ਪਹਿਲੀ ਬਹਿਸ ਵਿਚ ਹਿਲੇਰੀ ਨੇ ਟਰੰਪ ਹਿਲਾਇਆ

ਨਿਊ ਯਾਰਕ: ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਅਤੇ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਵਿਚਾਲੇ ਅਹਿਮ ਬਹਿਸ ਵਿਚ ਹਿਲੇਰੀ ਦਾ ਪਲੜਾ ਭਾਰੀ ਰਿਹਾ। ਦੋਵਾਂ ਆਗੂਆਂ ਵਿਚਾਲੇ ਹੋਣ ਵਾਲੀਆਂ ਤਿੰਨ ਬਹਿਸਾਂ ਵਿਚੋਂ ਇਹ ਪਹਿਲੀ ਬਹਿਸ ਸੀ। ਚੋਣਾਂ ਤੋਂ ਪਹਿਲਾਂ ਉਮੀਦਵਾਰਾਂ ਵਿਚਾਲੇ ਸਿੱਧੀ ਬਹਿਸ ਅਮਰੀਕੀ ਚੋਣਾਂ ਪ੍ਰਕਿਰਿਆ ਦਾ ਹਿੱਸਾ ਹੈ। ਇਸ ਬਹਿਸ ਵਿਚ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਨੇ ਡੋਨਲਡ ਟਰੰਪ ਨੂੰ ਟੈਕਸ ਮਾਮਲੇ ਵਿਚ ਘੇਰਿਆ।

ਦੂਜੇ ਪਾਸੇ ਟਰੰਪ ਨੇ ਹਿਲੇਰੀ ਦੀਆਂ ਲੀਕ ਹੋਈਆਂ ਈ-ਮੇਲ ਦੇ ਮੁੱਦੇ ਉਤੇ ਹਮਲੇ ਕੀਤਾ। ਦੋਵਾਂ ਆਗੂਆਂ ਨੇ ਬਹਿਸ ਦੇਸ਼ ਦੇ ਆਰਥਿਕ ਮੁੱਦਿਆਂ ਉਤੇ ਸ਼ੁਰੂ ਕੀਤੀ।
ਬਹਿਸ ਦੀ ਸ਼ੁਰੂਆਤ ‘ਚ ਭਾਵੇਂ ਟਰੰਪ ਭਾਰੂ ਹੁੰਦੇ ਦਿਖਾਈ ਦਿਤੇ, ਪਰ ਬਾਅਦ ‘ਚ ਉਹ ਆਪਣੀਆਂ ਬੇਤੁਕੀਆਂ ਦਲੀਲਾਂ ਦੇ ਜਾਲ ਵਿਚ ਫਸ ਗਏ ਅਤੇ ਫਿਰ ਹਿਲੇਰੀ ਕਲਿੰਟਨ ਨੇ ਮੇਲਾ ਲੁੱਟ ਲਿਆ। ਟੀæਵੀæ ਉਤੇ ਹੋਣ ਵਾਲੀਆਂ ਤਿੰਨ ਬਹਿਸਾਂ ‘ਚੋਂ ਪਹਿਲੀ ਬਹਿਸ ਦੌਰਾਨ ਕੋਈ ਫੈਸਲਾ ਨਾ ਲੈ ਸਕਣ ਵਾਲੇ ਵੋਟਰਾਂ ਨੂੰ ਲੁਭਾਉਣ ਲਈ ਹਰ ਹਰਬਾ ਵਰਤਿਆ ਗਿਆ। ਹਿਲੇਰੀ ਨੇ ਦ੍ਰਿੜ੍ਹਤਾ ਨਾਲ ਮੌਜੂਦਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਨੀਤੀਆਂ ਦਾ ਵੀ ਬਚਾਅ ਕੀਤਾ। ਆਪਣੇ ਚੋਣ ਪ੍ਰਚਾਰ ਦੌਰਾਨ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਅਤੇ ਰਿਐਲਿਟੀ ਟੀæਵੀæ ਸਟਾਰ ਟਰੰਪ ਇਕ-ਦੂਜੇ ਖਿਲਾਫ਼ ਜ਼ਹਿਰ ਉਗਲਦੇ ਰਹੇ ਸਨ, ਪਰ 8 ਨਵੰਬਰ ਨੂੰ ਹੋਣ ਜਾ ਰਹੀ ਵੋਟਿੰਗ ਤੋਂ ਪਹਿਲਾਂ ਇਹ ਪਹਿਲੀ ਵਾਰੀ ਸੀ ਜਦੋਂ ਦੋਵੇਂ ਆਗੂ ਆਹਮੋ-ਸਾਹਮਣੇ ਆਏ ਅਤੇ ਉਨ੍ਹਾਂ ਇਕ-ਦੂਜੇ ਦੀਆਂ ਨੀਤੀਆਂ ਨੂੰ ਭੰਡਦਿਆਂ ਨਿੱਜੀ ਹਮਲੇ ਵੀ ਕੀਤੇ।
ਸੀæਐਨæਐਨæ/ਓæਆਰæਸੀæ ਸਰਵੇਖਣ ਵਿਚ ਹਿਲੇਰੀ ਨੂੰ 62 ਫੀਸਦੀ ਵੋਟਰਾਂ ਦੀ ਹਮਾਇਤ ਦਰਸਾਉਂਦਿਆਂ ਸਪਸ਼ਟ ਜੇਤੂ ਐਲਾਨਿਆ ਗਿਆ ਹੈ, ਜਦਕਿ ਟਰੰਪ ਨੂੰ ਮਹਿਜ਼ 27 ਫੀਸਦੀ ਵੋਟਰਾਂ ਨੇ ਹਮਾਇਤ ਦਿਤੀ। ਰੀਅਲ ਐਸਟੇਟ ਦੇ ਸਭ ਤੋਂ ਵੱਡੇ ਕਾਰੋਬਾਰੀ ਅਤੇ ਵਿਵਾਦਤ ਆਗੂ ਟਰੰਪ ਨੇ ਹਿਲੇਰੀ ਨੂੰ ਪਿੱਛੇ ਜਿਹੇ ਹੋਏ ਨਮੂਨੀਏ ‘ਤੇ ਤਨਜ਼ ਕਸਦਿਆਂ ਉਸ ਦੇ ਦਮ-ਖ਼ਮ ਉਤੇ ਹੀ ਸਵਾਲ ਖੜ੍ਹੇ ਕਰ ਦਿਤੇ। ਹਿਲੇਰੀ ਕਲਿੰਟਨ ਪੂਰੀ ਬਹਿਸ ਦੌਰਾਨ ਟਰੰਪ ਦੇ ਹਰ ਸਵਾਲ ਦਾ ਮੂੰਹ ਤੋੜਵਾਂ ਜਵਾਬ ਦਿੰਦੀ ਰਹੀ ਅਤੇ ਟਰੰਪ ਦੇ ਮਿਜ਼ਾਜ ਰਾਹੀਂ ਉਸ ਨੂੰ ਰੱਖਿਆਤਮਕ ਅੰਦਾਜ਼ ‘ਚ ਲੈ ਆਂਦਾ। ਉਸ ਨੇ ਟਰੰਪ ਦੇ ਟੈਕਸ ਭਰਨ ਦੀ ਜਾਣਕਾਰੀ ਸਾਂਝੀਆ ਨਾ ਕਰਨ, ਨਸਲੀ ਅਤੇ ਮਹਿਲਾਵਾਂ ਖਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ।
ਬਹਿਸ ਦੌਰਾਨ ਟਰੰਪ ਨੂੰ ਵਾਰ-ਵਾਰ ਪਾਣੀ ਪੀਂਦੇ ਦੇਖਿਆ ਗਿਆ। ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਟਰੰਪ ਦੇ ਮਿਜ਼ਾਜ ਨੂੰ ਘੇਰੇ ‘ਚ ਲੈਂਦਿਆਂ ਕਿਹਾ ਕਿ ਉਹ ਛੇਤੀ ਹੀ ਅਤੇ ਆਸਾਨੀ ਨਾਲ ਭੜਕ ਜਾਂਦਾ ਹੈ। ਇਸ ਕਰ ਕੇ ਉਸ ਦੀਆਂ ਉਂਗਲਾਂ ਪਰਮਾਣੂ ਕੋਡ ਨੇੜੇ ਨਹੀਂ ਹੋਣੀਆਂ ਚਾਹੀਦੀਆਂ। ਉਨ੍ਹਾਂ ਸੰਕੇਤ ਦਿਤਾ ਕਿ ਉਹ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਣਨ ਦਾ ਹੱਕਦਾਰ ਨਹੀਂ ਹੈ, ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਰੌਂਅ ‘ਚ ਆ ਕੇ ਪਰਮਾਣੂ ਹਥਿਆਰਾਂ ਦਾ ਬਟਨ ਹੀ ਨਾ ਨੱਪ ਦੇਵੇ। ਡੋਨਲਡ ਟਰੰਪ ਨੇ ਹਮਲਾਵਰ ਰੁਖ ਅਖਤਿਆਰ ਕਰਦੇ ਹੋਏ ਕਿਹਾ ਕਿ ਹਿਲੇਰੀ ਕਲਿੰਟਨ ਤੇ ਓਬਾਮਾ ਦੀ ਨੀਤੀਆਂ ਨੇ ਪਿਛਲੇ 8 ਸਾਲਾਂ ਵਿਚ 9 ਬਿਲੀਅਨ ਡਾਲਰ ਦਾ ਖਰਚਾ ਦੇਸ਼ ਉਤੇ ਵਧਾ ਦਿਤਾ ਹੈ। ਟਰੰਪ ਨੇ ਕਿਹਾ ਕਿ ਓਬਾਮਾ ਨੇ 8 ਸਾਲ ਤੋਂ ਅਮਰੀਕਾ ਦੇ ਕਰਜ਼ੇ ਨੂੰ ਦੁੱਗਣਾ ਕਰ ਦਿਤਾ ਹੈ।ਪਹਿਲਾ ਸਵਾਲ ਅਮਰੀਕੀ ਨਾਗਰਿਕਾਂ ਦੀ ਜੇਬ ਵਿਚ ਪੈਸਾ ਵਾਪਸ ਆਉਣ ਅਤੇ ਰੁਜ਼ਗਾਰ ਪੈਦਾ ਕਰਨ ਬਾਰੇ ਸੀ, ਜਿਸ ਦੇ ਜਵਾਬ ਵਿਚ ਹਿਲੇਰੀ ਨੇ ‘ਸਾਰਿਆਂ ਲਈ ਅਰਥ ਵਿਵਸਥਾ’ ਉਤੇ ਜ਼ੋਰ ਦਿਤਾ। ਹਿਲੇਰੀ ਤੇ ਟਰੰਪ ਵਿਚਾਲੇ ਬਹਿਸ ਕਾਫੀ ਤਿੱਖੀ ਰਹੀ। ਹਿਲੇਰੀ ਨੇ ਟਰੰਪ ‘ਤੇ 2008 ਵਿਚ ਆਰਥਿਕ ਸੰਕਟ ਤੋਂ ਲਾਭ ਲੈਣ ਦਾ ਦੋਸ਼ ਲਾਇਆ, ਉਥੇ ਟਰੰਪ ਨੇ ਇਸ ਨੂੰ ਨਕਾਰਦੇ ਹੋਏ ‘ਕਾਰੋਬਾਰ’ ਕਿਹਾ।