ਕੀਰਤ ਕਾਸ਼ਣੀ
ਸੰਸਾਰ ਦੇ ਉਘੇ ਨਾਟਕਕਾਰ ਅਤੇ ਸ਼ਾਇਰ ਵਿਲੀਅਮ ਸ਼ੇਕਸਪੀਅਰ ਦੇ ਜਨਮ ਸਥਾਨ ਵਾਲਾ ਸ਼ਹਿਰ, ਸਟਰੈਟਫਰਡ-ਅਪੌਨ-ਏਵਨ ਹੁਣ ਚੀਨ ਵਿਚ ਵਸਾਇਆ ਜਾਵੇਗਾ। ਸਟਰੈਟਫਰਡ ਦੀ ਤਰਜ਼ ਉਤੇ ਚੀਨ ਦੇ ਸ਼ਹਿਰ ਫੂਜ਼ਾਓ ਵਿਚ ਸਟਰੈਟਫਰਡ ਬਣਾਇਆ ਜਾ ਰਿਹਾ ਹੈ। ਯਾਦ ਰਹੇ ਕਿ ਸਟਰੈਟਫਰਡ ਵਿਚ ਹਰ ਸਾਲ ਲੱਖਾਂ ਸੈਲਾਨੀ ਪੁੱਜਦੇ ਹਨ।
ਇਹ ਸ਼ਹਿਰ ਏਵਨ ਦਰਿਆ ਉਤੇ ਵਸਿਆ ਹੋਇਆ ਹੈ। ਇਸ ਸ਼ਹਿਰ ਵਿਚ ਸ਼ੇਕਸਪੀਅਰ ਥੀਏਟਰ, ਦਿ ਹੋਲੀ ਟ੍ਰਿਨਿਟੀ ਚਰਚ ਤੋਂ ਇਲਾਵਾ 16ਵੀਂ ਸਦੀ ਵਿਚ ਬਣਿਆ ਵਿਲੀਅਮ ਸ਼ੇਕਸਪੀਅਰ ਦਾ ਘਰ ਸ਼ਾਮਲ ਹੈ। ਇਸ ਘਰ ਵਿਚ ਹੀ ਸ਼ੇਕਸਪੀਅਰ ਨੇ ਪਹਿਲੀ ਵਾਰ ਅੱਖ ਖੋਲ੍ਹੀ ਸੀ।
ਚੀਨੀ ਸ਼ਹਿਰ ਫੂਜ਼ਾਓ ਵਿਚ ਬਣਨ ਵਾਲੇ ਸਟਰੈਟਫਰਡ ਦੀ ਤਿਆਰੀ ਆਰੰਭ ਹੋ ਗਈ ਹੈ। ਸਟਰੈਟਫਰਡ ਦਾ ਇਕ ਵਫਦ ਫੂਜ਼ਾਓ ਹੋ ਆਇਆ ਹੈ ਅਤੇ ਇਸ ਨੇ ਇਸ ਪ੍ਰੋਜੈਕਟ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ। ਬਰਤਾਨਵੀ ਅਖਬਾਰ ‘ਮਿਰਰ’ ਦੀ ਰਿਪੋਰਟ ਦੱਸਦੀ ਹੈ ਕਿ ਸਟਰੈਟਫਰਡ ਵਿਚ ਇਸ ਵੇਲੇ ਸਭ ਤੋਂ ਜ਼ਿਆਦਾ ਸੈਲਾਨੀ ਚੀਨ ਤੋਂ ਹੀ ਆਉਂਦੇ ਹਨ। ਸਟਰੈਟਫਰਡ ਦੀ ਮੇਅਰ ਜੂਲੀਅਟ ਸ਼ੌਰਟ ਮੁਤਾਬਕ, ਚੀਨ ਵਿਚ ਸਟਰੈਟਫਰਡ ਬਣਨ ਨਾਲ ਚੀਨ ਤੋਂ ਹੋਰ ਸੈਲਾਨੀ ਇਸ ਸ਼ਹਿਰ ਨੂੰ ਦੇਖਣ ਆਉਣਗੇ। ਇਸ ਦੇ ਨਾਲ ਹੀ ਚੀਨ ਵਾਲੇ ਸਟਰੈਟਫਰਡ ਵਿਚ ਵੀ ਸੈਲਾਨੀਆਂ ਦੀ ਗਿਣਤੀ ਵਧੇਗੀ। ਯਾਦ ਰਹੇ ਕਿ ਪਿਛਲੇ ਕੁਝ ਸਮੇਂ ਤੋਂ ਚੀਨ, ਮੁਲਕ ਵਿਚ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਵੱਲ ਉਚੇਚਾ ਧਿਆਨ ਦੇ ਰਿਹਾ ਹੈ ਅਤੇ ਇਸ ਸਬੰਧੀ ਵੱਖ-ਵੱਖ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਉਂਜ ਵੀ, ਇਸ ਵੇਲੇ ਸੰਸਾਰ ਭਰ ਵਿਚ ਵਿਲੀਅਮ ਸ਼ੇਕਸਪੀਅਰ (26 ਅਪਰੈਲ 1564-23 ਅਪਰੈਲ 1616) ਦੀ 400ਵੀਂ ਬਰਸੀ ਮਨਾਈ ਜਾ ਰਹੀ ਹੈ। ਵੱਖ-ਵੱਖ ਮੁਲਕਾਂ ਜਿਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ, ਦੀਆਂ ਰਚਨਾਵਾਂ ਉਤੇ ਆਧਾਰਤ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸੇ ਸਿਲਸਿਲੇ ਵਿਚ ਬਰਤਾਨਵੀ ਕੰਪਨੀ ‘ਰਾਇਲ ਸ਼ੇਕਸਪੀਅਰ ਕੰਪਨੀ’ ਸ਼ੇਕਸਪੀਅਰ ਦੇ ਲਿਖੇ ਨਾਟਕ ਚੀਨ ਦੀ ਰਾਜਧਾਨੀ ਪੇਈਚਿੰਗ, ਸ਼ੰਘਾਈ ਅਤੇ ਹੋਰ ਸ਼ਹਿਰਾਂ ਵਿਚ ਪੇਸ਼ ਕਰ ਰਹੀ ਹੈ। ਚੇਤੇ ਰਹੇ ਕਿ ਇਸ ਕੰਪਨੀ ਨੇ ਇਨ੍ਹਾਂ ਨਾਟਕਾਂ ਨੂੰ ਰਿਕਾਰਡ ਕੀਤਾ ਹੋਇਆ ਹੈ ਅਤੇ ਇਹ ਮਈ ਮਹੀਨੇ ਤੋਂ ਪਰਦੇ ‘ਤੇ ਦਿਖਾਏ ਜਾ ਰਹੇ ਹਨ। ਰੰਗਕਰਮੀ ਗ੍ਰੇਗਰੀ ਡੋਰਨ ਦੀ ਨਿਰਦੇਸ਼ਨਾ ਹੇਠ ਖੇਡੇ ਸ਼ੇਕਸਪੀਅਰ ਦੇ ਚਾਰ ਨਾਟਕ ਰਿਚਰਡ ਦੂਜਾ, ਹੈਨਰੀ ਚੌਥਾ ਭਾਗ ਪਹਿਲਾ ਤੇ ਦੂਜਾ ਅਤੇ ਹੈਨਰੀ ਪੰਜਵਾਂ ਚੀਨ ਵਿਚ ਦਿਖਾਏ ਜਾ ਰਹੇ ਹਨ। ਚੀਨ ਦੀ ਸਰਕਾਰੀ ਖ਼ਬਰ ਏਜੰਸੀ ਸਿਨਹੂਆ ਮੁਤਾਬਕ, ਆਮ ਚੀਨੀ ਲੋਕਾਂ ਤਕ ਸ਼ੇਕਸਪੀਅਰ ਦੀਆਂ ਮਹਾਨ ਰਚਨਾਵਾਂ ਪਹੁੰਚਾਉਣ ਲਈ ਬਰਤਾਨਵੀ ਕੰਪਨੀ ਵੱਲੋਂ ਚੀਨੀ ਨਾਟਕਕਾਰਾਂ ਨਾਲ ਰਲ ਕੇ ਕੰਮ ਕੀਤਾ ਜਾਏਗਾ। ਇਸੇ ਦੌਰਾਨ ਚੀਨ ਦੀਆਂ ਸ਼ਾਹਕਾਰ ਰਚਨਾਵਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਕਰ ਕੇ ਇਨ੍ਹਾਂ ਨੂੰ ਬਰਤਾਨੀਆ ਵਿਚ ਪੇਸ਼ ਕੀਤਾ ਜਾਵੇਗਾ।
__________________________________
ਇੱਦਾਂ ਹੀ ਵਸ ਚੁੱਕੇ ਹਨ ਵੀਨਸ ਤੇ ਲੰਡਨ ਵੀ
ਚੀਨ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਤਜਰਬੇ ਕਰ ਚੁੱਕਾ ਹੈ। ਇਹ ਪੈਰਿਸ ਵਿਚ ਸਥਿਤ ਮਸ਼ਹੂਰ ਆਈਫਲ ਟਾਵਰ, ਆਪਣੇ ਮੁਲਕ ਵਿਚ ਬਣਵਾ ਚੁੱਕਾ ਹੈ। ਇਹੀ ਨਹੀਂ, ਇਸ ਨੇ ਇਟਲੀ ਦੇ ਸੰਸਾਰ ਪ੍ਰਸਿੱਧ ਸ਼ਹਿਰ ਵੀਨਸ ਅਤੇ ਬਰਤਾਨੀਆ ਦੀ ਰਾਜਧਾਨੀ ਲੰਡਨ ਦੀ ਤਰਜ਼ ਉਤੇ ਵੀ ਸ਼ਹਿਰ ਵਸਾਏ ਹੋਏ ਹਨ। ਦਾਈਆ ਇਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸੈਲਾਨੀਆਂ ਨੂੰ ਖਿੱਚਾਂ ਪਾਈਆਂ ਜਾਣ।