ਗਰਮਖਿਆਲੀ ਆਗੂਆਂ ਨੂੰ ਨਰਮ ਕਰਨ ਵਿਚ ਜੁਟੀ ਸਰਕਾਰ

ਚੰਡੀਗੜ੍ਹ: ਗਰਮ ਖਿਆਲੀ ਸਿੱਖ ਆਗੂਆਂ ਨੇ ਦੂਜਾ ਸਰਬੱਤ ਖਾਲਸਾ ਸੱਦ ਕੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠਲੀ ਸਰਕਾਰ ਨੂੰ ਫਿਕਰਾਂ ‘ਚ ਪਾ ਦਿੱਤਾ ਹੈ। ਸੂਬਾ ਸਰਕਾਰ ਨੇ ਕੁਝ ਗਰਮ ਖਿਆਲੀ ਆਗੂਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਅਹਿਮ ਅਹੁਦੇ ਦੇ ਕੇ ਉਨ੍ਹਾਂ ਨੂੰ ਨਰਮ ਕਰਨ ਦੀ ਕੋਸ਼ਿਸ਼ ਆਰੰਭ ਦਿੱਤੀ ਹੈ। ਸਰਕਾਰ ਵੀ ਚੌਕਸ ਹੋ ਗਈ ਹੈ ਕਿਉਂਕਿ ਸਰਬੱਤ ਖਾਲਸਾ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਬੇੜੀ ‘ਚ ਵੱਟੇ ਪੈ ਸਕਦੇ ਹਨ।

ਗਰਮ ਖਿਆਲੀ ਸਿੱਖ ਆਗੂਆਂ ਦੀ ਅੰਮ੍ਰਿਤਸਰ ‘ਚ ਬੈਠਕ ਹੋਈ ਸੀ, ਜਿਥੇ ਦੂਜੇ ਸਰਬੱਤ ਖਾਲਸਾ ਦੇ ਪ੍ਰਬੰਧਾਂ ਦੀ ਦੇਖ-ਰੇਖ ਲਈ 15 ਮੈਂਬਰੀ ਕਮੇਟੀ ਬਣਾਈ ਗਈ ਜੋ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਅਗਵਾਈ ਹੇਠ ਕੰਮ ਕਰੇਗੀ। ਕਮੇਟੀ ‘ਚ ਜਥੇਦਾਰ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਬਲਜੀਤ ਸਿੰਘ ਦਾਦੂਵਾਲ, ਸਿਮਰਨਜੀਤ ਸਿੰਘ ਮਾਨ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬੂਟਾ ਸਿੰਘ, ਵੱਸਣ ਸਿੰਘ ਜੱਫਰਵਾਲ, ਭਾਈ ਮੋਹਕਮ ਸਿੰਘ, ਪਰਮਜੀਤ ਸਿੰਘ, ਗੁਰਦੀਪ ਸਿੰਘ ਬਠਿੰਡਾ, ਹਰਵਿੰਦਰ ਸਿੰਘ, ਤਰਲੋਕ ਸਿੰਘ, ਪਰਮਜੀਤ ਸਿੰਘ ਸਹੋਲੀ ਅਤੇ ਪ੍ਰੋਫੈਸਰ ਮਹਿੰਦਰ ਪਾਲ ਸਿੰਘ ਸ਼ਾਮਲ ਹਨ। ਸਰਬੱਤ ਖ਼ਾਲਸਾ 10 ਨਵੰਬਰ ਨੂੰ ਦਮਦਮਾ ਸਾਹਿਬ ‘ਚ ਸੱਦਿਆ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਸਰਕਾਰ ਦੇ ਨੁਮਾਇੰਦਿਆਂ ਨੇ ਕੁਝ ਗਰਮ ਖਿਆਲੀ ਆਗੂਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਮੁਲਾਕਾਤ ਕਰ ਕੇ ਸਰਬੱਤ ਖ਼ਾਲਸਾ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਸਰਕਾਰ ਦੇ ਯਤਨਾਂ ਨੂੰ ਅਜੇ ਬੂਰ ਨਹੀਂ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਰਿਵਾਰ ਨਾਲ ਰੋਡੇ ਪਿੰਡ ‘ਚ ਮੁਲਾਕਾਤ ਨੂੰ ਵੀ ਇਸੇ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ‘ਚ ਸੱਦੇ ਗਏ ਸਰਬੱਤ ਖ਼ਾਲਸਾ ਨੇ ਸਰਕਾਰ ਖਾਸ ਕਰ ਕੇ ਅਕਾਲੀ ਦਲ ਦੀਆਂ ਚੂਲਾਂ ਹਿਲਾ ਦਿੱਤੀਆਂ ਸਨ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਉਹ ਮੁੜ ਪ੍ਰਧਾਨਗੀ ਅਹੁਦੇ ਦੇ ਦਾਅਵੇਦਾਰ ਨਹੀਂ ਹੋਣਗੇ। ਰਿਪੋਰਟਾਂ ਮੁਤਾਬਕ ਸੀਨੀਅਰ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਪ੍ਰਧਾਨ ਬਣਨ ਦੀ ਦੌੜ ‘ਚ ਸਭ ਤੋਂ ਅੱਗੇ ਹਨ, ਪਰ ਸਰਕਾਰ ਵੱਲੋਂ ਗਰਮ ਖਿਆਲੀ ਆਗੂਆਂ ਵਿਚੋਂ ਕੁਝ ਨੂੰ ਸ਼੍ਰੋਮਣੀ ਕਮੇਟੀ ਵਿਚ ਅਹਿਮ ਅਹੁਦੇ ਦਿੱਤੇ ਜਾ ਸਕਦੇ ਹਨ। ਕੁਝ ਨੂੰ ਤਖ਼ਤਾਂ ਦਾ ਜਥੇਦਾਰ ਲਾ ਕੇ ਸਰਬੱਤ ਖ਼ਾਲਸਾ ਦੇ ਅਸਰ ਨੂੰ ਘਟਾਇਆ ਜਾ ਸਕਦਾ ਹੈ।
_______________________________
ਲੋਕ ਰੋਹ ਅੱਗੇ ਸੁਖਬੀਰ ਬਾਦਲ ਦੀ ਇਕ ਨਾ ਚੱਲੀ
ਮੋਗਾ: ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਪਿੰਡ ਰੋਡੇ ਵਿਚ ਜ਼ਬਰਦਸਤ ਵਿਰੋਧ ਹੋਇਆ। ਸੁਖਬੀਰ ਬਾਦਲ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜੱਦੀ ਪਿੰਡ ਰੋਡੇ ਵਿਚ ਜਾਣ ਜਾਣਾ ਸੀ। ਇਸ ਦੌਰਾਨ ਉਨ੍ਹਾਂ ਨੂੰ ਲੋਕਾਂ ਦੇ ਖਾਸੇ ਰੋਹ ਦਾ ਸਾਹਮਣਾ ਕਰਨਾ ਪਿਆ। ਇਥੇ ਜਿਵੇਂ ਹੀ ਸੁਖਬੀਰ ਬਾਦਲ ਦੀਆਂ ਗੱਡੀਆਂ ਦਾ ਕਾਫਲਾ ਪਹੁੰਚਿਆ ਤਾਂ ਪਹਿਲਾਂ ਤੋਂ ਹੀ ਖੜ੍ਹੇ ਲੋਕਾਂ ਨੇ ਕਾਲੀਆਂ ਝੰਡੀਆਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਨੇ ਝੰਡੀਆਂ ਲੈ ਕੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਗੱਡੀਆਂ ਦਾ ਰਾਹ ਰੋਕ ਲਿਆ। ਭਾਵੇਂ ਸੁਰੱਖਿਆ ਕਰਮੀ ਪਹਿਲਾਂ ਤੋਂ ਹੀ ਲੋਕਾਂ ਦੇ ਰੋਹ ਦੇ ਡਰੋਂ ਵੱਡੀ ਗਿਣਤੀ ਵਿਚ ਤਾਇਨਾਤ ਸਨ, ਪਰ ਵੱਡੀ ਗਿਣਤੀ ਲੋਕਾਂ ਦੇ ਰੋਹ ਅੱਗੇ ਉਨ੍ਹਾਂ ਦੀ ਵੀ ਕੋਈ ਪੇਸ਼ ਨਹੀਂ ਚੱਲੀ। ਲੋਕ ਲਗਾਤਾਰ ‘ਸੁਖਬੀਰ ਬਾਦਲ ਵਾਪਸ ਜਾਓ ਤੇ ਪੰਜਾਬ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਾਉਂਦੇ ਰਹੇ। ਲੋਕਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿੱਤ ਦਿਨ ਹੋ ਰਹੀ ਬੇਅਦਬੀ ਦਾ ਰੋਸ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਪੰਜਾਬ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਫੜਦੀ, ਸਾਡਾ ਵਿਰੋਧ ਜਾਰੀ ਰਹੇਗਾ। ਉਪ ਮੁੱਖ ਮੰਤਰੀ ਇਥੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਘਰ ਜਾਣ, ਪਿੰਡ ਨੂੰ ਗ੍ਰਾਂਟਾਂ ਜਾਰੀ ਕਰਨ ਤੇ ਲੋਕਾਂ ਨੂੰ ਸੰਬੋਧਨ ਕਰਨ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਅਕਾਲੀ ਸਰਕਾਰ ਦਾ ਕੋਈ ਆਗੂ ਆਪਣੇ ਪੂਰੇ ਕਾਰਜਕਾਲ ਦੌਰਾਨ ਕਦੇ ਵੀ ਭਿੰਡਰਾਂਵਾਲਿਆਂ ਦੇ ਘਰ ਨਹੀਂ ਗਿਆ, ਹਾਲਾਂਕਿ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਹਰਨਾਮ ਸਿੰਘ ਖਾਲਸਾ ਬਾਦਲ ਪਰਿਵਾਰ ਦੇ ਖਾਸਮਖਾਸ ਮੰਨੇ ਜਾਂਦੇ ਹਨ। ਅਜਿਹੇ ਵਿਚ ਵੋਟਾਂ ਦੇ ਦਿਨਾਂ ਦੇ ਨੇੜੇ ਆਉਂਦਿਆਂ ਸੁਖਬੀਰ ਬਾਦਲ ਦੀ ਉਨ੍ਹਾਂ ਦੇ ਘਰ ਫੇਰੀ ਵੀ ਵੋਟ ਬੈਂਕ ਦੀ ਸਿਆਸਤ ਨਜ਼ਰ ਆ ਰਹੀ ਹੈ।
_________________________________
ਮੁਤਵਾਜ਼ੀ ਜਥੇਦਾਰਾਂ ਨੇ ਸੁਖਬੀਰ ਵਿਰੁਧ ਸੁਝਾਅ ਮੰਗੇ
ਅੰਮ੍ਰਿਤਸਰ: ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਨੇ ਵਿਚਾਰ ਵਟਾਂਦਰੇ ਮਗਰੋਂ ਸਿੱਖ ਸੰਗਤ ਤੋਂ 26 ਅਕਤੂਬਰ ਤੱਕ ਸੁਝਾਅ ਮੰਗੇ ਹਨ, ਜਿਸ ਅਨੁਸਾਰ ਪੰਜਾਬ ਦੇ ਗ੍ਰਹਿ ਵਿਭਾਗ ਦੇ ਮੁਖੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਵਿਚਾਰ ਵਟਾਂਦਰੇ ਲਈ ਆਏ ਮੁਤਵਾਜ਼ੀ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਪਹਿਲਾਂ ਅਕਾਲ ਤਖ਼ਤ ਵਿਖੇ ਮੱਥਾ ਟੇਕਿਆ ਅਤੇ ਉਥੇ ਹੀ ਵਿਚਾਰ ਵਟਾਂਦਰਾ ਕਰਨ ਦਾ ਪ੍ਰੋਗਰਾਮ ਬਣਾਇਆ ਸੀ, ਪਰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ। ਜਥੇਦਾਰਾਂ ਨੇ ਆਖਿਆ ਕਿ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਰਿਪੋਰਟ ਉਪ ਮੁੱਖ ਮੰਤਰੀ ਕੋਲੋਂ 30 ਸਤੰਬਰ ਤੱਕ ਮੰਗੀ ਗਈ ਸੀ। ਇਸ ਮਿਤੀ ਵਿਚ ਦੋ ਵਾਰ ਵਾਧਾ ਕੀਤਾ ਗਿਆ ਹੈ, ਪਰ ਹੁਣ ਤੱਕ ਰਿਪੋਰਟ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਖਿਲਾਫ਼ ਕਾਰਵਾਈ ਲਈ ਸਿੱਖ ਸੰਗਤ ਕੋਲੋਂ 26 ਅਕਤੂਬਰ ਤੱਕ ਸੁਝਾਅ ਮੰਗੇ ਗਏ ਹਨ। ਸੰਗਤ ਇਸ ਸਬੰਧੀ ਚਿੱਠੀ ਪੱਤਰ ਅਤੇ ਈਮੇਲ ਰਾਹੀਂ ਵਿਚਾਰ ਤੇ ਸੁਝਾਅ ਭੇਜ ਸਕਦੇ ਹਨ। ਮਗਰੋਂ ਉਸ ਖਿਲਾਫ਼ ਖਾਲਸਾਈ ਰਵਾਇਤਾਂ ਅਨੁਸਾਰ ਅਗਲੀ ਕਾਰਵਾਈ ਹੋਵੇਗੀ।