ਸਰਹੱਦੀ ਲੋਕਾਂ ਦੇ ਉਜਾੜੇ ਅਤੇ ਵਸੇਬੇ ਦਾ ਸੁਆਲ

ਹਾਲ ਹੀ ਵਿਚ ਭਾਰਤ ਵਲੋਂ ਪਾਕਿਸਤਾਨੀ ਇਲਾਕੇ ਵਿਚ ਜਾ ਕੇ ਕੀਤੇ ਗਏ ਕਥਿਤ Ḕਸਰਜੀਕਲ ਆਪਰੇਸ਼ਨḔ ਨੇ ਪੰਜਾਬ ਦੇ ਲੱਖਾਂ ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਕੀਤੀਆਂ। ਇਸ ਆਪਰੇਸ਼ਨ ਬਾਰੇ ਦੋਹਾਂ ਦੇਸ਼ਾਂ ਦੇ ਆਗੂ ਆਪੋ ਆਪਣੇ ਦਾਅਵੇ ਕਰ ਰਹੇ ਹਨ। ਭਾਰਤ ਵਾਲੇ ਪਾਸੇ ਆਗੂ ਆਪਣੀ ਜਿੱਤ ਦੀਆਂ ਟਾਹਰਾਂ ਮਾਰ ਰਹੇ ਹਨ ਅਤੇ ਉਨ੍ਹਾਂ ਦੇ ਪਿਛਲੱਗ ਇਸ ਕਥਿਤ ਜਿੱਤ ‘ਤੇ ਖੁਸ਼ੀਆਂ ਮਨਾ ਰਹੇ ਹਨ ਪਰ ਜੋ ਪੰਜਾਬ ਦੇ ਸਰਹੱਦੀ ਇਲਾਕੇ ਵਿਚ ਰਹਿੰਦੇ ਲੋਕਾਂ ‘ਤੇ ਗੁਜ਼ਰੀ ਹੈ, ਉਸ ਦੀ ਕਿਸੇ ਨੂੰ ਸਾਰ ਨਹੀਂ।

ਇਸ ਲੇਖ ਵਿਚ ਪ੍ਰਿੰæ ਸਰਵਣ ਸਿੰਘ ਨੇ ਇਸੇ ਦਰਦ ਦੀ ਚੀਸ ਬਿਆਨੀ ਹੈ। ਉਨ੍ਹਾਂ ਇਹ ਸੱਚ ਬਿਆਨਿਆ ਹੈ ਕਿ ਪਤਾ ਸਭ ਨੂੰ ਹੈ ਕਿ ਭਾਰਤ/ਪਾਕਿਸਤਾਨ ਦੇ ਲੋਕ ਜੰਗ ਬਿਲਕੁਲ ਨਹੀਂ ਚਾਹੁੰਦੇ। ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਵੱਡੀਆਂ ਤੋਂ ਵੱਡੀਆਂ ਜੰਗਾਂ ਪਿੱਛੋਂ ਵੀ ਮਸਲੇ ਮੇਜ਼ ‘ਤੇ ਹੀ ਹੱਲ ਹੋਏ ਹਨ। ਹੁਣ ਜਿਹੋ ਜਿਹਾ ਉਜਾੜਾ ਭਾਰਤੀ ਪੰਜਾਬ ਦੇ ਲੋਕਾਂ ਦਾ ਏਧਰ ਹੋ ਰਿਹੈ ਉਹੋ ਜਿਹਾ ਉਜਾੜਾ ਹੀ ਪਾਕਿਸਤਾਨੀ ਪੰਜਾਬ ਦੇ ਲੋਕਾਂ ਦਾ ਓਧਰ ਹੋ ਰਿਹੈ। ਜੰਗ ਹਮੇਸ਼ਾ ਹਥਿਆਰ ਵੇਚਣ ਵਾਲੇ ਤੇ ਧੌਂਸ ਜਮਾਉਣ ਵਾਲੇ ਜ਼ੋਰਾਵਰ ਮੁਲਕ ਲੁਆਉਂਦੇ ਹਨ ਜਾਂ ਉਹ ਹਾਕਮ ਜਿਹੜੇ ਲੋਕਾਂ ਦਾ ਧਿਆਨ ਲੋਕ ਹਿਤੈਸ਼ੀ ਮੁੱਦਿਆਂ ਵੱਲੋਂ ਹਟਾਉਣ ਲਈ ਅਜਿਹੇ ਕਾਰੇ ਕਰਦੇ ਹਨ। -ਸੰਪਾਦਕ

ਪਿੰ੍ਰæ ਸਰਵਣ ਸਿੰਘ

ਇਹ ਦੁੱਖ ਦਰਦ ਦਸ ਵੀਹ ਬੰਦਿਆਂ ਦਾ ਨਹੀਂ, ਦਸ ਲੱਖ ਬੰਦਿਆਂ ਦਾ ਹੈ ਜਿਨ੍ਹਾਂ ਨੂੰ ਅਗੇਤੇ ਪ੍ਰਬੰਧ ਕੀਤੇ ਬਿਨਾ ਘਰੋਂ ਬੇਘਰ ਕਰ ਦਿੱਤਾ ਗਿਆ। ਇਕ ਇਨਸਾਨ, ਇਕ ਪਸ਼ੂ, ਇਕ ਗੱਡੇ ਰੇੜ੍ਹੇ ਜਾਂ ਟਰਾਲੀ ਦੀ ਢੋਆ ਢੁਆਈ, ਟੁੱਟ-ਭੱਜ ਤੇ ਚੱਕ-ਥੱਲ ਦਾ ਖਰਚਾ ਪ੍ਰਤੀ ਜੀਅ ਇਕ ਹਜ਼ਾਰ ਰੁਪਿਆ ਵੀ ਲਾਈਏ ਤਾਂ ਦਸ ਲੱਖ ਬੰਦਿਆਂ, ਦਸ ਲੱਖ ਪਸ਼ੂਆਂ ਤੇ ਸਮਾਨ ਦੀ ਢੋਆ ਢੁਆਈ, ਖੇਹ ਖਰਾਬੀ ਤੇ ਚੋਰੀ-ਚਕਾਰੀ ਦਾ ਹਿਸਾਬ ਲਾ ਲਓ, ਕਿੰਨੇ ਰੁਪਏ ਦਾ ਬਣਿਆ? ਪ੍ਰੇਸ਼ਾਨੀ ਤੇ ਬਿਪਤਾ ਵਾਧੂ ਦੀ। ਕੌਣ ਭਰੇਗਾ ਇਸ ਸਭ ਕਾਸੇ ਦਾ ਹਰਜਾਨਾ? ਕੀਹਦੇ ਸਿਰ ਪਾਈ ਜਾਏਗੀ ਸਾਰੀ ਖੱਜਲ ਖੁਆਰੀ ਦੀ ਜ਼ਿੰਮੇਵਾਰੀ? ਲੋਕ ਰਾਜ ਵਿਚ ਲੋਕਾਂ ਦਾ ਹੱਕ ਹੈ, ਹਾਕਮਾਂ ਨੂੰ ਇਹ ਸਭ ਪੁੱਛਣਾ।
ਜ਼ਰਾ ਹਕੀਕਤ ‘ਤੇ ਝਾਤ ਮਾਰੋ। ਬਾਰਡਰ ਚੌਕੀ ‘ਤੇ ਸੁੱਤੇ ਪਏ ਕੁਝ ਫੌਜੀ ਮਾਰੇ ਜਾਂਦੇ ਹਨ। ਬਦਲੇ ਵਿਚ ਦੂਜੇ ਪਾਸੇ ਜਾ ਕੇ ਕੁਝ ਅਤਿਵਾਦੀ ਮਾਰ ਦਿੱਤੇ ਜਾਂਦੇ ਹਨ। ਤੇ ਸਜ਼ਾ ਦੇ ਦਿੱਤੀ ਜਾਂਦੀ ਹੈ, ਪੰਜਾਬ ਦੀ ਸਰਹੱਦ ‘ਤੇ ਵਸਦੇ ਲੱਖਾਂ ਲੋਕਾਂ ਨੂੰ। ਕੈਸੀ ਰਣਨੀਤੀ ਹੈ ਇਹ? ਲੋੜ ਤਾਂ ਸੀ ਬਾਰਡਰ ਤਕੜੇ ਕਰਨ ਦੀ, ਜਾਗਦੇ ਰਹਿ ਕੇ ਪਹਿਰਾ ਦੇਣ ਦੀ। ਪਰ ਕੀਤਾ ਕੀ ਗਿਆ?
ਦਿੱਲੀ ਤੋਂ ਅਚਾਨਕ ਹੁਕਮ ਆਇਆ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਦਸ ਕਿਲੋਮੀਟਰ ਦੇ ਘੇਰੇ ਵਿਚ ਆਉਂਦੇ ਪੰਜਾਬ ਦੇ ਲਗਭਗ ਇਕ ਹਜ਼ਾਰ ਪਿੰਡ ਚਾਰ ਘੰਟਿਆਂ ਵਿਚ ਖਾਲੀ ਕਰਵਾ ਲਏ ਜਾਣ। ਸਿਰਫ ਚਾਰ ਘੰਟਿਆਂ ਵਿਚ! ਕਿਸੇ ਨੇ ਨ੍ਹੀਂ ਪੁੱਛਿਆ, ਪਈ ਕਿਉਂ? ਪੰਜਾਬ ਸਰਕਾਰ ਨੇ ਤੁਰੰਤ ਹੁਕਮ ਦੀ ਪਾਲਣਾ ਕੀਤੀ। ਨਾਲ ਕੇਂਦਰੀ ਹਾਕਮਾਂ ਨੂੰ ‘ਕਾਰਵਾਈ’ ਕਰਨ ਦੀ ਵਧਾਈ ਵੀ ਦਿੱਤੀ! ਗੁਰਦੁਆਰਿਆਂ ਦੇ ਲਾਊਡ ਸਪੀਕਰਾਂ ਤੋਂ ਹੋਕਾ ਦੇ ਦਿੱਤਾ ਕਿ ਤੁਰਤ ਖਾਲੀ ਕਰ ਦਿਓ ਬਾਰਡਰ ਨਾਲ ਦਸ ਕਿਲੋਮੀਟਰ ਦਾ ਇਲਾਕਾ। ਇਕ ਹਜ਼ਾਰ ਪਿੰਡਾਂ ‘ਚ ਵਸਦੇ ਲੱਖਾਂ ਇਨਸਾਨਾਂ, ਪਸ਼ੂਆਂ, ਲੱਖਾਂ ਏਕੜ ਪੱਕੀਆਂ ਫਸਲਾਂ, ਖੇਤੀ ਸਹਾਇਕ ਧੰਦਿਆਂ ਤੇ ਅਰਬਾਂ-ਖਰਬਾਂ ਦੀ ਜਾਇਦਾਦ ਨੂੰ ਚਾਰ ਘੰਟਿਆਂ ‘ਚ ਖਾਲੀ ਕਰ ਦੇਣਾ ਤੇ ਉਹ ਵੀ ਬਿਨਾ ਕਿਸੇ ਅਗਾਊਂ ਸੂਚਨਾ ਅਤੇ ਰਿਹਾਇਸ਼ੀ ਪ੍ਰਬੰਧ ਦੇ, ਏਦੂੰ ਵੱਡਾ ਉਜਾੜਾ ਹੋਰ ਕੀ ਹੋ ਸਕਦੈ? ਜਿਨ੍ਹਾਂ ‘ਤੇ ਬੀਤੀ ਹੈ, ਉਹਦਾ ਦੁੱਖ ਉਹੀ ਜਾਣਦੇ ਹਨ।
ਖੜ੍ਹੇ ਪੈਰ ਫਸਲਾਂ, ਖੇਤੀਬਾੜੀ ਦੇ ਅਹਿਮ ਸੰਦ, ਬੰਬੀਆਂ ਮੋਟਰਾਂ, ਲਵੇਰੇ, ਭਰੇ ਘਰ ਬਾਰ ਸੁੰਨੇ ਛੱਡ, ਜਿਨ੍ਹਾਂ ਨੂੰ ਭੱਜਣਾ ਪੈ ਗਿਐ, ਉਨ੍ਹਾਂ ਦਾ ਜੰਗ ਨਾਲ ਕੋਈ ਲਾਗਾ ਦੇਗਾ ਨਹੀਂ। ਭਾਰਤ-ਪਾਕਿ ਜੰਗ ਪਤਾ ਨਹੀਂ ਲੱਗਣੀ ਹੈ ਜਾਂ ਨਹੀਂ, ਅਤੇ ਲੱਗਣੀ ਹੈ ਤਾਂ ਕਿਹੋ ਜਿਹੀ? ਪਰ ਪੰਜਾਬ ਵਿਚ ਪਹਿਲਾਂ ਹੀ ਲਾ ਦਿੱਤੀ ਗਈ ਹੈ! ਲੱਖਾਂ ਲੋਕ ਉਜਾੜੇ ਗਏ ਹਨ। ਦੋਨਾਂ ਪਾਸਿਆਂ ਦੇ ਵੀਹ-ਤੀਹ ਬੰਦੇ ਮਰਨ/ਮਾਰਨ ਦੀ ਸਜ਼ਾ ਪੰਜਾਬ ਦੇ ਲੱਖਾਂ ਲੋਕਾਂ ਨੂੰ ਦੇ ਦਿੱਤੀ ਗਈ ਹੈ। ਦਿੱਲੀ ਵਾਲੇ ਬਾਘੀਆਂ ਪਾ ਰਹੇ ਹਨ। ਕੀ ਇਹ ਸੱਚਮੁੱਚ ਭਾਰਤ ਦੀ ‘ਜਿੱਤ’ ਹੈ?
ਸੋਚੋ, ਜੇ ਦਿੱਲੀ ਵਾਲਿਆਂ ਨੂੰ ਬਿਨਾ ਅਗਾਊਂ ਸੂਚਨਾ ਅਤੇ ਰਿਹਾਇਸ਼ੀ ਪ੍ਰਬੰਧ ਦੇ ਅਚਾਨਕ ਹੁਕਮ ਚਾੜ੍ਹ ਦਿੱਤਾ ਜਾਵੇ ਕਿ ਚਹੁੰ ਘੰਟਿਆਂ ਵਿਚ ਦਿੱਲੀ ਖਾਲੀ ਕਰ ਦਿਓ ਤਾਂ ਕੀ ਉਹ ਦਿੱਲੀ ਖਾਲੀ ਕਰ ਦੇਣਗੇ? ਹਾਲਾਂ ਕਿ ਦਿੱਲੀ ਵਾਲਿਆਂ ਕੋਲ ਨਾ ਪਸ਼ੂਆਂ, ਨਾ ਫਸਲਾਂ ਤੇ ਨਾ ਹੀ ਖੇਤੀਬਾੜੀ ਦੇ ਸੰਦਾਂ ਦਾ ਖਿਲਾਰਾ ਹੈ। ਉਨ੍ਹਾਂ ਕੋਲ ਘਰਾਂ ‘ਚੋਂ ਚੁੱਕਿਆ ਜਾਣ ਵਾਲਾ ਛੋਟਾ ਮੋਟਾ ਸਮਾਨ ਹੀ ਹੈ ਤੇ ਸਮਾਨ ਲੈ ਜਾਣ ਲਈ ਬਹੁਤਿਆਂ ਕੋਲ ਆਪਣੀਆਂ ਗੱਡੀਆਂ ਕਾਰਾਂ ਹਨ। ਫਿਰ ਵੀ ਦਿੱਲੀ ਵਾਲੇ ਦੱਸਣ, ਕੀ ਉਹ ਚਾਰ ਘੰਟਿਆਂ ਵਿਚ ਦਿੱਲੀ ਖਾਲੀ ਕਰ ਦੇਣਗੇ? ਉਜੜਨ ਦਾ ਪਤਾ ਤਾਂ ਤਦ ਹੀ ਲੱਗੇਗਾ।
ਦੂਜੇ ਦੇ ਦੁੱਖ ਦਾ ਅਹਿਸਾਸ ਉਦੋਂ ਹੁੰਦੈ ਜਦੋਂ ਆਪ ‘ਤੇ ਭੀੜ ਬਣੇ। ਕੀ ਹੋਰਨਾਂ ਸੂਬਿਆਂ ਵਿਚ ਸੁੱਖੀ ਸਾਂਦੀ ਵਸਦੇ ਭਾਰਤ ਵਾਸੀਆਂ ਨੂੰ ਘਰੋਂ ਬੇਘਰ ਹੋ ਗਏ, ਉਜੜ ਪੁੱਜੜ ਗਏ ਲੱਖਾਂ ਪੰਜਾਬੀਆਂ ‘ਤੇ ਅਚਾਨਕ ਪਾ ਦਿੱਤੀ ਗਈ ਇਸ ਬਿਪਤਾ ਦਾ ਕੋਈ ਅਹਿਸਾਸ ਹੈ? ਇਹ ਬਿਪਤਾ ਪਾਈ ਕੀਹਨੇ ਹੈ ਤੇ ਕਾਹਦੇ ਲਈ ਪਾਈ ਹੈ? ਜੰਗ ਦੀ ਬਲਾਅ ਹਿੰਦ-ਪਾਕਿ ਦੇ ਆਮ ਲੋਕਾਂ, ਖਾਸ ਕਰ ਕੇ ਦੋਹਾਂ ਦੇਸ਼ਾਂ ਦੇ ਪੰਜਾਬੀਆਂ ਦੇ ਗਲ ਵਾਰ ਵਾਰ ਕਿਉਂ ਪਾਈ ਜਾ ਰਹੀ ਹੈ?
ਅੱਜ ਪੰਜਾਬ ਦੇ ਦਸ ਲੱਖ ਲੋਕਾਂ ਨੂੰ ਘਰ ਛੱਡ ਦੇਣ ਦਾ ਹੁਕਮ ਹੋਇਆ ਹੈ, ਭਲਕੇ ਅੱਧਾ ਪੰਜਾਬ ਖਾਲੀ ਕਰਨ ਦਾ ਹੁਕਮ ਆ ਸਕਦੈ। ਪੰਜਾਬ ਦੇ ਰਾਜਸੀ ਆਗੂਆਂ, ਸਿਆਸੀ ਪਾਰਟੀਆਂ ਤੇ ਪੰਜਾਬ ਸਰਕਾਰ ਨੇ ਜੇ ਇੰਜ ਹੀ ਕੇਂਦਰ ਦੀ ਹਾਂ ਵਿਚ ਹਾਂ ਮਿਲਾਈ ਰੱਖੀ ਤਾਂ ਪੰਜਾਬ ਪੂਰਾ ਹੀ ਉਜੜ ਜਾਵੇਗਾ। ਦਿੱਲੀ ਨੇ ਨਾ ਪਹਿਲਾਂ ਘੱਟ ਗੁਜ਼ਾਰੀ ਸੀ, ਨਾ ਹੁਣ ਤੇ ਨਾ ਅੱਗੋਂ ਘੱਟ ਗੁਜ਼ਾਰਨੀ ਹੈ। ਦਿੱਲੀ ਵੱਲੋਂ ਪੰਜਾਬ ਨਾਲ ਵਾਰ ਵਾਰ ਅਨਿਆਂ ਦੇ ਫੈਸਲੇ ਮੰਨਦੇ ਆ ਰਹੇ ਪੰਜਾਬ ਦੇ ਆਗੂ ਪੰਜਾਬ ਨੂੰ ਪਹਿਲਾਂ ਹੀ ਕੰਗਾਲ ਤੇ ਕਰਜ਼ਾਈ ਕਰ ਚੁੱਕੇ ਹਨ। ਜੇ ਪੰਜਾਬੀ ਹੁਣ ਵੀ ਨਾ ਜਾਗੇ ਤਾਂ ਪੰਜਾਬ ਦਾ ਜੋ ਕੁਝ ਵੀ ਬਚਿਆ ਹੈ, ਉਹ ਵੀ ਬੰਨੇ ਲੱਗਿਆ ਸਮਝੋ। ਪੰਜਾਬ ਨੂੰ ਰੇਗਿਸਤਾਨ ਬਣਾਉਣਾ ਤਾਂ ਤੈਅ ਹੋ ਹੀ ਗਿਐ! ਵੇਖਣਾ ਇਹੋ ਹੈ ਕਿ ਕਿੰਨੇ ਸਾਲਾਂ ‘ਚ ਜੀਆ ਜੰਤ ਵੱਲੋਂ ਵੀ ਮਰਦਾ ਮੁੱਕਦਾ ਹੈ?
ਸਰਹੱਦੀ ਲੋਕਾਂ ਦੇ ਦੁਹਾਈਆਂ ਪਾਉਣ ‘ਤੇ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਆਇਆ ਹੈ, “ਕੇਂਦਰ ਸਰਕਾਰ ਦੇ ਹੁਕਮ ਨਾਲ ਰਾਜ ਸਰਕਾਰ ਨੇ ਇਹ ਕਾਰਵਾਈ ਕੀਤੀ ਸੀ ਅਤੇ ਕੇਂਦਰ ਨਾਲ ਸਲਾਹ ਮਗਰੋਂ ਹੀ ਸਰਹੱਦੀ ਲੋਕਾਂ ਨੂੰ ਘਰਾਂ ਵੱਲ ਮੁੜਨ ਲਈ ਕਿਹਾ ਜਾਵੇਗਾ, ਤਾਂ ਕਿ ਕਿਸੇ ਕਿਸਮ ਦੇ ਨੁਕਸਾਨ ਦਾ ਖਦਸ਼ਾ ਨਾ ਰਹੇ।”
‘ਕਿਸੇ ਕਿਸਮ ਦੇ ਨੁਕਸਾਨ’ ਵਿਚ ਉਨ੍ਹਾਂ ਦਾ ਜੋ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਹੈ, ਉਸ ਦੀ ਭਰਪਾਈ ਸਰਕਾਰ ਤੁਰਤ ਕਰੇ। ਬਿਨਾ ਦੇਰੀ ਪੰਜਾਬ ਦੇ ਮੁੱਖ ਮੰਤਰੀ ਕੇਂਦਰ ਸਰਕਾਰ ਤੋਂ ਜੰਗੀ ਰਾਹਤ ਦੀ ਮੰਗ ਕਰਨ। ਅੱਗੇ ਤੋਂ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਰਾਜ ਸਰਕਾਰ ਸੋਚ ਵਿਚਾਰ ਕੇ ਲਾਗੂ ਕਰੇ। ਕੱਲ੍ਹ ਨੂੰ ਕੋਈ ਖੂਹ ‘ਚ ਛਾਲ ਮਾਰਨ ਨੂੰ ਕਹੇ ਤਾਂ ਕੀ ਬਿਨਾ ਸੋਚੇ ਹੀ ਮਾਰ ਦਿੱਤੀ ਜਾਵੇਗੀ?
1965 ਦੀ ਭਾਰਤ-ਪਾਕਿ ਜੰਗ ਦੌਰਾਨ ਚੀਫ ਕਮਾਂਡਰ ਚੌਧਰੀ ਦਾ ਦਿੱਲੀ ਤੋਂ ਹੁਕਮ ਆਇਆ ਸੀ ਕਿ ਬਿਆਸ ਤੋਂ ਪਾਰਲਾ ਇਲਾਕਾ ਖਾਲੀ ਕਰ ਦਿਓ, ਫੌਜਾਂ ਪਿੱਛੇ ਹਟਾ ਲਓ, ਪਰ ਮੈਦਾਨ-ਏ-ਜੰਗ ਵਿਚ ਜੂਝ ਰਹੇ ਪੱਛਮੀ ਕਮਾਂਡ ਦੇ ਜਰਨੈਲ ਹਰਬਖਸ਼ ਸਿੰਘ ਨੇ ਉਹ ਹੁਕਮ ਨਹੀਂ ਸੀ ਮੰਨਿਆ ਤੇ ਬਿਆਸੋਂ ਪਾਰਲਾ ਇਲਾਕਾ ਬਚਾ ਲਿਆ ਸੀ। ਹੁਣ ਕਿਸੇ ਨੇ ਵੀ ਨਹੀਂ ਸੋਚਿਆ ਵਿਚਾਰਿਆ ਕਿ ਹਜ਼ਾਰ ਪਿੰਡ ਤੁਰੰਤ ਖਾਲੀ ਕਰਾਉਣੇ ਕਿਉਂ ਜ਼ਰੂਰੀ ਹੋ ਗਏ? ਕੀ ਕੋਈ ਹੋਰ ਰਾਹ ਨਹੀਂ ਸੀ? ਉਜੜ ਗਏ ਲੋਕ ਸੁਆਲ ਕਰਦੇ ਹਨ, ਜੇ ਖੜ੍ਹੇ ਪੈਰ ਸੈਂਕੜੇ ਪਿੰਡ ਖਾਲੀ ਕਰਾਉਣੇ ਸਨ ਤਾਂ ਫੌਜਾਂ ਕਾਹਦੇ ਲਈ ਹਨ? ਮੋਰਚੇ ਤੇ ਛਾਉਣੀਆਂ ਕਾਹਦੇ ਲਈ? ਬੀæਐਸ਼ਐਫ਼ ਤੇ ਹੋਰ ਨੀਮ ਫੌਜੀ ਦਲ ਕਾਹਦੇ ਲਈ? ਕਿਸੇ ਥਾਂ ਦੂਜਿਆਂ ਦੇ ਦਸ ਵੀਹ ਬੰਦੇ ਮਾਰ ਕੇ ਆਪਣੇ ਲੱਖਾਂ ਲੋਕਾਂ ਨੂੰ ਭਾਜੜਾਂ ਪਾ ਦੇਣੀਆਂ, ਇਹ ਕਿਧਰਲੀ ਸਿਆਣਪ ਹੈ ਤੇ ਕਿਧਰਲੀ ਬਹਾਦਰੀ? ਬਹਾਦਰੀ ਤਦ ਹੈ ਜੇ ਸਰਹੱਦਾਂ ‘ਤੇ ਆਪ ਪਹਿਰੇ ਦੇਣ। ਫਿਰ ਕੀ ਮਜਾਲ ਕਿਸੇ ਦੀ ਕਿ ਤੁਹਾਡੀ ਹੱਦ ਲੰਘ ਆਵੇ? ਹੱਦਾਂ ਤੋਂ ਤਾਂ ਤੁਸੀਂ ਆਪ ਲੋਕਾਂ ਨੂੰ ਭਜਾਈ ਜਾਂਦੇ ਹੋ!
ਕੁਛ ਲੋਕ ਕੱਛਾਂ ਵਜਾ ਰਹੇ ਹਨ। ਖੁਸ਼ੀ ‘ਚ ਨੱਚ ਰਹੇ ਤੇ ਪਟਾਕੇ ਪਾ ਰਹੇ ਹਨ, ਵਧਾਈਆਂ ਦੇ ਰਹੇ ਹਨ ਤੇ ਮੀਡੀਏ ਦਾ ਇਕ ਹਿੱਸਾ ਅੱਗ ਉਗਲੀ ਜਾ ਰਿਹੈ। ਜੰਗ ਨੂੰ ‘ਹੋਲੀ’ ਸਮਝ ਰਿਹੈ! ਪਤਾ ਉਦੋਂ ਲੱਗੇਗਾ ਜਦੋਂ ਆਪਣੇ ਸਿਰਾਂ ‘ਤੇ ਬੀਤੀ। ਪੁੱਛੋ ਵਿਚਾਰੇ ਬਿਪਤਾ ਦੇ ਮਾਰਿਆਂ ਨੂੰ ਜਿਨ੍ਹਾਂ ‘ਤੇ ਅਚਾਨਕ ਮੁਸੀਬਤਾਂ ਦੇ ਪਹਾੜ ਢਾਹ ਦਿੱਤੇ ਗਏ। ਸਕੂਲ ਬੰਦ ਕਰ ਦਿੱਤੇ, ਵਿਕਾਸ ਦੇ ਕੰਮ ਠੱਪ, ਹਨੇਰੇ ‘ਚ ਕੋਈ ਚਾਨਣ ਨਹੀਂ ਕਰ ਸਕਦਾ ਤੇ ਉਚੀ ਸਾਹ ਵੀ ਨਹੀਂ ਲੈ ਸਕਦਾ। ਅਜਿਹੇ ਮਾਹੌਲ ਵਿਚ ਕੌਣ ਸਾਂਭੇਗਾ ਪੱਕੀਆਂ ਫਸਲਾਂ? ਕੌਣ ਰਾਖੀ ਕਰੇਗਾ ਸੁੰਨੇ ਘਰਾਂ ਦੀ? ਕੀ ਬਣੇਗਾ ਉਨ੍ਹਾਂ ਬੀਮਾਰਾਂ ਦਾ ਜੋ ਮੰਜਿਆਂ ਤੋਂ ਵੀ ਉਠ ਨਹੀਂ ਸਕਦੇ। ਨਿੱਕੇ ਨਿਆਣਿਆਂ ਦਾ, ਅਪਾਹਜਾਂ ਦਾ, ਉਨ੍ਹਾਂ ਦੀ ਖਾਧ ਖੁਰਾਕ ਦਾ, ਸਾਂਭ ਸੰਭਾਲ ਦਾ, ਵਿਆਹ ਸਾਹਿਆਂ ਦਾ, ਜਣੇਪਿਆਂ ਦਾ, ਸੂਣ ਵਾਲੇ ਤੇ ਸੂਏ ਲਵੇਰਿਆਂ ਦਾ, ਪੋਲਟਰੀ ਫਾਰਮਾਂ ਦਾ ਤੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਪਾਲੀਆਂ ਫਸਲਾਂ ਦਾ? ਬਿਪਤਾ ਇਕ ਨਹੀਂ ਹਜ਼ਾਰਾਂ ਹਨ। ਉਹ ਉਜੜਨ ਵਾਲਿਆਂ ਨੂੰ ਹੀ ਪਤਾ ਹਨ। ਮੈਂ ਇਹ ਪੀੜਾਂ 1965 ਦੀ ਲੜਾਈ ਵਿਚ ਹੱਡੀਂ ਹੰਢਾਈਆਂ ਸਨ। ਉਹ ਕੁਲਹਿਣੀਆਂ ਘੜੀਆਂ ਯਾਦ ਕਰ ਕੇ ਹੀ ਕਾਂਬਾ ਛਿੜ ਜਾਂਦੈ!
ਦਿੱਲੀ ਦੇ ਹਾਕਮਾਂ ਨੇ ਇਕ ਹਜ਼ਾਰ ਪਿੰਡ ਖਾਲੀ ਕਰਾਉਣ ਦਾ ਫੁਰਮਾਨ ਜਾਰੀ ਕਰਨ ਤੋਂ ਪਹਿਲਾਂ ਲੱਖਾਂ ਲੋਕਾਂ ਨੂੰ ਸੁਰੱਖਿਅਤ ਥਾਂ ਠਹਿਰਾਉਣ ਦੇ ਕੀ ਉਪਾਅ ਕੀਤੇ? ਇਕ ਵਾਰ ਪੁੱਟੇ ਗਏ ਲੋਕਾਂ ਨੂੰ ਮੁੜ ਬਹਾਲ ਕਰਨ ਲਈ ਕੇਂਦਰ ਸਰਕਾਰ ਕਿਹੋ ਜਿਹੀ ਰਾਹਤ ਦੇਵੇਗੀ? ਕੱਟੇ ਗਏ ਦੁਖੜਿਆਂ ਦਾ ਕੀ ਇਲਾਜ ਹੋਵੇਗਾ? ਏਨੀ ਕੀਮਤ ਤਾਰਨ ਦੀ ਜ਼ਿੰਮੇਵਾਰੀ ਕੀਹਦੇ ਸਿਰ ਪਾਈ ਜਾਵੇਗੀ? ਕੀ ਕਦੇ ਪੁਣ ਛਾਣ ਹੋਵੇਗੀ ਕਿ ਕੀਹਨੇ ਅਮਨ ਅਮਾਨ ਚਾਹੁੰਦੇ ਲੱਖਾਂ ਲੋਕਾਂ ਨੂੰ ਬਲਦੀ ਦੇ ਬੂਥੇ ਦਿੱਤਾ?
ਜੰਗ ਵਿਚ ਜੇ ਲੋਕਾਂ ਨੂੰ ਉਜਾੜਨ ਦੀ ਮਜਬੂਰੀ ਆ ਹੀ ਬਣੇ ਤਾਂ ਸਰਕਾਰਾਂ ਉਨ੍ਹਾਂ ਦੀ ਠਾਹਰ ਦਾ ਪ੍ਰਬੰਧ ਕਰ ਕੇ ਐਸਾ ਕਰਦੀਆਂ ਹਨ। ਪਰ ਇਥੇ ਬਿਨਾ ਕਿਸੇ ਅਗਾਊਂ ਪ੍ਰਬੰਧ ਦੇ ਹੁਕਮ ਚਾੜ੍ਹ ਦਿੱਤਾ ਗਿਆ ਕਿ ਘਰ ਖਾਲੀ ਕਰ ਦਿਉ। ਉਜੜਨ ਵਾਲੇ ਲੋਕ ਜਾਂ ਤਾਂ ਆਪਣੇ ਰਿਸ਼ਤੇਦਾਰਾਂ ਕੋਲ ਜਾਂ ਗੁਰਦੁਆਰਿਆਂ ਵਿਚ ਪਨਾਹ ਲੈ ਰਹੇ ਹਨ ਜਾਂ ਸੜਕਾਂ ਉਤੇ ਹਨ। ਉਨ੍ਹਾਂ ਨੂੰ ਫੌਰੀ ਤੌਰ ‘ਤੇ ਰਾਹਤ ਦੀ ਲੋੜ ਹੈ। ਪੰਜਾਬ ਸਰਕਾਰ ਦੇ ਮਹਿਜ ਛੇ ਕਰੋੜ ਰੁਪਿਆਂ ਨਾਲ ਕੀ ਬਣੇਗਾ? ਪੰਜਾਬ ਪਹਿਲਾਂ ਹੀ ਕੇਂਦਰ ਦਾ ਦੋ ਲੱਖ ਕਰੋੜ ਰੁਪਏ ਦਾ ਕਰਜ਼ਾਈ ਹੈ। ਪੰਜਾਬ ਨੂੰ ਨਾ ਕਦੇ ਫਸਲਾਂ ਦਾ ਯੋਗ ਮੁਆਵਜ਼ਾ ਮਿਲਿਆ, ਨਾ ਜਿਣਸਾਂ ਦਾ ਚੰਗਾ ਭਾਅ ਮਿਲਿਆ ਤੇ ਨਾ ਦਰਿਆਈ ਪਾਣੀਆਂ ਦੀ ਰਾਇਲਟੀ ਮਿਲੀ। ਨਾ ਚੰਡੀਗੜ੍ਹ, ਨਾ ਦਰਿਆਈ ਹੈਡ ਵਰਕਸ, ਨਾ ਪੰਜਾਬੀ ਬੋਲਦੇ ਇਲਾਕੇ ਤੇ ਨਾ ਸੂਬਾਈ ਖੁਦਮੁਖਤਿਆਰੀ। ਨਾ ਭਾਰਤ-ਪਾਕਿ ਲੜਾਈਆਂ ਦੇ ਉਜਾੜੇ ਤੇ ਨਾ ਦਰਿਆਈ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਕਦੇ ਪੂਰਤੀ ਕੀਤੀ।
ਪਤਾ ਸਭ ਨੂੰ ਹੈ ਕਿ ਭਾਰਤ/ਪਾਕਿਸਤਾਨ ਦੇ ਲੋਕ ਜੰਗ ਬਿਲਕੁਲ ਨਹੀਂ ਚਾਹੁੰਦੇ। ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਵੱਡੀਆਂ ਤੋਂ ਵੱਡੀਆਂ ਜੰਗਾਂ ਪਿੱਛੋਂ ਵੀ ਮਸਲੇ ਮੇਜ਼ ‘ਤੇ ਹੀ ਹੱਲ ਹੋਏ ਹਨ। ਹੁਣ ਜਿਹੋ ਜਿਹਾ ਉਜਾੜਾ ਭਾਰਤੀ ਪੰਜਾਬ ਦੇ ਲੋਕਾਂ ਦਾ ਏਧਰ ਹੋ ਰਿਹੈ ਉਹੋ ਜਿਹਾ ਉਜਾੜਾ ਹੀ ਪਾਕਿਸਤਾਨੀ ਪੰਜਾਬ ਦੇ ਲੋਕਾਂ ਦਾ ਓਧਰ ਹੋ ਰਿਹੈ। ਜੰਗ ਹਮੇਸ਼ਾ ਹਥਿਆਰ ਵੇਚਣ ਵਾਲੇ ਤੇ ਧੌਂਸ ਜਮਾਉਣ ਵਾਲੇ ਜ਼ੋਰਾਵਰ ਮੁਲਕ ਲੁਆਉਂਦੇ ਹਨ ਜਾਂ ਉਹ ਹਾਕਮ ਜਿਹੜੇ ਲੋਕਾਂ ਦਾ ਧਿਆਨ ਲੋਕ ਹਿਤੈਸ਼ੀ ਮੁੱਦਿਆਂ ਵੱਲੋਂ ਹਟਾਉਣ ਲਈ ਅਜਿਹੇ ਕਾਰੇ ਕਰਦੇ ਹਨ।
ਇਹ ਭਾਰਤ ਤੇ ਪਾਕਿਸਤਾਨ ਦੇ ਹਾਕਮਾਂ ਲਈ ਵੰਗਾਰ ਹੈ ਕਿ ਆਪਸੀ ਮਸਲੇ ਜੰਗ ਤੋਂ ਬਿਨਾ ਹੱਲ ਕਰਨ ਨਾ ਕਿ ਜੰਗ ਵਿਚ ਲੜ ਮਰ ਕੇ। ਜੰਗ ਦੀ ਅੱਗ ਅੰਨ੍ਹੀ, ਪਾਗਲ ਤੇ ਮੂੰਹਜ਼ੋਰ ਹੁੰਦੀ ਹੈ। ਇਸ ਲਈ ਜੰਗਬਾਜ਼ੋ, ਅਜੇ ਵੀ ਸੰਭਲੋ, ਉਜਾੜੇ ਦੀਆਂ ਖੁਸ਼ੀਆਂ ਨਾ ਮਨਾਓ। ਭੜਕਾਈ ਜਾ ਰਹੀ ਅੱਗ ਦਾ ਪਤਾ ਨਹੀਂ ਉਹ ਕਦੋਂ ਅੱਗ ਲਾਉਣ ਵਾਲੇ ਹਾਕਮਾਂ ਵੱਲ ਹੀ ਮੂੰਹ ਕਰ ਲਵੇ!
ਭਾਰਤ ਤੇ ਪਾਕਿਸਤਾਨ ਦੇ ਅਮਨ ਪਸੰਦ ਲੋਕਾਂ ਨੂੰ ਸਾਂਝੇ ਤੌਰ ‘ਤੇ ਜੰਗ ਵਿਰੋਧੀ ਲਹਿਰ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਜੰਗ ਦੀਆਂ ਬੜ੍ਹਕਾਂ ਮਾਰਨ ਵਾਲੇ ਹਾਕਮਾਂ ਤੇ ਅੱਗ ਲਾਊ ਮੀਡੀਏ ਨੂੰ ਭੜਕਾਊ ਗੱਲਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦੈ। ਦੋਹਾਂ ਦੇਸ਼ਾਂ ਵਿਚ ਚੱਲੀ ਅਮਨ ਲਹਿਰ ਜੰਗਬਾਜ਼ਾਂ ਦਾ ਮੂੰਹ ਬੰਦ ਕਰ ਸਕਦੀ ਹੈ। ਅਜਿਹੀ ਲਹਿਰ ਦੋਹਾਂ ਦੇਸ਼ਾਂ ਦੇ ਬਾਰਡਰ ‘ਤੇ ਅਮਨ ਮਾਰਚ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ।