ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਜੋੜ-ਤੋੜ ਵਿਚ ਉਲਝ ਗਈ ਹੈ। ਆਵਾਜ਼-ਏ-ਪੰਜਾਬ ਫਰੰਟ ਬਣਾ ਕੇ ਪੰਜਾਬ ਦੇ ਚੋਣ ਦੰਗਲ ਵਿਚ ਕੁੱਦਣ ਦਾ ਐਲਾਨ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਦੇ ਬੈਕ-ਫੁੱਟ ‘ਤੇ ਜਾਣ ਕਾਰਨ ਸਿਆਸੀ ਹਾਲਾਤ ਨੇ ਇਕਦਮ ਮੋੜਾ ਲਿਆ ਹੈ। ਸਿੱਧੂ ਦਾ ਐਲਾਨ ਆਮ ਆਦਮੀ ਪਾਰਟੀ (ਆਪ) ਦੇ ਬਾਗੀਆਂ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
‘ਆਪ’ ਵਿਚੋਂ ਕੱਢੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਬਾਗੀ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਅਤੇ ਹੋਰ ਛੋਟੇ ਗਰੁੱਪਾਂ ਵੱਲੋਂ ਆਵਾਜ਼-ਏ-ਪੰਜਾਬ ਨਾਲ ਮਿਲ ਕੇ ਵੱਡਾ ਸਿਆਸੀ ਫਰੰਟ ਖੜ੍ਹਾ ਕਰਨ ਆਸਾਰ ਬਣ ਰਹੇ ਸਨ, ਪਰ ਸਿੱਧੂ ਦੇ ਫੈਸਲੇ ਕਾਰਨ ਸਭ ਕੁਝ ਧਰਿਆ ਧਰਾਇਆ ਰਹਿ ਗਿਆ। ਨਵਜੋਤ ਸਿੱਧੂ ਨੇ ਆਪਣੇ ਫੈਸਲੇ ਬਾਰੇ ਤਰਕ ਦਿਤਾ ਹੈ ਕਿ ਉਹ ਸੱਤਾ ਵਿਰੋਧੀ ਭਾਵਨਾਵਾਂ ਵਿਚ ਵੰਡ ਪਾ ਕੇ ਸੱਤਾਧਾਰੀ ਧਿਰ ਨੂੰ ਲਾਭ ਨਹੀਂ ਪਹੁੰਚਾਉਣਾ ਚਾਹੁੰਦੇ। ਅਕਾਲੀ-ਭਾਜਪਾ ਗੱਠਜੋੜ ਦੇ ਲਗਪਗ ਦਸ ਸਾਲ ਦੇ ਮਾੜੇ ਸ਼ਾਸਨ ਤੋਂ ਪ੍ਰੇਸ਼ਾਨ ਪੰਜਾਬ ਦੇ ਲੋਕਾਂ ਨੂੰ ‘ਆਪ’ ਵੀ ਇਹੀ ਦਲੀਲ ਦੇ ਰਹੀ ਹੈ।
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਵਾਜ਼-ਏ-ਪੰਜਾਬ ਮੋਰਚੇ ਨੇ ‘ਆਪ’ ਵਿਚੋਂ ਹਟਾਏ ਜਾਂ ਮੁਅੱਤਲ ਕੀਤੇ ਨੇਤਾਵਾਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕੀਤੀ ਸੀ, ਪਰ ਇਹ ਸਫਲ ਨਹੀਂ ਹੋ ਸਕੀ। ਇਸ ਗਰੁੱਪ ਵਿਚ ਇਕ ਪਾਸੇ ਸੁੱਚਾ ਸਿੰਘ ਛੋਟੇਪੁਰ ਸਨ ਤੇ ਦੂਜੇ ਪਾਸੇ ਪਾਰਟੀ ਵਿਚੋਂ ਬਾਹਰ ਹੋਏ ਜਾਂ ਕੀਤੇ ‘ਆਪ’ ਆਗੂ ਡਾæ ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ ਤੋਂ ਇਲਾਵਾ ਡਾæ ਦਲਜੀਤ ਸਿੰਘ ਤੇ ਕਈ ਹੋਰ ਨੇਤਾ ਵੀ ਸ਼ਾਮਲ ਸਨ। ਪਤਾ ਲੱਗਾ ਹੈ ਕਿ ਇਨ੍ਹਾਂ ਵਿਚੋਂ ਬਹੁਤੇ ਇਸ ਤਰ੍ਹਾਂ ਦੇ ਵੱਡੇ ਗਠਜੋੜ ਵਿਚ ਸ਼ਾਮਲ ਹੋਣ ਲਈ ਤਿਆਰ ਨਹੀਂ ਹੋਏ; ਕਿਉਂਕਿ ਉਨ੍ਹਾਂ ਦਾ ਆਮ ਆਦਮੀ ਪਾਰਟੀ ਵਿਚੋਂ ਬਾਹਰ ਜਾਣ ਦਾ ਮੁਢਲਾ ਕਾਰਨ ਹੀ ਸੁੱਚਾ ਸਿੰਘ ਛੋਟੇਪੁਰ ਬਣੇ ਸਨ।
ਡਾæ ਧਰਮਵੀਰ ਗਾਂਧੀ ਤੇ ਤਿੰਨ ਮੁੱਖ ਆਗੂਆਂ ਸੁੱਚਾ ਸਿੰਘ ਛੋਟੇਪੁਰ ਤੇ ਪ੍ਰੋæ ਮਨਜੀਤ ਸਿੰਘ ਵਾਲਾ ਧੜਾ ਆਵਾਜ਼-ਏ-ਪੰਜਾਬ ਵੱਲੋਂ ਹੁੰਗਾਰਾ ਨਾ ਮਿਲਣ ਕਾਰਨ ਕਾਫੀ ਨਿਰਾਸ਼ ਹੈ। ਇਸ ਧੜੇ ਵੱਲੋਂ ਸਿੱਧੂ ਸਮੇਤ ਬੈਂਸ ਭਰਾਵਾਂ ਨਾਲ ਪਿਛਲੇ ਹਫਤੇ ਤੋਂ ਲਗਾਤਾਰ ਰਾਬਤਾ ਕਾਇਮ ਕੀਤਾ ਹੋਇਆ ਹੈ, ਪਰ ਆਵਾਜ਼-ਏ-ਪੰਜਾਬ ਦੇ ਆਗੂਆਂ ਵਲੋਂ ਪੱਤੇ ਨਾਲ ਖੋਲ੍ਹਣ ਕਾਰਨ ਭੰਬਲਭੂਸਾ ਬਣਿਆ ਹੋਇਆ ਹੈ। ਡਾæ ਗਾਂਧੀ ਦਾ ਦਾਅਵਾ ਹੈ ਕਿ ਆਵਾਜ਼-ਏ-ਪੰਜਾਬ ਤੋਂ ਬਿਨਾ ਸਾਰੇ ਧੜੇ- ਸਵਰਾਜ ਪਾਰਟੀ, ਛੋਟੇਪੁਰ ਧੜਾ, ਆਪਣਾ ਪੰਜਾਬ ਪਾਰਟੀ, ਜੈ ਜਵਾਨ ਜੈ ਕਿਸਾਨ, ਭਾਰਤ ਸੋਸ਼ਿਤ ਸਮਾਜ ਸੰਗਠਨ, ਵਲੰਟੀਅਰ ਫਰੰਟ ਆਦਿ ਨੇ ਸਿਆਸੀ ਫਰੰਟ ਬਣਾਉਣ ਉਪਰ ਸਹਿਮਤੀ ਦਿਤੀ ਹੈ। ਇਹ ਸਿਆਸੀ ਫਰੰਟ ਵਿਧਾਨ ਸਭਾ ਚੋਣਾਂ ਲੜੇਗਾ, ਪਰ ਉਹ ਖੁਦ ਨਾ ਤਾਂ ਇਸ ਸਿਆਸੀ ਫਰੰਟ ਦੀ ਅਗਵਾਈ ਕਰਨਗੇ ਅਤੇ ਨਾ ਹੀ ਚੋਣ ਲੜਨਗੇ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਮੁਅੱਤਲ ਕੀਤਾ ਹੈ ਅਤੇ ਉਹ ਕਿਸੇ ਵੀ ਕੀਮਤ ਉਤੇ ਸੰਸਦ ਮੈਂਬਰ ਤੋਂ ਅਸਤੀਫਾ ਨਹੀਂ ਦੇਣਾ ਚਾਹੁੰਦੇ ਜਿਸ ਕਾਰਨ ਤਕਨੀਕੀ ਤੌਰ ‘ਤੇ ਉਹ ਸਿਆਸੀ ਫਰੰਟ ਦੀ ਅਗਵਾਈ ਨਹੀਂ ਕਰ ਸਕਦੇ। ਇਹ ਵੀ ਪਤਾ ਲੱਗਾ ਹੈ ਕਿ ਆਵਾਜ਼-ਏ-ਪੰਜਾਬ ਦੇ ਆਗੂਆਂ ਵੱਲੋਂ ਰਾਜਸਥਾਨ ਨੂੰ ਪਾਣੀ ਦੇਣ, ਰੇਤ ਮਾਫੀਆ, ਕੇਬਲ ਮਾਫੀਆ, ਬੱਸ ਮਾਫੀਆ ਅਤੇ ਪਾਵਨ ਸਰੂਪਾਂ ਦੀ ਬੇਅਦਬੀ ਆਦਿ ਮੁੱਦਿਆਂ ਬਾਰੇ ਪੰਜਾਬ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਲਿਆਉਣ ਲਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਵਿਚ ਕਿਸ ਧੜੇ ਨੂੰ ਹਮਾਇਤ ਦੇਣੀ ਹੈ, ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
___________________________
ਬਾਦਲਾਂ ਦਾ ਝੋਰਾ
ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਵੱਲੋਂ ਨਵੇਂ ਫਰੰਟ ਤੋਂ ਪਿੱਛੇ ਹਟਣ ਦੇ ਫੈਸਲੇ ਨੂੰ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਵੱਡਾ ਝਟਕਾ ਮੰਨ ਰਿਹਾ ਹੈ। ਹਾਕਮ ਧਿਰ ਨੂੰ ਉਮੀਦ ਸੀ ਕਿ ਨਵਾਂ ਫਰੰਟ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਮਨਪ੍ਰੀਤ ਸਿੰਘ ਬਾਦਲ ਵਾਲੀ ਭੂਮਿਕਾ ਨਿਭਾਉਂਦੇ ਹੋਏ ਉਨ੍ਹਾਂ ਨੂੰ ਸੱਤਾ ਤੱਕ ਪਹੁੰਚਾਉਣ ਵਿਚ ਮਦਦ ਕਰੇਗਾ, ਪਰ ਸਿੱਧੂ ਨੇ ਫੈਸਲੇ ਨੇ ਸਾਰੀ ਖੇਡ ਵਿਗਾੜ ਦਿਤੀ ਹੈ। ਨਵਜੋਤ ਸਿੰਘ ਵੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਇਹ ਫੈਸਲੇ ਬਾਦਲ ਧੜੇ ਨੂੰ ਸੱਤਾ ਵਿਚੋਂ ਬਾਹਰ ਕਰਨ ਲਈ ਲਿਆ ਹੈ, ਕਿਉਂਕਿ ਇਸ ਨਾਲ ਹਾਕਮ ਧਿਰ ਨੂੰ ਲਾਹਾ ਮਿਲ ਸਕਦਾ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਦੇ ਇਸ ਫੈਸਲੇ ਨੂੰ ਮੌਕਾਪ੍ਰਸਤੀ ਦੱਸਿਆ ਹੈ। ਸਿੱਧੂ ਦੇ ਐਲਾਨ ਨਾਲ ‘ਆਪ’ ਬਾਗੋਬਾਗ ਹੈ। ਦੂਜੇ ਪਾਸੇ ਸੁੱਚਾ ਸਿੰਘ ਛੋਟੇਪੁਰ ਧੜਾ ਹੈਰਾਨ ਹੈ, ਕਿਉਂਕਿ ਛੋਟੇਪੁਰ ਨੇ ਕਿਹਾ ਸੀ ਕਿ ਉਹ ਸਿੱਧੂ ਅਤੇ ਹੋਰ ਧੜਿਆਂ ਨਾਲ ਮਿਲ ਕੇ ਸਿਆਸੀ ਫਰੰਟ ਬਣਾਉਣ ਦਾ ਯਤਨ ਕਰਨਗੇ।