ਭਾਰਤ-ਪਾਕਿ ਤਣਾਅ ਨੇ ਠੰਢੀ ਕੀਤੀ ਪੰਜਾਬ ਦੀ ਸਿਆਸੀ ਜੰਗ

ਜਲੰਧਰ: ਸੂਬੇ ਵਿਚ ਸਿਆਸੀ ਸਰਗਰਮੀਆਂ ਵਿਚ ਇਕ ਦਮ ਕਮੀ ਆਈ ਹੈ। ਸੱਥਾਂ ਵਿਚ ਹੁਣ ਸਿਆਸੀ ਸਰਗਰਮੀਆਂ ਦੀ ਬਜਾਏ ਲੋਕਾਂ ਵੱਲੋਂ ਦੇਸ਼ ਵਿਚ ਬਣੇ ਜੰਗ ਦੇ ਮਾਹੌਲ ‘ਤੇ ਚਰਚਾ ਹੋਣ ਲੱਗੀ ਹੈ, ਜਿਸ ਤੋਂ ਸਾਫ ਹੈ ਕਿ ਜੰਗ ਦੇ ਖ਼ੌਫ ਨੇ ਆਮ ਲੋਕਾਂ ਦਾ ਧਿਆਨ ਸਿਆਸੀ ਮੁੱਦਿਆਂ ਤੋਂ ਹਟਾ ਕੇ ਭਾਰਤ-ਪਾਕਿ ਜੰਗ ਨਾਲ ਹੋਣ ਨਫੇ-ਨੁਕਸਾਨ ਵੱਲ ਲਗਾ ਦਿੱਤਾ ਹੈ। ਆਮ ਲੋਕ ਤੇ ਖਾਸਕਰ ਬਜ਼ੁਰਗ ਪਾਕਿਸਤਾਨ ਨਾਲ ਪਹਿਲਾਂ ਹੋਈਆਂ ਲੜਾਈਆਂ ਦੌਰਾਨ ਹੋਏ ਭਾਰੀ ਜਾਨ ਮਾਲ ਦੇ ਨੁਕਸਾਨ ਦੀ ਯਾਦ ਤਾਜ਼ਾ ਕਰਦੇ ਹੋਏ ਭਾਵੁਕ ਹੋ ਜਾਂਦੇ ਹਨ, ਉਥੇ ਆਧੁਨਿਕ ਸਮੇਂ ਵਿਚ ਬੇਹੱਦ ਮਾਰੂ ਹਥਿਆਰਾਂ ਦੀ ਸੰਭਾਵੀ ਵਰਤੋਂ ਬਾਰੇ ਸੋਚ ਕੇ ਤ੍ਰਭਕ ਵੀ ਜਾਂਦੇ ਹਨ।

ਲੋਕਾਂ ਦੇ ਰੋਹ ਤੋਂ ਅਕਾਲੀ-ਭਾਜਪਾ ਗਠਜੋੜ ਨੂੰ ਮਿਲੀ ਵਕਤੀ ਰਾਹਤ
ਸੂਬੇ ਅੰਦਰ ਨਸ਼ਿਆਂ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਤੋਂ ਇਲਾਵਾ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਆਦਿ ਮੁੱਦਿਆਂ ‘ਤੇ ਬੁਰੀ ਤਰ੍ਹਾਂ ਘਿਰੀ ਰਾਜ ਦੀ ਅਕਾਲੀ-ਭਾਜਪਾ ਸਰਕਾਰ ਨੂੰ ਮੌਜੂਦਾ ਹਾਲਾਤ ਦੌਰਾਨ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਰਾਹਤ ਵਕਤੀ ਹੀ ਦੱਸੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਲੋਕ ਮਨਾਂ ਅੰਦਰ ਰਾਜ ਦੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਪ੍ਰਤੀ ਪਾਇਆ ਜਾ ਰਿਹਾ ਗੁੱਸਾ ਇੰਨੀ ਜਲਦੀ ਸ਼ਾਂਤ ਹੋਣ ਵਾਲਾ ਨਹੀਂ ਹੈ, ਹਾਲਾਂਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪਾਕਿਸਤਾਨ ਖਿਲਾਫ ਲਏ ਸਖਤ ਸਟੈਂਡ ਕਾਰਨ ਭਾਜਪਾ ਆਗੂ ਇਸ ਦਾ ਲਾਹਾ ਲੈਣ ‘ਚ ਸਫਲ ਹੁੰਦੇ ਹਨ ਤਾਂ ਇਸ ਦਾ ਫਾਇਦਾ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਐਕਸਪ੍ਰੈੱਸ ਮੁਹਿੰਮ ਨੂੰ ਮੱਠਾ ਹੁੰਗਾਰਾ ਮਿਲਿਆ ਦੱਸਿਆ ਜਾ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਜਿਥੇ ਇਸ ਪਿੱਛੇ ਪਾਰਟੀ ਦੀ ਕੋਈ ਸੰਜੀਦਾ ਸੋਚ ਦਾ ਨਾ ਹੋਣਾ ਦੱਸਿਆ ਜਾ ਰਿਹਾ ਹੈ, ਉਥੇ ਮੌਜੂਦਾ ਜੰਗੀ ਹਾਲਾਤ ਵੀ ਅਹਿਮ ਕਾਰਨ ਸਮਝੇ ਜਾ ਰਹੇ ਹਨ। ਪਾਰਟੀ ਹਲਕਿਆਂ ‘ਚ ਵੀ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਬੱਸ ਵਿਚ ਕੋਈ ਵੀ ਸੀਨੀਅਰ ਆਗੂ ਨਾ ਹੋਣ ਕਾਰਨ ਲੋਕਾਂ ਦਾ ਇਸ ਪ੍ਰਤੀ ਕੋਈ ਖਾਸ ਉਤਸ਼ਾਹ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਜਾਂ ਕਿਸੇ ਹੋਰ ਹੋਰ ਸੀਨੀਅਰ ਆਗੂ ਨੂੰ ਇਸ ਮੁਹਿੰਮ ਦੀ ਅਗਵਾਈ ਕਰਨੀ ਚਾਹੀਦੀ ਸੀ।
______________________________________________
ਪਿੰਡ ਖਾਲੀ ਕਰਾਉਣ ਬਾਰੇ ਜਵਾਬ ਦੇਣ ਬਾਦਲ: ਜਾਖੜ
ਅਬੋਹਰ: ਕਾਂਗਰਸ ਦੇ ਸੂਬਾ ਉਪ ਪ੍ਰਧਾਨ ਤੇ ਵਿਧਾਇਕ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਘੇਰੇ ਅੰਦਰ ਆਉਂਦੇ 10 ਕਿੱਲੋਮੀਟਰ ਦੇ ਇਲਾਕੇ ਦੇ ਲੋਕਾਂ ਨੂੰ ਸਰਕਾਰ ਵੱਲੋਂ ਇਲਾਕਾ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ ਜਦਕਿ ਨਾਲ ਲੱਗਦੇ ਸੂਬੇ ਰਾਜਸਥਾਨ, ਜਿਸ ਦੀ ਸਰਹੱਦ ਪਾਕਿਸਤਾਨ ਦੇ ਨਾਲ ਪੰਜਾਬ ਨਾਲੋਂ ਦੁੱਗਣੀ ਲੰਬਾਈ ‘ਚ ਲੱਗਦੀ ਹੈ, ਉਥੇ ਕਿਸੇ ਨੂੰ ਵੀ ਇਲਾਕਾ ਖਾਲੀ ਕਰਨ ਲਈ ਨਹੀਂ ਕਿਹਾ ਗਿਆ। ਇਸ ਕਾਰਨ ਪੰਜਾਬ ਦੇ ਸਰਹੱਦੀ ਲੋਕਾਂ ਦੇ ਮਨਾ ਵਿਚ ਸਰਕਾਰ ਪ੍ਰਤੀ ਕਈ ਤਰ੍ਹਾਂ ਦੇ ਸ਼ੰਕੇ ਉਤਪੰਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੋਕਾਂ ਨੂੰ ਸਪਸ਼ਟ ਕਰਨ ਕਿ ਸਰਹੱਦੀ ਇਲਾਕੇ ਨੂੰ ਖਾਲੀ ਕਰਨ ਦਾ ਫੈਸਲਾ ਰਾਜਨੀਤਿਕ ਹੈ ਜਾਂ ਦੇਸ਼ ਹਿਤ ਲਈ।
_____________________________________________
ਸਰਹੱਦੀ ਤਣਾਅ ਚੋਣਾਂ ਨੂੰ ਅਗਾਂਹ ਪਾਉਣ ਦੀ ਰਣਨੀਤੀ: ਘੁੱਗੀ
ਅੰਮ੍ਰਿਤਸਰ: ‘ਆਪ’ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਆਖਿਆ ਕਿ ਉਨ੍ਹਾਂ ਦੇ ਨਾਲ-ਨਾਲ ਸਰਹੱਦੀ ਪਿੰਡਾਂ ਦੇ ਲੋਕ ਕਹਿ ਰਹੇ ਹਨ ਕਿ ਸਰਹੱਦ ‘ਤੇ ਬਣਿਆ ਤਣਾਅ ਆਉਂਦੀਆਂ ਚੋਣਾਂ ਨੂੰ ਅਗਾਂਹ ਪਾਉਣ ਦੀ ਰਣਨੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਇਸ ਸਥਿਤੀ ਬਾਰੇ ਸਪਸ਼ਟ ਜਾਣਕਾਰੀ ਦੇਣ। ਸ੍ਰੀ ਘੁੱਗੀ ਇਥੇ ਸਰਹੱਦੀ ਪਿੰਡਾਂ ਦਾ ਦੌਰਾ ਕਰਨ ਪੁੱਜੇ ਸਨ। ਸ੍ਰੀ ਘੁੱਗੀ ਨੇ ਆਖਿਆ ਕਿ ਉਨ੍ਹਾਂ ਨੂੰ ਹੀ ਨਹੀਂ ਸਗੋਂ ਲੋਕਾਂ ਨੂੰ ਵੀ ਇਹ ਲੱਗ ਰਿਹਾ ਹੈ ਕਿ ਚੋਣਾਂ ਨੇੜੇ ਪੰਜਾਬ ਸਰਹੱਦ ‘ਤੇ ਬਣੀ ਤਣਾਅ ਵਾਲੀ ਸਥਿਤੀ ਸਿਰਫ ਚੋਣਾਂ ਨੂੰ ਅਗਾਂਹ ਪਾਉਣ ਦੀ ਰਣਨੀਤੀ ਹੈ। ਉਨ੍ਹਾਂ ਆਖਿਆ ਕਿ ਲੋਕ ਇਸ ਸਬੰਧੀ ਜਵਾਬ ਮੰਗ ਰਹੇ ਹਨ ਕਿ ਇਹ ਤਣਾਅ ਸਿਰਫ ਪੰਜਾਬ ਸਰਹੱਦ ‘ਤੇ ਹੀ ਕਿਉਂ ਹੈ, ਗੁਜਰਾਤ ਤੇ ਰਾਜਸਥਾਨ ਦੀ ਸਰਹੱਦ ਉਤੇ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇਸ ਬਾਰੇ ਸਪਸ਼ਟ ਜਾਣਕਾਰੀ ਦੇਣੀ ਚਾਹੀਦੀ ਹੈ।
__________________________________________
ਸਰਹੱਦੀ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਦੀ ਤਿਅਰੀ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰ ਦੇ ਪਿੰਡਾਂ ਵਿਚੋਂ ਉਠਾਏ ਗਏ ਲੋਕਾਂ ਦੀ ਸੁਰੱਖਿਆ, ਲੰਗਰ, ਰਿਹਾਇਸ਼, ਮੈਡੀਕਲ ਸਹੂਲਤਾਂ ਅਤੇ ਹੋਰ ਪ੍ਰਬੰਧਾਂ ਲਈ ਮੈਂਬਰਾਂ, ਸਕੱਤਰਾਂ ਅਤੇ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਰਹੱਦੀ ਇਲਾਕੇ ਦੇ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਸਰਹੱਦੀ ਖੇਤਰ ਦੇ ਲੋਕਾਂ ਦੀ ਰਿਹਾਇਸ਼ ਅਤੇ ਲੰਗਰ ਲਈ ਯੋਗ ਪ੍ਰਬੰਧ ਕਰਨ ਵਾਸਤੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਵੱਲੋਂ ਪਿੰਡਾਂ ਦੇ ਲੋਕਾਂ ਲਈ ਮੈਡੀਕਲ ਕੈਂਪ ਅਤੇ ਐਂਬੂਲੈਂਸ ਵੈਨਾਂ ਦੇ ਬੂਥ ਵੀ ਲਾਏ ਜਾ ਰਹੇ ਹਨ।