦੇ ਰਿਹਾ ਹੈ। ਇਥੇ ਸੋਸ਼ਲ ਮੀਡੀਆ ਰਾਹੀਂ ‘ਆਪ’ ਦਾ ਪ੍ਰਚਾਰ ਸਿਖਰਾਂ ਉਤੇ ਹੈ। ਪਾਰਟੀ ਦੇ ਵਿਦੇਸ਼ੀ ਵਿੰਗਾਂ ਨੇ ਜਿਵੇਂ ਦਿੱਲੀ ਚੋਣਾਂ ਵਿਚ ਤਨ, ਮਨ ਤੇ ਧਨ ਨਾਲ ਮਦਦ ਕੀਤੀ, ਉਸੇ ਤਰਜ਼ ਅਤੇ ਜੋਸ਼ ਨਾਲ ਉਨ੍ਹਾਂ ਐਤਕੀਂ ਪੰਜਾਬ ਚੋਣਾਂ ਲਈ ਕਮਰਕੱਸੇ ਕਰ ਲਏ ਹਨ। ਸੂਤਰਾਂ ਮੁਤਾਬਕ ‘ਆਪ’ ਦੇ ਬਹੁਤ ਸਾਰੇ ਵਾਲੰਟੀਅਰ ਪੰਜਾਬ ਪਹੁੰਚ ਗਏ ਹਨ ਅਤੇ ਕਈ ਅਗਲੇ ਚਾਰ ਮਹੀਨਿਆਂ ਦੌਰਾਨ ਜਾਣ ਵਾਲੇ ਹਨ। ਬਰੈਂਪਟਨ ਵਿਚ ‘ਆਪ’ ਦੇ ਕਾਰਕੁਨ ਸੁਦੀਪ ਸਿੰਗਲਾ ਨੇ ਦੱਸਿਆ ਕਿ ‘ਚਲੋ ਪੰਜਾਬ’ ਮੁਹਿੰਮ ਤਹਿਤ ਦੁਨੀਆਂ ਭਰ ਵਿਚੋਂ ਕੋਈ 50 ਹਜ਼ਾਰ ਵਾਲੰਟੀਅਰ ਪੰਜਾਬ ਜਾਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕੈਨੇਡਾ ਦੇ ਕੌਮੀ ਸਕੱਤਰ ਸੁਮੇਸ਼ ਹਾਂਡਾ ਭਾਰਤ ਪਹੁੰਚ ਗਏ ਹਨ ਅਤੇ ਸ੍ਰੀ ਕੇਜਰੀਵਾਲ ਨਾਲ ਸਰਗਰਮ ਹਨ। ਸੁਦੀਪ ਮੁਤਾਬਕ ਚੋਣ ਜ਼ਾਬਤਾ ਲਾਗੂ ਹੋਣ ਸਾਰ ‘ਫੋਨ-ਕਾਲ’ ਮੁਹਿੰਮ ਚਲਾਈ ਜਾਵੇਗੀ ਅਤੇ ਇਥੋਂ ਹਰ ਮਾਲੀ ਤੇ ਮਨੋਬਲੀ ਮਦਦ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਮਨ ਬਣਾ ਚੁੱਕੇ ਹਨ ਪਰ ਅਜੇ ਖ਼ਾਮੋਸ਼ ਹਨ। ਉਨ੍ਹਾਂ ਆਖਿਆ ਕਿ ਸੁੱਚਾ ਸਿੰਘ ਛੋਟੇਪੁਰ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਨਵੀਂ ਪਾਰਟੀ ਦਾ ਨਾਂ ਵੀ ‘ਆਪ’ ਨਾਲ ਰਲਦਾ ਮਿਲਦਾ ਰੱਖਿਆ ਹੈ ਅਤੇ ਹੋ ਸਕਦਾ ਚੋਣ ਨਿਸ਼ਾਨ ਵੀ ਭੁਲੇਖਾ ਪਾਊ ਹੋਵੇਗਾ, ਪਰ ਲੋਕ ਹੁਣ ਚੇਤੰਨ ਹੋ ਚੁੱਕੇ ਹਨ।