ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਪਿੰਡ ਧਾਮੀਆਂ ਕਲਾਂ, ਥਾਣਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਜੰਮੇ ਬੱਬਰ ਦਲੀਪ ਸਿੰਘ ਅਤੇ ਕਈ ਹੋਰ ਬੱਬਰਾਂ ਨੇ ਦੇਸ਼ ਦੀ ਆਜ਼ਾਦੀ ਦੇ ਘੋਲ ਵਿਚ ਅਹਿਮ ਰੋਲ ਅਦਾ ਕੀਤਾ। ਪਿੰਡ ਧਾਮੀਆਂ ਕਲਾਂ ਕਸਬਾ ਸ਼ਾਮ ਚੌਰਾਸੀ ਤੋਂ ਹਰਿਆਣਾ (ਕਸਬਾ) ਜਾਣ ਵਾਲੀ ਸੜਕ ਉਤੇ ਦੋ ਕੁ ਮੀਲ ‘ਤੇ ਉਤਰ ਵਾਲੇ ਪਾਸੇ ਹੈ। ਇਸ ਪਿੰਡ ਦੀ ਮੋਹੜੀ ਧਾਮੀ ਗੋਤ ਦੇ ਜੱਟ ਨੇ ਪਿੰਡ ਪਿੱਪਲਾਂ ਵਾਲਾ (ਹੁਸ਼ਿਆਰਪੁਰ ਤੋਂ ਜਲੰਧਰ ਵਾਲੀ ਸੜਕ ‘ਤੇ) ਤੋਂ ਆ ਕੇ ਗੱਡੀ ਸੀ। ਇਸ ਇਲਾਕੇ ਵਿਚ ਧਾਮੀ ਗੋਤ ਦੇ ਹੋਰ ਵੀ ਕਈ ਪਿੰਡ ਹਨ।
ਬੱਬਰ ਦਲੀਪ ਸਿੰਘ ਉਰਫ ਦਲੀਪਾ ਦੇ ਪਿਤਾ ਦਾ ਨਾਂ ਲਾਭ ਸਿੰਘ ਸੀ। ਇਸੇ ਪਿੰਡ ਦੇ ਇਸੇ ਨਾਂ ਦੇ ਇਕ ਹੋਰ ਬੱਬਰ ਬਾਬੂ ਦਲੀਪ ਸਿੰਘ ਵਲਦ ਈਸ਼ਰ ਸਿੰਘ ਅਤੇ ਪਿਆਰਾ ਸਿੰਘ ਵਲਦ ਪੂਰਨ ਸਿੰਘ ਸਨ। ਇਨ੍ਹਾਂ ਦੋਹਾਂ ਨੂੰ ਕਾਲੇ ਪਾਣੀ ਅਤੇ ਉਮਰ ਕੈਦ ਦੀ ਸਜ਼ਾ ਹੋਈ ਸੀ।
ਬੱਬਰ ਦਲੀਪੇ ਨੂੰ ਬਾਕੀ ਸਾਰੇ ਬੱਬਰ ਭੁਚੰਗੀ ਆਖ ਕੇ ਬੁਲਾਉਂਦੇ ਸਨ, ਕਿਉਂਕਿ ਬੱਬਰ ਲਹਿਰ ਵਿਚ ਸ਼ਾਮਲ ਹੋਣ ਸਮੇਂ ਉਹ ਸੋਲਾਂ ਕੁ ਸਾਲ ਦਾ ਸੀ ਅਤੇ ਫਾਂਸੀ ਲੱਗਣ ਸਮੇਂ ਸਿਰਫ 18 ਸਾਲ ਦਾ। ਫਾਂਸੀ ਲੱਗਣ ਵਾਲੇ ਕੈਦੀਆਂ ਦਾ ਫਾਂਸੀ ਦੀ ਤਰੀਕ ਤੋਂ ਹਫਤਾ ਕੁ ਪਹਿਲਾਂ ਹਰ ਰੋਜ਼ ਭਾਰ ਤੋਲਿਆ ਜਾਂਦਾ ਸੀ। ਉਸ (ਦਲੀਪ) ਦੇ ਨਾਲ ਫਾਂਸੀ ਲੱਗਣ ਵਾਲਿਆਂ ਦਾ ਭਾਰ ਤਾਂ ਘਟਿਆ, ਪਰ ਦਲੀਪੇ ਦਾ ਵਧ ਗਿਆ। ਜੇਲ੍ਹਰ ਨੇ ਕਾਰਨ ਪੁੱਛਿਆ ਤਾਂ ਉਸ ਦਾ ਉਤਰ ਸੀ, “ਮੈਨੂੰ ਖੁਸ਼ੀ ਹੈ ਕਿ ਜਿਸ ਕਾਰਜ ਲਈ ਅਕਾਲ ਪੁਰਖ ਨੇ ਮੈਨੂੰ ਇਸ ਜਹਾਨ ਵਿਚ ਭੇਜਿਆ ਸੀ, ਉਹ ਮੈਂ ਪੂਰਾ ਕਰ ਚਲਿਆਂ ਹਾਂ।”
ਬੱਬਰ ਪਿਆਰਾ ਸਿੰਘ ਜੋ 1986 ਤੱਕ ਜਿਉਂਦਾ ਸੀ, ਨੇ ਡਾæ ਬਖਸ਼ੀਸ਼ ਸਿੰਘ ਨਿੱਜਰ ਨੂੰ ਬੱਬਰ ਦਲੀਪੇ ਬਾਰੇ ਦੱਸਿਆ ਸੀ ਕਿ ਉਹ ਬਹੁਤ ਫੁਰਤੀਲਾ ਅਤੇ ਹੌਸਲੇ ਵਾਲਾ ਸੀ। ਚੜ੍ਹਦੀ ਉਮਰੇ ਜਲੰਧਰ ਛਾਉਣੀ ਦੇ ਬਾਜ਼ਾਰ ਵਿਚ ਘੋੜੀ ‘ਤੇ ਸਵਾਰ ਸਿਪਾਹੀ ਨੂੰ ਉਸ ਨੇ ਧੂਹ ਕੇ ਹੇਠਾਂ ਸੁੱਟ ਲਿਆ ਸੀ ਅਤੇ ਉਸ ਦੀ ਰਾਈਫਲ ਤੇ ਘੋੜੀ ਭਜਾ ਕੇ ਲੈ ਗਿਆ ਸੀ। ਇਸ ਦਲੇਰਾਨਾ ਵਾਰਦਾਤ ਦੀ ਸ਼ਲਾਘਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਆਪਣੇ ਗੁਪਤਵਾਸ ਦੇ ਸਮੇਂ ਯੂæਪੀæ ਤੋਂ ਛਪਦੇ ਇਕ ਮੈਗਜ਼ੀਨ ਵਿਚ ਆਪਣੇ ਫਰਜ਼ੀ ਨਾਮ ਹੇਠ ਲਿਖੀ ਸੀ। ਸੰਨ 1923 ਵਿਚ ਬੱਬਰਾਂ ਨੇ ਅੰਗਰੇਜ਼ਾਂ ਦੀ ਸਰਕਾਰੀ ਮਸ਼ੀਨਰੀ ਦੇ ਪੁਰਜੇ ਖਤਮ ਕਰ ਕੇ ਇੰਗਲੈਂਡ ਦੀ ਪਾਰਲੀਮੈਂਟ ਨੂੰ ਵੀ ਫਿਕਰਾਂ ਵਿਚ ਪਾ ਦਿਤਾ ਸੀ। ਬੱਬਰ ਦਲੀਪਾ ਚੋਟੀ ਦੇ ਬੱਬਰਾਂ-ਬੱਬਰ ਕਰਮ ਸਿੰਘ ਦੌਲਤਪੁਰ, ਬੱਬਰ ਧੰਨਾ ਸਿੰਘ ਬਹਿਬਲਪੁਰ, ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਬੱਬਰ ਸੰਤਾ ਸਿੰਘ ਛੋਟੀ ਹਰੀਓਂ ਆਦਿ ਦੇ ਬਹੁਤ ਨੇੜੇ ਸੀ।
ਬੱਬਰ ਦਲੀਪੇ ਨੇ ਜਿਨ੍ਹਾਂ ਵਾਰਦਾਤਾਂ ਵਿਚ ਹਿੱਸਾ ਲਿਆ, ਉਨ੍ਹਾਂ ਵਿਚ:
ਨੰਗਲ ਸ਼ਾਮਾ ਦੇ ਨੰਬਰਦਾਰ ਬੂਟਾ ਸਿੰਘ ਅਤੇ ਉਸ ਦੇ 14 ਸਾਲਾ ਪੋਤਰੇ ਸੁਰਜਣ ਸਿੰਘ ਦਾ 12 ਮਾਰਚ 1923 ਨੂੰ ਕਤਲ; ਸਾਲ 1923 ਵਿਚ ਹੀ 14, 17 ਅਤੇ 23 ਮਾਰਚ ਨੂੰ ਲਾਭ ਸਿੰਘ ਢੱਡੇ ਫਤਿਹ ਸਿੰਘ ਦੇ ਕਤਲ ਦੀਆਂ ਤਿੰਨੇ ਕੋਸ਼ਿਸ਼ਾਂ ਵਿਚ ਹਿੱਸਾ ਲੈਣਾ; 19 ਮਾਰਚ 1923 ਨੂੰ ਗੜ੍ਹਸ਼ੰਕਰ ਲਾਗੇ ਪੁਲਿਸ ਮੁਖਬਰ ਮਿਸਤਰੀ ਲਾਭ ਸਿੰਘ ਦਾ ਕਤਲ; 27 ਮਾਰਚ 1923 ਨੂੰ ਬਹਿਬਲਪੁਰ ਦੇ ਸਫੈਦਪੋਸ਼ ਹਜ਼ਾਰਾ ਸਿੰਘ ਦਾ ਕਤਲ; 21 ਮਾਰਚ 1923 ਨੂੰ ਕੌਲਗੜ੍ਹ ਦੇ ਰੱਲਾ ਅਤੇ ਦਿੱਤੂ ਨੰਬਰਦਾਰ ਦਾ ਕਤਲ; ਮਈ 1923 ਵਿਚ ਪਿੰਡ ਰੰਧਾਵਾ ਬਰੋਟਾ ਦੇ ਸੂਬੇਦਾਰ ਸੁੰਦਰ ਸਿੰਘ ਨੂੰ ਕਤਲ ਕਰਨ ਦੀ ਕੋਸ਼ਿਸ਼ ਅਤੇ 6 ਜੂਨ 1923 ਨੂੰ ਪਿੰਡ ਨੰਦਾ ਚੌਰ ਦੇ ਪਟਵਾਰੀ ਅਤਾ ਮੁਹੰਮਦ ਦਾ ਕਤਲ ਸ਼ਾਮਲ ਹੈ।
ਸਰਕਾਰ ਨੇ ਭਗੌੜੇ ਬੱਬਰਾਂ ਨੂੰ ਗ੍ਰਿਫਤਾਰ ਕਰਾਉਣ ਵਾਲਿਆਂ ਨੂੰ ਭਾਰੀ ਰਕਮਾਂ ਅਤੇ ਬਾਰ ਵਿਚ ਜ਼ਮੀਨ ਦੇ ਮੁਰੱਬੇ ਇਨਾਮ ਦੇਣ ਦੇ ਇਸ਼ਤਿਹਾਰ ਪਿੰਡਾਂ ਦੀਆਂ ਕੰਧਾਂ ‘ਤੇ ਲਾਏ ਹੋਏ ਸਨ। ਬੱਬਰ ਧੰਨਾ ਸਿੰਘ ਬਹਿਬਲਪੁਰ ਅਤੇ ਦਲੀਪਾ ਧਾਮੀਆਂ ਦੋਵੇਂ ਇਕੱਠੇ ਹੀ ਲੁਕ-ਛੁਪ ਕੇ ਰਹਿੰਦੇ ਸਨ। ਇਹ ਦੋਵੇਂ ਗੱਦਾਰ ਬੇਲਾ ਸਿੰਘ ਅਤੇ ਭਰਾ ਜੁਆਲਾ ਸਿੰਘ ਕੋਲ ਗਏ ਤਾਂ ਉਸ ਨੇ ਦਲੀਪੇ ਨੂੰ ਪੁੱਤ-ਪੁੱਤ ਆਖ ਕੇ ਬੁਲਾਉਣਾ। ਇਕ ਦਿਨ ਉਹ ਧੰਨਾ ਸਿੰਘ ਬਹਿਬਲਪੁਰ ਨੂੰ ਕਹਿਣ ਲੱਗਾ ਕਿ ਦਲੀਪਾ ਅਜੇ ਨਿਆਣਾ ਹੈ, ਇਧਰ ਦੁਆਬੇ ਵਿਚ ਪੁਲਿਸ ਤੁਹਾਡੀ ਪੈੜ ਸੁੰਘਦੀ ਫਿਰਦੀ ਏ, ਜੇ ਦਲੀਪੇ ਨੂੰ ਤੂੰ ਬਾਰ ਵਿਚ ਸਾਡੀ ਜ਼ਮੀਨ ‘ਤੇ ਭੇਜ ਦੇਵੇਂ ਤਾਂ ਉਥੇ ਇਹ ਬਚਿਆ ਰਹੂ। ਉਹ ਦੋਵੇਂ ਮੰਨ ਗਏ। ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿਚ ਬਿਆਨ ਦਿੰਦਿਆਂ ਜੁਆਲਾ ਸਿੰਘ ਨੇ ਆਖਿਆ ਕਿ 31 ਅਕਤੂਬਰ 1924 ਨੂੰ ਮੈਂ ਅਤੇ ਦਲੀਪਾ ਪਿੰਡ ਜਿਆਣ ਤੋਂ ਗੱਡੇ ‘ਤੇ ਬੈਠ ਕੇ ਬਾਰ ਨੂੰ ਤੁਰ ਪਏ ਅਤੇ ਥਾਂ-ਥਾਂ ਰੁਕਦੇ 14 ਦਿਨਾਂ ਬਾਅਦ ਚੱਕ ਨੰਬਰ 96 ਤਹਿਸੀਲ ਖਾਨੇਵਾਲ ਜ਼ਿਲ੍ਹਾ ਮੁਲਤਾਨ ਪੁੱਜੇ। 15 ਕੁ ਦਿਨਾਂ ਬਾਅਦ ਉਸ ਨੇ ਭਤੀਜੇ ਰਾਹੀਂ ਆਪਣੇ ਭਰਾ ਬੇਲਾ ਸਿੰਘ ਨੂੰ ਸੁਨੇਹਾ ਭੇਜਿਆ ਕਿ ਮਾਹਲਪੁਰ ਦੇ ਥਾਣੇਦਾਰ ਗੁਲਜ਼ਾਰ ਸਿੰਘ ਨੂੰ ਭੇਜ ਦੇਵੇ। ਥਾਣੇਦਾਰ ਪੰਜ-ਛੇ ਦਿਨਾਂ ਬਾਅਦ ਮੀਆਂ ਚੰਨੂ ਕਸਬੇ ਪਹੁੰਚ ਗਿਆ ਅਤੇ ਉਸ ਨੇ ਹਮੀਰ ਸਿੰਘ ਕਾਂਸਟੇਬਲ ਰਾਹੀਂ ਜੁਆਲਾ ਸਿੰਘ ਨੂੰ ਸੁਨੇਹਾ ਭੇਜਿਆ ਕਿ ਉਹ ਦਲੀਪੇ ਨੂੰ ਲੈ ਕੇ ਚਾਹ ਦੀ ਇਕ ਦੁਕਾਨ ‘ਤੇ ਆ ਜਾਵੇ। ਤੈਅ ਕੀਤੇ ਅਨੁਸਾਰ ਜਦੋਂ ਜੁਆਲਾ ਸਿੰਘ ਅਤੇ ਦਲੀਪਾ ਦੁਕਾਨ ਉਤੇ ਖਾਣਾ ਖਾ ਰਹੇ ਸੀ ਤਾਂ ਥਾਣੇਦਾਰ ਗੁਲਜ਼ਾਰ ਸਿੰਘ ਨੇ ਹਥਕੜੀਆਂ ਲਾ ਲਈਆਂ ਅਤੇ ਦੋਵਾਂ ਨੂੰ ਮੁਲਤਾਨ ਜੇਲ੍ਹ ਭੇਜ ਦਿਤਾ। ਦਲੀਪੇ ਨੂੰ ਕੋਠੀ ਬੰਦ ਕਰ ਕੇ ਜੁਆਲਾ ਸਿੰਘ ਨੂੰ ਛੱਡ ਦਿਤਾ ਗਿਆ। ਪਿੰਡ ਜਿਆਣ ਆ ਕੇ ਬੱਬਰ ਧੰਨਾ ਸਿੰਘ ਜਦੋਂ ਜੁਆਲਾ ਸਿੰਘ ਕੋਲੋਂ ਦਲੀਪੇ ਦੀ ਰਾਜ਼ੀ ਖੁਸ਼ੀ ਪੁੱਛਣ ਆਇਆ ਤਾਂ ਉਸ ਨੇ ਕਿਹਾ ਕਿ ਉਹ ਠੀਕ-ਠਾਕ ਹੈ ਤੇ ਆਖਦਾ ਸੀ ਕਿ ਤੂੰ ਵੀ ਉਸ ਕੋਲ ਆ ਜਾ। ਅਦਾਲਤ ਵਿਚ ਦਲੀਪੇ ਨੇ ਕੋਈ ਬਿਆਨ ਦੇਣ ਤੋਂ ਇਨਕਾਰ ਕੀਤਾ। ਦਲੀਪ ਆਖਰ ਹੋਰ ਪੰਜ ਬੱਬਰਾਂ-ਕਿਸ਼ਨ ਸਿੰਘ ਗੜਗੱਜ, ਕਰਮ ਸਿੰਘ ਦੌਲਤਪੁਰ, ਨੰਦ ਸਿੰਘ ਘੁੜਿਆਲ, ਬਾਬੂ ਸੰਤਾ ਸਿੰਘ ਅਤੇ ਧਰਮ ਸਿੰਘ ਹਿਆਤਪੁਰ ਰੁੜਕੀ ਨਾਲ 27 ਫਰਵਰੀ 1926 ਨੂੰ ਸੈਂਟਰਲ ਜੇਲ੍ਹ ਲਾਹੌਰ ਵਿਚ ਫਾਂਸੀ ਲੱਗ ਕੇ ਆਪਣਾ ਨਾਂ ਅਮਰ ਕਰ ਗਿਆ।