ਕੁਲਦੀਪ ਕੌਰ
ਰਿਸ਼ੀਕੇਸ਼ ਮੁਖਰਜੀ ਦੀ ਫਿਲਮ ‘ਅਭਿਮਾਨ’ ਗਾਇਕ ਪਤੀ ਦੇ ਈਰਖਾ ਭਰਪੂਰ ਮਨੋਵਿਗਿਆਨ ਕਾਰਨ ਉਸ ਦੀ ਪਤਨੀ ਦੇ ਜ਼ਖਮੀ ਹੋਇਆ ਸਵੈਮਾਣ ਚਿਤਰਦੀ ਹੈ। ਭਾਰਤੀ ਸਿਨੇਮਾ ਵਿਚ ਨਜ਼ਦੀਕੀ ਸਬੰਧਾਂ ਦੀਆਂ ਮਾਨਸਿਕ ਵਿਸੰਗਤੀਆਂ ਨੂੰ ਚਿਤਰਦੀਆਂ ਫਿਲਮਾਂ ਦੀ ਗਿਣਤੀ ਨਿਗੂਣੀ ਹੈ। ਇਸ ਫਿਲਮ ਦੀ ਜ਼ਿਆਦਾ ਚਰਚਾ ਇਸ ਦੇ ਗੀਤਾਂ ਦੀ ਫਿਲਮ ਵਿਚ ਢੁੱਕਵੀ ਵਰਤੋਂ ਕਰਨ ਕਾਰਨ ਹੋਈ। ਫਿਲਮ ਵਿਚ ਗੀਤ, ਬਿਰਤਾਂਤ ਨੂੰ ਅੱਗੇ ਤੋਰਨ ਦਾ ਕੰਮ ਕਰਨ ਦੇ ਨਾਲ-ਨਾਲ ਵਾਪਰ ਰਹੀਆਂ ਘਟਨਾਵਾਂ ਵਿਚਲੀਆਂ ਵਿੱਥਾਂ ਭਰਨ ਦਾ ਕੰਮ ਵੀ ਕਰਦੇ ਹਨ ਤੇ ਦੋ ਘਟਨਾਵਾਂ ਨੂੰ ਆਪਸ ਵਿਚ ਜੋੜਦੇ ਵੀ ਹਨ।
ਫਿਲਮ ਦਾ ਵਿਸ਼ਾ ਉਸ ਸਮੇਂ ਬਣ ਰਹੀਆਂ ਫਿਲਮਾਂ ਨਾਲੋਂ ਵੱਖਰਾ ਸੀ। ਰਿਸ਼ੀਕੇਸ਼ ਨੇ ਆਪਣੇ ਨਿਰਦੇਸ਼ਨ ਦੇ ਕਮਾਲ ਦੁਆਰਾ ਸਾਧਾਰਨ ਨਜ਼ਰ ਆਉਣ ਵਾਲੀ ਪ੍ਰੇਮ ਕਹਾਣੀ ਰਾਹੀਂ ਮਨੁੱਖੀ ਸਬੰਧਾਂ ਦੇ ਬਦਲਦੇ ਪ੍ਰਸੰਗਾਂ ਨੂੰ ਬਾਰੀਕੀ ਨਾਲ ਫੜਿਆ।
ਫਿਲਮ ਸ਼ੰਘਰਸ਼ਸ਼ੀਲ ਗਾਇਕ ਸੁਧੀਰ (ਅਮਿਤਾਭ ਬੱਚਨ) ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੈ ਜਿਸ ਦਾ ਸੁਪਨਾ ਗਾਇਕੀ ਰਾਹੀਂ ਨਾਮ ਤੇ ਸ਼ੋਹਰਤ ਕਮਾਉਣਾ ਹੈ। ਉਸ ਦੇ ਗਾਣੇ ਭੀੜ ਖਿੱਚਣ ਵਿਚ ਕਾਫੀ ਕਾਮਯਾਬ ਸਾਬਤ ਹੁੰਦੇ ਹਨ, ਪਰ ਉਸ ਦਾ ਨਿਸ਼ਾਨਾ ਗਾਇਕੀ ਦੇ ਖੇਤਰ ਵਿਚ ਸਿਖਰ ਛੂਹਣਾ ਹੈ। ਇਸ ਸਿਖਰ ਦੀ ਤਲਾਸ਼ ਵਿਚ ਰੁਝੇ ਹੋਏ ਵੀ ਉਸ ਨੂੰ ਆਪਣਾ ਇਕੱਲਾਪਣ ਲਗਾਤਾਰ ਪਰੇਸ਼ਾਨ ਕਰਦਾ ਹੈ। ਇਸ ਪਰੇਸ਼ਾਨੀ ਨੂੰ ਉਹ ਗਾਣੇ ‘ਮੀਤ ਨਾ ਮਿਲਾ ਰੇ ਮਨ ਕਾ’ ਰਾਹੀਂ ਸਰੋਤਿਆਂ ਵਿਚੋਂ ਕਿਸੇ ਖਾਸ ਚਿਹਰੇ ਨੂੰ ਤਲਾਸ਼ਦਾ ਰਹਿੰਦਾ ਹੈ। ਉਸ ਦੀ ਇਹ ਤਲਾਸ਼ ਆਪਣੀ ਦੁਰਗਾ ਮਾਸੀ (ਦੁਰਗਾ ਖੋਟੇ) ਦੇ ਪਿੰਡ, ਉਮਾ (ਜਯਾ ਭਾਦੁੜੀ) ਨੂੰ ਮਿਲਣ ਤੋਂ ਬਾਅਦ ਪੂਰੀ ਹੁੰਦੀ ਹੈ। ਉਮਾ ਨਾ ਸਿਰਫ ਸ਼ਾਸਤਰੀ ਸੰਗੀਤ ਦੇ ਮਾਹਿਰ ਅਧਿਆਪਕ ਦੀ ਬੇਟੀ ਹੈ, ਸਗੋਂ ਉਸ ਲਈ ਗਾਉਣਾ ਕੁਦਰਤ ਨਾਲ ਇਕਮਿਕ ਹੋਣ ਦਾ ਸਾਧਨ ਵੀ ਹੈ। ਸੁਧੀਰ ਉਸ ਦੀ ਸੁਰ ਹੋਈ ਧੁਨ ਦਾ ਕੀਲਿਆ ਉਸ ਅੱਗੇ ਵਿਆਹ ਦੀ ਤਜਵੀਜ਼ ਰੱਖਦਾ ਹੈ। ਇਸੇ ਸਮੇਂ ਨਿਰਦੇਸ਼ਕ ਉਨ੍ਹਾਂ ਦਾ ਸੰਗੀਤ ਪ੍ਰਤੀ ਵੱਖ-ਵੱਖ ਨਜ਼ਰੀਆ ਸ਼ਪਸਟ ਕਰ ਦਿੰਦਾ ਹੈ ਜਦੋਂ ਉਮਾ ਸੁਧੀਰ ਨੂੰ ਪੁੱਛਦੀ ਹੈ- ‘ਤੋ ਕਿਆ ਆਪ ਲੋਗੋਂ ਕੋ ਖੁਸ਼ ਕਰਨੇ ਕੇ ਲੀਏ ਗਾਤੇ ਹੈਂ?’
ਉਨ੍ਹਾਂ ਦੀ ਰਿਸੈਪਸ਼ਨ ਪਾਰਟੀ Ḕਤੇ ਜਦੋਂ ਸੁਧੀਰ ਜ਼ਿੱਦ ਨਾਲ ਉਮਾ ਨੂੰ ਆਪਣੇ ਨਾਲ ਗਾਉਣ ਲਈ ਆਖਦਾ ਹੈ ਤਾਂ ਉਥੇ ਮੌਜੂਦ ਕਲਾਸੀਕਲ ਸੰਗੀਤ ਦੇ ਮਾਹਿਰ ਰਾਏ ਸਾਹਿਬ (ਡੇਵਿਡ) ਝੱਟ ਪਛਾਣ ਜਾਂਦੇ ਹਨ ਕਿ ਉਮਾ ਸੁਧੀਰ ਨਾਲੋਂ ਕਿਤੇ ਵਧੀਆ ਗਾਇਕਾ ਹੈ। ਜਦੋਂ ਉਹ ਆਪਣੇ ਇਕ ਸਹਿਯੋਗੀ ਨਾਲ ਖਦਸ਼ਾ ਸਾਂਝਾ ਕਰਦੇ ਹਨ ਕਿ ਉਮਾ ਦੀ ਵਧੀਆ ਗਾਇਕੀ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿਚ ਤਰੇੜ ਪੈਦਾ ਕਰ ਸਕਦੀ ਹੈ, ਤਾਂ ਉਸ ਦਾ ਸਹਿਯੋਗੀ ਆਖਦਾ ਹੈ ਕਿ ਉਮਾ ਦੀ ਗਾਇਕੀ ਦੇ ਪੈਰਾਂ ਵਿਚ ਜਦੋਂ ਪਤਨੀ ਤੇ ਮਾਂ ਦੀ ਜ਼ਿੰਮੇਵਾਰੀਆਂ ਦੇ ਸੰਗਲ ਪੈ ਗਏ ਤਾਂ ਆਪ ਹੀ ਸਭ ਕੁਝ ਠੀਕ ਹੋ ਜਾਵੇਗਾ ਤੇ ਉਸ ਦੀ ਗਾਇਕੀ ਛੁੱਟ ਜਾਵੇਗੀ। ਇਹ ਸੁਣ ਕੇ ਰਾਏ ਸਾਹਿਬ ਆਖਦੇ ਹਨ- ‘ਯੇ ਤੋ ਔਰ ਭੀ ਬੁਰਾ ਹੋਗਾ।’
ਸੁਧੀਰ ਅਤੇ ਉਮਾ ਦੀ ਨਵੀਂ ਜ਼ਿੰਦਗੀ ਦੇ ਕੁਝ ਦਿਨ ਵਧੀਆ ਗੁਜ਼ਰਦੇ ਹਨ। ਇਸ ਦੌਰਾਨ ਸੁਧੀਰ ਨੂੰ ਕਈ ਮਹਤੱਵਪੂਰਨ ਮੌਕਿਆਂ Ḕਤੇ ਗਾਉਣ ਦਾ ਮੌਕਾ ਮਿਲਦਾ ਹੈ। ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਉਮਾ ਵੀ ਉਸ ਨਾਲ ਗਾਵੇ। ਹੌਲੀ-ਹੌਲੀ ਉਮਾ ਦੇ ਸੰਗੀਤ ਦੀ ਤਾਰੀਫ ਹੋਣੀ ਸ਼ੁਰੂ ਹੁੰਦੀ ਹੈ। ਸ਼ੁਰੂ ਵਿਚ ਸੁਧੀਰ ਉਮਾ ਲਈ ਖੁਸ਼ ਹੁੰਦਾ ਹੈ, ਪਰ ਮਗਰੋਂ ਉਸ ਨੂੰ ਸੁਣਨ ਵਾਲਿਆਂ ਦੀ ਗਿਣਤੀ ਘਟਣ ਲਗਦੀ ਹੈ। ਉਮਾ ਨੂੰ ਇੱਕਲਿਆਂ ਸੁਣਨ ਦੇ ਨਿਉਤੇ ਵੀ ਆਉਣ ਲੱਗਦੇ ਹਨ। ਸੁਧੀਰ ਆਪਣੀ ਪਤਨੀ ਨਾਲ ਈਰਖਾ ਕਰਨ ਲੱਗ ਪੈਂਦਾ ਹੈ ਜਿਹੜੀ ਉਸ ਦੇ ਵਰਤਾਉ ਵਿਚ ਝਲਕਣੀ ਸ਼ੁਰੂ ਹੋ ਜਾਂਦੀ ਹੈ। ਉਸ ਨੂੰ ਜਾਪਦਾ ਹੈ, ਉਮਾ ਇਹ ਸਾਰਾ ਕੁਝ ਜਾਣ-ਬੁਝ ਕੇ ਕਰ ਰਹੀ ਹੈ। ਉਸ ਦੀ ਮਾਨਸਿਕ ਗੁੰਝਲ ਇੰਨੀ ਵਧ ਜਾਂਦੀ ਹੈ ਕਿ ਉਹ ਉਮਾ ਨੂੰ ਛੱਡਣ ਦਾ ਫੈਸਲਾ ਕਰ ਲੈਂਦਾ ਹੈ। ਹੈਰਾਨ-ਪਰੇਸ਼ਾਨ ਉਮਾ ਆਪਣੇ ਪਿੰਡ ਚਲੀ ਜਾਂਦੀ ਹੈ।
ਪਿੰਡ ਜਾ ਕੇ ਉਮਾ ਨੂੰ ਆਪਣੇ ਗਰਭਵਤੀ ਹੋਣ ਦਾ ਪਤਾ ਲੱਗਦਾ ਹੈ। ਸੁਧੀਰ ਨੂੰ ਖਬਰ ਤਾਂ ਮਿਲਦੀ ਹੈ, ਪਰ ਉਹ ਆਪਣੇ ਅਭਿਮਾਨ ਤੇ ਘੁਮੰਡ ਵਿਚ ਇੰਨਾ ਡੂੰਘਾ ਲੱਥ ਚੁੱਕਾ ਹੈ ਕਿ ਅੰਦਰੋਂ ਖੁਸ਼ ਹੋਣ ਦੇ ਬਾਵਜੂਦ ਉਮਾ ਦੀ ਖਬਰਸਾਰ ਨਹੀਂ ਲੈਂਦਾ। ਸਦਮੇ ਕਾਰਨ ਉਮਾ ਦਾ ਗਰਭਪਾਤ ਹੋ ਜਾਂਦਾ ਹੈ। ਹੁਣ ਸੁਧੀਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ, ਪਰ ਉਦੋਂ ਤੱਕ ਉਮਾ ਮਾਨਸਿਕ ਅਤੇ ਸਰੀਰਿਕ ਤੌਰ Ḕਤੇ ਟੁੱਟ ਚੁੱਕੀ ਹੈ। ਸੁਧੀਰ ਹੁਣ ਆਤਮ-ਗਿਲਾਨੀ ਨਾਲ ਭਰ ਜਾਂਦਾ ਹੈ। ਆਖਿਰ ਇਕ ਪ੍ਰੋਗਰਾਮ ਦੌਰਾਨ ਉਮਾ ਦੀ ਖਾਮੋਸ਼ੀ ਟੁੱਟਦੀ ਹੈ ਅਤੇ ਉਹ ਤੇ ਸੁਧੀਰ ‘ਤੇਰੇ ਮੇਰੇ ਮਿਲਨ ਕੀ ਯੇ ਰੈਨਾ’ ਗਾ ਕੇ ਆਪਣੇ ਅਣਜੰਮੇ ਬੱਚੇ ਦਾ ਸੋਗ ਮਨਾਉਂਦੇ ਹਨ।
ਇਸ ਫਿਲਮ ਵਿਚ ਮਾਰਮਿਕ ਅਦਾਕਾਰੀ ਲਈ ਜਯਾ ਭਾਦੁੜੀ ਨੂੰ ਰਾਸ਼ਟਰੀ ਪੁਰਸਕਾਰ ਮਿਲਿਆ। ਫਿਲਮ ਰਿਲੀਜ਼ ਹੋਣ ਦੇ ਮਹੀਨੇ ਬਾਅਦ ਹੀ ਜਯਾ ਅਤੇ ਅਮਿਤਾਭ ਨੇ ਵਿਆਹ ਕਰਵਾ ਲਿਆ; æææ ਤੇ ਵਿਆਹ ਤੋਂ ਬਾਅਦ ਜਯਾ ਨੇ ਸਿਨੇਮਾ ਦੀ ਵਧੀਆ ਅਭਿਨੇਤਰੀ ਹੋਣ ਦੇ ਬਾਵਜੂਦ, ਫਿਲਮਾਂ ਵਿਚ ਸਰਗਰਮੀ ਨਾਲ ਕੰਮ ਕਰਨ ਤੋਂ ਕਿਨਾਰਾ ਕਰ ਲਿਆ।