ਭਾਰਤੀ ਰਾਸ਼ਟਰਵਾਦ ਦੇ ਬਸਤੀਵਾਦੀ ਅਤੇ ਸੰਮਿਲਤ (ਨਿਚਲੁਸਵਿe) ਮੁੱਢ ਨੂੰ ਹਿੰਦੂ ਬਹੁ-ਗਿਣਤੀਵਾਦ ਦੇ ਹਮਾਇਤੀਆਂ ਵਲੋਂ ਵੱਧ ਤੋਂ ਵੱਧ ਘੱਟੇ ਰੋਲਿਆ ਜਾ ਰਿਹਾ ਹੈ। ਇਸ ਲੇਖ ਵਿਚ ਇਤਿਹਾਸਕਾਰ ਰੋਮਿਲਾ ਥਾਪਰ ਨੇ ਇਹ ਤੱਥ ਉਜਾਗਰ ਕੀਤਾ ਹੈ ਕਿ ਹਿੰਦੂਤਵ ਦਾ ਕਪਟ ਕਿਸ ਤਰ੍ਹਾਂ ਬਸਤੀਵਾਦੀ ਇਤਿਹਾਸਕਾਰੀ ਦੀ ਸੌੜੀ ਅਤੇ ਪੱਖਪਾਤੀ ਪਰੰਪਰਾ ਉਪਰ ਉਸਾਰਿਆ ਗਿਆ ਸੀ।
ਅੰਗਰੇਜ਼ੀ ਹਫਤਾਵਾਰੀ ਪਰਚੇ ‘ਆਊਟਲੁੱਕ’ ਵਿਚ ਛਪੇ ਇਸ ਲੰਮੇ ਲੇਖ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਸਾਨੂੰ ਘੱਲਿਆ ਹੈ। ਤਿੰਨ ਕਿਸ਼ਤਾਂ ਵਿਚ ਛਾਪੇ ਜਾ ਰਹੇ ਇਸ ਲੇਖ ਦੀ ਦੂਜੀ ਕਿਸ਼ਤ ਛਾਪੀ ਜਾ ਰਹੀ ਹੈ। -ਸੰਪਾਦਕ
ਰੋਮਿਲਾ ਥਾਪਰ
ਅਨੁਵਾਦ: ਬੂਟਾ ਸਿੰਘ
ਫੋਨ:91-94634-74342
ਅਸੀਂ ਉਨ੍ਹਾਂ ਇਤਿਹਾਸਕਾਰਾਂ ਵਲੋਂ ਲਿਖੇ ਰਾਸ਼ਟਰਵਾਦੀ ਇਤਿਹਾਸ ਵਿਚ ਸਾਫ਼ ਦੇਖ ਚੁੱਕੇ ਹਾਂ ਜੋ ਬਸਤੀਵਾਦ ਵਿਰੋਧੀ ਰਾਸ਼ਟਰਵਾਦੀ ਲਹਿਰ ਦਾ ਹਿੱਸਾ ਸਨ ਅਤੇ ਜਿਨ੍ਹਾਂ ਦਾ ਜ਼ੋਰ ਹਿੰਦੁਸਤਾਨੀ ਇਤਿਹਾਸ ਨੂੰ ਇਸ ਦੀ ਲਗਾਤਾਰਤਾ ਅਤੇ ਸਾਂਝੀਆਂ ਖ਼ਾਸੀਅਤਾਂ ਪੱਖੋਂ ਸਮਝਣ ਉਪਰ ਸੀ। ਇਸ ਦੇ ਮੁਕਾਬਲੇ ਆਰæਐਸ਼ਐਸ਼ ਅਤੇ ਹਿੰਦੂਤਵ ਸਿਧਾਂਤਕਾਰਾਂ ਵਲੋਂ ਲਿਖਿਆ ‘ਇਤਿਹਾਸ’ ਹੈ ਜਿਨ੍ਹਾਂ ਲਈ ਮਹਿਜ਼ ਮੁੱਢਲੇ ਦੌਰ ਦਾ ਹਿੰਦੂ ਇਤਿਹਾਸ ਅਤੇ ਮੱਧ ਯੁਗ ਵਿਚ ਮੁਸਲਿਮ ਜ਼ਾਲਮ ਰਾਜ ਹੇਠ ਹਿੰਦੂਆਂ ਦਾ ਜ਼ੁਲਮਾਂ ਦਾ ਸ਼ਿਕਾਰ ਹੋਣਾ ਹੀ ਅਤੀਤ ਹੈ। ਉਹ ਕਹਿੰਦੇ ਹਨ ਕਿ ਹਿੰਦੂ ਇਕ ਹਜ਼ਾਰ ਸਾਲ ਮੁਸਲਿਮ ਰਾਜ ਦੇ ਗ਼ੁਲਾਮ ਰਹੇ, ਪਰ ਉਹ ਘੱਟੋ-ਘੱਟ ਦੋ ਤੱਥਾਂ ਵੱਲ ਕੋਈ ਧਿਆਨ ਨਹੀਂ ਦਿੰਦੇ।
ਪਹਿਲਾ ਇਹ ਕਿ ਜਾਤਪਾਤੀ ਹਿੰਦੂਆਂ ਨੇ ਦੋ ਹਜ਼ਾਰ ਸਾਲ ਜਾਂ ਇਸ ਤੋਂ ਵੱਧ ਸਾਲਾਂ ਤਕ ਹੋਰ ਜਾਤਾਂ, ਦਲਿਤਾਂ ਅਤੇ ਆਦਿਵਾਸੀਆਂ ਨੂੰ ਦਬਾਇਆ, ਤੇ ਕੁਝ ਕੁ ਨੂੰ ਛੱਡ ਕੇ ਜ਼ਿਆਦਾਤਰ ਜਾਤਪਾਤੀ ਹਿੰਦੂ ਇਸ ਨੂੰ ਜਾਇਜ਼ ਸਮਝਦੇ ਸਨ। ਦੂਜਾ, ਕੁਝ ਹਿੰਦੂ ਧਾਰਮਿਕ ਮੱਤਾਂ ਦਾ ਜ਼ਬਰਦਸਤ ਪ੍ਰਚਾਰ ਹਜ਼ਾਰ ਸਾਲ ਪੁਰਾਣਾ ਹੈ (ਜਿਵੇਂ ਭਗਤੀ ਤੇ ਉਤਰੀ ਹਿੰਦੁਸਤਾਨ ਦੀਆਂ ਤਾਂਤਰਿਕ ਪਰੰਪਰਾਵਾਂ) ਅਤੇ ਇਹ ਉਸ ਕਿਸਮ ਦੇ ਹਿੰਦੂਵਾਦ ਦਾ ਖ਼ਾਸਾ ਬਿਆਨਦਾ ਹੈ ਜਿਸ ਉਪਰ ਵੱਡੀ ਤਾਦਾਦ ਵਿਚ ਉਹ ਲੋਕ ਚਲਦੇ ਹਨ।
ਮੀਰਾ ਤੇ ਸੂਰਦਾਸ ਦੇ ਭਜਨ ਅਤੇ ਕਬੀਰ ਤੇ ਤੁਕਾਰਾਮ ਦੀ ਕਵਿਤਾ, ਇਸੇ ਤਰ੍ਹਾਂ ਰਮਾਇਣ ਦੇ ਬਹੁਤ ਸਾਰੇ ਰੂਪਾਂਤਰ (ਜਿਵੇਂ ਤੁਲਸੀਦਾਸ ਤੇ ਕ੍ਰਿਤੀਵਾਸ ਦੇ) ਇਸ ਦੌਰ ਵਿਚ ਰਚੇ ਗਏ ਸਨ। ਵੱਖ-ਵੱਖ ਫਿਰਕਿਆਂ ਵਿਚ ਉਨ੍ਹਾਂ ਦੀ ਮਕਬੂਲੀਅਤ ਇੰਨੀ ਬੇਥਾਹ ਸੀ ਕਿ ਉਨ੍ਹਾਂ ਦੇ ਕਥਨ ਅਤੇ ਦੋਹੇ ਉਨ੍ਹਾਂ ਜ਼ੁਬਾਨਾਂ ਦੇ ਮੁਹਾਵਰੇ ਬਣ ਗਏ ਜਿਨ੍ਹਾਂ ਵਿਚਰਚਨਾ ਕੀਤੀ ਗਈ ਸੀ।
ਇਸ ਤੋਂ ਬਿਨਾ, ਵੱਖ-ਵੱਖ ਤਰ੍ਹਾਂ ਦੇ ਗਿਆਨ ਅੰਦਰਲੀਆਂ ਕੁਝ ਗਿਣਨਯੋਗ ਪ੍ਰਾਪਤੀਆਂ (ਸਾਹਿਤ ਤੋਂ ਗਣਿਤ ਤਕ) ਦਾ ਸਿਹਰਾ ਇਸ ਯੁਗ ਦੇ ਹਿੰਦੂ ਵਿਦਵਾਨਾਂ ਨੂੰ ਦਿਤਾ ਜਾ ਸਕਦਾ ਹੈ। ਇਨ੍ਹਾਂ ਪ੍ਰਾਪਤੀਆਂ ਵਿਚੋਂ ਕੁਝ ਤਾਂ ਸਿਰਫ਼ ਹਿੰਦੂ ਸੰਸਕ੍ਰਿਤੀ ਦੀਆਂ ਪਰੰਪਰਾਵਾਂ ਸਨ, ਇਸੇ ਤਰ੍ਹਾਂ ਕੁਝ ਬਹੁਤ ਰਚਨਾਤਮਕ ਲੱਭਤਾਂ ਦੀਆਂ ਕੜੀਆਂ ਹੋਰ ਧਰਮਾਂ ਅਤੇ ਸੰਸਕ੍ਰਿਤੀਆਂ ਨਾਲ ਵੀ ਜੁੜੀਆਂ ਹੋਈਆਂ ਸਨ। ਇਨ੍ਹਾਂ ਸਦੀਆਂ ਵਿਚ ਹਿੰਦੂ ਸੰਸਕ੍ਰਿਤੀ ਜ਼ੁਲਮਾਂ ਦਾ ਸ਼ਿਕਾਰ ਹੋਣ ਦੀ ਥਾਂ, ਹੋਰ ਸੰਸਕ੍ਰਿਤੀਆਂ ਦੇ ਨਾਲੋ-ਨਾਲ ਵਧੀ-ਫੁਲੀ। ਗ੍ਰੰਥਾਂ ਤੋਂ ਇਸ ਦਾ ਖ਼ੁਲਾਸਾ ਹੁੰਦਾ ਹੈ ਜਿਵੇਂ ਫ਼ਲਸਫ਼ੇ ਦੀਆਂ ਪ੍ਰਚਲਤ ਧਾਰਾਵਾਂ ਬਾਰੇ ਮਾਧਵ ਦਾ ‘ਸਰਵਦਰਸ਼ਨ ਸੰਗ੍ਰਹਿ’ ਅਤੇ ਭਾਸ਼ਾਈ ਖੋਜਾਂ ਤੇ ਧਰਮ ਪ੍ਰਣਾਲੀਆਂ ਬਾਰੇ ਸਾਮਾਏਸੁੰਦਰ ਦਾ ‘ਅਰਥ ਰਤਨਾਵਲੀ’। ਸਾਇਨਾ ਨੇ ਰਿਗਵੇਦ ਦਾ ਮਸ਼ਹੂਰ ਟੀਕਾ ਚੌਦਵੀਂ ਸਦੀ ਵਿਚ ਲਿਖਿਆ। ਪੁਰਾਤਨ ਸਮਾਜੀ ਮਰਯਾਦਾਵਾਂ ਅਤੇ ਧਰਮ ਸ਼ਾਸਤਰਾਂ ਉਪਰ ਟਿਪਣੀਆਂ ਅਤੇ ਉਨ੍ਹਾਂ ਦੇ ਸਾਰ ਨਵੇਂ ਹਾਲਾਤ ਦਰਸਾਉਂਦੇ ਹਨ। ਕੁਝ ਵਿਚ ਉਨ੍ਹਾਂ ਦੇ ਰੁਤਬੇ ਬਾਰੇ ਚਰਚਾ ਸ਼ਾਮਲ ਸੀ ਜਿਨ੍ਹਾਂ ਨੇ ਇਸਲਾਮ ਅਪਣਾ ਲਿਆ ਸੀ। ਬਾਕੀਆਂ ਵਿਚ ਉਨ੍ਹਾਂ ਦੇ ਰੁਤਬੇ ਨੂੰ ਲੈ ਕੇ ਚਰਚਾ ਕੀਤੀ ਗਈ ਸੀ ਜੋ ਹੁਣ ਦੇ ਮਹਾਂ ਤਾਕਤਵਰ ਮੰਦਰਾਂ ਦੇ ਪੁਜਾਰੀ ਸਨ। ਇਹ ਉਨ੍ਹਾਂ ਦੌਲਤਮੰਦ ਮੰਦਰਾਂ ਅੰਦਰ ਪੂਜਾ-ਪਾਠ ਦੀਆਂ ਰਸਮਾਂ ਨਿਭਾਉਣ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਬੰਧਕ ਵੀ ਹੁੰਦੇ ਸਨ।
ਕਵੀਆਂ ਵਲੋਂ ਡੂੰਘੀ ਸ਼ਰਧਾ ਵਾਲੀ ਕਵਿਤਾ ਰਚੀ ਗਈ ਜਿਨ੍ਹਾਂ ਵਿਚੋਂ ਕੁਝ ਜਨਮ ਪੱਖੋਂ ਮੁਸਲਿਮ ਸਨ, ਪਰ ਹਿੰਦੂ ਦੇਵਤਿਆਂ ਨੂੰ ਪੂਜਦੇ ਸਨ। ਇਨ੍ਹਾਂ ਵਿਚੋਂ ਸਭ ਤੋਂ ਮਸ਼ਹੂਰ ਸੱਯਾਦ ਇਬਰਾਹਿਮ ਸੀ ਜੋ ਰਸਖ਼ਾਨ ਵਜੋਂ ਮਕਬੂਲ ਸੀ। ਉਸ ਦੇ ਕ੍ਰਿਸ਼ਨ ਨੂੰ ਸਮਰਪਿਤ ਦੋਹੇ ਅਤੇ ਭਜਨ ਸੋਲਵੀਂ ਸਦੀ ਵਿਚ ਵਸੀਹ ਪੈਮਾਨੇ ‘ਤੇ ਗਾਏ ਜਾਂਦੇ ਸਨ ਅਤੇ ਇਹ ਅਜੇ ਵੀ ਕ੍ਰਿਸ਼ਨ ਤੇ ਹੋਰ ਦੇਵਤਿਆਂ ਦੇ ਸ਼ਰਧਾਲੂਆਂ ਨੂੰ ਕੰਠ ਹਨ। ਸੰਸਕ੍ਰਿਤੀਆਂ ਦਾ ਸੁਮੇਲ ਸ਼ਾਸਤਰੀ ਸੰਗੀਤ ਦੀਆਂ ਉਨ੍ਹਾਂ ਨਵੀਆਂ ਕਿਸਮਾਂ ਤੋਂ ਵੀ ਪ੍ਰਤੱਖ ਹੈ ਜੋ ਉਸ ਜ਼ਮਾਨੇ ਦੇ ਰਾਜ ਦਰਬਾਰਾਂ ਵਿਚ ਰਚਿਆ ਅਤੇ ਗਾਇਆ ਗਿਆ। ਇਨ੍ਹਾਂ ਵਿਚੋਂ ਸਭ ਤੋਂ ਮਸ਼ਹੂਰ ਧਰੁਪਦ ਦੀ ਰਚਨਾ ਅਤੇ ਵਿਕਾਸ ਸੀ ਜਿਸ ਨੂੰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਬਿਹਤਰੀਨ ਸੂਖ਼ਮ ਰੂਪ ਮੰਨਿਆ ਜਾਂਦਾ ਹੈ। ਮੁਗ਼ਲਾਂ ਦੇ ਦਰਬਾਰ ਸੰਸਕ੍ਰਿਤ ਦੇ ਧਰਮ ਗ੍ਰੰਥਾਂ ਦੇ ਫ਼ਾਰਸੀ ਵਿਚ ਤਰਜਮੇ ਦੇ ਸਭ ਤੋਂ ਪ੍ਰਭਾਵਸ਼ਾਲੀ ਸਰਪ੍ਰਸਤ ਬਣੇ। ਇਨ੍ਹਾਂ ਵਿਚੋਂ ਮਹਾਭਾਰਤ (ਜਿਸ ਦਾ ਤਰਜਮਾ ਰਾਜ਼ਮਨਾਮਾ ਵਜੋਂ ਕੀਤਾ ਗਿਆ) ਅਤੇ ਭਗਵਦ ਗੀਤਾ ਉਘਾ ਸਥਾਨ ਰੱਖਦੇ ਹਨ। ਇਨ੍ਹਾਂ ਤਰਜਮਿਆਂ ਉਪਰ ਬ੍ਰਾਹਮਣ ਪੁਜਾਰੀਆਂ ਨੇ ਫ਼ਾਰਸੀ ਦੇ ਵਿਦਵਾਨਾਂ ਨਾਲ ਮਿਲ ਕੇ ਕੰਮ ਕੀਤਾ।
ਇਹ ਉਹ ਦੌਰ ਵੀ ਸੀ ਜਦੋਂ ਗੁਰੂ, ਪੀਰ ਅਤੇ ਸੰਤ ਥਾਂ-ਥਾਂ ਘੁੰਮ ਕੇ ਧਰਮ ਬਾਰੇ ਆਪਣੀ ਸਮਝ ਦਾ ਪ੍ਰਚਾਰ ਕਰਦੇ ਸਨ, ਉਨ੍ਹਾਂ ਨੇ ਮੱਤ ਸਥਾਪਤ ਕੀਤੇ ਅਤੇ ਕਈ ਵਾਰ ਇਉਂ ਵੀ ਹੋਇਆ ਕਿ ਜਿਥੇ ਉਨ੍ਹਾਂ ਨੇ ਪੱਕੇ ਡੇਰੇ ਲਾਏ, ਉਹ ਥਾਂਵਾਂ ਤੀਰਥ ਬਣ ਗਈਆਂ। ਉਹ ਹਰ ਸੰਭਵ ਧਾਰਮਿਕ ਪਿਛੋਕੜ ਦੇ ਲੋਕ ਸਨ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਅਕਸਰ ਹੀ ਧਾਰਮਿਕ ਮਿਲਗੋਭਾ ਹੁੰਦੀਆਂ ਸਨ। ਉਹ ਕਿਸੇ ਖ਼ਾਸ ਧਰਮ ਨੂੰ ਆਪਣੀ ਪਛਾਣ ਬਣਾਉਣ ਤੋਂ ਨਾਬਰ ਸਨ। ਕੁਝ ਦਾ ਖ਼ਾਸਾ ਮੁਕਾਮੀ ਸੀ ਅਤੇ ਬਾਕੀ ਪੂਰੇ ਉਪ-ਮਹਾਂਦੀਪ ਨੂੰ ਆਪਣੇ ਕਲਾਵੇ ਵਿਚ ਲੈਂਦੀਆਂ ਸਨ, ਮਸਲਨ ਨਾਥ ਪੰਥ। ਇਨ੍ਹਾਂ ਦਾ ਦਾਇਰਾ ਗ਼ੈਰ-ਰਸਮੀ ਧਾਰਮਿਕ ਮੱਤਾਂ ਤੋਂ ਸ਼ਰਧਾਲੂਆਂ ਦੀਆਂ ਸੰਸਥਾਵਾਂ ਵਾਲੇ ਸਥਾਪਤ ਮੱਤਾਂ ਤਕ ਸੀ। ਅਜਿਹੇ ਮੱਤ ਬੇਝਿਜਕ ਧਾਰਮਿਕ ਤੇ ਸਮਾਜੀ ਰੋਕਾਂ ਉਲੰਘਦੇ ਸਨ ਅਤੇ ਉਨ੍ਹਾਂ ਦੇ ਸ਼ਰਧਾਲੂ ਵੱਡੀ ਤਾਦਾਦ ‘ਚ ਹੋਣ ਕਾਰਨ ਕੋਈ ਉਨ੍ਹਾਂ ਨੂੰ ਰੋਕ ਵੀ ਨਹੀਂ ਸੀ ਸਕਦਾ। ਜਦੋਂ ਇਹ ਪੂਰੀ ਤਰ੍ਹਾਂ ਸਥਾਪਤ ਹੋ ਗਈਆਂ, ਫਿਰ ਤਾਂ ਸ਼ਾਹੀ ਸਰਪ੍ਰਸਤ ਵੀ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਨ ਲੱਗ ਪਏ। ਉਹ ਉਸ ਜ਼ਮਾਨੇ ਦੇ ਲੋਕ-ਰਾਇ ਨਿਰਮਾਤਾ ਸਨ।
ਇਸ ਤੋਂ ਇਸ ਖ਼ਿਆਲ ਦੀ ਤਾਈਦ ਨਹੀਂ ਹੁੰਦੀ ਕਿ ਹਿੰਦੂ ਜ਼ੁਲਮਾਂ ਦਾ ਸ਼ਿਕਾਰ ਸਨ, ਸਗੋਂ ਇਹ ਤਸਦੀਕ ਹੁੰਦੀ ਹੈ ਕਿ ਵੱਖ-ਵੱਖ ਸੰਸਕਿਤੀਆਂ ਦੇ ਲੋਕ ਆਪਣੀਆਂ ਸੰਸਕ੍ਰਿਤੀਆਂ ਦੀ ਪੁਣ-ਛਾਣ ਵਿਚ ਲੱਗੇ ਹੋਏ ਸਨ ਤਾਂ ਜੋ ਏਕਤਾ ਤੇ ਮੱਤਭੇਦ ਦੇ ਨੁਕਤੇ ਤਲਾਸ਼ੇ ਜਾ ਸਕਣ। ਉਂਜ, ਇਸ ਨੂੰ ਵੱਖ-ਵੱਖ ਸੰਸਕ੍ਰਿਤੀਆਂ ਦਰਮਿਆਨ ਮੁਕੰਮਲ ਸਦਭਾਵਨਾ ਦੇ ਇਸ਼ਾਰੇ ਵਜੋਂ ਵੀ ਨਹੀਂ ਲਿਆ ਜਾਣਾ ਚਾਹੀਦਾ; ਕਿਉਂਕਿ ਨਾਬਰਾਬਰੀਆਂ ਸਨ, ਇਸ ਲਈ ਝਗੜੇ ਅਤੇ ਟਕਰਾਓ ਦੇ ਮੁੱਦੇ ਵੀ ਰਹਿਣਗੇ। ਹਿੰਦੁਸਤਾਨ ਦੇ ਇਸਲਾਮ ਤੋਂ ਪਹਿਲੇ ਇਤਿਹਾਸ ਵਿਚ ਇਹ ਬਹੁਤ ਹੀ ਪ੍ਰਤੱਖ ਹਨ, ਪਰ ਜ਼ੁਲਮਾਂ ਦਾ ਸ਼ਿਕਾਰ ਹੋਣ ਦੀ ਗੱਲ ਕਰਨਾ ਤਾਂ ਨਿਰਾ ਸਾਡੇ ਅੱਜ ਦੇ ਪ੍ਰਤੱਖ ਗਿਆਨ ਉਪਰ ਅਤੀਤ ਦਾ ਖ਼ਾਸ ਤਰ੍ਹਾਂ ਦਾ ਅਕਸ ਥੋਪਣ ਦਾ ਯਤਨ ਕਰਨਾ ਹੈ ਤਾਂ ਜੋ ਫਿਰਕੂ ਵੈਰ ਦਾ ਪ੍ਰਚਾਰ ਕੀਤਾ ਜਾ ਸਕੇ। ਇਤਿਹਾਸ ਦੀ ਖੋਜ ਦਾ ਮਨੋਰਥ ਬੀਤੇ ਦੀਆਂ ਸੰਸਕ੍ਰਿਤੀਆਂ ਦਰਮਿਆਨ ਮੇਲਜੋਲ ਨੂੰ ਸਮਝਣ ਦਾ ਯਤਨ ਕਰਨਾ ਅਤੇ ਇਨ੍ਹਾਂ ਨੂੰ ਸਮਝਣਾ ਤੇ ਵੱਖ-ਵੱਖ ਰਿਸ਼ਤਿਆਂ ਦੀ ਵਿਆਖਿਆ ਕਰਨਾ ਹੁੰਦਾ ਹੈ ਜੋ ਉਨ੍ਹਾਂ ਦਰਮਿਆਨ ਰਹੇ ਹੁੰਦੇ ਹਨ; ਪਰ ਜੇ ਸਮਕਾਲੀ ਦੌਰ ਵਿਚ ਦੂਜੇ ਫਿਰਕੇ ਉਪਰ ਹਮਲੇ ਦਾ ਬਹਾਨਾ ਬਣਾਉਣ ਲਈ ਇਤਿਹਾਸ ਦੀ ਭੰਨਤੋੜ ਕੀਤੀ ਜਾਂਦੀ ਹੈ, ਤਾਂ ਅਸੀਂ ਇਸ ਤੋਂ ਉਸ ਦੀ ਸਮਝ ਅਤੇ ਵਿਆਖਿਆ ਪੇਸ਼ ਕਰਨ ਦੀ ਉਮੀਦ ਨਹੀਂ ਰੱਖ ਸਕਦੇ ਜੋ ਅਤੀਤ ਵਿਚ ਵਾਪਰਿਆ ਤੇ ਕਿਉਂ ਵਾਪਰਿਆ।
ਮੁਸਲਿਮ ਅਤੇ ਹਿੰਦੂ ਦੋਵੇਂ ਤਰ੍ਹਾਂ ਦਾ ਧਾਰਮਿਕ ਰਾਸ਼ਟਰਵਾਦ, ਜਾਂ ਜਿਵੇਂ ਕੁਝ ਲੋਕ ਇਸ ਨੂੰ ਫਿਰਕਾਪ੍ਰਸਤੀ ਕਹਿਣ ਨੂੰ ਤਰਜੀਹ ਦਿੰਦੇ ਹਨ, ਬਸਤੀਵਾਦ ਵਿਰੋਧੀ ਲਹਿਰ ਦੀ ਮੁੱਖਧਾਰਾ ਦੇ ਹਾਸ਼ੀਏ ਉਪਰਲਾ ਵਰਤਾਰਾ ਸੀ। ਉਨ੍ਹਾਂ ਨੇ ਬਸਤੀਵਾਦੀ ਸੱਤਾ ਨਾਲ ਟੱਕਰ ਨਹੀਂ ਲਈ, ਦੋਹਾਂ ਫਿਰਕਾਪ੍ਰਸਤੀਆਂ ਦਾ ਸਭ ਕੁਝ ਤਾਂ ਇਸਲਾਮਿਕ ਜਾਂ ਹਿੰਦੂ ਰਾਜ ਸਥਾਪਤ ਕਰਨ ਦੇ ਹਿੱਤ ਵਿਚ ਇਕ ਦੂਜੇ ਉਪਰ ਹਮਲੇ ਕਰਨ ‘ਤੇ ਕੇਂਦਰਤ ਸੀ। ਬਸਤੀਵਾਦੀ ਸੱਤਾ ਨੂੰ ਹਟਾਉਣ ਉਪਰ ਕੇਂਦਰਤ ਰਹਿਣਾ ਬਹੁਤ ਸਾਰੇ ਬਸਤੀਵਾਦ ਵਿਰੋਧੀ ਰਾਸ਼ਟਰਵਾਦਾਂ ਦੀ ਜਾਗ-ਲਾਊ ਤਾਕਤ (ਕੈਟਾਲਿਸਟ) ਸੀ ਜੋ ਉਨ੍ਹਾਂ ਲਈ ਬਸਤੀ ਦੀ ਲੁੱਟ-ਖਸੁੱਟ ਕਰਨ ਦਾ ਸੰਦ ਸੀ।
ਜਿਸ ਨੂੰ ਅਸੀਂ ਰਾਸ਼ਟਰਵਾਦ ਵਜੋਂ ਲੈਂਦੇ ਹਾਂ, ਉਹ ਤਾਂ ਹੀ ਹਾਂ-ਪੱਖੀ ਤਾਕਤ ਹੋ ਸਕਦਾ ਹੈ, ਜੇ ਇਹ ਫਿਰਕਿਆਂ ਦੀ ਏਕਤਾ ਦੀ ਗੱਲ ਕਰਦਾ ਹੈ। ਜੇ ਇਹ ਪਛਾਣਕਾਰੀ ਦੇ ਕਿਸੇ ਇਕਹਿਰੇ ਕਾਰਕ ਦੇ ਆਧਾਰ ‘ਤੇ ਇਕ ਫਿਰਕੇ ਦੇ ਉਚੇਚੇ ਹੱਕਾਂ ਉਪਰ ਸੱਟ ਮਾਰਦਾ ਹੈ ਤਾਂ ਇਹ ਦੁਫੇੜਪਾਊ ਅਤੇ ਨਾਂਹ-ਪੱਖੀ ਤਾਕਤ ਹੀ ਹੋ ਸਕਦਾ ਹੈ। ਅਸੀਂ 1930ਵਿਆਂ ਵਿਚ ਜਰਮਨੀ ਦੇ ਮਾਮਲੇ ਵਿਚ ਨਾਂਹ-ਪੱਖੀ ਰਾਸ਼ਟਰਵਾਦ ਦੀ ਘੋਰ ਮਿਸਾਲ ਦੇਖ ਚੁੱਕੇ ਹਾਂ ਜਦੋਂ ਨਾਜ਼ੀਆਂ ਨੇ ਆਰੀਆ ਨਸਲ ਦੀ ਸ਼ੁੱਧਤਾ ਅਤੇ ਯੂਰਪੀ ਆਰੀਅਨਾਂ ਦੇ ਪੈਦਾ ਹੋਣ ਦੇ ਖ਼ਿਆਲ ਦਾ ਪ੍ਰਚਾਰ ਕੀਤਾ। ਇਹ ਯੂਰਪੀ ਸਮਾਜ ਬਾਬਤ ਫਾਸ਼ੀਵਾਦੀ ਸਮਝ ਦਾ ਧੁਰਾ ਸੀ ਅਤੇ ਜਰਮਨ ਫਾਸ਼ੀਵਾਦ ਲਈ ਫ਼ੈਸਲਾਕੁਨ ਸੀ। ਇਹ ਇਤਾਲਵੀ ਫਾਸ਼ੀਵਾਦ ਅੰਦਰ ਵੀ ਗ਼ੈਰ-ਹਾਜ਼ਰ ਨਹੀਂ ਸੀ।
ਇਹ ਕਿਹਾ ਜਾਂਦਾ ਸੀ ਕਿ ਆਰੀਅਨ ਨਸਲੀ ਅਤੇ ਸਭਿਆਚਾਰਕ ਤੌਰ ‘ਤੇ ਸ਼੍ਰੇਸ਼ਟ ਹਨ। ਉਨ੍ਹਾਂ ਨੂੰ ਜਰਮਨ ਸਮਾਜ ਵਿਚ ਨਾ ਸਿਰਫ਼ ਤਰਜੀਹ ਦਿਤੀ ਗਈ, ਸਗੋਂ ਇਹ ਦਲੀਲ ਵੀ ਦਿਤੀ ਗਈ ਕਿ ਜਰਮਨ ਸਮਾਜ ਦੀ ਸ਼ੁੱਧਤਾ ਗ਼ੈਰ-ਆਰੀਅਨਾਂ ਦਾ ਸਫ਼ਾਇਆ ਕਰ ਕੇ ਹੀ ਹਾਸਲ ਕੀਤੀ ਜਾ ਸਕਦੀ ਸੀ। ਗ਼ੈਰ-ਆਰੀਅਨ, ਯਹੂਦੀ ਅਤੇ ਖ਼ਾਨਾਬਦੋਸ਼ ਲੋਕ ਸਨ, ਉਨ੍ਹਾਂ ਨੂੰ ਨਾ ਸਿਰਫ਼ ਸਮਾਜ ਵਿਚੋਂ ਛੇਕਿਆ ਗਿਆ, ਸਗੋਂ ਜਿਸਮਾਨੀ ਤੌਰ ‘ਤੇ ਉਨ੍ਹਾਂ ਨੂੰ ਖ਼ਤਮ ਵੀ ਕੀਤਾ ਗਿਆ। ਇਸ ਦਾ ਆਗਾਜ਼ ਉਨ੍ਹਾਂ ਨੂੰ ਵੱਖਰੇ ਤੇ ਅਪਮਾਨਿਤ ਕਰਨ ਤੋਂ ਹੋਇਆ ਅਤੇ ਅੰਤ ਉਨ੍ਹਾਂ ਨੂੰ ਧੱਕੇ ਨਾਲ ਰੇਲ ਗੱਡੀਆਂ ਵਿਚ ਚੜ੍ਹਾ ਕੇ ਤਸੀਹਾ ਕੈਂਪਾਂ ਵਿਚ ਲਿਜਾਣ ਵਿਚ ਹੋਇਆ। ਜਰਮਨੀ ਵਿਚ ਇਸ ਨੂੰ ਆਧੁਨਿਕ ਵਿਗਿਆਨਕ ਤਕਨੀਕਾਂ ਇਸਤੇਮਾਲ ਕਰ ਕੇ ਮਹਾਂਨਾਸ਼ ਅਤੇ ਯਹੂਦੀ ਵਸੋਂ ਦੇ ਸੱਚੀਮੁੱਚੀ ਵਿਨਾਸ਼ ਦੁਆਰਾ ਅੰਜਾਮ ਦਿਤਾ ਗਿਆ। ਉਦਾਰ ਖ਼ਿਆਲਾਂ ਵਾਲੇ ਚਿੰਤਕ ਅਤੇ ਬੁੱਧੀਜੀਵੀ ਹਮਲੇ ਦਾ ਉਚੇਚਾ ਨਿਸ਼ਾਨਾ ਬਣੇ। ਵਿਅੰਗ ਇਹ ਸੀ ਕਿ ਜਰਮਨੀ ਦੇ ਸਮਾਜ ਨਾਲ ਯਹੂਦੀ ਇੰਨਾ ਰਚਮਿਚ ਚੁੱਕੇ ਸਨ ਕਿ ਉਨ੍ਹਾਂ ਦਾ ਜਰਮਨ ਸੰਸਕ੍ਰਿਤੀ, ਵਿਗਿਆਨ ਅਤੇ ਬੌਧਿਕ ਜ਼ਿੰਦਗੀ ਵਿਚ ਵੱਡਾ ਯੋਗਦਾਨ ਸੀ। ਜੋ ਉਥੋਂ ਬਚ ਕੇ ਨਿਕਲ ਗਏ, ਉਹ ਦੂਜੀ ਆਲਮੀ ਜੰਗ ਤੋਂ ਬਾਅਦ ਦੇ ਦੌਰ ਵਿਚ ਯੂਰਪ ਅਤੇ ਅਮਰੀਕਾ ਅੰਦਰਲੀ ਬੌਧਿਕ ਜ਼ਿੰਦਗੀ ਨੂੰ ਅਮੀਰ ਬਣਾਉਣ ਦੇ ਜਾਗ-ਲਾਊ ਸਾਧਨ ਬਣੇ। ਨੁਕਸਾਨ ਫਾਸ਼ੀਵਾਦੀ ਮੁਲਕਾਂ ਦਾ ਹੋਇਆ। ਇਸ ਦਾ ਜ਼ਿਕਰ ਇਸ ਲਈ ਕਰ ਰਹੀ ਹਾਂ, ਕਿਉਂਕਿ ਘੱਟ-ਗਿਣਤੀਆਂ ਨੂੰ ਛੇਕਣ ਦੀਆਂ ਇਸ ਤਰ੍ਹਾਂ ਦੀਆਂ ਭਾਵਨਾਵਾਂ ਸਾਨੂੰ ਸਾਡੇ ਆਪਣੇ ਸਮਾਜ ਅਤੇ ਹੋਰ ਸਮਾਜਾਂ ਵਿਚ ਅਕਸਰ ਸੁਣਨ ਨੂੰ ਮਿਲਦੀਆਂ ਹਨ।
ਜਿਥੇ ਰਾਸ਼ਟਰਵਾਦ ਸੰਮਿਲਤ (ਦੂਜਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ) ਰਿਹਾ, ਉਥੇ ਇਸ ਦੇ ਪ੍ਰਭਾਵ ਵੀ ਹਾਂ-ਪੱਖੀ ਰਹੇ ਹਨ, ਘੱਟੋ-ਘੱਟ ਮੁੱਢ ਵਿਚ। ਇਸ ਤਰ੍ਹਾਂ ਦੇ ਰਾਸ਼ਟਰਵਾਦ (ਅਫ਼ਰੀਕੀ ਰਾਸ਼ਟਰਵਾਦ) ਦਾ ਜ਼ਿਕਰ ਅਸੀਂ ਕਦੇ-ਕਦੇ ਕਰਦੇ ਹਾਂ। ਉਂਜ ਇਸ ਦੀ ਵਿਚਾਰਧਾਰਾ ਹਿੰਦੁਸਤਾਨ ਦੀ ਸਥਿਤੀ ਵਿਚ ਢੁਕਵੀਂ ਹੈ। ਇਹ ਜਿਸ ਖ਼ਿਆਲ ‘ਤੇ ਆਧਾਰਿਤ ਸੀ, ਉਸ ਨੂੰ ਂeਗਰਟੁਦe ਕਿਹਾ ਗਿਆ। ਵਿਚਾਰਧਾਰਾ ਦੇ ਤੌਰ ‘ਤੇ ਇਹ 1930ਵਿਆਂ ਵਿਚ ਕੈਰੀਬੀਅਨ ਮੁਲਕਾਂ ਅੰਦਰੋਂ ਅਤੇ ਹੋਰ ਥਾਂਵਾਂ ਦੇ ਅਫ਼ਰੀਕਨਾਂ ਦੇ ਮੇਲਜੋਲ ਜ਼ਰੀਏ ਉਭਰਿਆ। ਇਸ ਦਾ ਫ਼ੌਰੀ ਪ੍ਰਸੰਗ ਫਰਾਂਸੀਸੀ ਬਸਤੀਵਾਦ ਸੀ। ਐਮੀ ਸੀਸੇਰ, ਲਿਓਪੋਲਡ ਸੈਂਗ਼ਰ ਅਤੇ ਲਿਓਨ ਦਾਮਾ ਨੇ ਇਸ ਖ਼ਿਆਲ ਨੂੰ ਸੂਤਰਬਧ ਕੀਤਾ। ਇਸ ਨੇ ਅਫ਼ਰੀਕਨ ਚੇਤਨਾ ਨੂੰ ਇਕ ਸੂਤਰ ਵਿਚ ਪਰੋ ਦਿਤਾ ਜੋ ਅਫ਼ਰੀਕਾ ਤੋਂ ਲੈ ਕੇ ਕੈਰੀਬੀਅਨ ਖੇਤਰ ਅਤੇ ਉਤਰੀ ਅਮਰੀਕਾ ਤਕ ਫੈਲੀ ਹੋਈ ਸੀ।
ਂeਗਰਟੁਦe ਦੀ ਮੁੱਖ ਧੁਸ ਬਸਤੀਵਾਦ ਵਿਰੋਧੀ ਰਾਸ਼ਟਰਵਾਦ ਦੀ ਸੀ ਜੋ ਮੁੱਢ ਵਿਚ ਯੂਰਪੀ ਗ਼ਲਬੇ ਦੀ ਮਿਸਾਲ ਵਜੋਂ ਫਰਾਂਸੀਸੀ ਬਸਤੀਵਾਦ ਦੀ ਆਲੋਚਨਾ ਕਰਦਾ ਸੀ। ਇਸ ਨੇ ਕਾਲੀ ਅਫ਼ਰੀਕਨ ਪਛਾਣ ਦਾ ਗੁਣਗਾਣ ਕੀਤਾ ਅਤੇ ਸਾਮਰਾਜਵਾਦ ਦੇ ਕਾਲੇ ਆਲੋਚਕਾਂ ਨੂੰ ਇਕ ਸੂਤਰ ਵਿਚ ਪਰੋ ਦਿਤਾ। ਂeਗਰe ਅਪਮਾਨਜਨਕ ਲਫ਼ਜ਼ ਸੀ ਜਿਸ ਦਾ ਭਾਵ ਸੀ ਕਾਲੇ ਲੋਕ। ਇਸ ਨੂੰ ਸੋਚ-ਸਮਝ ਕੇ ਸਿਰ ਪਰਨੇ ਕਰ ਕੇ ਕਾਲੀ ਪਛਾਣ ਦਾ ਹਾਂ-ਪੱਖੀ ਭਾਵ ਦੇ ਦਿਤਾ ਗਿਆ। ਇਕ ਲਿਹਾਜ਼ ਨਾਲ ਇਹ ਉਸ ਵਕਤ ਯੂਰਪ ਵਿਚ ਮਕਬੂਲ ‘ਨਸਲ ਵਿਗਿਆਨ’ ਅਤੇ ਉਸ ਵਿਚਾਰ ਨੂੰ ਚੁਣੌਤੀ ਦੇਣ ਅਤੇ ਉਸ ਦੇ ਵਿਰੋਧ ਦਾ ਪ੍ਰੇਰਕ ਵੀ ਬਣਿਆ ਜੋ ਸਮਝਦਾ ਸੀ ਕਿ ਅਫ਼ਰੀਕਨ ਤਾਂ ਆਦਿ ਕਾਲੀਨ ਅਤੇ ਜਾਹਲ ਲੋਕ ਹਨ। ਂeਗਰਟੁਦe ਕਾਲੇ ਲੇਖਕਾਂ ਦਰਮਿਆਨ ਵੱਡੀ ਸਾਹਿਤਕ ਅਤੇ ਦਾਰਸ਼ਨਿਕ ਲਹਿਰ ਬਣ ਗਿਆ ਜਿਨ੍ਹਾਂ ਵਿਚੋਂ ਬਹੁਤ ਸਾਰਿਆਂ ਨੇ ਧਰਮ ਨਿਰਪੱਖ ਭਵਿਖ-ਨਕਸ਼ੇ ਤੋਂ ਲਿਖਿਆ। ਧਰਮ ਦੀ ਮੁੜ-ਵਿਆਖਿਆ ਅਹਿਮੀਅਤ ਵਾਲਾ ਮਜ਼ਮੂਨ ਸੀ, ਸੰਸਕ੍ਰਿਤੀ ਨੂੰ ਧਰਮ ਵਜੋਂ ਨਹੀਂ, ਸਗੋਂ ਬਹੁਤ ਸਾਰੇ ਸਮੂਹਾਂ ਦੇ ਪੱਧਰ ‘ਤੇ ਉਨ੍ਹਾਂ ਨੂੰ ਆਪਸ ਵਿਚ ਗੰਢਣ ਵਾਲੇ ਵਜੋਂ ਪ੍ਰੀਭਾਸ਼ਤ ਕੀਤਾ ਗਿਆ। ਅਫ਼ਰੀਕਾ ਅਤੇ ਕੈਰੀਬੀਅਨ ਖੇਤਰ ਵਿਚ ਬਸਤੀਕਰਨ ਤੋਂ ਬੰਦਖ਼ਲਾਸੀ ਦੇ ਮੋਹਰੀ ਵਜੋਂ, ਅਤੇ ਅਮਰੀਕਾ ਅੰਦਰ ਗ਼ੁਲਾਮਦਾਰੀ ਵਿਰੋਧੀ ਲਹਿਰ ਨਾਲ ਇਸ ਦੀ ਸਾਂਝ ਦੇ ਕਾਰਨ, ਕਾਲੇ ਰਾਸ਼ਟਰਵਾਦ ਲਈ ਇਹ ਫ਼ੈਸਲਾਕੁਨ ਬਣ ਗਿਆ।
ਮਗਰੋਂ ਜਦੋਂ ਇਹ ਸੋਚ-ਵਿਚਾਰ ਕੀਤੀ ਗਈ ਕਿ ਇਸ ਪ੍ਰੀਭਾਸ਼ਾ ਅੰਦਰ ਨਸਲੀ ਪਛਾਣ ਵੀ ਬਹੁ-ਭਾਂਤੀ ਨਾ ਹੋ ਕੇ ਇਕਵਚਨੀ ਬਣ ਕੇ ਰਹਿ ਗਈ ਸੀ, ਤਾਂ ਇਸ ਦੀ ਵੀ ਆਲੋਚਨਾ ਕੀਤੀ ਗਈ। ਜਿਨ੍ਹਾਂ ਖੇਤਰਾਂ ਅੰਦਰ ਂeਗਰਟੁਦe ਦਾ ਰਸੂਖ਼ ਸੀ, ਉਥੇ ਵਸੋਂ ਅਫ਼ਰੀਕਨਾਂ ਤਕ ਮਹਿਦੂਦ ਨਹੀਂ ਸੀ, ਖ਼ਾਸ ਕਰ ਕੇ ਕੈਰੀਬੀਅਨ ਖੇਤਰ ਅੰਦਰ। ਫਰਾਂਸੀਸੀ ਦਾਰਸ਼ਨਿਕ ਜਾਂ ਪਾਲ ਸਾਰਤਰ ਜੋ ਂeਗਰਟੁਦe ਦਾ ਪ੍ਰਸ਼ੰਸਕ ਸੀ, ਨੇ ਇਸ ਨੂੰ ਨਸਲਵਾਦ ਵਿਰੋਧੀ ਨਸਲਵਾਦ ਕਿਹਾ। ਬਾਅਦ ਵਿਚ, ਕੁਝ ਅਫ਼ਰੀਕਨ ਲੇਖਕ ਇਸ ਕਾਰਨ ਇਸ ਦੇ ਖ਼ਿਲਾਫ਼ ਸਨ, ਕਿਉਂਕਿ ਇਹ ਨਿਆਰੀਆਂ ਨਸਲੀ ਸੰਸਕ੍ਰਿਤੀਆਂ ਅਤੇ ਉਨ੍ਹਾਂ ਦੀਆਂ ਖ਼ਾਸੀਅਤਾਂ ਨੂੰ ਸਵੀਕਾਰ ਕਰਦਾ ਸੀ। ਇਸ ਨੂੰ ਬਸਤੀਵਾਦੀ ਵਿਚਾਰਧਾਰਾ ਨਾਲ ਮਿਲੀਭੁਗਤ ਵਾਲਾ ਮੰਨਿਆ ਗਿਆ। ਹੋਰ ਸਿਧਾਂਤ ਂeਗਰਟੁਦe ਬਾਰੇ ਚਰਚਾ ਵਿਚ ਇਹ ਸਵਾਲ ਉਠਾਉਂਦੇ ਹੋਏ ਦਾਖ਼ਲ ਹੋਏ ਕਿ ਕੀ ਵਖਰੇਵੇਂ ਦੇ ਹੱਕ ਵਿਚ ਦਲੀਲ ਦਿੰਦਿਆਂ ਇਸ ਵਲੋਂ ਜੀਵ-ਵਿਗਿਆਨਕ ਜੜ੍ਹਾਂ ਨੂੰ ਆਧਾਰ ਬਣਾਇਆ ਜਾਂਦਾ ਹੈ ਜਾਂ ਸਭਿਆਚਾਰਕ ਜੜ੍ਹਾਂ ਨੂੰ। ਇਥੇ ਮੈਂ ਜੋ ਨੁਕਤਾ ਉਠਾਉਣਾ ਚਾਹਾਂਗੀ, ਉਹ ਇਹ ਹੈ ਕਿ ਇਤਿਹਾਸਕ ਪ੍ਰਸੰਗ ਵਿਚ ਇਸਤੇਮਾਲ ਕੀਤਾ ਕੋਈ ਲਫ਼ਜ਼ ਕਿਸੇ ਹੋਰ ਪ੍ਰਸੰਗ ਵਿਚ ਵੱਖਰੇ ਤੌਰ ‘ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਲਿਹਾਜ਼ਾ, ਲਫ਼ਜ਼ ਨੂੰ ਲੈ ਕੇ ਚਰਚਾ ਕਰਦਿਆਂ ਇਤਿਹਾਸਕ ਪ੍ਰਸੰਗ ਅਹਿਮ ਹੈ। ਇਸ ਤੋਂ ਬਿਨਾ, ਰਾਸ਼ਟਰਵਾਦ ਦੇ ਨਾਂ ‘ਤੇ ਜੋ ਚਲਦਾ ਹੈ, ਉਸ ਨੂੰ ਵੱਖ-ਵੱਖ ਤਰੀਕਿਆਂ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਜਿਸ ਸਮਾਜ ਦਾ ਇਹ ਹਵਾਲਾ ਦਿੰਦਾ ਹੈ, ਉਸ ਅੰਦਰ ਇਸ ਦੇ ਸਿਆਸੀ ਅਤੇ ਸਭਿਆਚਾਰਕ ਕੰਮ ਨੂੰ ਆਤਮਸਾਤ ਕਰਨ ਲਈ ਇਹ ਜ਼ਰੂਰੀ ਹੈ ਕਿ ਹਰ ਇਕ ਦਾ ਇਤਿਹਾਸਕ ਪ੍ਰਸੰਗ ਤਲਾਸ਼ਿਆ ਜਾਵੇ।
ਹੁਣ ਮੈਂ ਹਿੰਦੁਸਤਾਨੀ ਸਥਿਤੀ ਅਤੇ ਹਿੰਦੁਸਤਾਨ ਵਿਚ ਰਾਸ਼ਟਰਵਾਦੀ ਖ਼ਿਆਲਾਂ ਦੇ ਵਿਕਾਸ-ਅਮਲ ਵੱਲ ਪਰਤਣਾ ਚਾਹਾਂਗੀ। ਇਹ ਬਸਤੀਵਾਦ ਨਾਲ ਬਝਿਆ ਹੋਇਆ ਸੀ। ਇਸ ਉਪ-ਮਹਾਂਦੀਪ ਅੰਦਰਲੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਇਕੋ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੈ ਕਿ ਨਵੇਂ ਰਾਸ਼ਟਰ ਦੇ ਨਾਗਰਿਕਾਂ ਵਜੋਂ ਖ਼ੁਦ ਨੂੰ ਕਿਵੇਂ ਪ੍ਰੀਭਾਸ਼ਤ ਕੀਤਾ ਜਾਵੇ? ਇਹ ਪਛਾਣ ਜਾਂ ਪਛਾਣਾਂ ਦੇ ਸਵਾਲ ਨਾਲ ਸਬੰਧ ਰੱਖਦਾ ਹੈ। ਹਿੰਦੁਸਤਾਨ ਵਿਚ ਅਸੀਂ ਸੋਚਦੇ ਸੀ ਕਿ ਜਵਾਬ ਸਿਧ-ਪਧਰਾ ਸੀ: ਹਿੰਦੁਸਤਾਨੀ ਹੋਣ ਦੀ ਪਛਾਣ ਇਕਹਿਰੀ ਹੈ, ਪਰ ਹਕੀਕਤ ਨੇ ਇਸ ਨੂੰ ਪੇਚੀਦਾ ਸਵਾਲ ਬਣਾ ਦਿਤਾ ਹੈ; ਕਿਉਂਕਿ ਇਕਹਿਰੀ ਪਛਾਣ ਵੀ ਬਾਕੀਆਂ ਨੂੰ ਆਪਣੇ ਵਿਚ ਸਮੋ ਸਕਦੀ ਹੈ। ਜਿਸ ਸੁਪਨ-ਸੰਸਾਰ ਦੀ ਅਸੀਂ ਖਾਹਸ਼ ਪਾਲੀ ਸੀ, ਉਸ ਨੇ ਟਕਰਾਓ ਵਾਲੀਆਂ ਪਛਾਣਾਂ ਨਾਲ ਸਾਹਮਣਾ ਹੋਣ ‘ਤੇ ਪਿਛਲਮੋੜਾ ਕੱਟ ਲਿਆ ਹੈ।
ਸਕੂਲਾਂ ਅੰਦਰ ਅਤੇ ਬਾਅਦ ਵਿਚ ਸਾਨੂੰ ਜੋ ਇਤਿਹਾਸ ਪੜ੍ਹਾਇਆ ਗਿਆ, ਉਹ ਉਸ ਜਾਣਕਾਰੀ ਦੇ ਆਧਾਰ ‘ਤੇ ਅਤੀਤ ਦੀ ਨੁਮਾਇੰਦਗੀ ਕਰਦਾ ਸੀ ਜੋ ਅਸੀਂ ਅਤੀਤ ਵਿਚੋਂ ਜੁਟਾਈ ਸੀ। ਬਸਤੀਵਾਦੀ ਵਿਦਵਾਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਬਸਤੀ ਦਾ ਇਤਿਹਾਸ ਇਸ ਲਈ ਲਿਖਿਆ ਜਾ ਰਿਹਾ ਸੀ, ਕਿਉਂਕਿ ਕਾਲਪਨਿਕ ਤੌਰ ‘ਤੇ ਬਸਤੀ ਦੀਆਂ ਸੰਸਕ੍ਰਿਤੀਆਂ ਵਿਚ ਇਤਿਹਾਸਕ ਲਿਖਤਾਂ ਨਹੀਂ ਮਿਲਦੀਆਂ। ਲਿਹਾਜ਼ਾ, ਬਸਤੀਵਾਦੀ ਵਿਦਵਾਨਾਂ ਨੂੰ ਇਸ ਖਿੱਤੇ ਲਈ ਇਤਿਹਾਸ ਦੀ ਰਚਨਾ ਕਰਨੀ ਹੋਵੇਗੀ ਅਤੇ ਉਹ ਇਸ ਮਿਸ਼ਨ ‘ਤੇ ਨਿਕਲ ਤੁਰੇ; ਜਦੋਂ ਇਸ ਇਤਿਹਾਸ ਦਾ ਇਸਤੇਮਾਲ ਪਛਾਣਾਂ ਦੀ ਰਚਨਾ ਕਰਨ ਲਈ ਕੀਤਾ ਗਿਆ ਜੋ ਸਿਰਫ਼ ਵਰਤਮਾਨ ਲਈ ਪ੍ਰਸੰਗਕ ਸਨ, ਪਰ ਕੀਤਾ ਇਸ ਦਾਅਵੇ ਨਾਲ ਗਿਆ ਕਿ ਇਨ੍ਹਾਂ ਦੀਆਂ ਜੜ੍ਹਾਂ ਅਤੀਤ ਵਿਚ ਪਈਆਂ ਹਨ, ਤਾਂ ਅਸਲ ਜੜ੍ਹਾਂ ਨੂੰ ਤਲਾਸ਼ਣ ਲਈ ਅਤੀਤ ਨੂੰ ਉਧੇੜਨਾ ਉਨ੍ਹਾਂ ਇਤਿਹਾਸਕਾਰਾਂ ਲਈ ਜ਼ਰੂਰੀ ਹੋ ਗਿਆ ਜੋ ਵਧੇਰੇ ਸਮਕਾਲੀ ਸਨ। ਉਧੇੜਨ ਦੇ ਇਸ ਅਮਲ ਵਿਚ, ਇਹ ਅਹਿਸਾਸ ਹੁੰਦਾ ਹੈ ਕਿ ਅਤੀਤ ਉਹ ਤਬਦੀਲੀਆਂ ਦਰਜ ਕਰਦਾ ਹੈ ਜੋ ਇਸ ਦੀ ਨੁਮਾਇੰਦਗੀ ਬਦਲ ਸਕਦੀਆਂ ਸਨ। ਅਤੀਤ ਜੜ੍ਹ ਨਹੀਂ ਰਹਿੰਦਾ।
ਜਿਸ ਸ਼ਕਲ ‘ਚ ਅਤੀਤ ਸਾਨੂੰ ਬਸਤੀਵਾਦੀ ਵਿਦਵਤਾ ਤੋਂ ਵਿਰਾਸਤ ਵਿਚ ਮਿਲਿਆ, ਉਸ ਦੀ ਰਚਨਾ ਦੀ ਚੀਰਫਾੜ ਕਰਦਿਆਂ ਇਹ ਦੇਖਣ ਵਿਚ ਆਇਆ ਕਿ ਰਾਸ਼ਟਰਵਾਦੀ ਸੋਚ ਦੇ ਨੈਣ-ਨਕਸ਼ ਇਸੇ ਬਸਤੀਵਾਦੀ ਵਿਰਾਸਤ ਤੋਂ ਉਧਾਰ ਲਏ ਗਏ ਸਨ। ਹਿੰਦੁਸਤਾਨ ਵਿਚ ਅਤੀਤ ਦੀ ਬਸਤੀਵਾਦੀ ਮੁੜ-ਘਾੜਤ ਉਹ ਅਫ਼ੀਮ ਸੀ ਜਿਸ ਦੀ ਗੱਲ ਹਾਬਸਵਾਮ ਕਰਦਾ ਹੈ। ਰਾਸ਼ਟਰਵਾਦ ਬਹੁਤ ਸਾਰੀਆਂ ਪਛਾਣਾਂ ਨੂੰ ਤੋੜ-ਮਰੋੜ ਕੇ ਅਤੇ ਸਮੁੱਚੇ ਸਮਾਜ ਨੂੰ ਆਪਣੇ ਵਿਚ ਸ਼ਾਮਲ ਕਰਨ ਦੀ ਰੀਝ ਨਾਲ ਉਸਾਰਿਆ ਗਿਆ ਸੀ। ਇਹ ਰਾਸ਼ਟਰ ਨੂੰ ਇਕਹਿਰੀ ਪਛਾਣ ਦੇ ਆਧਾਰ ‘ਤੇ ਪ੍ਰੀਭਾਸ਼ਤ ਕਰਨ ਦੇ ਖ਼ਿਲਾਫ਼ ਸੀ ਜਿਸ ਨੂੰ ਬਾਕੀਆਂ ਨਾਲੋਂ ਸ਼੍ਰੇਸ਼ਟ ਵਜੋਂ ਪੇਸ਼ ਕੀਤਾ ਗਿਆ ਹੋਵੇ। ਸ਼੍ਰੇਸ਼ਟਤਾ ਦੇ ਇਸ ਦਾਅਵੇ ਖ਼ਾਤਰ, ਕਾਲਪਨਿਕ ਤੌਰ ‘ਤੇ ਸ਼੍ਰੇਸ਼ਟ ਸਮੂਹ ਦੇ ਬੋਲਬਾਲੇ ਦੀ ਹਾਮੀ ਭਰਨ ਲਈ ਮਨਘੜਤ ਇਤਿਹਾਸ ਪੇਸ਼ ਕੀਤਾ ਜਾਂਦਾ ਹੈ। ਨਿਸ਼ਚੇ ਹੀ ਸਾਰਿਆਂ ਨੂੰ ਨਾਲ ਲੈ ਕੇ ਚਲਣ ਦੀ ਗੱਲ ਸਮੱਸਿਆ ਹੈ, ਕਿਉਂਕਿ ਮੁੱਢ ਕਦੀਮ ਤੋਂ ਲੈ ਕੇ ਹਰ ਸਮਾਜ ਨੇ ਬਰਾਬਰੀ ਦੀ ਜ਼ਰੂਰਤ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਕੁਝ ਦੇ ਬੋਲਬਾਲੇ ਅਤੇ ਬਾਕੀਆਂ ਦੀ ਮਤਹਿਤ ਹੈਸੀਅਤ ਨੂੰ ਸਵੀਕਾਰਿਆ ਹੈ। ਇਹ ਅਕਸਰ ਹੀ ਟਕਰਾਓ ਦੇ ਮੁੱਦੇ ਬਣ ਜਾਂਦੇ ਹਨ। ਇਉਂ ਨਾਬਰਾਬਰੀ ਦੀ ਪੇਸ਼ੀਨਗੋਈ ਕੀਤੀ ਹੀ ਸਕਦੀ ਹੈ ਅਤੇ ਇਸ ਦਾ ਨਤੀਜਾ ਉਭਰ ਕੇ ਸਾਹਮਣੇ ਆਉਣ ਲਈ ਮੁਕਾਬਲੇਬਾਜ਼ੀ ਵਿਚ ਜੁਟੀਆਂ ਅਨੇਕ ਪਛਾਣਾਂ ਦੇ ਰੂਪ ਵਿਚ ਨਿਕਲਦਾ ਹੈ। ਫਿਰ ਵੀ ਸਮਾਨਤਾਵਾਦੀ ਸਮਾਜ, ਜਾਂ ਮੁਕਾਬਲਤਨ ਐਸੇ ਸਮਾਜ, ਦੀ ਖਾਹਸ਼ ਭਵਿੱਖੀ ਸੁਪਨ-ਸੰਸਾਰਾਂ ਦੀ ਕਲਪਨਾ ਕਰਨ ਵਿਚਲੀ ਖ਼ਾਸੀਅਤ ਚਲੀ ਆ ਰਹੀ ਹੈ।
ਹਿੰਦੁਸਤਾਨ ਵਿਚ ਸਾਡੇ ਬਸਤੀਵਾਦ ਤੋਂ ਬਾਅਦ ਦੇ ਅਜੋਕੇ ਦੌਰ ਅੰਦਰ ਰਾਸ਼ਟਰਵਾਦ ਦੇ ਸਮਕਾਲੀ ਅਰਸੇ ਦੀਆਂ ਅਨੇਕ ਪਛਾਣਾਂ ਸਾਹਮਣੇ ਆਈਆਂ ਹਨ ਅਤੇ ਪ੍ਰਤੱਖ ਬਣ ਗਈਆਂ ਹਨ, ਪਰ ਇਤਿਹਾਸਕ ਪ੍ਰਸੰਗ ਲਗਾਤਾਰ ਬਦਲ ਰਿਹਾ ਹੈ। ਹਰ ਪਛਾਣ ਆਪਣੇ ਲਈ ਤਰਜੀਹ ਦੀ ਮੰਗ ਕਰਦੀ ਹੈ ਅਤੇ ਉਚੇਚਾ ਵਿਹਾਰ ਕਰਨ ਲਈ ਕਹਿੰਦੀ ਹੈ। ਇਸ ਨੂੰ ਲਾਮਬੰਦੀ ਦਾ ਸਾਧਨ ਬਣਾਇਆ ਜਾਂਦਾ ਹੈ। ਪੁਰਾਣੇ ਬਸਤੀਵਾਦ ਵਿਰੋਧੀ ਰਾਸ਼ਟਰਵਾਦ ਦੀ ਸੰਮਿਲਤ ਖ਼ੂਬੀ ਦਰਕਿਨਾਰ ਕਰ ਦਿਤੀ ਜਾਂਦੀ ਹੈ। ਅਤੀਤ ਵਿਚੋਂ ਵਾਜਬੀਅਤ ਦਾ ਦਾਅਵਾ ਕਰਦਿਆਂ, ਅਤੀਤ ਖ਼ੁਦ ਨੂੰ ਉਸ ਸਮੁਚ ਵਿਚ ਬਦਲ ਲੈਂਦਾ ਹੈ ਜੋ ਵਰਤਮਾਨ ਅੰਦਰ ਜ਼ਿਆਦਾ ਮੁਨਾਸਬ ਹੁੰਦਾ ਹੈ। ਇਤਿਹਾਸਕ ਗਿਆਨ ਦੀ ਥਾਹ ਪਾਉਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਹਕੀਕਤ ਵਿਚ ਜੋ ਵਾਪਰਿਆ ਹੈ ਉਸ ਨੂੰ ਧਰਮ ਦੇ ਧੁਨੰਤਰ ਹੋਣ ਦਾ ਪਾਖੰਡ ਕਰਨ ਵਾਲੇ ਸਿਆਸੀ ਸਿਧਾਂਤਕਾਰਾਂ ਦੀ ਖਾਮਖ਼ਿਆਲੀ ਤੋਂ ਅੱਡ ਕੀਤਾ ਜਾਵੇ।
(ਚਲਦਾ)