ਆਪੋਧਾਪੀ ਵਾਲੇ ਸੁਰ ਛੱਡਣ ਲਈ ਤਿਆਰ ਨਹੀਂ ‘ਆਪ’ ਲੀਡਰਸ਼ਿਪ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵਿਚ ਆਪੋਧਾਪੀ ਵਧ ਰਹੀ ਹੈ। ਹਰੇਕ ਆਗੂ ਦੀ ਹਰੇਕ ਮੁੱਦੇ ‘ਤੇ ਵੱਖਰੀ ਰਾਏ ਹੈ ਤੇ ਅਨੁਸ਼ਾਸਨ ਦੀ ਘਾਟ ਹੈ। ਇਸ ਕਾਰਨ ਹਾਈਕਮਾਂਡ ਪ੍ਰੇਸ਼ਾਨ ਹੈ। ਹਾਈਕਮਾਂਡ ਵੱਲੋਂ ਭਾਵੇਂ ਪੰਜਾਬ ਇਕਾਈ ਨੂੰ ਇਕ ਸੁਰ ਕਰਨ ਲਈ ਇਥੋਂ ਦੇ ਇੰਚਾਰਜ ਸੰਜੇ ਸਿੰਘ ਨਾਲ ਇਕ ਸਹਿ ਇੰਚਾਰਜ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੂੰ ਵੀ ਨਿਯੁਕਤ ਕੀਤਾ ਗਿਆ ਹੈ, ਇਸ ਦੇ ਬਾਵਜੂਦ ਲੀਡਰਾਂ ਦੀਆਂ ਸੁਰਾਂ ਵੱਖੋ-ਵੱਖ ਹਨ।
ਪਾਰਟੀ ‘ਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਧਰਮਵੀਰ ਗਾਂਧੀ ਦੇ ਮੁੱਦੇ ‘ਤੇ ਚੱਲੀ ਚਰਚਾ ਦੌਰਾਨ ਪਾਰਟੀ ਦੀ ਸਥਿਤੀ ਹਾਸੋਹੀਣੀ ਬਣੀ ਪਈ ਹੈ।

ਇਕ ਪਾਸੇ ਡਾæ ਗਾਂਧੀ ਚੌਥਾ ਫਰੰਟ ਬਣਾਉਣ ਦੀਆਂ ਸਰਗਰਮੀਆਂ ਦੌਰਾਨ ‘ਆਪ’ ਦੇ ਸੁਪਰੀਮੋ ਨੂੰ ਕੋਸ ਰਹੇ ਹਨ ਅਤੇ ਦੂਜੇ ਪਾਸੇ ਪਾਰਟੀ ਦੇ ਸੀਨੀਅਰ ਆਗੂ ਤੇ ਦਾਖਾ ਤੋਂ ਉਮੀਦਵਾਰ ਵਕੀਲ ਐਚæਐਸ਼ ਫੂਲਕਾ ਨੇ ਡਾæ ਗਾਂਧੀ ਨੂੰ ਚੰਗਾ ਬੰਦਾ ਕਹਿ ਕੇ ਉਨ੍ਹਾਂ ਨਾਲ ਗੱਲ ਚਲਾਉਣ ਦੀ ਸਲਾਹ ਦੇ ਦਿੱਤੀ ਹੈ।
ਦੂਜੇ ਪਾਸੇ ਸਹਿ ਇੰਚਾਰਜ ਜਰਨੈਲ ਸਿੰਘ ਡਾæ ਗਾਂਧੀ ਦੀ ਨੁਕਤਾਚੀਨੀ ਕਰਦਿਆਂ ਕਹਿ ਰਹੇ ਹਨ ਕਿ ਡਾæ ਗਾਂਧੀ ਨੂੰ ਚੌਥਾ ਫਰੰਟ ਬਣਾਉਣ ਤੋਂ ਪਹਿਲਾਂ ਸੰਸਦ ਮੈਂਬਰ ਵਜੋਂ ਅਸਤੀਫਾ ਦੇਣ ਦੀ ਹਿੰਮਤ ਦਿਖਾਉਣੀ ਚਾਹੀਦੀ ਹੈ। ਇਸੇ ਤਰ੍ਹਾਂ ਪਾਰਟੀ ਦੇ ਬੁਲਾਰੇ ਸੁਖਪਾਲ ਖਹਿਰਾ ਨੇ ਜਦੋਂ ਇਸ ਮੁੱਦੇ ‘ਤੇ ਸ੍ਰੀ ਸਿੱਧੂ ਅਤੇ ਆਵਾਜ਼-ਏ-ਪੰਜਾਬ ਨਾਲ ਗੱਲਬਾਤ ਚਲਾਉਣ ਦਾ ਬਿਆਨ ਦਿੱਤਾ ਤਾਂ ਉਸੇ ਦਿਨ ਹੀ ਸੰਸਦ ਮੈਂਬਰ ਤੇ ਪ੍ਰਚਾਰ ਕਮੇਟੀ ਦੇ ਮੁਖੀ ਭਗਵੰਤ ਮਾਨ ਨੇ ਸ੍ਰੀ ਖਹਿਰਾ ਦੇ ਬਿਆਨ ਦੇ ਉਲਟ ਕਿਹਾ ਕਿ ਪਾਰਟੀ ਅਸੂਲੀ ਤੌਰ ਉਤੇ ਕੋਈ ਗੱਠਜੋੜ ਨਹੀਂ ਕਰ ਸਕਦੀ ਅਤੇ ਨਾ ਹੀ ਇਕ ਪਰਿਵਾਰ ਵਿਚੋਂ ਦੋ ਵਿਅਕਤੀਆਂ ਨੂੰ ਟਿਕਟਾਂ ਦੇ ਸਕਦੀ ਹੈ। ਇਸੇ ਦੌਰਾਨ ਸ੍ਰੀ ਫੂਲਕਾ ਨੇ ਬਿਆਨ ਦਾਗਦਿਆਂ ਕਿਹਾ ਕਿ ਸ੍ਰੀ ਸਿੱਧੂ ਅਤੇ ਉਨ੍ਹਾਂ ਦੀ ਧਿਰ ਨਾਲ ਪਾਰਟੀ ਨੂੰ ਜ਼ਰੂਰ ਗੱਲ ਚਲਾਉਣੀ ਚਾਹੀਦੀ ਹੈ।
ਇਸੇ ਤਰ੍ਹਾਂ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਨੇ ਵੀ ਇਸ ਧਿਰ ਨਾਲ ਗੱਲਬਾਤ ਕਰਨ ਦੀ ਹਾਮੀ ਭਰਦਿਆਂ ਕਿਹਾ ਕਿ ਜੇ ਆਵਾਜ਼-ਏ-ਪੰਜਾਬ ਦੀ ਲੀਡਰਸ਼ਿਪ ਚਾਹੇ ਤਾਂ ਉਹ ਉਨ੍ਹਾਂ ਨੂੰ ਖੁਦ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕੋਲ ਸਾਂਝਾਂ ਪਾਉਣ ਲਈ ਲੈ ਕੇ ਜਾਣਗੇ। ਜਰਨੈਲ ਸਿੰਘ ਨੇ ਇਸ ਸਾਰੀ ਬਿਆਨਬਾਜ਼ੀ ਨੂੰ ਕਾਟ ਕਰਦਿਆਂ ਕਿਹਾ ਕਿ ਹੁਣ ਕਿਸੇ ਵੀ ਚੌਥੇ ਫਰੰਟ ਦਾ ਕੋਈ ਵਜੂਦ ਨਹੀਂ ਹੈ ਅਤੇ ਲੋਕਾਂ ਨੇ ‘ਆਪ’ ਨੂੰ ਇਕ ਬਦਲ ਵਜੋਂ ਆਪਣੇ ਮਨ ‘ਚ ਵਸਾ ਲਿਆ ਹੈ। ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿਚੋਂ ਕੱਢਣ ਦਾ ਸਬੱਬ ਭਾਵੇਂ ਉਨ੍ਹਾਂ ਵੱਲੋਂ ਪੈਸੇ ਲੈਣ ਦਾ ਸਟਿੰਗ ਬਣਿਆ ਹੈ, ਪਰ ਮੁੱਖ ਕਾਰਨ ਉਨ੍ਹਾਂ ਵਲੋਂ ਵੀ ਹਾਈਕਮਾਂਡ ਦੇ ਫੈਸਲਿਆਂ ਵਿਰੁੱਧ ਬਿਆਨਬਾਜ਼ੀ ਕਰਨਾ ਹੈ।
ਇਸੇ ਤਰ੍ਹਾਂ ਜਦੋਂ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦਿੱਲੀ ਵਿਚ ਸ੍ਰੀ ਛੋਟੇਪੁਰ ਕੋਲੋਂ ਕਨਵੀਨਰ ਦਾ ਅਹੁਦਾ ਖੋਹਣ ਦਾ ਫੈਸਲਾ ਲੈ ਰਹੀ ਸੀ ਤਾਂ ਉਸ ਵੇਲੇ ਤਿੰਨ ਸੀਨੀਅਰ ਆਗੂ ਇਸ ਆਗੂ ਨੂੰ ਮਨਾਉਣ ਵਿਚ ਜੁਟੇ ਹੋਏ ਸਨ। ਇਸ ਦੌਰਾਨ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਆਗੂਆਂ ਵੱਲੋਂ ਵੱਖ-ਵੱਖ ਮੁੱਦਿਆਂ ‘ਤੇ ਵੱਖ-ਵੱਖ ਤਰ੍ਹਾਂ ਦੇ ਬਿਆਨ ਦੇਣ ਨਾਲ ਪਾਰਟੀ ਦੀ ਸਥਿਤੀ ਖਰਾਬ ਹੋ ਰਹੀ ਹੈ ਅਤੇ ਇਹ ਸਭ ਕੁਝ ਹਾਈਕਮਾਂਡ ਦੇ ਨੋਟਿਸ ਵਿਚ ਹੈ। ਉਹ ਜਲਦੀ ਹੀ ਸਾਰੇ ਆਗੂਆਂ ਨਾਲ ਗੱਲ ਕਰ ਕੇ ਹਰੇਕ ਮੁੱਦੇ ‘ਤੇ ਸਾਂਝੀ ਰਾਏ ਬਣਾਉਣ ਦੀਆਂ ਹਦਾਇਤਾਂ ਦੇਣਗੇ।
_________________________________________________
ਕੇਜਰੀਵਾਲ ਦੀ ਹਮਾਇਤ ਨਾਲ ‘ਜੰਗ’ ਲੜੇਗੀ ਸ਼ਰਮੀਲਾ
ਚੰਡੀਗੜ੍ਹ: ‘ਮੈਂ ਮਨੀਪੁਰ ਦੇ ਮੁੱਖ ਮੰਤਰੀ ਖਿਲਾਫ ਚੋਣ ਲੜਾਂਗੀ ਤੇ ਮੈਨੂੰ ਉਮੀਦ ਹੈ ਕਿ ਅਰਵਿੰਦ ਕੇਜਰੀਵਾਲ ਮੇਰੀ ਨੈਤਿਕ ਹਮਾਇਤ ਕਰਨਗੇ।’ ਅਫਸਪਾ ਕਾਨੂੰਨ ਵਿਰੁੱਧ 16 ਸਾਲ ਭੁੱਖ ਹੜਤਾਲ ਕਰਨ ਵਾਲੀ ਇਰੋਮ ਸ਼ਰਮੀਲਾ ਨੇ ਇਹ ਦਾਅਵਾ ਕਰਦਿਆਂ ਕਿਹਾ ਹੈ ਕਿ ਉਹ ਜਲਦ ਹੀ ਨਵੀਂ ਪਾਰਟੀ ਬਣਾਵੇਗੀ ਤੇ ਇਸ ਬਾਰੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਰਾਜਨੀਤੀ ਨਾਲ ਉਸ ਦਾ ਤਜਰਬਾ ਬੇਹੱਦ ਮਾੜਾ ਰਿਹਾ, ਪਰ ਉਸ ਨੂੰ ਲੱਗਦਾ ਹੈ ਕਿ ਚੰਗੀ ਰਾਜਨੀਤੀ ਨਾਲ ਇਹ ਲੋਕਤੰਤਰੀ ਵਿਵਸਥਾ ਬਦਲ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸੇ ਆਸ਼ੇ ਨਾਲ ਹੀ ਉਸ ਨੇ ਭੁੱਖ ਹੜਤਾਲ ਕੀਤੀ ਹੈ। ਸ਼ਰਮੀਲਾ ਨੇ ਕਿਹਾ ਕਿ ਮੈਂ ਜ਼ਿੰਦਗੀ ਦਾ ਹਰ ਰੰਗ ਮਾਣਨਾ ਚਾਹੁੰਦੀ ਹਾਂ ਤੇ ਮੈਂ ਦੇਵੀ ਨਹੀਂ ਬਣਨਾ ਚਾਹੁੰਦੀ। ਉਨ੍ਹਾਂ ਕਿਹਾ ਕਿ ਲੋਕ ਮੇਰੀ ਭੁੱਖ ਹੜਤਾਲ ਖਤਮ ਕਰਨ ਬਾਰੇ ਕੀ ਸੋਚਦੇ ਹਨ, ਇਸ ਦੀ ਮੈਨੂੰ ਪਰਵਾਹ ਨਹੀਂ। ਉਨ੍ਹਾਂ ਕਿਹਾ ਕਿ ਮੇਰਾ ਲੋਕਤੰਤਰ ‘ਚ ਵਿਸ਼ਵਾਸ ਹੈ ਤੇ ਲੋਕਤੰਤਰੀ ਤਰੀਕੇ ਨਾਲ ਹੀ ਪ੍ਰਬੰਧ ਬਦਲਿਆ ਜਾ ਸਦਕਾ ਹੈ।