ਕੁਰਸੀ, ਕਰਾਮਾਤ ਅਤੇ ਕੇਜਰੀਵਾਲ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਇਤਿਹਾਸ ਅਨੁਸਾਰ ਔਰੰਗਜ਼ੇਬ ਦੀ ਮੌਤ ਪਿਛੋਂ ਬਾਦਸ਼ਾਹਤ ਲਈ ਉਸ ਦੇ ਪੁੱਤਰਾਂ ਵਿਚਾਲੇ ਹੋਈ ਖੂਨੀ ਲੜਾਈ ਵਿਚ ਜੇਤੂ ਰਹੇ ਬਹਾਦਰ ਸ਼ਾਹ ਨੇ ਆਗਰੇ ਵਿਚ ਸ਼ਾਹਾਨਾ ਦਰਬਾਰ ਸਜਾਇਆ। ਉਸ ਦਰਬਾਰ ਵਿਚ ਦਰਸ਼ਨ ਦੇਣ ਲਈ ਉਸ ਨੇ ਉਚੇਚੇ ਤੌਰ ‘ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਸੱਦਾ ਪੱਤਰ ਭੇਜਿਆ ਕਿਉਂਕਿ ਉਸ ਦੀ ਬੇਨਤੀ ‘ਤੇ ਗੁਰੂ ਸਾਹਿਬ ਨੇ ਉਸ ਦੀ ਜੰਗੀ ਮਦਦ ਵਜੋਂ ਆਪਣੇ ਕੁਝ ਚੋਣਵੇਂ ਜੁਝਾਰੂ ਸਿੰਘਾਂ ਨੂੰ ਭੇਜਿਆ ਸੀ। ਕਹਿੰਦੇ ਨੇ, ਉਸ ਸ਼ਾਹਾਨਾ ਦਰਬਾਰ ਵਿਚ ਵੱਖਰੇ ਤਖਤ ਉਤੇ ਬਿਰਾਜਮਾਨ ਦਸਮ ਪਾਤਸ਼ਾਹ ਨੂੰ ਇਕ ਤੁਅੱਸਬੀ ਕਾਜ਼ੀ ਨੇ ਸਵਾਲ ਕੀਤਾ ਕਿ ਇਸਲਾਮ ਵਿਚ ਹਰ ਪੀਰ ਫਕੀਰ ਕੋਲ ਅਜ਼ਮਤ, ਭਾਵ ਕਰਾਮਾਤ ਦਿਖਾਉਣ ਦੀ ਸ਼ਕਤੀ ਲਾਜ਼ਮੀ ਮੰਨੀ ਜਾਂਦੀ ਹੈ, ਤੁਸੀਂ ਸਿੱਖਾਂ ਦੇ ਪੀਰ ਹੋਣ ਨਾਤੇ ਆਪਣੀ ਕੋਈ ਕਰਾਮਾਤ ਦਿਖਾਉ?

ਇਸ ਮੌਕੇ ‘ਕਰਾਮਾਤ ਨੂੰ ਕਹਿਰ’ ਆਖਦਿਆਂ ਗੁਰੂ ਸਾਹਿਬ ਨੇ ਦੱਸਿਆ ਕਿ ਗੁਰਮਤਿ ਵਿਚ ਕਰਾਮਾਤ ਲਈ ਕੋਈ ਥਾਂ ਨਹੀਂ ਹੈ। ਕਿਹਾ ਜਾਂਦਾ ਹੈ ਕਿ ਕਾਜ਼ੀ ਦੇ ਖਹਿੜੇ ਪੈਣ ‘ਤੇ ਇਸ ਸਮੇਂ ਗੁਰੂ ਜੀ ਨੇ ਦੁਨਿਆਵੀ ਅਰਥਾਂ ਵਿਚ ਜਿਨ੍ਹਾਂ ਸ਼ਕਤੀਆਂ ਨੂੰ ‘ਕਰਾਮਾਤ’ ਦਰਸਾਇਆ, ਉਨ੍ਹਾਂ ਵਿਚ ਰਾਜ ਭਾਗ ਦੇ ਮਾਲਕ ਹੋਣਾ ਵੀ ਸ਼ਾਮਲ ਸੀ। ਕਾਜ਼ੀ ਨਾਲ ਗੱਲਬਾਤ ਕਰਦਿਆਂ ਗੁਰੂ ਜੀ ਨੇ ਮੌਕੇ ‘ਤੇ ਮੌਜੂਦ ਬਹਾਦਰ ਸ਼ਾਹ ਵੱਲ ਇਸ਼ਾਰਾ ਕਰ ਕੇ ਆਖਿਆ ਕਿ ਰਾਜ ਸੱਤਾ ਵੀ ਕਰਾਮਾਤ ਹੀ ਹੈ। ਇਹ ਜਿਸ ਨੂੰ ਚਾਹੇ ਫਾਂਸੀ ‘ਤੇ ਲਟਕਾ ਦੇਵੇ ਜਾਂ ਫਾਂਸੀ ਚਾੜ੍ਹੇ ਜਾ ਰਹੇ ਦੀ ਬੰਦ-ਖਲਾਸੀ ਕਰ ਦੇਵੇ। ਇਹ ਕਿਸੇ ਨੂੰ ਮਾਲਾ-ਮਾਲ ਤੇ ਕਿਸੇ ਨੂੰ ਕੰਗਲਾ ਬਣਾ ਸਕਦੀ ਹੈ।
ਇਹ ਮਿਸਾਲ ਭਾਵੇਂ ਲੋਕ ਰਾਜੀ ਪ੍ਰਣਾਲੀ ਦੁਆਰਾ ਚੁਣੇ ਗਏ ਅਜੋਕੇ ਸੱਤਾਧਾਰੀਆਂ ਉਤੇ ਇੰਨ-ਬਿੰਨ ਨਹੀਂ ਢੁਕਦੀ, ਪਰ ਸਾਡੇ ਦੇਸ਼ ਵਿਚ ਜਿਥੇ ਇਹ ਕਹਿਣਾ ਜਾਂ ਮੰਨਣਾ ਗਲਤ ਨਹੀਂ ਹੋਵੇਗਾ ਕਿ ਵੋਟਾਂ ਰਾਹੀਂ ਚੁਣੇ ਗਏ ਬਹੁਤੇ ਸੱਤਾਧਾਰੀ ਅਕਸਰ ਪੰਜ ਸਾਲਾਂ ਲਈ ‘ਤਾਨਾਸ਼ਾਹ’ ਬਣ ਬਹਿੰਦੇ ਹਨ। ਲੋਕਾਂ ਦੀਆਂ ਵੋਟਾਂ ਰਾਹੀਂ ਹੀ ਸਹੀ, ਪਰ ਹੱਥ ਆਈ ਸੱਤਾ ਦੀ ਬਦੌਲਤ ਉਹ ਕਰਾਮਾਤਾਂ ਦਿਖਾਉਣ ਤੋਂ ਗੁਰੇਜ਼ ਨਹੀਂ ਕਰਦੇ। ਪੁਰਾਣੇ ਵੇਲਿਆਂ ਵਿਚ ਰਾਜ ਸੱਤਾ ਦਾ ਲਖਾਇਕ ਤਖਤ ਮੰਨਿਆ ਜਾਂਦਾ ਸੀ, ਅੱਜ ਇਸ ਨੂੰ ਕੁਰਸੀ ਕਿਹਾ ਜਾਂਦਾ ਹੈ। ਸੋ ਤਖ਼ਤ ਹੋਇਆ ਜਾਂ ਕੁਰਸੀ, ਨਸ਼ਾ ਤਾਂ ਦੋਹਾਂ ਦਾ ਇਕੋ ਜਿਹਾ ਹੀ ਹੈ। ਬਕੌਲ ਸ਼ਾਇਰ:
ਤਖ਼ਤੇ-ਸ਼ਾਹੀ ਤਖ਼ਤ ਨਸ਼ੀਂ ਪਰ ਅਪਨਾ ਰੰਗ ਚੜ੍ਹਾ ਦੇਤਾ ਹੈ,
ਰਫਤਾ ਰਫਤਾ ਹਰ ਹਾਕਮ ਕੋ ਔਰੰਗਜ਼ੇਬ ਬਨਾ ਦੇਤਾ ਹੈ।
ਕੁਰਸੀ ਦੀ ਕਰਾਮਾਤ ਦਾ ਤਾਜ਼ਾ ਵੇਰਵਾ ਪੇਸ਼ ਕਰ ਰਿਹਾ ਹਾਂ। ਸਭ ਨੂੰ ਪਤਾ ਹੈ ਕਿ ਦੇਸ਼ ਦੀ ਕੇਂਦਰੀ ਭਾਜਪਾ ਸਰਕਾਰ, ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਹਿੱਕ ‘ਤੇ ਲੱਗਿਆ ਪਿੱਪਲ ਸਮਝਦੀ ਆ ਰਹੀ ਹੈ। ਇਸ ਦੇ ਕੰਮ-ਕਾਰ ਵਿਚ ਆਨੇ-ਬਹਾਨੇ ਰੋੜੇ ਅਟਕਾਉਣ ਦੇ ਯਤਨ ਵੀ ਲਗਾਤਾਰ ਚਲਦੇ ਆ ਰਹੇ ਹਨ। ਭਾਵੇਂ ਕਿਸੇ ਕਾਨੂੰਨ ਦੇ ਸਹਾਰੇ ਹੀ ਕੇਜਰੀਵਾਲ ਸਰਕਾਰ ਲਈ ਅੜਿੱਕੇ ਖੜ੍ਹੇ ਕੀਤੇ ਜਾਂਦੇ ਹੋਣ, ਪਰ ਆਮ ਜਨਤਾ ਵਿਚ ਇਹੋ ਪ੍ਰਭਾਵ ਜਾਂਦਾ ਹੈ ਕਿ ਭਾਜਪਾ ਵਾਲੇ ‘ਆਪ ਸਰਕਾਰ’ ਨੂੰ ਕੱਤਈ ਬਰਦਾਸ਼ਤ ਨਹੀਂ ਕਰ ਰਹੇ।
ਕੇਜਰੀਵਾਲ ਸਰਕਾਰ ਦੇ ਮੰਤਰੀਆਂ-ਵਿਧਾਨਕਾਰਾਂ ਉਤੇ ਵੱਖ-ਵੱਖ ਏਜੰਸੀਆਂ ਦੇ ਛਾਪੇ ਪੈਣੇ ਤਾਂ ਆਮ ਜਿਹੀ ਗੱਲ ਹੋ ਗਈ ਹੈ। ਹਾਲਤ ਤਾਂ ਇਥੋਂ ਤੱਕ ਪਹੁੰਚ ਗਈ ਹੈ ਕਿ ਦਿੱਲੀ ਦੇ ਲੈਫਟੀਨੈਂਟ ਗਵਰਨਰ ਨਜੀਬ ਜੰਗ ਨੇ ਪੋਲੈਂਡ ਦੇ ਦੌਰੇ ‘ਤੇ ਗਏ ਹੋਏ ਸਿਹਤ ਮੰਤਰੀ ਨੂੰ ਦੌਰਾ ਵਿਚੇ ਛੱਡ ਕੇ ਫੌਰਨ ਦਿੱਲੀ ਬੁਲਾ ਲਿਆ। ਲੋਕੀਂ ਇਹ ਵੀ ਸੋਚਦੇ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿਚ ‘ਖੁੱਲ੍ਹ ਕੇ ਖੇਡਣੋਂ’ ਰੋਕਣ ਲਈ ਉਸ ਨੂੰ ਦਿੱਲੀ ਵਿਚ ਹੀ ਉਲਝਾਈ ਰੱਖਣ ਦੀ ਮਨਸ਼ਾ ਨਾਲ ਅਜਿਹੀ ਖਿੱਚ-ਧੂਹ ਕੀਤੀ ਜਾ ਰਹੀ ਹੈ।
ਸਤੰਬਰ ਦੇ ਤੀਸਰੇ ਹਫ਼ਤੇ ਲਗਦਾ ਹੈ ਕਿ ਅਜਿਹੇ ਦੁਰ-ਵਿਹਾਰ ਤੋਂ ਤੰਗ ਆ ਕੇ ਸ੍ਰੀ ਕੇਜਰੀਵਾਲ ਨੇ ਐਲਾਨ ਕਰ ਦਿਤਾ ਕਿ ਉਹ 29 ਸਤੰਬਰ ਸ਼ੁੱਕਰਵਾਰ ਨੂੰ ਦਿੱਲੀ ਵਿਧਾਨ ਸਭਾ ਦਾ ਇਕ ਦਿਨਾ ਵਿਸ਼ੇਸ਼ ਇਜਲਾਸ ਬੁਲਾ ਰਹੇ ਹਨ ਜਿਸ ਵਿਚ ਉਹ ਭਾਜਪਾ ਦੀ ਕੇਂਦਰੀ ਹਕੂਮਤ ਵੱਲੋਂ ਦਿੱਲੀ ਦੀ ‘ਆਪ’ ਸਰਕਾਰ ਵਿਰੁਧ ਰਚੀ ਗਈ ਵੱਡੀ ਸਾਜ਼ਿਸ਼ ਬੇ-ਨਕਾਬ ਕਰਨਗੇ। ਉਨ੍ਹਾਂ ਦਾ ਇਹ ਐਲਾਨ ਅਖਬਾਰਾਂ ਨੇ ਪ੍ਰਮੁਖਤਾ ਨਾਲ ਛਾਪਿਆ ਅਤੇ ਸੋਸ਼ਲ ਸਾਈਟਾਂ ਉਤੇ ਸ੍ਰੀ ਕੇਜਰੀਵਾਲ ਦੀ ਵੀਡੀਓ ਵੀ ਛਾਈ ਰਹੀ ਜਿਸ ਵਿਚ ਉਹ ਆਪਣੇ ਹੀ ਅੰਦਾਜ਼ ਨਾਲ ਦੇਸ਼ ਵਾਸੀਆਂ ਨੂੰ ਸੁਨੇਹਾ ਦੇ ਰਹੇ ਸਨ ਕਿ ਉਹ 29 ਸਤੰਬਰ ਵਾਲੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਜ਼ਰੂਰ-ਬਰ-ਜ਼ਰੂਰ ਦੇਖਣ/ਸੁਣਨ। ਕਹਿਣ ਦਾ ਮਤਲਬ ਕਿ ਇਸ ਇਜਲਾਸ ਬਾਰੇ ਧੂੰਆਂ-ਧਾਰ ਪ੍ਰਚਾਰ ਕੀਤਾ ਗਿਆ!
ਇਧਰ ਲੋਕ ਵੱਡੀ ਉਤਸੁਕਤਾ ਨਾਲ ‘ਆਪ’ ਵਾਲਿਆਂ ਦਾ ਦਿੱਲੀ ਇਜਲਾਸ ਉਡੀਕ ਰਹੇ ਸਨ ਕਿ ਦੇਖੀਏ ਕੇਜਰੀਵਾਲ ਕਿਹੜਾ ‘ਨਵਾਂ ਸੱਪ’ ਕੱਢਦਾ ਹੈ; ਉਧਰ ‘ਵੱਡੀ ਕੁਰਸੀ’ ਦੀ ਕੋਈ ‘ਕਰਾਮਾਤ’ ਹੋ ਗਈ। ਆਏ ਦਿਨ ਛੇੜਾਂ ਛੇੜਦੇ ਪਾਕਿਸਤਾਨ ਵਿਰੁਧ ‘ਸਰਜੀਕਲ ਸਟ੍ਰਾਈਕ’ ਹੋ ਗਿਆ। ਦੋਹਾਂ ਦੇਸ਼ਾਂ ਵਿਚ ਬੇਹੱਦ ਤਣਾਅ ਵਾਲੇ ਹਾਲਾਤ ਬਣ ਗਏ। ਪੰਜਾਬ ਵਾਸੀਆਂ ਦੇ ਵਿਦਰੋਹ ਤੋਂ ਭੈਅ-ਭੀਤ ਹੋਈ ਬਾਦਲ ਸਰਕਾਰ ਨੇ ‘ਸੁੱਖ ਦਾ ਸਾਹ’ ਲੈਂਦਿਆਂ ਆਪਣੇ ਆਪ ਨੂੰ ਬਰਾਡਰ ਏਰੀਏ ਦੇ ਪਿੰਡਾਂ ਵਿਚੋਂ ਲੋਕ ਉਠਾਲਣ ਵਿਚ ਮਸਰੂਫ਼ ਕਰ ਲਿਆ। ਟੀæਵੀæ ਚੈਨਲ ਅਤੇ ਸੋਸ਼ਲ ਸਾਈਟਾਂ ਭਾਫਾਂ ਛੱਡਣ ਲੱਗੇ!
æææਤੇ ਉਧਰ ਦਿੱਲੀ ‘ਆਪ’ ਦਾ ਇਜਲਾਸ? ਇਜਲਾਸ ਤਾਂ ਹੋਇਆ, ਪਰ ਜਿਸ ਵਿਧਾਨ ਸਭਾ ਵਿਚ ਭਾਜਪਾ ਵਾਲਿਆਂ ਦੀ ਕੇਂਦਰੀ ਹਕੂਮਤ ਵਿਰੁਧ, ਖਾਸ ਕਰ ਕੇ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਦੇ ਬਖੀਏ ਉਧੇੜੇ ਜਾਣੇ ਸਨ, ਉਸੇ ਵਿਧਾਨ ਸਭਾ ਨੇ ਉਸ ਦਿਨ ਸ੍ਰੀ ਨਰਿੰਦਰ ਮੋਦੀ ਲਈ ‘ਭਰਪੂਰ ਸ਼ਲਾਘਾ’ ਦਾ ਮਤਾ ਪਾਸ ਕੀਤਾ ਅਤੇ ਉਨ੍ਹਾਂ ਨੂੰ ‘ਵਧਾਈ’ ਦਿਤੀ ਕਿ ਉਨ੍ਹਾਂ ਨੇ ਪਾਕਿਸਤਾਨ ਨੂੰ ਬਹੁਤ ‘ਠੋਕਵਾਂ’ ਜਵਾਬ ਦਿਤਾ ਹੈ।
ਨਰ ਚਾਹਤ ਕਛੁ ਅਉਰ
ਅਉਰੈ ਕੀ ਅਉਰੇ ਭਈ॥