ਬੁੱਲੀਆਂ ਦਾ ਨਾਦ

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਨ੍ਹਾਂ ਸਰੀਰ ਦੇ ਵੱਖ ਵੱਖ ਅੰਗਾਂ ਦਾ ਨਾਦ ਪੇਸ਼ ਕੀਤਾ ਹੈ। ਇਸ ਲੇਖ ਤੋਂ ਪਹਿਲਾਂ ਉਹ ਨੈਣਾਂ, ਮੂੰਹ, ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕਰ ਚੁਕੇ ਹਨ।

ਹੱਥਾਂ ਦੀ ਦਾਸਤਾਨ ਦੱਸਦਿਆਂ ਉਨ੍ਹਾਂ ਕਿਹਾ ਕਿ ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ। ਲੱਤਾਂ ਦੀ ਵਾਰਤਾ ਸੁਣਾਉਂਦਿਆਂ ਉਨ੍ਹਾਂ ਬਾਬਾ ਫਰੀਦ ਦੇ ਸਲੋਕ “ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ॥” ਦਾ ਹਵਾਲਾ ਦਿੱਤਾ ਸੀ। ਬੰਦੇ ਦੇ ਪੈਰਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਸੋਚ ਸਮਝ ਕੇ ਪੈਰ ਟਿਕਾਉਣ ਵਾਲੇ ਲੋਕ ਸਾਬਤ ਕਦਮੀਂ ਤੁਰਦੇ, ਮੁਸ਼ਕਲਾਂ ਨਾਲ ਬਰ ਮੇਚਦੇ, ਸਫਲਤਾ ਦਾ ਨਵਾਂ ਵਰਕਾ ਬਣਦੇ। ਉਨ੍ਹਾਂ ਮੁੱਖੜੇ ਦੇ ਬਹੁਤ ਸਾਰੇ ਰੂਪ ਕਿਆਸੇ ਹਨ-ਮੁੱਖੜਾ ਹੱਸਮੁੱਖ, ਮੁੱਖੜਾ ਚਿੜਚਿੜਾ। ਮੁੱਖੜਾ ਖੁਸ਼-ਮਿਜ਼ਾਜ, ਮੁੱਖੜਾ ਰੋਂਦੂ। ਮੁੱਖੜਾ ਟਹਿਕਦਾ, ਮੁੱਖੜਾ ਬੁੱਸਕਦਾ। ਡਾæ ਭੰਡਾਲ ਨੇ ਮਨ ਦੀ ਬਾਤ ਪਾਉਂਦਿਆਂ ਕਿਹਾ ਸੀ ਕਿ ਮਨ ਅਸੀਮ, ਮਨ ਅਮੋੜ, ਮਨ ਅਜਿੱਤ, ਮਨ ਅਮੋਲਕ, ਮਨ ਦੀਆਂ ਮਨ ਹੀ ਜਾਣੇ। ਹਿੱਕ ਦੀ ਵਾਰਤਾ ਦੱਸਦਿਆਂ ਉਨ੍ਹਾਂ ਕਿਹਾ ਸੀ ਕਿ ਹਿੱਕ ਵਿਚ ਜਦ ਰੋਹ ਦਾ ਉਬਾਲ ਫੁੱਟਦਾ ਤਾਂ ਇਸ ਵਿਚੋਂ ਹੀ ਦੁੱਲਾ ਭੱਟੀ, ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਜਾਂ ਇਕ ਸ਼ਖਸ ਊਧਮ ਸਿੰਘ ਦਾ ਰੂਪ ਧਾਰ ਲੰਡਨ ਵੱਲ ਨੂੰ ਚਾਲੇ ਪਾਉਂਦਾ। ਗਰਦਨ ਦੀ ਵਾਰਤਾ ਦੱਸਦਿਆਂ ਉਨ੍ਹਾਂ ਦੱਸਿਆ ਸੀ ਕਿ ਗਰਦਨ ਸਿੱਧੀ ਰਹੇ ਤਾਂ ਸਿਰਾਂ ‘ਤੇ ਦਸਤਾਰਾਂ ਸੋਂਹਦੀਆਂ, ਸਰਦਾਰੀਆਂ ਕਾਇਮ ਰਹਿੰਦੀਆਂ ਅਤੇ ਸਿਰਤਾਜਾਂ ਨੂੰ ਸਲਾਮਾਂ ਹੁੰਦੀਆਂ। ਹਥਲੇ ਲੇਖ ਵਿਚ ਉਨ੍ਹਾਂ ਬੁੱਲੀਆਂ ਦੀ ਗੱਲ ਕਰਦਿਆਂ ਦੱਸਿਆ ਹੈ, ਬੁੱਲੀਆਂ ‘ਤੇ ਜਦ ਨਮ-ਚੁੱਪ ਧਰੀ ਜਾਂਦੀ, ਸੱਧਰਾਂ ਦੀ ਰਾਖ ਕਰੀ ਜਾਂਦੀ ਅਤੇ ਸੁੰਨਤਾ ਦੀ ਸਫ ਵਰੀ ਜਾਂਦੀ ਤਾਂ ਹੋਠ, ਹੌਕਿਆਂ ਦੀ ਸਰਦਲ ਬਣਦੇ, ਵੈਣ, ਲੇਰਾਂ, ਹਾੜਿਆਂ ਤੇ ਤਰਲਿਆਂ ਦੇ ਤੰਦ ਪਾਉਂਦੇ ਅਤੇ ਪੀੜ ਦਾ ਅਲਾਪ ਅਲਾਹੁੰਦੇ। ਬੁੱਲੀਆਂ ‘ਚੋਂ ਰਸ ਵੀ ਚੋਂਦਾ ਅਤੇ ਕੁੜੱਤਣ ਵੀ, ਸੋਗੀ ਸੁਰਾਂ ਵੀ ਨਿਕਲਦੀਆਂ ਤੇ ਦੀਪਕ ਰਾਗ ਵੀ, ਸੁੱਚੇ ਬੋਲ ਵੀ ਅਤੇ ਕੁਬੋਲ ਵੀ। ਜਦ ਕੋਈ ਨਿੱਕੜਾ, ਵਡੇਰੇ ਨੂੰ ਚੁੰਮਦਾ ਤਾਂ ਬੱਚੇ ਦੇ ਚੁੰਮਣ ਵਿਚਲੀ ਕੋਮਲਤਾ ਤੇ ਕੋਸਾਪਣ, ਵਡੇਰਿਆਂ ਨੂੰ ਸੁੱਖਦ ਅਹਿਸਾਸ ਨਾਲ ਭਰ ਦਿੰਦਾ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਬੁੱਲੀਆਂ ਸੁਹਜ-ਸੁਹੱਪਣ, ਦਿੱਖ-ਦੁਆਰ, ਚਾਅ-ਚਿੰਗਾਰੀ, ਮੋਹ-ਮੰਤਰ, ਪਿਆਰ-ਪੁੰਗਾਰਾ, ਹੁਲਾਸ-ਹੁਲਾਰਾ, ਮਨ-ਮਾਰਗ, ਭਾਵ-ਭੰਡਾਰਾ, ਰੂਹ-ਰਸਤਾ, ਦਿੱਭ-ਦ੍ਰਿਸ਼ਟੀ ਅਤੇ ਸੁਗਮ-ਸੰਸਾਰ। ਬੁੱਲੀਆਂ ਮੁੱਖੜੇ ਦਾ ਤਾਜ, ਚਿਹਰੇ ਦੀ ਨੁਹਾਰ ਨੂੰ ਚਾਰ ਚੰਨ ਲਾਉਣ ਦਾ ਰੱਬੀ ਰਾਜ਼, ਨਕਸ਼ ਨਿਹਾਰਨ ਦਾ ਬਿੰਦੂ ਅਤੇ ਸੁੰਦਰਤਾ ਦਾ ਪੈਮਾਨਾ।
ਬੁੱਲੀਆਂ ‘ਚ ਪਤਾਸਿਆਂ ਦੀ ਮਿਠਾਸ, ਮੱਘਦੀ ਧੂਣੀ ਦਾ ਸੇਕ, ਵੱਗਦੇ ਦਰਿਆ ਦਾ ਵਹਾਅ ਅਤੇ ਸੰਧੂਰੀ ਪਲਾਂ ਦੀ ਤਾਸੀਰ ਜੋ ਜੀਵਨ ਦੀ ਸਭ ਤੋਂ ਵੱਡੀ ਸੁਗਾਤ। ਇਸ ਨਾਲ ਗਾਉਂਦੀ ਹੈ, ਰਾਤ ਅਤੇ ਮਨ-ਦਸਤਕ ਬਣਦੀ ਹੈ, ਪ੍ਰਭਾਤ।
ਬੁੱਲੀਆਂ ਦੇ ਬਹੁਤ ਸਾਰੇ ਰੰਗ-ਰੂਪ। ਪਤਲੀਆਂ, ਮਲੂਕ, ਫਾੜੀਆਂ ਵਰਗੀਆਂ ਖਿੱਚ ਪਾਉਂਦੀਆਂ। ਕੁਝ ਜੱਚਦੀਆਂ, ਕੁਝ ਜਚਾਉਂਦੀਆਂ ਅਤੇ ਕੁਝ ਦੇਖਣ ਵਾਲੇ ਦੀ ਹਿੱਕ ਮਚਾਉਂਦੀਆਂ। ਬੁੱਲੀਆਂ ‘ਤੇ ਕਦੇ ਚੁੱਪ ਦਾ ਵਾਸਾ, ਕਦੇ ਮੁਸਕੜੀਆਂ ‘ਚ ਹਾਸਾ ਅਤੇ ਕਦੇ ਬੁੱਲ ਅਟੇਰਦਿਆਂ ਵੱਟ ਜਾਣਾ ਪਾਸਾ। ਕਦੇ ਕਵਾਸੇ ਅੰਦਾਜ਼ ਵਿਚ ਪਸੰਦੀ ਜਾਂ ਨਾ-ਪਸੰਦੀ ਦਾ ਜ਼ਾਹਰਾਪਣ ਤੇ ਕਦੇ ਤਰਦਾ ਆਪਣਾਪਨ।
ਬੁੱਲੀਆਂ ਬਹੁਤ ਕੁਝ ਨੂੰ ਆਪਣੇ ਅੰਦਾਜ਼ ਨਾਲ ਜ਼ੁਬਾਨ ਦਿੰਦੀਆਂ। ਅਬੋਲ ਭਾਵਨਾਵਾਂ ਦੀ ਤਸ਼ਬੀਹ ਅਤੇ ਮਨ ਵਿਚ ਲੁਕੇ ਚਾਵਾਂ ਦਾ ਨਿਉਂਦਾ ਵੀ ਬਣਦੀਆਂ। ਦੇਖਣ ਵਾਲੇ ਦਾ ਇਹ ਕਿਸ ਅਦਾ ਨਾਲ ਸੁਆਗਤ ਕਰਦੀਆਂ, ਬੁੱਲੀਆਂ ਦੇ ਵਣਜਾਰੇ ਦੀ ਮਾਨਸਿਕਤਾ, ਸਰੀਰਕ ਰੂਪ, ਸਥਾਨ, ਸਮਾਂ ਅਤੇ ਸੰਵੇਦਨਾ ‘ਤੇ ਨਿਰਭਰ ਕਰਦਾ।
ਬੁੱਲੀਆਂ ਦਾ ਸੁਹੱਪਣ ਨਿਖਾਰਨ ਲਈ ਜਦ ਕੋਈ ਬੁੱਲੀਆਂ ‘ਤੇ ਦੰਦਾਸਾ ਮੱਲਦੀ ਤਾਂ ਇਸ ‘ਚੋਂ ਉਠਦੀ ਲਾਲ ਸੂਹੀ ਭਾਅ, ਦਿਲੀ ਤਰੰਗਾਂ ਛੇੜ, ਅੱਗ ਦੀ ਲਾਟ ਨੂੰ ਬੇਲਿਆਂ ਦੇ ਨਾਮ ਕਰਦੀ। ਸੰਦਲੀ ਪਲਾਂ ਵਿਚ ਬੁੱਲੀਆਂ ‘ਤੇ ਮੇਲਦੀ ਲਾਲੀ, ਬੁੱਲੀਆਂ ਨੂੰ ਮਾਣ-ਮੱਤੀ ਸਫਾਫਤ ਵੀ ਬਖਸ਼ਦੀ। ਬੁੱਲੀਆਂ ਦੀ ਕੁਦਰਤੀ ਆਭਾ ਨੂੰ ਮਸਨੂਈ ਸੁਹਜ ਦੀ ਲੋੜ ਨਹੀਂ ਹੁੰਦੀ।
ਬੁੱਲੀਆਂ ਰਾਹੀਂ ਕੀਤਾ ਗਿਆ ਪ੍ਰਗਟਾਅ, ਜੀਵਨ-ਜਾਚ। ਬੁੱਲੀਆਂ ਰਾਹੀਂ ਜ਼ਾਹਰ ਹੁੰਦੇ ਸਰੋਕਾਰ, ਜ਼ਿੰਦਗੀ ਦੇ ਨਵੀਲੇ ਅਰਥ। ਬੁੱਲੀਆਂ ਦੀ ਚੁੱਪ-ਸਾਧਨਾ ਹੁੰਦੀ ਹੈ ਸੋਚ-ਸੰਕੋਚ, ਜੁਬਾਨ ‘ਤੇ ਪਾਬੰਦੀ ਜਾਂ ਮੂੰਹ ਨੂੰ ਲੱਗਿਆ ਤਾਲਾ। ਬੁੱਲੀਆਂ ਨੇ ਕਿਹੜਾ ਰੋਲ, ਕਿਸ ਵੇਲੇ ਨਿਭਾਉਣਾ ਏ, ਇਹ ਮਨੁੱਖੀ ਸੁਭਾਅ, ਸ਼ਖਸੀਅਤ ਅਤੇ ਅੰਤਰੀਵ ਦੇ ਝਲਕਾਰੇ ‘ਤੇ ਨਿਰਭਰ ਕਰਦਾ।
ਬੁੱਲੀਆਂ ਦਰ-ਦਰਵਾਜੇ ਖੋਲ੍ਹਦੀਆਂ ਤਾਂ ਬਹੁਤ ਕੁਝ ਬਾਹਰ ਆਉਂਦਾ, ਜੋ ਸਾਡੇ ਆਪੇ ਨੂੰ ਵਿਭਿੰਨ ਰੂਪਾਂ ‘ਚ ਸਾਕਾਰ ਕਰਦਾ। ਇਸੇ ਲਈ ਸਿਆਣੇ ਲੋਕ ਬੁੱਲੀਆਂ ‘ਤੇ ਸਾਧਵੀ ਚੁੱਪ ਦਾ ਪਹਿਰਾ ਰੱਖਦੇ ਜਦ ਕਿ ਦਿਮਾਗ ਦੇ ਦਰਵਾਜ਼ੇ, ਕੰਨਾਂ ਦੇ ਪਰਦੇ ਅਤੇ ਨੈਣਾਂ ਨੂੰ ਸਦਾ ਖੁੱਲ੍ਹਾ ਰੱਖਦੇ ਤਾਂ ਕਿ ਵੱਧ ਸੁਣਨ, ਜ਼ਿਆਦਾ ਦੇਖਣ ਅਤੇ ਵਧੇਰੇ ਸਮਝ ਨਾਲ ਹੀ ਹੋਠਾਂ ਨੂੰ ਬੋਲ-ਪ੍ਰਵਾਜ਼ ਮਿਲੇ।
ਬੁੱਲੀਆਂ ਦੀ ਦਿੱਖ ‘ਤੇ ਬੋਲਬਾਣੀ ਦਾ ਪ੍ਰਭਾਵ। ਤੁਸੀਂ ਕਿਸ ਅਦਾ, ਵਹਾਅ ਅਤੇ ਲਹਿਜੇ ਵਿਚ ਬੁੱਲੀਆਂ ਨਾਲ ਗੱਲਾਂ ਕਰਦੇ ਹੋ, ਇਹ ਸਭ ਬੁੱਲੀਆਂ ਦੀ ਸਮੁੱਚੀ ਬਣਤਰ, ਰੰਗਤ ਅਤੇ ਹਰਕਤ ‘ਤੇ ਨਿਰਭਰ ਕਰਦਾ।
ਬੁੱਲੀਆਂ ਦੇ ਬਹੁਤ ਸਾਰੇ ਸੁਹੰਢਣੇ, ਸੁਚੱਜੇ ਤੇ ਸਾਰਥਕ ਸਰੋਕਾਰ, ਪਰ ਸਾਡੇ ਜ਼ਿਹਨ ਵਿਚ ਕੁਝ ਨੀਚ ਸਰੋਕਾਰ ਘਰ ਕਰੀ ਬੈਠੇ ਜਿਨ੍ਹਾਂ ਸਦਕਾ ਆ ਰਿਹਾ ਹੈ ਸਮਾਜਿਕ ਰਹਿਤਲ ‘ਚ ਨਿਘਾਰ, ਸੋਚ-ਵਿਹੜੇ ਕੋਹਝ ਵਿਚਾਰ, ਕਰਮ-ਸ਼ੈਲੀ ਵਿਚ ਕਮੀਨਾ ਆਚਾਰ, ਜੋ ਬਣਾਉਂਦੇ ਨੇ ਬੌਣੇ ਕਿਰਦਾਰ।
ਸਿਰਫ ਬੁੱਲੀਆਂ ਦੇ ਇਸ਼ਾਰੇ ‘ਤੇ ਜੀਵਨ-ਜੁਗਤ ਨੂੰ ਵਿਸਾਰਨ ਅਤੇ ਨਿੱਜ ਨੂੰ ਵਿਸਥਾਰਨ ਵਾਲਿਆਂ ਦੀ ਪੁਸ਼ਤ-ਪਨਾਹੀ ਕਰਨੀ, ਅਜੋਕੇ ਸਮਾਜ ਦਾ ਸਭ ਤੋਂ ਵੱਡਾ ਦੁਖਾਂਤ ਅਤੇ ਅਸੀਂ ਇਸ ਦੁਖਾਂਤ ਦੇ ਚਸ਼ਮਦੀਦ ਗਵਾਹ।
ਬੁੱਲੀਆਂ, ਕੋਹਝ ਢੱਕਦੀਆਂ, ਸੁਹੱਪਣ ਪ੍ਰਗਟਾਉਂਦੀਆਂ ਅਤੇ ਰਿਸ਼ਤੇ ਬਣਾਉਂਦੀਆਂ। ਪਰ ਕਈ ਵਾਰ ਚੁੰਮਣਾਂ ਦੀ ਪਰਿਭਾਸ਼ਾ ਵਿਚੋਂ ਉਪਜਿਆ ਸ਼ੱਕ, ਰਿਸ਼ਤਿਆਂ ਦੀ ਪਾਕੀਜ਼ਗੀ ਲੀਰੋ-ਲੀਰ ਕਰ ਦਿੰਦਾ।
ਬੁੱਲ ਫਰਕਣ ਤਾਂ ਬੇਬੱਸੀ ਦਾ ਪ੍ਰਗਟਾਅ, ਚੀਰ ਹਰਨ ਹੋ ਰਹੀ ਅਜ਼ਮਤ ਦਾ ਦਰਦ, ਲਾ-ਇਲਾਜ਼ ਗ਼ਮ ਦੀ ਚੀਸ, ਬੱਚੇ ਦੀ ਲਾਚਾਰਗੀ, ਭੁੱਖੀਆਂ ਆਂਦਰਾਂ ਦਾ ਟੁੱਕਣਾ ਅਤੇ ਮਾਪਿਆਂ ਦੀ ਬੇਬਸੀ ਦਾ ਝੋਰਾ। ਪਰ ਬੁੱਲ ਦੁਸ਼ਮਣ ਨੂੰ ਵੰਗਾਰਦੇ, ਗੁੱਸੇ ਨਾਲ ਗ੍ਰੱਸੇ, ਤਿੱਖੇ ਤੇਵਰ ਵੀ ਹੁੰਦੇ। ਬੁੱਲ ਵੱਟੀਂਦੇ ਲੋਕ ਆਪਣੀ ਮਰਜ਼ੀ ਦੇ ਮਾਲਕ।
ਬੁੱਲੀਆਂ ‘ਤੇ ਆਈ ਸਿੱਕਰੀ, ਬੋਲਾਂ ਨੂੰ ਲੱਗੀ ਨਜ਼ਰ, ਜੇਰੇ ਦੀ ਜਰਕਣ, ਹਿਰਦੇ ਵਿਚ ਪੈਦਾ ਹੋਈ ਨਿਰਾਸ਼ਾ, ਬੇਆਸ ਦੀ ਘੁੰਮਣਘੇਰੀ ਅਤੇ ਸੰਭਾਵੀ ਖਤਰੇ, ਵਿਛੋੜੇ ਜਾਂ ਨੁਕਸਾਨ ਦਾ ਖਦਸ਼ਾ। ਅਜਿਹੇ ਵਕਤ ਬੁੱਲੀਆਂ ‘ਤੇ ਫਿਰਦੀਆਂ ਉਂਗਲਾਂ ਮਨ ਵਿਚ ਪੈਦਾ ਹੋ ਰਹੀ ਚਿੰਗਾੜੀ ਦਾ ਧੁੱਖਣਾ ਵੀ ਹੁੰਦਾ ਜੋ ਲਾਟ ਬਣ ਕੇ ਚੰਡੀ ਦਾ ਰੂਪ ਧਾਰਦੀ ਅਤੇ ਸਮਾਜਿਕ ਅਲਾਮਤਾਂ ਤੇ ਦਵੰਦ ਦਾ ਸਰਬਨਾਸ਼ ਕਰਕੇ ਜੀਵਨ ਨੂੰ ਜਿਉਣ-ਜੋਗਾ ਕਰ ਦਿੰਦੀ। ਅਜਿਹੇ ਲੋਕ ਤਰਸ ਦੇ ਪਾਤਰ ਨਹੀਂ ਹੁੰਦੇ ਸਗੋਂ ਬਹੁਤੀ ਵਾਰ ਤਰਸ ਉਨ੍ਹਾਂ ਅੱਗੇ ਝੋਲੀ ਫੈਲਾਉਣ ਲਈ ਮਜਬੂਰ ਹੁੰਦਾ।
ਬੁੱਲੀਆਂ ‘ਤੇ ਜਦ ਨਮ-ਚੁੱਪ ਧਰੀ ਜਾਂਦੀ, ਸੱਧਰਾਂ ਦੀ ਰਾਖ ਕਰੀ ਜਾਂਦੀ ਅਤੇ ਸੁੰਨਤਾ ਦੀ ਸਫ ਵਰੀ ਜਾਂਦੀ ਤਾਂ ਹੋਠ, ਹੌਕਿਆਂ ਦੀ ਸਰਦਲ ਬਣਦੇ, ਵੈਣ, ਲੇਰਾਂ, ਹਾੜਿਆਂ ਤੇ ਤਰਲਿਆਂ ਦੇ ਤੰਦ ਪਾਉਂਦੇ ਅਤੇ ਪੀੜ ਦਾ ਅਲਾਪ ਅਲਾਹੁੰਦੇ।
ਸੀਤੇ ਹੋਏ ਬੋਲਾਂ ਵਿਚ ਦਫਨ ਹੋ ਕੇ ਰਹਿ ਜਾਂਦੀਆਂ ਆਸਾਂ, ਉਕਰਦੀਆਂ ਕੁਲਹਿਣੇ ਵਕਤ ਦੀਆਂ ਲਾਸਾਂ ਅਤੇ ਸਰਾਪ ਦੀ ਜੂਨੇ ਪੈਂਦੀਆਂ ਅਰਦਾਸਾਂ। ਫਿਰ ਵੇਦਨਾ ਦੀ ਨਾ ਪੈਂਦੀ ਥਾਹ ਅਤੇ ਉਦਾਸੀ ਨੂੰ ਨਾ ਮਿਲਦਾ ਸਵੈ-ਪ੍ਰਗਟਾਵੇ ਦਾ ਰਾਹ।
ਬੁੱਲੀਆਂ ਲਈ ਤਰਸਦੇ ਬੋਲ ਜਦ ਖੁਦਕੁਸ਼ੀ ਕਰਦੇ ਤਾਂ ਉਜੜ ਜਾਂਦੀ ਖੇੜਿਆਂ ਦੀ ਫਸਲ, ਨਿਰਾਸ਼ਾ ਭਰੀ ਚੀਖ ਮਨ-ਮੰਦਰ ਵਿਚ ਗੂੰਜਦੀ ਅਤੇ ਅੰਤਰੀਵ ਵਿਚ ਗੂੰਜਦਾ ਨਾਦ ਸਾਹ-ਸੱਤ ਹੀਣ ਹੋ, ਵਿਰਲਾਪ-ਵਹਿੰਗੀ ਮੋਢੇ ਧਰਦਾ।
ਬੁੱਲੀਆਂ ‘ਚੋਂ ਰਸ ਵੀ ਚੋਂਦਾ ਅਤੇ ਕੁੜੱਤਣ ਵੀ, ਸੋਗੀ ਸੁਰਾਂ ਵੀ ਨਿਕਲਦੀਆਂ ਤੇ ਦੀਪਕ ਰਾਗ ਵੀ, ਸੁੱਚੇ ਬੋਲ ਵੀ ਅਤੇ ਕੁਬੋਲ ਵੀ। ਬੁੱਲੀਆਂ ਦੀ ਕਿਹੜੀ ਰੰਗਤ, ਤੁਹਾਨੂੰ ਪ੍ਰਭਾਵਤ ਕਰਦੀ ਅਤੇ ਤੁਸੀਂ ਕਿਸ ਅਦਾ ‘ਤੇ ਫਿਦਾ ਹੁੰਦੇ ਹੋ, ਇਹ ਨਿਜੀ ਤਸੱਵਰ ਤੇ ਮਾਨਸਿਕ ਉਡਾਣ ‘ਤੇ ਨਿਰਭਰ ਕਰਦਾ।
ਕਦੇ ਪਾਣੀ ਨੂੰ ਤਰਸਦੇ ਸੁੱਕੇ ਹੋਠਾਂ ਨੂੰ ਤੱਕਣਾ, ਰੋਟੀ ਦੇ ਟੁੱਕ ਤੋਂ ਆਤੁਰ ਹੋਈ ਤਰਸਮਈ ਵੇਦਨਾ ਨੂੰ ਅੰਤਰੀਵ ਵਿਚ ਉਤਾਰਨਾ ਅਤੇ ਸੀਤੇ ਬੋਲਾਂ ਨਾਲ ਮਾਪਿਆਂ ਦਾ ਘਰ ਦੀ ਚਾਰ-ਦੀਵਾਰੀ ਵਿਚ ਕਬਰਾਂ ਬਣਦੇ ਕਿਆਸਣਾ, ਤੁਹਾਨੂੰ ਬੁੱਲੀਆਂ ਵਿਚਲੀ ਹੰਝ ਦੀ ਇਬਾਰਤ ਦੇ ਅਰਥ ਆਪੇ ਹੀ ਸਮਝ ਆ ਜਾਣਗੇ।
ਬੁੱਲੀਆਂ ‘ਤੇ ਤਰਦੀ ਖਾਮੋਸ਼ੀ ਨੂੰ ਅਰਥਹੀਣ ਨਾ ਸਮਝੋ। ਇਸ ਦੇ ਅਰਥਾਂ ਵਿਚ ਮੋਹ-ਵਿਦਰੋਹ, ਅੰਗਿਆਰ-ਲਲਕਾਰ, ਪਿਆਰ-ਨਫਰਤ, ਵਿਛੋੜਾ-ਮਿਲਾਪ ਅਤੇ ਹਾਕ-ਹੁੰਗਾਰਾ ਹੁੰਦਾ। ਖਾਮੋਸ਼ੀ ਦਾ ਟੁੱਟਣਾ ਕਹਿਰ ਵੀ ਵਰਤਾ ਸਕਦਾ ਜਾਂ ਪਿਆਰ-ਮੇਘਲਾ, ਨਿੱਘੀ ਗਲਵਕੜੀ ਤੇ ਕੋਸੇ ਕੋਸੇ ਚੁੰਮਣਾਂ ਦੀ ਬਾਰਸ਼ ਵੀ ਹੋ ਸਕਦਾ।
ਬੁੱਲੀਆਂ ‘ਤੇ ਜਦ ਰੋਸੇ, ਸ਼ਿਕਵੇ ਜਾਂ ਨਿਹੋਰੇ ਪਹਿਰਾ ਲਾਉਂਦੇ ਤਾਂ ਬੁੱਲੀਆਂ ਨੂੰ ਮਨਾਉਣ ਲਈ, ਗਲ ਨਾਲ ਲਾ ਕੇ ਸਹਿਲਾਉਣਾ ਵੀ ਪੈਂਦਾ, ਅਕੀਦਤ ‘ਚ ਸਿੱਜਦਾ ਵੀ ਕਰਨਾ ਪੈਂਦਾ ਅਤੇ ਦੋਸਤ-ਦੁਆਰ ‘ਤੇ ਸਿਰ ਵੀ ਝੁਕਾਉਣਾ ਪੈਂਦਾ।
ਬੁੱਲੀਆਂ ਨੂੰ ਸਹਿਲਾਇਆ ਜਾਂਦਾ ਤਾਂ ਇਸ ਦੀ ਰੂਹ ਵਿਚੋਂ ਮੋਹਵੰਤੀ ਆਬਸ਼ਾਰ ਫੁੱਟਦੀ, ਪਾਕੀਜ਼ਗੀ ਵਿਚੋਂ ਮੋਹ-ਮੁਹਾਂਦਰਾ ਲਿਸ਼ਕੋਰਦਾ, ਮਿਜ਼ਾਜ਼ ਵਿਚੋਂ ਅਪਣੱਤ ਦਾ ਚੰਨ ਚੜ੍ਹਦਾ, ਪਿੰਡੇ ‘ਤੇ ਸਿਆਲ ਦੀ ਧੁੱਪ ਵਰਗੇ ਪਲਾਂ ਦਾ ਕੋਸਾਪਣ ਪਨਪਦਾ ਅਤੇ ਤਾਸੀਰ ਵਿਚ ਚੁੱਪ-ਬੋਲ ਖੰਡ ਮਿਸ਼ਰੀ ਬਣ ਜਾਂਦੇ। ਇਹ ਮਿਠਾਸ ਹੀ ਜ਼ਿੰਦਗੀ ਦੇ ਹਰ ਪਲ ਨੂੰ ਜਿਉਣ ਜੋਗਾ ਕਰ, ਪੁਰ-ਸਕੂਨ ਪਲਾਂ ਨੂੰ ਮਾਰੂਥਲ ਵਰਗੀ ਜ਼ਿੰਦਗੀ ਦੇ ਨਾਮ ਕਰਦੀ।
ਬੁੱਲੀਆਂ ‘ਤੇ ਜਦ ਬੁੱਲੀਆਂ ਧਰੀਆਂ ਜਾਂਦੀਆਂ ਤਾਂ ਇਸ ਦੇ ਅਰਥਾਂ ਵਿਚ ਬਹੁਤ ਕੁਝ ਸਿੰਮਦਾ ਜੋ ਕਿਆਸ ਤੋਂ ਬਾਹਰ ਹੁੰਦਾ। ਮਾਂ ਜਦ ਆਪਣੇ ਨਿੱਕੜੇ ਦੇ ਬੁੱਲ ਚੁੰਮਦੀ ਤਾਂ ਪਹਾੜ ਤੋਂ ਲਹਿੰਦੀ, ਛਲਕਦੀ, ਮੱਚਲਦੀ ਨਦੀ ਰੂਪੀ ਮਮਤਾ ਦੋ ਰੂਹਾਂ ਨੂੰ ਭਿਉਂ ਜਾਂਦੀ। ਆਪਣੀ ਭੁੱਖ ਦੀ ਤ੍ਰਿਪਤੀ ਲਈ ਬੱਚਾ ਜਦ ਮਾਂ ਦੀ ਹਿੱਕ ਨਾਲ ਬੁੱਲੀਆਂ ਛੁਹਾਉਂਦਾ ਤਾਂ ਭਰਪੂਰਤਾ ਨਾਲ ਖੀਵੀ ਹੋਈ ਮਾਂ, ਜੱਗ ਜਣਨੀ ਦੇ ਅਨੂਠੇ ਕਾਰਜ ਵਿਚੋਂ ਅਸੀਮਤ ਖੁਸ਼ੀਆਂ ਮਾਣਦੀ। ਅਜਿਹੇ ਮੌਕੇ ਮਾਂ ਦੇ ਮੁੱਖੜੇ ‘ਤੇ ਆਈ ਸੰਤੁਸ਼ਟੀ ਅਤੇ ਸੰਪੂਰਨਤਾ ਨੂੰ ਨਿਹਾਰਨਾ, ਤੁਹਾਡੀਆਂ ਅੱਖੀਆਂ ਨੂੰ ਵੀ ਇਲਾਹੀ ਸਰੂਰ ਮਿਲੇਗਾ।
ਦੋ ਜਵਾਨ ਰੂਹਾਂ ਜਦ ਬੁੱਲੀਆਂ ਦੀ ਭਾਸ਼ਾ ਰਾਹੀਂ ਯੁੱਗ ਜਿਉਣ ਤੇ ਸਦੀਵੀ ਸਾਂਝ ਦਾ ਅਰੰਭ ਕਰਦੀਆਂ ਤਾਂ ਕਾਇਨਾਤ ਉਨ੍ਹਾਂ ਦੀ ਪਿਆਰ-ਭਿੱਜੀ ਸੂਰਤ ਨਿਹਾਰਦੀ, ਮਸਤ ਹੋ ਕੇ ਇਕ ਓਹਲਾ ਬਣ ਜਾਂਦੀ। ਵਿਆਹੁਤਾ ਜੀਵਨ ਦੇ ਰੰਗ-ਮੰਚ ‘ਤੇ ਜਦ ਪਿਆਰ ‘ਚ ਸਰਸ਼ਾਰ ਦੋ ਜਿਸਮ ਇਕ ਜਾਨ ਬਣ, ਬੁੱਲੀਆਂ ਰਾਹੀਂ ਚੁੱਪ-ਸੰਵਾਦ ਰਚਾਉਂਦੇ ਤਾਂ ਇਹ ਹਰਫਾਂ ਦਾ ਮੁਥਾਜ਼ ਨਾ ਰਹਿੰਦਾ। ਜਦ ਬੁੱਲੀਆਂ ਦੀ ਅਜਿਹੀ ਕ੍ਰਿਆ ਵਿਚ ਸੰਪੂਰਨ ਸੰਤੁਸ਼ਟੀ, ਅਸੀਮ ਖੁਸ਼ੀ ਅਤੇ ਅਕਹਿ ਅਨੰਦ ਦਾ ਚਸ਼ਮਾ ਫੁੱਟਦਾ ਤਾਂ ਮਨੁੱਖ ਅੰਬਰਾਂ ਦਾ ਹਾਣੀ ਬਣਦਾ। ਬੁੱਲੀਆਂ ਕਿਹੜੀਆਂ ਬੁੱਲੀਆਂ ਨਾਲ ਗਲਵਕੜੀ ਪਾਉਂਦੀਆਂ ਨੇ, ਕਿਸ ਨਾਲ ਮੂਕ/ਬੋਲ ਸੰਵਾਦ ਰਚਾਉਂਦੀਆਂ, ਇਹ ਵਿਅਕਤੀ, ਵੇਲਾ, ਵਿਹਾਰ ਅਤੇ ਰਿਸ਼ਤਈ ਆਧਾਰ ‘ਤੇ ਨਿਰਭਰ ਕਰਦਾ।
ਬੁੱਲੀਆਂ ਦੇ ਵਿਹੜੇ ਵਿਚ ਪੈਂਦੇ ਗਿੱਧੇ ਤੇ ਧਮਾਲਾਂ, ਬੁੱਲੀਆਂ ਦੀ ਨਗਰੀ ਰੰਗਰਲੀਆਂ ਤੇ ਗਾਲ੍ਹਾਂ। ਬੁੱਲੀਆਂ ਦੇ ਸੁੱਖਨ ਵਿਚ ਵੱਸਦੇ ਮਿੱਠੜੇ ਚਾਅ-ਦੁਲਾਰ, ਬੁੱਲੀਆਂ ਵਿਚੋਂ ਝਰਦਾ ਮਾਖਿਉਂ ਮਿੱਠਾ ਪਿਆਰ। ਬੁੱਲੀਆਂ ਦੀ ਬੋਲੀ ਤੋਂ ਵਾਰੇ ਵਾਰੇ ਜਾਵਾਂ, ਬੁੱਲਾਂ ਦੇ ਬੋਲਾਂ ਛਾਂਵੇਂ ਘੜੀ ਪਲ ਸੁਸਤਾਵਾਂ। ਬੁੱਲੀਆਂ ਸੁੱਚਾ ਬੋਲ-ਹੁੰਗਾਰਾ ਬੁੱਲੀਂ ਵਸੇਂਦੀ ਰੀਝਾ, ਬੁੱਲੀਆਂ ਦੇ ਵੱਸ ‘ਚ ਰਹਿੰਦੀ ਮਨ-ਮੂਰਤ ਜਿਹੀ ਜੀਭਾ। ਬੁੱਲੀਆਂ ਦੀ ਬੁੱਲੀਆਂ ਦੇ ਸੰਗ ਨਿਭਦੀ ਸਾਕ-ਸਕੀਰੀ, ਬੁੱਲ ਹੀ ਬੁੱਲਾਂ ਦੇ ਸ਼ਾਹੀ ਠਾਠ ਤੇ ਬੁੱਲ ਹੀ ਅਸਲ ਅਮੀਰੀ। ਬੁੱਲੀਂ ਵੱਸਦੀ ਮਨ-ਮਨੌਤੀ ਤੇ ਬੁੱਲੀਂ ਰਹਿੰਦਾ ਰੋਸਾ, ਬੁੱਲੀਂ ਰੂਹ ਦਾ ਨਾਦ ਵਜੇਂਦਾ ਬਣ ਕੇ ਨਿੱਘਾ ਬੋਸਾ। ਬੁੱਲੀਂ ਵੱਸਦੇ ਗੁੱਝੇ ਭੇਤ, ਬੁਲੀਆਂ ‘ਤੇ ਹਾਸੇ ਤੇ ਹੇਤ। ਬੁੱਲ ਜੁੜਦੇ ਤਾਂ ਰਾਗਨੀ ਛਿੜਦੀ, ਮਨ-ਜੂਹੇ ਚਿੱਟੀ ਚਾਨਣੀ ਖਿੜਦੀ। ਬੁੱਲੀਆਂ ਬੈਠੇ ਸ਼ਬਦ ਬੜੇ ਨੇ, ਇਨ੍ਹਾਂ ਦੇ ਡੂੰਘੇ ਅਰਥ ਬੜੇ ਨੇ।
ਬੁੱਲੀਆਂ ਦੀ ਹਰਕਤ ਹੱਲਚੱਲ ਪੈਦਾ ਕਰਦੀ, ਸ਼ਰਾਰਤ ਹਮਦਮ ਬਣਦੀ, ਲਿੱਲਕੜੀ ਲਾਵਾ ਉਗਲਦੀ, ਬੋਲ ਗੁਣਗੁਣਾਉਂਦੇ ਅਤੇ ਮਾਸੂਮੀਅਤ ਮਹਿਕਦੀ ਜੋ ਜ਼ਿੰਦਗੀ ਦਾ ਰੱਜ ਬਣਦਾ।
ਜਦ ਕੋਈ ਨਿੱਕੜਾ, ਵਡੇਰੇ ਨੂੰ ਚੁੰਮਦਾ ਤਾਂ ਬੱਚੇ ਦੇ ਚੁੰਮਣ ਵਿਚਲੀ ਕੋਮਲਤਾ ਤੇ ਕੋਸਾਪਣ, ਵਡੇਰਿਆਂ ਨੂੰ ਸੁੱਖਦ ਅਹਿਸਾਸ ਨਾਲ ਭਰ ਦਿੰਦਾ। ਜਦ ਕੋਈ ਬਜੁਰਗ, ਬੱਚੇ ਦੀਆਂ ਗੱਲਾਂ ‘ਤੇ ਚੁੰਮਣ ਧਰਦਾ ਤਾਂ ਇਹ ਸਿਹਤਮੰਦ ਜੀਵਨ, ਬੰਦਿਆਈ ਭਰਪੂਰ ਜ਼ਿੰਦਗੀ ਅਤੇ ਅਸੀਮ ਖੁਸ਼ੀਆਂ ਦੇ ਵਰਦਾਨ ਲਈ ਅਸੀਸ ਤੇ ਦੁਆ ਹੁੰਦਾ। ਜਦ ਕੋਈ ਮਾਂ ਆਪਣੇ ਬੱਚੇ ਨੂੰ ਕਲਾਵੇ ਵਿਚ ਲੈ ਕੇ ਚੁੰਮਦੀ ਤਾਂ ਮਮਤਾਈ ਨੂਰ ਨਾਲ ਚੌਗਿਰਦਾ ਖਿੜ ਜਾਂਦਾ ਜੋ ਬੱਚਿਆਂ ਦੇ ਮਸਤਕ ਵਿਚ ਮੰਜਲਾਂ ਦਾ ਸਿਰਲੇਖ ਧਰ ਜਾਂਦਾ।
ਘਰ ਤੋਂ ਬਾਹਰ ਜਾਂਦੀ, ਪ੍ਰਦੇਸ ਨੂੰ ਤੁਰਦੀ ਜਾਂ ਸਹੁਰੇ ਘਰ ਲਈ ਵਿਦਾ ਹੁੰਦੀ ਧੀ ਦਾ ਮੱਥਾ ਮਾਂ ਚੁੰਮਦੀ ਤਾਂ ਧੀ ਦੇ ਸੁਪਨਿਆਂ ਨੂੰ ਪਰ ਲਗਦੇ। ਉਹ ਸੰਦਲੀ ਸਮਿਆਂ ਦੀ ਡੋਲੀ ‘ਚ ਬਹਿ, ਨਵੀਂ ਦੁਨੀਆਂ ਤੇ ਨਵੀਆਂ ਜੀਵਨ-ਪਰਤਾਂ ਦੀ ਨਿਸ਼ਾਨਦੇਹੀ ਕਰਨ ਲਈ, ਘਰ ਤੋਂ ਵਿਦਾ ਹੁੰਦੀ। ਮਾਂ ਦੇ ਹੰਝੂਆਂ ਵਿਚ ਚੰਗੇਰੇ ਭਵਿੱਖ ਅਤੇ ਨਵੀਆਂ ਰਾਹਾਂ ਲਈ ਦੁਆ ਹੁੰਦੀ।
ਜਦ ਕੋਈ ਬੁੱਲੀਆਂ ‘ਚ ਹੱਸਦਾ, ਦਿਲ ਦਾ ਵਣਜ ਕਰਨ ਦੇ ਰਾਹ ਤੁਰਦਾ ਤਾਂ ਬੁੱਲਾਂ ਨਾਲ ਬੁੱਲਾਂ ਦੀ ਗੁਫਤਗੂ ਹੁੰਦੀ, ਬੁੱਲ, ਬੁੱਲੀਆਂ ਦਾ ਹੁੰਗਾਰਾ ਭਰਦੇ, ਬੁੱਲੀਆਂ ਦੇ ਵਾਰਤਾਲਾਪ ਵਿਚ ਜ਼ਿੰਦਗੀ ਧੜਕਦੀ, ਜਿਉਣ-ਅਦਬ ਹੰਘਾਲਿਆ ਜਾਂਦਾ ਅਤੇ ਜੀਵਨ-ਰਸ ਨੂੰ ਅਨੰਦ ਦਾ ਸ਼ਗਨ ਪੈਂਦਾ।
ਬੁੱਲੀਆਂ ‘ਤੇ ਜਦ ਬੁੱਲੇ ਸ਼ਾਹ ਦੇ ਘੁੰਗਰੂੰਆਂ ਦੀ ਤਾਲ, ਬਾਹੂ ਦੀ Ḕਹੂ ਹੂḔ ਦੀ ਕੂਕ ਅਤੇ ਬਾਬੇ ਨਾਨਕ ਦੇ ਪ੍ਰਵਚਨ ਅਲਾਹੀ ਨਾਦ ਉਪਜਾਉਂਦੇ ਤਾਂ ਆਤਮਿਕ ਹੁਲਾਰ ਵਿਚ ਰੰਗੀ ਆਤਮਾ ਕਾਦਰ ਦਾ ਗੁਣਗਾਣ ਕਰਦਿਆਂ ਉਸ ਦੇ ਬਲਿਹਾਰੇ ਜਾਂਦੀ। ਭਗਤੀ ਭਾਵਨਾ ਵਿਚ ਰੰਗੀ ਮੀਰਾ ਕ੍ਰਿਸ਼ਨ ਦੇ ਸਾਂਵਲੇ ਰੰਗ ਵਿਚ ਰੰਗ ਕੇ, ਜੀਵਨ-ਉਮੰਗਾਂ ਨੂੰ ਉਡਾਣ ਬਖਸ਼ਦੀ। ਬੁੱਲੀਆਂ ‘ਤੇ ਫਾਂਸੀ ਲਈ ਚਾਅ ਉਮਡਦਾ ਤਾਂ ਸ਼ਹੀਦੇ ਆਜ਼ਮ ਭਗਤ ਸਿੰਘ ਵਰਗੇ ਵਕਤ ਦਾ ਸੂਹਾ ਵਰਕਾ ਬਣਦੇ।
ਬੁੱਲੀਆਂ ‘ਤੇ ਮੁਸਕਰਾਹਟ ਧਰੀ ਜਾਂਦੀ ਜਦ ਸੁਪਨਿਆਂ ਦੀ ਰੁੱਤ ਦਸਤਕ ਦਿੰਦੀ, ਪੈਰਾਂ ਨੂੰ ਸਫਰ ਦੀ ਛੋਹ ਮਿਲਦੀ, ਕਦਮਾਂ ਨੂੰ ਮੰਜ਼ਲ-ਪ੍ਰਾਪਤੀ ਨਸੀਬ ਹੁੰਦੀ, ਮਸਤੀ ਦਾ ਨਾਦ ਗੂੰਜਦਾ ਅਤੇ ਮਨ-ਸਰਦਲ ‘ਤੇ ਸ਼ਗਨਾਂ ਦਾ ਤੇਲ ਚੋਇਆ ਜਾਂਦਾ। ਜ਼ਿੰਦਗੀ ਸੂਹੇ ਗੁਲਾਬ ਵਾਂਗ ਖਿੜ ਕੇ ਸਾਹਾਂ ਦੀ ਰੰਗੀਲੀ ਮਹਿਕ ਬਣਦੀ।
ਬੁੱਲੀਆਂ ‘ਤੇ ਜਦ ਤਰਦੀ ਹਾਸੀ, ਹਵਾ ਹੁੰਦੀ ਉਦਾਸੀ, ਪੀੜਾ ਦੀ ਕੱਟੀ ਜਾਂਦੀ ਚੌਰਾਸੀ, ਬੋਲ-ਬੰਦਸ਼ਾਂ ਤੋਂ ਹੋ ਮਿਲਦੀ ਖਲਾਸੀ ਅਤੇ ਬੁੱਲੀਆਂ ਬਣ ਜਾਂਦੀਆਂ ਬੁੱਲੀਆਂ ਰੱਤੀ ਫਿਜ਼ਾ ਦੀ ਵਾਸੀ।
ਬੁੱਲੀਆਂ, ਸੁੰਦਰਤਾ ਦੀ ਤਸ਼ਬੀਹ ਹੋਣ, ਕੋਸੇ ਚੁੰਮਣਾਂ ਦੀ ਸਰ-ਜ਼ਮੀਂ ਬਣਨ ਅਤੇ ਮਖਾਣਿਆਂ ਵਰਗੇ ਬੋਲ ਬਰਸਣ। ਇਹ ਰਿਸ਼ਤਿਆਂ ਦੀ ਤਾਜ਼ਗੀ, ਸਾਹ-ਸੰਗਤ ਦਾ ਪੈਗਾਮ ਅਤੇ ਆਤਮਿਕ ਹੁਲਾਰ ਦੀ ਕਰਮ-ਭੂਮੀ ਬਣ ਕੇ, ਜੀਵਨ ਦੇ ਉਨ੍ਹਾਂ ਦਿਸਹੱਦਿਆਂ ਦੀ ਹਾਥ ਪਾਉਣ ਜੋ ਰੂਹ-ਰੱਤਿਆਂ ਲਈ ਜੀਵਨ-ਲੋਰੀ ਹੋਣ।
ਆਮੀਨ।