ਪੰਜਾਬ ਵਿਚ ਹੈਪੇਟਾਇਟਸ-ਸੀ ਦੇ ਪੀੜਤਾਂ ਦੀ ਗਿਣਤੀ ਸਭ ਤੋਂ ਵੱਧ

ਸੰਗਰੂਰ: ਪੰਜਾਬ ਹੁਣ ਹੈਪੇਟਾਇਟਸ-ਸੀ ਪੀੜਤਾਂ ਦੀ ਰਾਜਧਾਨੀ ਬਣ ਗਿਆ ਹੈ। ਪੰਜਾਬ ਵਿਚ ਇਸ ਰੋਗ ਤੋਂ ਪੀੜਤਾਂ ਦੀ ਗਿਣਤੀ ਦੇਸ਼ ‘ਚੋਂ ਸਭ ਤੋਂ ਵੱਧ ਹੈ। ਪਿਛਲੇ ਸਾਢੇ ਤਿੰਨ ਮਹੀਨਿਆਂ ਵਿਚ ਹੀ 13000 ਤੋਂ ਵੱਧ ਮਰੀਜ਼ ਰਜਿਸਟਰਡ ਹੋ ਚੁੱਕੇ ਹਨ। ਕੁਝ ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਵੱਡੀ ਗਿਣਤੀ ਲੋਕਾਂ ਦੇ ਇਸ ਬਿਮਾਰੀ ਤੋਂ ਪੀੜਤ ਹੋਣ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਨ੍ਹਾਂ ਮਰੀਜ਼ਾਂ ਨੂੰ ਰਜਿਸਟਰਡ ਕਰਨਾ ਸ਼ੁਰੂ ਕੀਤਾ ਸੀ ਤੇ 18 ਜੂਨ 2016 ਤੋਂ ਸਰਕਾਰ ਨੇ ਰਾਜ ਵਿਚ ਮੁੱਖ ਮੰਤਰੀ ਹੈਪੇਟਾਇਟਸ-ਸੀ ਰਿਲੀਫ ਫੰਡ ਨਾਂ ਦੀ ਸਕੀਮ ਸ਼ੁਰੂ ਕਰ ਕੇ ਮੁਫਤ ਇਲਾਜ ਸ਼ੁਰੂ ਕੀਤਾ ਹੈ, ਜਿਸ ਮੁਤਾਬਕ ਪੀੜਤ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਸੂਬੇ ਦੇ ਤਿੰਨ ਮੈਡੀਕਲ ਕਾਲਜਾਂ ਅਤੇ 22 ਜ਼ਿਲ੍ਹਾ ਹਸਪਤਾਲਾਂ ਵਿਚ ਇਹ ਸਹੂਲਤ ਉਪਲਬਧ ਹੈ। ਇਸ ਬਿਮਾਰੀ ਸਬੰਧੀ ਲੈਬੋਰਟਰੀ ਟੈੱਸਟ ਜੋ ਬਹੁਤ ਮਹਿੰਗਾ ਹੈ, ਬਾਰੇ ਸਿਹਤ ਵਿਭਾਗ ਨੇ ਰਾਜ ਦੀਆਂ ਕਈ ਨਿੱਜੀ ਲੈਬੋਰਟਰੀਆਂ ਅਧਿਕਾਰਤ ਕੀਤੀਆਂ ਹੋਈਆਂ ਹਨ ਜਿਥੇ ਇਹ ਟੈਸਟ ਸਬਸਿਡੀ ‘ਤੇ ਕੀਤਾ ਜਾਂਦਾ ਹੈ। ਸੰਗਰੂਰ ਦੇ ਨੋਡਲ ਅਫਸਰ ਡਾæ ਉਪਾਸਨਾ ਬਿੰਦਰਾ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿਚ ਇਸ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਰਾਜ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਬਹੁਤ ਵੱਧ ਹੈ ਜਿਥੇ ਹੁਣ ਤੱਕ 1900 ਤੋਂ ਵੱਧ ਮਰੀਜ਼ ਰਜਿਸਟਰਡ ਹੋ ਚੁੱਕੇ ਹਨ। ਇਕੱਲੇ ਮਲੇਰਕੋਟਲਾ ਇਲਾਕੇ ‘ਚ ਹੀ 800 ਦੇ ਕਰੀਬ ਮਰੀਜ਼ ਰਜਿਸਟਰਡ ਹੋਏ ਹਨ।
ਇਸ ਬਿਮਾਰੀ ਨਾਲ ਸਬੰਧਤ ਬੈਕਟੀਰੀਆ ਖੂਨ ਦੇ ਜਰੀਏ ਇਕ ਤੋਂ ਦੂਜੇ ਮਰੀਜ਼ ਤੱਕ ਪਹੁੰਚਦਾ ਹੈ, ਜਿਸ ਲਈ ਅਨਸਟੈਰਾਲਾਇਜਡ ਸੂਈਆਂ ਤੇ ਸਰਿੰਜਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਅਕਸਰ ਝੋਲਾ ਛਾਪ ਡਾਕਟਰ ਇਕ ਹੀ ਸਰਿੰਜ ਤੇ ਸੂਈ ਦੀ ਵਾਰ-ਵਾਰ ਵਰਤੋਂ ਕਰਦੇ ਹਨ। ਇਸ ਰੋਗ ਤੋਂ ਪੀੜਤ ਮਰੀਜ਼ ਦੇ ਲੀਵਰ ‘ਚ ਸੋਜ ਆਉਂਦੀ ਹੈ ਤੇ ਦਰਦ ਹੋਣ ਲੱਗਦਾ ਹੈ। ਮਾਲਵੇ ਦੇ ਜ਼ਿਲ੍ਹਿਆਂ ‘ਚ ਇਹ ਬਿਮਾਰੀ ਪੂਰੀ ਰਫਤਾਰ ਨਾਲ ਫੈਲ ਰਹੀ ਹੈ। ਬਰਨਾਲਾ ਦਾ ਮਹਿਲ ਕਲਾਂ ਬਲਾਕ, ਮੋਗੇ ਦਾ ਬਾਘਾ ਪੁਰਾਣਾ ਬਲਾਕ ਤੇ ਮੁਕਤਸਰ ਦੇ ਕਈ ਪਿੰਡਾਂ ਵਿਚ ਹੈਪੇਟਾਇਟਸ-ਸੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਕੱਲਾ ਹੈਪੇਟਾਇਟਸ-ਸੀ ਨਹੀਂ ਬਲਕਿ 15-20 ਹੋਰ ਕਰੋਨਿਕ ਬਿਮਾਰੀਆਂ ਪੰਜਾਬ ਵਿਚ ਤੇਜ਼ੀ ਨਾਲ ਫੈਲ ਰਹੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਪੰਜਾਬੀਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਦਾ ਘਟਣਾ ਹੈ।