ਗੁਰਿੰਦਰ ਭਰਤਗੜ੍ਹੀਆ
ਫੋਨ: 91-94633-38669
ਪੈਸਾ ਅਤੇ ਤਾਕਤ ਹਾਸਲ ਕਰਨ ਲਈ ਮਰਨ ਵਾਲਿਆਂ ਦੀ ਗਿਣਤੀ ਬੇਹਿਸਾਬ ਹੈ, ਪਰ ਪਿਆਰ ਲਈ ਪੈਸਾ ਅਤੇ ਤਾਕਤ ਤਿਆਗਣ ਲਈ ਫੈਸਲਾ ਕਰ ਸਕਣ ਵਾਲੇ ਸਦੀਆਂ ਬਾਅਦ ਹੀ ਉਂਗਲਾਂ ‘ਤੇ ਗਿਣਨ ਜੋਗੇ ਜੰਮਦੇ ਹਨ। ਇਨ੍ਹਾਂ ਚੰਦ ਕੁ ਸ਼ਖਸੀਅਤਾਂ ਵਿਚ ਫਰਾਂਸ ਦੀ ਮਲਕਾ ਯੂਜੀਨੀ ਵੀ ਸ਼ਾਮਲ ਹੈ। ਇਸ ਦੇ ਛੁਪੇ ਰਹਿਣ ਦਾ ਕਾਰਨ ਉਸ ਵੱਲੋਂ ਕੀਤਾ ਗਿਆ ਫੈਸਲਾ ਸਮੇਂ ਸਿਰ ਨਸ਼ਰ ਨਾ ਹੋ ਸਕਣਾ ਸੀ। ਜੇ ਨੈਪੋਲੀਅਨ ਤੀਜੇ ਨਾਲ ਵਿਆਹ ਤੋਂ ਪਹਿਲੀ ਰਾਤ ਕਿਤੇ ਸਪੇਨ ਦੇ ਨੌਜਵਾਨ ਨੇ ਯੂਜੀਨੀ ਦੀ ਪੇਸ਼ਕਸ਼ ਮੰਨ ਲਈ ਹੁੰਦੀ ਤਾਂ ਉਹ ਫਰਾਂਸ ਦੀ ਮਲਕਾ ਨਾ ਬਣਦੀ।
ਯੂਜੀਨੀ ਦਾ ਜਨਮ 1826 ਵਿਚ ਕੌਂਟ ਡੀ ਮੌਂਟੀਜੋ ਦੇ ਘਰ ਮਾਰੀਆ ਮਾਨਸਲਾ ਕਿਰਕਪੈਤਰਾ ਦੀ ਕੁੱਖੋਂ ਹੋਇਆ। ਕਿਰਕਪੈਤਰਾ ਮਾਲਾਗਾ ਵਿਚ ਅਮਰੀਕੀ ਕੌਂਸਲਰ ਦੀ ਬੇਟੀ ਸੀ। ਯੂਜੀਨੀ ਨੇ ਛੋਟੇ ਹੁੰਦਿਆਂ ਸਿੱਕੇ ਉਪਰ ਨੈਪੋਲੀਅਨ ਦੀ ਉਕਰੀ ਤਸਵੀਰ ਦੇਖੀ ਸੀ, ਤੇ ਇੰਜ ਉਹ ਬਾਦਸ਼ਾਹਤ ਦੇ ਪ੍ਰਭਾਵ ਨੂੰ ਮਹਿਸੂਸ ਕਰਦੀ ਸੀ। ਨੈਪੋਲੀਅਨ ਦਾ ਭਤੀਜਾ ਲੂਈਸ ਨੈਪੋਲੀਅਨ 1808 ਵਿਚ ਜੰਮਿਆ ਸੀ।
ਫਰਾਂਸੀਸੀ ਲੋਕਾਂ ‘ਤੇ ਨੈਪੋਲੀਅਨ ਹਕੂਮਤ ਦਾ ਇੰਨਾ ਜ਼ਿਆਦਾ ਪ੍ਰਭਾਵ ਸੀ ਕਿ ਇਸ ਪ੍ਰਭਾਵ ਕਾਰਨ ਹੀ ਲੂਈਸ 1848 ਦੇ ਇਨਕਲਾਬ ਦੇ ਚਾਰ ਸਾਲ ਬਾਅਦ ਰਾਸ਼ਟਰਪਤੀ ਚੁਣਿਆ ਗਿਆ। ਰਾਸ਼ਟਰਪਤੀ ਕਾਲ ਦੌਰਾਨ ਇਕ ਦਿਨ ਉਹ ਸ਼ਿਕਾਰ ਖੇਡਣ ਗਿਆ ਤਾਂ ਉਸ ਦੀ ਨਜ਼ਰ ਯੂਜੀਨੀ ‘ਤੇ ਪੈ ਗਈ। ਉਹ ਉਸ ਨੂੰ ਦੇਖਦਿਆਂ ਹੀ ਉਸ ਦੀ ਖੂਬਸੂਰਤੀ ਉਤੇ ਲੱਟੂ ਹੋ ਗਿਆ। ਉਸ ਦੇ ਭੂਰੇ ਵਾਲ ਅਤੇ ਨੀਲੀਆਂ ਅੱਖਾਂ! ਲੂਈਸ ਹੋਸ਼ ਗਵਾ ਬੈਠਾ। ਉਸ ਨੇ ਯੂਜੀਨੀ ਨੂੰ ਚੁੰਮਣ ਦੀ ਕੋਸ਼ਿਸ਼ ਕੀਤੀ। ਯੂਜੀਨੀ ਨੇ ਇਸ ਕਰ ਕੇ ਨਾਂਹ ਕਰ ਦਿਤੀ ਕਿ ਉਹ ਆਪਣੀ ਮਾਂ ਦੀ ਇਜਾਜ਼ਤ ਤੋਂ ਬਿਨਾ ਕਿਸੇ ਮਰਦ ਨੂੰ ਚੁੰਮਣ ਨਹੀਂ ਦੇਵੇਗੀ। ਇਸ ਇਨਕਾਰ ਦਾ ਲੂਈਸ ‘ਤੇ ਹੋਰ ਚੰਗਾ ਅਸਰ ਪਿਆ। ਉਸ ਸਮੇਂ ਇਹ ਗੱਲ ਆਮ ਜਾਣੀ ਜਾਂਦੀ ਸੀ ਕਿ ਕੋਈ ਵੀ ਲੜਕੀ ਲੂਈਸ ਅੱਗੇ ਸਹਿਜੇ ਹੀ ਸਮਰਪਣ ਕਰ ਜਾਂਦੀ ਸੀ। ਅਜਿਹਾ ਕਦੇ ਵੀ ਨਹੀਂ ਹੋਇਆ ਸੀ ਕਿ ਲੂਈਸ ਨੂੰ ਅਜਿਹਾ ਇਨਕਾਰ ਸੁਣਨਾ ਪਿਆ ਹੋਵੇ।
ਇਸੇ ਦੌਰਾਨ ਯੂਜੀਨੀ ਦੇ ਦਿਲ ਵਿਚ ਇਕ ਹੋਰ ਹਲਚਲ ਸੀ। ਉਹ ਇਕ ਸਪੇਨੀ ਨੌਜਵਾਨ ਨੂੰ ਦਿਲੋਂ ਬੇਹੱਦ ਪਿਆਰ ਕਰਦੀ ਸੀ, ਪਰ ਇਹ ਨੌਜਵਾਨ ਯੂਜੀਨੀ ਦੀ ਭੈਣ ‘ਤੇ ਆਸ਼ਕ ਸੀ। ਦਿਲਚਸਪ ਗੱਲ ਇਹ ਸੀ ਕਿ ਯੂਜੀਨੀ ਦੀ ਭੈਣ ਨੇ ਇਸ ਨੌਜਵਾਨ ਨੂੰ ਕੋਈ ਹੁੰਗਾਰਾ ਨਹੀਂ ਸੀ ਭਰਿਆ। ਦੂਜੇ ਪਾਸੇ ਲੂਈਸ ਦੀ 20 ਦਸੰਬਰ 1851 ਤੋਂ ਪੁਜ਼ੀਸ਼ਨ ਹੋਰ ਮਜ਼ਬੂਤ ਹੋ ਗਈ ਸੀ। ਉਸ ਨੇ ਰਾਇਸ਼ੁਮਾਰੀ ਕਰਵਾਈ ਅਤੇ ਬਾਦਸ਼ਾਹ ਚੁਣਿਆ ਗਿਆ। ਉਸ ਨੂੰ ਨੈਪੋਲੀਅਨ ਤੀਜੇ ਵਜੋਂ ਜਾਣਿਆ ਜਾਣ ਲੱਗਿਆ।
ਬਾਦਸ਼ਾਹ ਨੈਪੋਲੀਅਨ ਤੀਜੇ ਦਾ ਧਿਆਨ ਹੁਣ ਵਿਆਹ ਕਰਵਾਉਣ ਵੱਲ ਸੀ। ਅਸਲ ਵਿਚ ਉਸ ਦੀ ਇੱਛਾ ਕਿਸੇ ਸ਼ਾਹੀ ਖਾਨਦਾਨ ਵਿਚ ਵਿਆਹ ਕਰਵਾਉਣ ਦੀ ਸੀ, ਪਰ ਯੂਜੀਨੀ ਨਾਲ ਵਾਪਰੀ ਘਟਨਾ ਨੇ ਉਸ ਦੇ ਵਿਚਾਰ ਬਦਲ ਦਿਤੇ। ਬਾਦਸ਼ਾਹ ਨੇ ਯੂਜੀਨੀ ਨਾਲ ਵਿਆਹ ਕਰਵਾਉਣ ਦੀ ਪੇਸ਼ਕਸ਼ ਸਪੇਨ ਵਿਚ ਉਸ ਦੇ ਘਰ ਭੇਜੀ। ਯੂਜੀਨੀ ਦੀ ਮਾਂ ਖੁਸ਼ੀ ਨਾਲ ਫੁੱਲੀ ਨਾ ਸਮਾਈ। ਭਲਾ ਕੌਣ ਇਨਕਾਰ ਕਰ ਸਕਦਾ ਹੈ ਐਡੇ ਰਿਸ਼ਤੇ ਤੋਂ! ਯੂਜੀਨੀ ਦੀ ਮਾਂ 22 ਜਨਵਰੀ 1853 ਨੂੰ ਨੈਪੋਲੀਅਨ ਤੀਜੇ ਕੋਲ ਆਈ ਅਤੇ ਇਸ ਵਿਆਹ ਲਈ ਆਪਣੇ ਵੱਲੋਂ ਸਹਿਮਤੀ ਦੇ ਦਿਤੀ। ਦੋਹਾਂ ਦੀ ਮੰਗਣੀ ਹੋ ਗਈ ਅਤੇ 29 ਜਨਵਰੀ 1853 ਵਿਆਹ ਦੀ ਤਰੀਕ ਨਿਸ਼ਚਿਤ ਹੋ ਗਈ। ਇਹ ਵਿਆਹ ਕੈਥਡਰਲ ਵਿਖੇ ਹੋਣਾ ਤੈਅ ਹੋਇਆ।
ਯੂਜੀਨੀ ਨੂੰ ਇਹ ਫੈਸਲਾ ਦਿਲੋਂ ਪਸੰਦ ਨਹੀਂ ਸੀ। ਉਸ ਨੇ ਸਪੇਨੀ ਨੌਜਵਾਨ ਦੀ ਤਲਾਸ਼ ਕੀਤੀ, ਕਿਉਂਕਿ ਉਹ ਇਸ ਨੌਜਵਾਨ ਨੂੰ ਬਚਪਨ ਤੋਂ ਹੀ ਪਿਆਰ ਕਰਦੀ ਸੀ। ਉਸ ਨੂੰ ਪਤਾ ਲੱਗਿਆ ਕਿ ਇਹ ਨੌਜਵਾਨ ਪੈਰਿਸ ਵਿਚ ਇਕਾਂਤਮਈ ਜੀਵਨ ਬਿਤਾ ਰਿਹਾ ਹੈ। ਯੂਜੀਨੀ ਨੇ ਦਲੇਰੀ ਦਿਖਾਈ ਅਤੇ 28 ਜਨਵਰੀ ਦੀ ਰਾਤ ਨੂੰ ਕਾਲੇ ਰੰਗ ਦਾ ਪਹਿਰਾਵਾ ਪਾ ਕੇ ਅਤੇ ਟਮਟਮ ਵਿਚ ਸਵਾਰ ਹੋ ਕੇ ਉਸ ਨੌਜਵਾਨ ਦੇ ਘਰ ਜਾ ਪਹੁੰਚੀ।
ਯੂਜੀਨੀ ਨੇ ਨੌਜਵਾਨ ਦੇ ਘਰ ਦਾ ਦਰਵਾਜ਼ਾ ਖੜਕਾਇਆ। ਉਸ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਦਰਵਾਜ਼ੇ ‘ਤੇ ਯੂਜੀਨੀ ਖੜ੍ਹੀ ਹੈ। ਯੂਜੀਨੀ ਇਕਦਮ ਕਮਰੇ ਵਿਚ ਦਾਖਲ ਹੋਈ ਅਤੇ ਉਸ ਨੂੰ ਦੱਸਿਆ, “ਕੱਲ੍ਹ ਨੂੰ ਮੈਂ ਫਰਾਂਸ ਦੀ ਮਹਾਰਾਣੀ ਬਣ ਜਾਣਾ ਹੈ, ਪਰ ਮੈਂ ਅਜੇ ਵੀ ਤੈਨੂੰ ਪਿਆਰ ਕਰਦੀ ਹਾਂ ਤੇ ਇਸ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹਾਂ। ਜੇ ‘ਹਾਂ’ ਕਰੇਂ ਤਾਂ ਮੈਂ ਗੱਦੀ ਅਤੇ ਦੌਲਤ ਨੂੰ ਲੱਤ ਮਾਰ ਕੇ ਤੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ। ਤੇਰੇ ਵਰਗਾ ਮੈਨੂੰ ਕੋਈ ਨਜ਼ਰ ਨਹੀਂ ਆ ਰਿਹਾ। ਮੈਂ ਹਮੇਸ਼ਾ ਲਈ ਤੇਰੀ ਹਾਂ।”
ਨੌਜਵਾਨ ਨੇ ਉਦਾਸ ਸੁਰ ਵਿਚ ਉਤਰ ਦਿਤਾ, “ਮੈਂ ਤੇਰੀ ਭੈਣ ਨੂੰ ਪਿਆਰ ਕਰਦਾ ਹਾਂ। ਉਸ ਨੇ ਭਾਵੇਂ ਕਦੇ ਹੁੰਗਾਰਾ ਨਹੀਂ ਭਰਿਆ, ਪਰ ਮੈਂ ਉਸ ਨੂੰ ਆਪਣਾ ਦਿਲ ਦੇ ਬੈਠਾ ਹਾਂ। ਮੈਂ ਹੋਰ ਕਿਸੇ ਨਾਲ ਪਿਆਰ ਜਾਂ ਵਿਆਹ ਬਾਰੇ ਸੋਚ ਵੀ ਨਹੀਂ ਸਕਦਾ।”
“ਤਾਂ ਫਿਰ ਕੱਲ੍ਹ ਨੂੰ ਮੇਰਾ ਨੈਪੋਲੀਅਨ ਤੀਜੇ ਨਾਲ ਵਿਆਹ ਹੋ ਜਾਵੇਗਾ ਅਤੇ ਮੈਂ ਫਰਾਂਸ ਦੀ ਮਹਾਰਾਣੀ ਕਹਾਵਾਂਗੀ।” ਮਾਹੌਲ ਪੂਰੀ ਤਰ੍ਹਾਂ ਉਦਾਸੀ ਵਿਚ ਬਦਲ ਗਿਆ ਸੀ। ਯੂਜੀਨੀ ਦੇ ਇਨ੍ਹਾਂ ਸ਼ਬਦਾਂ ਦਾ ਉਦਾਸ ਸੁਰ ਵਿਚ ਉਤਰ ਦਿੰਦਿਆਂ ਨੌਜਵਾਨ ਨੇ ਕਿਹਾ, “ਮੈਂ ਤੁਹਾਡਾ ਸਭ ਤੋਂ ਵੱਧ ਵਫਾਦਾਰ ਅਤੇ ਆਗਿਆਕਾਰ ਹੋਵਾਂਗਾ।” ਨੌਜਵਾਨ ਨੇ ਰਸਮੀ ਤੌਰ ‘ਤੇ ਸਿਰ ਨਿਵਾ ਕੇ ਯੂਜੀਨੀ ਦਾ ਹੱਥ ਚੁੰਮਿਆ। ਇੰਜ ਇਹ ਘਟਨਾ ਇਤਿਹਾਸ ਦੇ ਪੰਨਿਆਂ ‘ਤੇ ਦਰਜ ਹੁੰਦੀ-ਹੁੰਦੀ ਆਖਰੀ ਪਲਾਂ ‘ਤੇ ਆ ਕੇ ਰੁਕ ਗਈ।
1870 ਦੀ ਫਰਾਂਸ-ਜਰਮਨੀ ਵਿਚਾਲੇ ਲੜਾਈ ਵਿਚ ਫਰਾਂਸ ਦੀ ਹਾਰ ਹੋਈ। ਨੈਪੋਲੀਅਨ ਤੀਜੇ ਨੇ ਆਤਮ-ਸਮਰਪਣ ਕਰ ਦਿੱਤਾ। ਜਰਮਨਾਂ ਨੇ ਉਸ ਨੂੰ ਰਿਹਾ ਕਰ ਦਿਤਾ ਤੇ ਉਸ ਨੂੰ ਇੰਗਲੈਂਡ ਵਿਚ ਰਹਿਣ ਦੀ ਇਜਾਜ਼ਤ ਮਿਲ ਗਈ। ਉਸ ਦੀ ਗੈਰ-ਹਾਜ਼ਰੀ ਵਿਚ ਯੂਜੀਨੀ ਨੇ 1859, 1865 ਅਤੇ 1870 ਵਿਚ ਰਾਜ-ਭਾਗ ਸੰਭਾਲਿਆ। ਸੰਨ 1885 ਵਿਚ ਮਹਾਰਾਣੀ ਯੂਜੀਨੀ ਨੇ ਸਵੈਜੀਵਨੀ ‘ਸਮ ਰੀਕੁਲੈਕਸ਼ਨਜ਼ ਫਰਾਮ ਮਾਈ ਲਾਈਫ’ ਲਿਖੀ ਅਤੇ 1920 ਵਿਚ ਮੈਡਰਿਕ ਵਿਖੇ ਸਦਾ ਲਈ ਖਾਮੋਸ਼ ਹੋ ਗਈ।