ਕਲਾਕਾਰਾਂ ਦੀ ਬਾਦਲ ਸਰਕਾਰ ਦੇ ਸੋਹਲੇ ਗਾਉਣ ਤੋਂ ਤੌਬਾ

ਪਟਿਆਲਾ: ਸਾਲ 2012 ਵਾਂਗ ਇਸ ਵਾਰ ਚੋਣਾਂ ਤੋਂ ਪਹਿਲਾਂ ਚੈਨਲਾਂ ‘ਤੇ ਪੰਜਾਬ ਦੇ ਕਲਾਕਾਰ ਬਾਦਲ ਸਰਕਾਰ ਦੇ ਸੋਹਲੇ ਗਾਉਂਦੇ ਨਜ਼ਰ ਨਹੀਂ ਆਉਣਗੇ। ਲੋਕਾਂ ਦੇ ਵਿਰੋਧ ਨੂੰ ਭਾਂਪਦਿਆਂ ਮਸ਼ਹੂਰ ਕਲਾਕਾਰਾਂ ਨੇ ਸਰਕਾਰ ਦੇ ਨੁਮਾਇੰਦਿਆਂ ਨੂੰ ਪਹਿਲਾਂ ਹੀ ਜਵਾਬ ਦੇਣ ਦੇ ਬਹਾਨੇ ਘੜ ਲਏ ਹਨ। ਅਕਾਲੀ ਦਲ ਨੇ ਹੁਣ ਆਪਣੀਆਂ ਪ੍ਰਾਪਤੀਆਂ ਲੋਕਾਂ ਅੱਗੇ ਰੱਖਣ ਲਈ ਬਾਲੀਵੁੱਡ ਦਾ ਸਹਾਰਾ ਲੈਣ ਦੇ ਪ੍ਰਬੰਧ ਕੀਤੇ ਹਨ।

ਪਿਛਲੀ ਵਾਰ ਪੰਜਾਬ ਦੇ ਸਿਤਾਰਿਆਂ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਹਰਭਜਨ ਮਾਨ, ਸਤਿੰਦਰ ਸੱਤੀ ਅਤੇ ਹੋਰਾਂ ਨੇ ਬਾਦਲ ਸਰਕਾਰ ਦੇ ਸੋਹਲੇ ਇਸ਼ਤਿਹਾਰਾਂ ਦੇ ਰੂਪ ਵਿਚ ਗਾਏ ਸਨ। ਬੇਸ਼ੱਕ ਇਨ੍ਹਾਂ ਕਲਾਕਾਰਾਂ ਨੇ ਸਰਕਾਰ ਤੋਂ ਤਾਂ ਕਮਾਈ ਕਰ ਲਈ, ਪਰ ਲੋਕਾਂ ਨੇ ਇਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਸੀ। ਪਰਵਾਸੀ ਪੰਜਾਬੀਆਂ ਨੇ ਤਾਂ ਇਨ੍ਹਾਂ ਕਲਾਕਾਰਾਂ ਦਾ ਬਾਈਕਾਟ ਕਰਨ ਲਈ ਮੁਹਿੰਮ ਵੀ ਵਿੱਢ ਦਿੱਤੀ ਸੀ। ਹਰਭਜਨ ਮਾਨ ਨਾਲ ਤਾਂ ਬਾਦਲ ਸਰਕਾਰ ਦੇ ਮੁੱਦੇ ਨੂੰ ਲੈ ਕੇ ਆਸਟਰੇਲੀਆ ਵਿਚ ਲੋਕ ਸ਼ਰ੍ਹੇਆਮ ਉਲਝ ਪਏ ਸਨ। ਇਸ ਤੋਂ ਬਾਅਦ ਹਰਭਜਨ ਮਾਨ ਨੇ ਐਲਾਨ ਕੀਤਾ ਸੀ ਕਿ ਉਹ ਸਿਰਫ ਕਲਾਕਾਰ ਹੈ ਤੇ ਕਦੇ ਵੀ ਸਿਆਸੀ ਪ੍ਰਚਾਰ ਨਹੀਂ ਕਰੇਗਾ। ਦਿਲਜੀਤ ਤੇ ਗਿੱਪੀ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ਦੋਵੇਂ ਕਲਾਕਾਰਾਂ ਦੇ ਨੇੜਲਿਆਂ ਦਾ ਵੀ ਮੰਨਣਾ ਹੈ ਕਿ ਬਾਦਲ ਸਰਕਾਰ ਦਾ ਪ੍ਰਚਾਰ ਇਨ੍ਹਾਂ ਕਲਾਕਾਰਾਂ ਨੂੰ ਮਹਿੰਗਾ ਪਿਆ।
ਹੁਣ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਸੱਤਾਧਾਰੀ ਧਿਰ ਵੱਲੋਂ ਜਿਥੇ ਆਪਣੇ ਪ੍ਰਚਾਰ ਲਈ ਗੀਤ ਤਿਆਰ ਕਰਵਾਏ ਜਾ ਰਹੇ ਹਨ, ਉਥੇ ਵੀਡੀਓ ਇਸ਼ਤਿਹਾਰਾਂ ਦੀ ਸ਼ੂਟਿੰਗ ਲਈ ਵੀ ਖਾਸ ਟੀਮ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਪਤਾ ਲੱਗਿਆ ਹੈ ਕਿ ਹੁਣ ਤੱਕ ਕਾਂਗਰਸੀ ਰਿਹਾ ਅੱਧੀ ਸਦੀ ਦੇ ਹਾਣ ਦਾ ਇਕ ਗੀਤਕਾਰ ਬਾਦਲ ਸਰਕਾਰ ਲਈ ਗੀਤ ਲਿਖਣ ਵਿਚ ਰੁੱਝਿਆ ਹੋਇਆ ਹੈ। ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਲੋਕਾਂ ਸਾਹਮਣੇ ਰੱਖਣ ਲਈ ਅਦਾਕਾਰਾ ਦਿਵਿਆ ਦੱਤਾ ਨੇ ਇਸ਼ਤਿਹਾਰ ਸ਼ੂਟ ਕਰ ਦਿੱਤਾ ਹੈ ਅਤੇ ਅਗਲੇ ਦਿਨੀਂ ਹੋਰ ਸਿਤਾਰੇ ਤੇ ਖਿਡਾਰੀ ‘ਖੁਸ਼ਹਾਲ ਪੰਜਾਬ’ ਦੀ ਬਾਤ ਪਾਉਂਦੇ ਨਜ਼ਰ ਆ ਸਕਦੇ ਹਨ।