ਨਫਰਤ ਦੇ ਸੇਕ ਨਾਲ ਝੁਲਸ ਗਈ ਕਲਾ

ਜੰਮੂ ਕਸ਼ਮੀਰ ਵਿਚ ਉੜੀ ਹਮਲੇ ਤੋਂ ਬਾਅਦ ਭਾਰਤ ਦੇ ਹਿੰਦੂਤਵਵਾਦੀਆਂ ਨੇ ਪਾਕਿਸਤਾਨੀ ਕਲਾਕਾਰਾਂ ਨੂੰ ਬੜੀ ਕਸੂਤੀ ਹਾਲਤ ਵਿਚ ਫਸਾ ਦਿਤਾ ਹੈ। ਉਨ੍ਹਾਂ ਤੋਂ ਮੰਗ ਕੀਤੀ ਜਾਣ ਲੱਗੀ ਹੈ ਕਿ ਉਹ ਪਾਕਿਸਤਾਨ ਦੇ ਇਸ ਕਾਰੇ ਦੀ ਨਿਖੇਧੀ ਕਰਨ। ਇਸ ਮਾਮਲੇ ਵਿਚ ਕੱਟੜਪੰਥੀ ‘ਮਹਾਰਾਸ਼ਟਰ ਨਵ-ਨਿਰਵਾਣ ਸੈਨਾ’ ਦਾ ਮੁਖੀ ਰਾਜ ਠਾਕਰੇ ਸਭ ਤੋਂ ਅੱਗੇ ਸੀ।

ਚੇਤੇ ਰਹੇ ਕਿ ਰਾਜ ਠਾਕਰੇ, ਸ਼ਿਵ ਸੈਨਾ ਬਣਾਉਣ ਵਾਲੇ ਬਾਲ ਠਾਕਰੇ ਦਾ ਭਤੀਜਾ ਹੈ ਅਤੇ ਬਾਲ ਠਾਕਰੇ ਵੱਲੋਂ ਪਾਰਟੀ ਦੀ ਕਮਾਨ ਆਪਣੇ ਪੁੱਤਰ ਊਧਵ ਠਾਕਰੇ ਨੂੰ ਸੌਂਪੇ ਜਾਣ ਤੋਂ ਰੁੱਸ ਕੇ ਉਸ ਨੇ ਆਪਣੀ ਵੱਖਰੀ ਪਾਰਟੀ ‘ਮਹਾਰਾਸ਼ਟਰ ਨਵ-ਨਿਰਵਾਣ ਸੈਨਾ’ ਬਣਾ ਲਈ ਸੀ। ਉਂਜ, ਅਜੇ ਤਕ ਉਹ ਆਪਣੀ ਇਸ ਪਾਰਟੀ ਦਾ ਠੁੱਕ ਨਹੀਂ ਬੰਨ੍ਹ ਸਕਿਆ। ਇਸੇ ਕਰ ਕੇ ਜਦੋਂ ਵੀ ਭੜਕਾਹਟ ਵਾਲਾ ਕੋਈ ਮਸਲਾ ਉਭਰਦਾ ਹੈ, ਉਹ ਸਭ ਤੋਂ ਅੱਗੇ ਹੁੰਦਾ ਹੈ। ਪਹਿਲਾਂ ਉਸ ਨੇ ਮੁੰਬਈ ਅਤੇ ਮਹਾਰਾਸ਼ਟਰ ਦੇ ਹੋਰ ਸ਼ਹਿਰਾਂ ਵਿਚ ਉਤਰ-ਭਾਰਤੀ ਸੂਬਿਆਂ ਵਿਚੋਂ ਆਏ ਕਾਮਿਆਂ ਖਿਲਾਫ ਜ਼ਹਿਰ ਫੈਲਾਉਣ ਦੀ ਵੀ ਕੋਸ਼ਿਸ਼ ਕੀਤੀ ਸੀ। ਹੁਣ ਉਸ ਨੇ ਉੜੀ ਹਮਲੇ ਨੂੰ ਢਾਲ ਬਣਾ ਕੇ ਆਪਣੀ ਸੌੜੀ ਸਿਆਸਤ ਕਰਨ ਦਾ ਯਤਨ ਕੀਤਾ ਹੈ। ਹੋਰ ਤਾਂ ਹੋਰ ਅਨੁਪਮ ਖੇਰ ਵਰਗਾ ਅਦਾਕਾਰ ਵੀ ਪਾਕਿਸਤਾਨੀ ਕਲਾਕਾਰਾਂ ਤੋਂ ਹਮਲੇ ਦੀ ਨਿਖੇਧੀ ਕਰਨ ਲਈ ਆਖਣ ਲੱਗ ਪਿਆ। ਯਾਦ ਰਹੇ ਕਿ ਮੋਦੀ ਸਰਕਾਰ ਨੇ ਹਾਲ ਹੀ ਵਿਚ ਉਸ ਨੂੰ ਪਦਮ ਪੁਰਸਕਾਰ ਨਾਲ ਨਵਾਜਿਆ ਹੈ ਅਤੇ ਉਸ ਦੀ ਪਤਨੀ ਕਿਰਨ ਖੇਰ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਹੈ। ਕੁਝ ਭਾਰਤੀ ਕਲਾਕਾਰਾਂ ਨੇ ਜਦੋਂ ਪਾਕਿਸਤਾਨੀ ਕਲਾਕਾਰਾਂ ਬਾਰੇ ਉਨ੍ਹਾਂ ਦਾ ਪੱਖ ਰੱਖਣ ਦਾ ਯਤਨ ਕੀਤਾ, ਤਾਂ ਹਿੰਦੂਤਵਵਾਦੀ, ਇਨ੍ਹਾਂ ਭਾਰਤੀ ਕਲਾਕਾਰਾਂ ਨੂੰ ਵੀ ਪੈ ਨਿਕਲੇ। ਇਸ ਬਾਰੇ ਅਦਾਕਾਰਾ ਸਵਰਾ ਭਾਸਕਰ ਰਾਓ ਨੇ ਕਿਹਾ ਸੀ ਕਿ ਪਾਕਿਸਤਾਨੀ ਕਲਾਕਾਰਾਂ ਨੂੰ ਅਜਿਹੀਆਂ ਟਿਪਣੀਆਂ ਲਈ ਮਜਬੂਰ ਕਰਨਾ ਠੀਕ ਨਹੀਂ। ਸਲਮਾਨ ਖਾਨ ਨੇ ਕਿਹਾ ਸੀ ਕਿ ਪਾਕਿਸਤਾਨੀ ਕਲਾਕਾਰ ਕੋਈ ਅਤਿਵਾਦੀ ਨਹੀਂ ਹਨ, ਉਹ ਬਾਕਾਇਦਾ ਵੀਜ਼ਾ ਲੈ ਕੇ ਭਾਰਤ ਪੁੱਜਦੇ ਹਨ। ਅਦਾਕਾਰ ਵਰੁਣ ਧਵਨ ਅਤੇ ਕੁਝ ਹੋਰ ਕਲਾਕਾਰਾਂ ਨੇ ਵੀ ਇਨ੍ਹਾਂ ਕਲਾਕਾਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ। ਪਾਕਿਸਤਾਨੀ ਕਲਾਕਾਰਾਂ ਖਿਲਾਫ ਚਲਾਈ ਇਸ ਮੁਹਿੰਮ ਦਾ ਅਸਰ ਇਨ੍ਹਾਂ ਕਲਾਕਾਰਾਂ ਉਤੇ ਤਾਂ ਪਿਆ ਹੀ ਹੈ, ਪਾਕਿਸਤਾਨ ਦੀ ਫਿਲਮ ਸਨਅਤ ਵੀ ਇਸ ਦੀ ਮਾਰ ਝੱਲ ਰਹੀ ਹੈ। ਪ੍ਰਤੀਕਿਰਿਆ ਵਜੋਂ ਪਾਕਿਸਤਾਨ ਵਿਚ ਭਾਰਤੀ ਫਿਲਮਾਂ ਦਿਖਾਉਣ ਉਤੇ ਰੋਕ ਲਾ ਦਿਤੀ ਗਈ ਹੈ ਜਿਸ ਨਾਲ ਡਿਸਟਰੀਬਿਊਟਰਾਂ ਨੂੰ ਘਾਟਾ ਪੈ ਰਿਹਾ ਹੈ। ਉਨ੍ਹਾਂ ਦਾ ਆਖਣਾ ਹੈ ਕਿ ਜੇ ਇਹ ਪਾਬੰਦੀ ਲੰਮਾ ਸਮਾਂ ਰਹੀ, ਤਾਂ 70 ਫੀਸਦ ਸਨਅਤ ਤਬਾਹ ਹੋ ਜਾਵੇਗੀ, ਕਿਉਂਕਿ ਮੁਲਕ ਦੇ ਮਲਟੀਪਲੈਕਸ ਹੁਣ ਭਾਰਤੀ ਅਤੇ ਹਾਲੀਵੁੱਡ ਫਿਲਮਾਂ ਦੇ ਸਿਰ ਉਤੇ ਹੀ ਚੱਲਦੇ ਹਨ। ਸਨਅਤ ਦੀ ਸਲਾਮਤੀ ਲਈ ਸਾਲ ਵਿਚ ਘੱਟੋ-ਘੱਟ 50-60 ਫਿਲਮਾਂ ਬਣਨੀਆਂ ਚਾਹੀਦੀਆਂ ਹਨ, ਪਰ ਪਾਕਿਸਤਾਨ ਵਿਚ ਬਹੁਤ ਘੱਟ ਫਿਲਮਾਂ ਬਣਦੀਆਂ ਹਨ। ਇਸ ਸੂਰਤ ਵਿਚ ਮਲਟੀਪਲੈਕਸਾਂ ਦਾ ਖਰਚ ਪੂਰਾ ਕਰਨਾ ਵੀ ਔਖਾ ਹੋ ਜਾਵੇਗਾ ਅਤੇ ਇਨ੍ਹਾਂ ਵਿਚੋਂ ਬਹੁਤਿਆਂ ਨੂੰ ਮਜਬੂਰੀਵੱਸ ਬੰਦ ਕਰਨਾ ਪਵੇਗਾ। ਇਸੇ ਕਰ ਕੇ ਪਾਕਿਸਤਾਨੀ ਫਿਲਮ ਸਨਅਤ ਨਾਲ ਜੁੜੇ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਦੋਹਾਂ ਮੁਲਕਾਂ ਵਿਚ ਜਿੰਨਾ ਜਲਦੀ ਹੋ ਸਕੇ, ਤਣਾਅ ਘਟਣਾ ਚਾਹੀਦਾ ਹੈ। ਸਨਅਤ ਨੂੰ ਇਕ ਵਾਰ ਲੱਗੀ ਠਿੱਬੀ ਕਈ ਸਾਲਾਂ ਦਾ ਨੁਕਸਾਨ ਕਰ ਜਾਂਦੀ ਹੈ।