ਹਿਜਰਤ ਅਤੇ ਉਜਾੜੇ ਦੇ ਖੌਫ ਅੱਗੇ ਬੇਵਸ ਹੋਏ ਸਰਹੱਦੀ ਕਿਸਾਨ

ਅੰਮ੍ਰਿਤਸਰ: ਪਾਕਿਸਤਾਨ ਨਾਲ ਤਣਾਅ ਦਾ ਸਭ ਨਾਲੋਂ ਵੱਧ ਖਮਿਆਜ਼ਾ ਪੰਜਾਬ ਦੇ ਸਰਹੱਦੀ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਕਸ਼ਮੀਰ ਦੇ ਉੜੀ ਇਲਾਕੇ ਵਿਚ ਫੌਜੀ ਕੈਂਪ ‘ਤੇ ਹਮਲੇ ਤੋਂ ਬਾਅਦ ਭਾਰਤੀ ਫੌਜ ਵੱਲੋਂ ਮਕਬੂਜ਼ਾ ਕਸ਼ਮੀਰ ‘ਚ ਦਾਖਲ ਹੋ ਕੇ ਸਾਢੇ ਤਿੰਨ ਦਰਜਨ ਤੋਂ ਵੀ ਜ਼ਿਆਦਾ ਅਤਿਵਾਦੀਆਂ ਨੂੰ ਮਾਰ ਦੇਣ ਨਾਲ ਦੋਵਾਂ ਦੇਸ਼ਾਂ ਵਿਚ ਤਣਾਅ ਹੋਰ ਵਧ ਗਿਆ ਹੈ।

ਪੰਜਾਬ ਦੇ ਸਰਹੱਦੀ ਖੇਤਰਾਂ ਵਿਚ ਸਰਕਾਰ ਨੂੰ ਜੰਗੀ ਹਾਲਾਤ ਪੈਦਾ ਹੋਣ ਦੇ ਸ਼ੰਕੇ ਹਨ, ਪਰ ਇਨ੍ਹਾਂ ਖੇਤਰਾਂ ਵਿਚ ਰਹਿੰਦੇ ਲੋਕਾਂ ਨੂੰ ਹਾਲਾਤ ਆਮ ਵਰਗੇ ਨਜ਼ਰ ਆ ਰਹੇ ਹਨ। ਸਰਹੱਦ ‘ਤੇ ਵੱਸੇ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਹੁਕਮਾਂ ਪਿੱਛੋਂ ਇਨ੍ਹਾਂ ਲੋਕਾਂ ਵਿਚ ਕਾਫੀ ਸਹਿਮ ਹੈ। ਉਹ ਆਪਣੀ ਪੱਕੀ ਫਸਲ ਛੱਡ ਕੇ ਜਾਣ ਲਈ ਤਿਆਰ ਨਹੀਂ ਹਨ। ਸਰਹੱਦੀ ਲੋਕਾਂ ਵੱਲੋਂ ਸਭ ਤੋਂ ਵੱਡਾ ਸਵਾਲ ਇਹੀ ਕੀਤਾ ਜਾ ਰਿਹਾ ਹੈ ਕਿ ਜਦੋਂ ਸਰਹੱਦ ਦੇ ਦੋਵੇਂ ਪਾਸੀਂ ਫੌਜਾਂ ਦੀ ਕੋਈ ਹਿੱਲ-ਜੁੱਲ ਨਹੀਂ ਹੈ ਤਾਂ ਉਨ੍ਹਾਂ ਨੂੰ ਬੇਘਰ ਕਿਉਂ ਕੀਤਾ ਜਾ ਰਿਹਾ ਹੈ।
ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਤੋਂ ਰਿਪੋਰਟਾਂ ਮੁਤਾਬਕ ਇਨ੍ਹਾਂ ਜ਼ਿਲ੍ਹਿਆਂ ਦੇ ਇਕ ਹਜ਼ਾਰ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਪੱਕਣ ‘ਤੇ ਆਈਆਂ ਫਸਲਾਂ ਦੇ ਬਰਬਾਦ ਹੋਣ ਅਤੇ ਘਰੇਲੂ ਸਾਮਾਨ ਦੇ ਨੁਕਸਾਨ ਹੋਣ ਦਾ ਡਰ ਸਤਾ ਰਿਹਾ ਹੈ। ਇਹੀ ਕਾਰਨ ਹੈ ਕਿ ਲੋਕ ਆਪਣੇ ਘਰ ਛੱਡਣ ਲਈ ਤਿਆਰ ਨਹੀਂ ਹਨ। ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਜ਼ੁਬਾਨੀ ਹੁਕਮਾਂ ਦੇ ਤੁਰਤ ਬਾਅਦ ਲੋਕਾਂ ਨੂੰ ਘਰ-ਬਾਰ ਛੱਡਣ ਦੇ ਹੁਕਮ ਦੇ ਦਿੱਤੇ ਹਨ। ਪੰਜਾਬ ਦੇ ਸਰਹੱਦੀ ਖੇਤਰ ਦੇ ਜਿਨ੍ਹਾਂ ਪਿੰਡਾਂ ਦੇ ਲੋਕ ਜੰਗ ਦੇ ਸਾਏ ਹੇਠ ਜਿਉਂ ਰਹੇ ਹਨ, ਇਨ੍ਹਾਂ ਪਿੰਡਾਂ ਦਾ 1 ਲੱਖ ਹੈਕਟੇਅਰ ਦੇ ਕਰੀਬ ਰਕਬਾ ਹੈ। ਇਸ ਰਕਬੇ ਵਿਚ ਜ਼ਿਆਦਾ ਕਾਸ਼ਤ ਝੋਨੇ ਅਤੇ ਬਾਸਮਤੀ ਦੀ ਹੁੰਦੀ ਹੈ। ਇਹ ਫਸਲਾਂ ਹੁਣ ਵੱਢਣ ਲਈ ਤਿਆਰ ਹਨ। ਸਰਹੱਦੀ ਕਿਸਾਨਾਂ ਲਈ ਇਹ ਵੱਡਾ ਸੰਕਟ ਹੈ। ਕੌਮਾਂਤਰੀ ਸਰਹੱਦ ਦੇ ਨਜ਼ਦੀਕ ਵਸੇ ਪਿੰਡਾਂ ਦੇ ਜ਼ਿਆਦਾਤਰ ਲੋਕ ਤਾਂ ਆਪਣੇ ਰਿਸ਼ਤੇਦਾਰਾਂ ਦੇ ਘਰੀਂ ਤਬਦੀਲ ਹੋ ਗਏ ਹਨ। ਸਰਕਾਰ ਵੱਲੋਂ ਕਾਇਮ ਕੀਤੇ ਆਰਜ਼ੀ ਕੈਂਪਾਂ ‘ਚ ਬਹੁਤ ਘੱਟ ਲੋਕ ਜਾ ਰਹੇ ਹਨ।
ਜ਼ੀਰੋ ਲਾਈਨ ‘ਤੇ ਵਸੇ ਸਕੋਲ ਪਿੰਡ ਦੇ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦੀ ਅਬਾਦੀ 450 ਦੇ ਕਰੀਬ ਹੈ, ਜਿਸ ਵਿਚੋਂ 300 ਲੋਕ ਕੈਂਪ ਵਿਚ ਆ ਗਏ ਹਨ ਅਤੇ 150 ਦੇ ਕਰੀਬ ਘਰਾਂ ਤੇ ਡੰਗਰਾਂ ਦੀ ਦੇਖ ਭਾਲ ਕਰਨ ਲਈ ਪਿੱਛੇ ਰਹਿ ਗਏ ਹਨ। ਇਸ ਪਿੰਡ ਦੇ ਬਲਵੀਰ ਚੰਦ, ਸਲਵਿੰਦਰ ਸਿੰਘ, ਪਰਵੀਨ ਕੁਮਾਰ ਆਦਿ ਨੇ ਗਿਲਾ ਕੀਤਾ ਕਿ ਉਨ੍ਹਾਂ ਨੂੰ ਵਾਰ-ਵਾਰ ਉਠਣ ਨਾਲ ਖੱਜਲ ਖੁਆਰੀ ਹੁੰਦੀ ਹੈ, ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਉਨ੍ਹਾਂ ਕਿਹਾ ਕਿ ਉਹ ਉੱਥੋਂ ਆਉਣ ਲਈ ਤਿਆਰ ਨਹੀਂ ਸਨ, ਪੁਲਿਸ ਅਤੇ ਪ੍ਰਸ਼ਾਸਨ ਨੇ ਇੰਨਾ ਸਹਿਮ ਪੈਦਾ ਕਰ ਦਿੱਤਾ ਕਿ ਉਨ੍ਹਾਂ ਨੂੰ ਮਜਬੂਰਨ ਆਪਣਾ ਘਰ ਛੱਡ ਕੇ ਬੱਚਿਆਂ ਸਮੇਤ ਰਾਹਤ ਕੈਂਪ ਵਿਚ ਆਉਣਾ ਪਿਆ। ਇਥੇ ਆਏ ਸਕੋਲ, ਸਿੰਬਲ ਕੁੱਲੀਆਂ, ਟੀਂਡਾ, ਖੋਜਕੀ ਚੱਕ, ਪਲਾਹ, ਦੋਸਤਪੁਰ, ਬਲੋਤਰ, ਸਰੋਟਾ ਆਦਿ ਪਿੰਡਾਂ ਦੇ ਲੋਕਾਂ ਦਾ ਕਹਿਣਾ ਸੀ ਕਿ ਉਹ ਇਥੇ ਆਉਣ ਨੂੰ ਤਿਆਰ ਨਹੀਂ ਸੀ ਬਲਕਿ ਉਹ ਤਾਂ ਉਥੇ ਹੀ ਸੈਨਿਕ ਜਵਾਨਾਂ ਦੇ ਨਾਲ ਮਰਨਾ ਪਸੰਦ ਕਰਦੇ ਹਨ, ਪਰ ਪ੍ਰਸ਼ਾਸਨ ਵੱਲੋਂ ਦਬਾਅ ਬਣਾਏ ਜਾਣ ਕਾਰਨ ਉਨ੍ਹਾਂ ਨੂੰ ਆਉਣਾ ਪਿਆ। ਰਾਵੀ ਦਰਿਆ ਪਾਰ ਪੈਂਦੇ ਪਿੰਡ ਤੂਰਬਾਣੀ ਵਾਸੀ ਬਜ਼ੁਰਗ ਬਿਸ਼ਨ ਦਾਸ ਅਤੇ ਚੁੰਬਰ ਵਾਸੀ ਦਿਆਲ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਨਾਲ ਪਹਿਲਾਂ ਹੋਈਆਂ ਦੋ ਜੰਗਾਂ ਨੂੰ ਉਹ ਅੱਖੀਂ ਵੇਖ ਚੁੱਕੇ ਹਨ। ਉਸ ਸਮੇਂ ਵੀ ਸਾਰੇ ਲੋਕ ਪਿੰਡ ਖਾਲੀ ਕਰ ਕੇ ਕਿਸੇ ਸੁਰੱਖਿਅਤ ਥਾਂ ‘ਤੇ ਨਹੀਂ ਗਏ ਸਨ।
ਉਨ੍ਹਾਂ ਦੱਸਿਆ ਕਿ ਲੋਕ ਰਾਤ ਕਰੀਬ ਤਿੰਨ ਵਜੇ ਤੱਕ ਕਿਸ਼ਤੀ ਰਾਹੀਂ ਦਰਿਆ ਪਾਰ ਕਰਦੇ ਰਹੇ, ਪਰ ਦਿਨ ਚੜ੍ਹਦਿਆਂ ਹੀ ਵਾਪਸ ਪਰਤਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪਣੇ ਪਿੰਡ ਛੱਡ ਕੇ ਜਾਣ ਨਾਲ ਸਰਦਾ ਨਹੀਂ ਹੈ। ਰਾਵੀ ਦਰਿਆ ਦੇ ਇਧਰ ਪੈਂਦੇ ਪਿੰਡ ਜੈਨਪੁਰ, ਵਜ਼ੀਰਪੁਰ, ਸਲਾਚ, ਚੌਂਤਰਾ, ਕਾਹਨਾ, ਠਾਕੁਰਪੁਰ ਆਦਿ ਦੇ ਲੋਕ ਵੀ ਆਪਣਾ ਘਰ ਛੱਡ ਕੇ ਜਾਣ ਨੂੰ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਇਥੋਂ ਜਾਣ ਨਾਲ ਸਰਹੱਦ ‘ਤੇ ਲੜਨ ਵਾਲਿਆਂ ਸੈਨਿਕਾਂ ਦਾ ਮਨੋਬਲ ਡਿੱਗੇਗਾ।
________________________________________
ਕੇਂਦਰ ਦੇ ਹੁਕਮਾਂ ‘ਤੇ ਹੀ ਖਾਲੀ ਕਰਵਾਏ ਪਿੰਡ: ਬਾਦਲ
ਅਜਨਾਲਾ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਲੋਕਾਂ ਨੂੰ ਸਰਹੱਦ ਨੇੜਿਉਂ ਉਠਾਉਣ ਦਾ ਫੈਸਲਾ ਪੰਜਾਬ ਸਰਕਾਰ ਦਾ ਨਹੀਂ ਬਲਕਿ ਕੇਂਦਰ ਦਾ ਹੈ, ਜਿਸ ਨੂੰ ਮੰਨਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਕੋਈ ਖਤਰਾ ਮੁੱਲ ਲੈਣ ਨਾਲੋਂ ਚਾਰ ਦਿਨ ਦੀ ਤੰਗੀ ਸਹਿ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਨ੍ਹਾਂ ਮੁਸ਼ਕਲ ਹਾਲਾਤ ਦੀ ਵਰਤੋਂ ਰਾਜਨੀਤੀ ਲਈ ਨਹੀਂ ਕਰਨੀ ਚਾਹੀਦੀ, ਸਗੋਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸਾਥ ਦੇਣਾ ਚਾਹੀਦਾ ਹੈ।
______________________________________
ਫਸਲ ਸੰਭਾਲ ਲਈ ਕੰਡਿਆਲੀ ਤਾਰ ਪਾਰ ਜਾਣ ਦੀ ਆਗਿਆ
ਅੰਮ੍ਰਿਤਸਰ: ਬੀæਐਸ਼ਐਫ਼ ਨੇ ਫਸਲ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਕੰਡਿਆਲੀ ਤਾਰ ਪਾਰ ਜਾਣ ਦੀ ਆਗਿਆ ਦੇ ਦਿੱਤੀ ਹੈ, ਜਿਸ ਨਾਲ ਕਿਸਾਨਾਂ ਨੂੰ ਰਾਹਤ ਮਹਿਸੂਸ ਹੋ ਰਹੀ ਹੈ। ਦੱਸਣਯੋਗ ਹੈ ਕਿ ਮਕਬੂਜ਼ਾ ਕਸ਼ਮੀਰ ਵਿਚ ਭਾਰਤੀ ਫੌਜ ਵੱਲੋਂ ਕੀਤੀ ਗਈ ਕਾਰਵਾਈ ਬਾਅਦ ਅਚਨਚੇਤੀ ਸਰਕਾਰ ਵੱਲੋਂ ਸਰਹੱਦ ‘ਤੇ ਦਸ ਕਿਲੋਮੀਟਰ ਦੇ ਘੇਰੇ ਵਿਚ ਲੋਕਾਂ ਨੂੰ ਘਰ-ਬਾਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਸ ਦੌਰਾਨ ਸਰਹੱਦ ‘ਤੇ ਕੰਡਿਆਲੀ ਤਾਰ ਪਾਰਲੀ ਜ਼ਮੀਨ ਉਤੇ ਜਾਣ ਅਤੇ ਲੋਕਾਂ ਦੇ ਰੀਟਰੀਟ ਸੈਰੇਮਨੀ ਦੇਖਣ ਜਾਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਸਰਹੱਦੀ ਲੋਕਾਂ ਵੱਲੋਂ ਰੋਕਾਂ ਬਾਰੇ ਦਿੱਤੀ ਦੁਹਾਈ ਬਾਅਦ ਮੁੱਖ ਮੰਤਰੀ ਵੱਲੋਂ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਕੋਲ ਉਠਾਇਆ ਗਿਆ। ਕੇਂਦਰੀ ਗ੍ਰਹਿ ਮੰਤਰੀ ਨੇ ਬੀæਐਸ਼ਐਫ਼ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਕਿਸਾਨਾਂ ਨੂੰ ਕੰਡਿਆਲੀ ਤਾਰ ਪਾਰਲੀ ਜ਼ਮੀਨ ‘ਤੇ ਫਸਲ ਦੀ ਸਾਂਭ ਸੰਭਾਲ ਕਰਨ ਤੋਂ ਨਾ ਰੋਕਿਆ ਜਾਵੇ।
_______________________________________
3300 ਕਿਲੋਮੀਟਰ ਲੰਮੀ ਹੈ ਭਾਰਤ-ਪਾਕਿ ਸਰਹੱਦ
ਗੁਰਦਾਸਪੁਰ: ਆਜ਼ਾਦੀ ਦੇ ਬਾਅਦ ਹੁਣ ਤੱਕ ਚੀਨ ਅਤੇ ਪਾਕਿਸਤਾਨ ਨਾਲ ਤਿੰਨ ਪ੍ਰਮੁੱਖ ਲੜਾਈਆਂ ਲੜ ਚੁੱਕੇ ਭਾਰਤ ਦੀ ਸਰਹੱਦ 8 ਦੇਸ਼ਾਂ ਨਾਲ ਲੱਗਦੀ ਹੈ। ਸਮੁੰਦਰੀ ਅਤੇ ਮੈਦਾਨੀ ਇਲਾਕਿਆਂ ਦੇ ਇਲਾਵਾ ਬਰਫੀਲੇ ਪਹਾੜਾਂ ਵਿਚ ਫੈਲੀ ਹੋਈ ਇਸ ਅੰਤਰਰਾਸ਼ਟਰੀ ਸਰਹੱਦ ‘ਤੇ ਬੇਹੱਦ ਔਖੀਆਂ ਸਥਿਤੀਆਂ ਦੇ ਬਾਵਜੂਦ ਦੇਸ਼ ਦੀਆਂ ਸੁਰੱਖਿਆ ਫੋਰਸਾਂ ਦੇ ਜਵਾਨ ਸਖ਼ਤ ਪਹਿਰਾ ਦਿੰਦੇ ਹਨ। ਅਫਗਾਨਿਸਤਾਨ, ਪਾਕਿਸਤਾਨ, ਚੀਨ, ਨਿਪਾਲ, ਮੀਆਂਮਾਰ, ਭੂਟਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਭਾਰਤ ਦੇ ਗੁਆਂਢੀ ਦੇਸ਼ ਹਨ, ਜਿਨ੍ਹਾਂ ਨਾਲ ਭਾਰਤ ਦੀ ਤਕਰੀਬਨ 15200 ਕਿਲੋਮੀਟਰ ਮੈਦਾਨੀ ਸਰਹੱਦ ਹੈ ਜਦੋਂ ਕਿ ਕਰੀਬ ਸਾਢੇ 7 ਹਜ਼ਾਰ ਕਿਲੋਮੀਟਰ ਲੰਮੀ ਸਰਹੱਦ ਸਮੁੰਦਰ ਵਿਚ ਹੈ। ਇਸ ਵਿਚੋਂ ਭਾਰਤ ਦੀ ਕਰੀਬ ਸਵਾ 3 ਹਜ਼ਾਰ ਕਿਲੋਮੀਟਰ ਸਰਹੱਦ ਪਾਕਿਸਤਾਨ ਦੇ ਨਾਲ ਲੱਗਦੀ ਹੈ, ਜਿਸ ਵਿਚੋਂ ਕਰੀਬ ਸਾਢੇ 550 ਕਿੱਲੋਮੀਟਰ ਲੰਬੀ ਸਰਹੱਦ ਪੰਜਾਬ ਅੰਦਰ ਹੈ ਜਦੋਂ ਕਿ ਬਾਕੀ ਦਾ ਇਲਾਕਾ ਰਾਜਸਥਾਨ, ਗੁਜਰਾਤ ਅਤੇ ਜੰਮੂ ਕਸ਼ਮੀਰ ਸੂਬਿਆਂ ਅੰਦਰ ਹੈ। ਇਸ ਸਰਹੱਦ ਦੀ ਰੱਖਿਆ ਦੀ ਜ਼ਿੰਮੇਵਾਰੀ ਬੀæਐਸ਼ਐਫ਼ ਨੂੰ ਸੌਂਪੀ ਗਈ ਹੈ ਜਿਸ ਦੇ ਜਵਾਨਾਂ ਵੱਲੋਂ ਬਹੁਤ ਹੀ ਮੁਸ਼ਕਲ ਘੜੀਆਂ ਵਿਚ ਇਸ ਗੁਆਂਢੀ ਮੁਲਕ ਵਿਚੋਂ ਹੋਣ ਵਾਲੀ ਘੁਸਪੈਠਾਂ ਤੇ ਹੋਰ ਹਮਲਿਆਂ ਤੋਂ ਦੇਸ਼ ਵਾਸੀਆਂ ਨੂੰ ਬਚਾਉਣ ਲਈ ਪਹਿਰਾ ਦਿੱਤਾ ਜਾਂਦਾ ਹੈ।