ਪੰਜਾਬ ਪਿਛਲੇ ਕੁਝ ਸਮੇਂ ਤੋਂ ਲਗਾਤਾਰ, ਚੋਣਾਂ ਵਾਲੇ ਮੋਡ ਵਿਚ ਚੱਲ ਰਿਹਾ ਹੈ ਅਤੇ ਸਾਰੀਆਂ ਸਿਆਸੀ ਧਿਰਾਂ ਆਪੋ-ਆਪਣੀ ਸਮਰੱਥਾ ਮੁਤਾਬਕ ਸਰਗਰਮੀਆਂ ਚਲਾ ਰਹੀਆਂ ਹਨ। ਨਵੀਆਂ-ਪੁਰਾਣੀਆਂ ਸਫਬੰਦੀਆਂ ਦਾ ਬਾਜ਼ਾਰ ਪੂਰਾ ਗਰਮ ਹੈ। ਇਸੇ ਦੌਰਾਨ ਕੁਝ ਦਿਨਾਂ ਤੋਂ ਚੌਥੇ ਫਰੰਟ ਦਾ ਚੱਲ ਰਿਹਾ ਸਿਲਸਿਲਾ, ਅੰਮ੍ਰਿਤਸਰ ਤੋਂ ਸਾਬਕਾ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਕਾਰਨ ਫਿਲਹਾਲ ਮੱਠਾ ਪੈ ਗਿਆ ਹੈ। ਨਵਜੋਤ ਸਿੰਘ ਸਿੱਧੂ, ਬੈਂਸ ਭਰਾਵਾਂ ਅਤੇ ਪ੍ਰਗਟ ਸਿੰਘ ਸਿੱਧੂ ਵੱਲੋਂ ਕਾਇਮ ‘ਆਵਾਜ਼-ਏ-ਪੰਜਾਬ’ ਨੇ ਚੁਣਾਵੀ ਸਿਆਸਤ ਦਾ ਇਕ ਹੋਰ ਦਰ ਖੋਲ੍ਹ ਦਿੱਤਾ ਸੀ,
ਪਰ ਹੁਣ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਗੁਗਲੀ ਨੇ ਚੌਥੇ ਫਰੰਟ ਵਾਲੀਆਂ ਸੰਭਾਵੀ ਧਿਰਾਂ ਨੂੰ ਨਿਰਾਸ਼ ਕਰ ਸੁੱਟਿਆ ਹੈ। ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ‘ਆਪ’ ਦੇ ਮੁਅੱਤਲ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਜਿਹੜੇ ਚੌਥੇ ਫਰੰਟ ਲਈ ਵਾਹਵਾ ਸਰਗਰਮੀ ਫੜ ਗਏ ਸਨ, ਹੁਣ ਆਪੋ-ਆਪਣੇ ਵਿਤ ਅਨੁਸਾਰ ਨਵੀਂ ਸਫਬੰਦੀ ਦੇ ਰਾਹ ਤਲਾਸ਼ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ‘ਆਪ’ ਲਈ ਬਿਨਾ ਸ਼ੱਕ, ਨਰਮੀ ਵਾਲੇ ਸੰਕੇਤ ਸੁੱਟੇ ਹਨ। ਦੂਜੇ ਬੰਨੇ ਧਰਮਵੀਰ ਗਾਂਧੀ ਤੇ ਸੁੱਚਾ ਸਿੰਘ ਛੋਟੇਪੁਰ ਦਾ ‘ਆਪ’ ਨਾਲੋਂ ਨਾਤਾ ਫਿਲਹਾਲ ਟੁੱਟ ਚੁਕਾ ਹੈ ਅਤੇ ਇਸ ਦੇ ਜੁੜਨ ਦੀਆਂ ਸੰਭਾਵਨਾਵਾਂ ਨਹੀਂ ਹਨ। ਇਨ੍ਹਾਂ ਦੋਹਾਂ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਵਾਂਗ ਇਹ ਪੈਂਤੜਾ ਨਹੀਂ ਮੱਲਿਆ ਹੈ ਕਿ ਸੱਤਾ-ਵਿਰੋਧੀ ਵੋਟਾਂ ਵੰਡਣ ਤੋਂ ਬਚਾਉਣ ਲਈ ਉਹ ਚੌਥਾ ਫਰੰਟ ਨਹੀਂ ਬਣਾਉਣਗੇ, ਪਰ ਕਾਂਗਰਸ ਆਗੂ ਕੈਪਟਨ ਅਮਰਿੰਦਰ ਸਿੰਘ, ਛੋਟੇਪੁਰ ਬਾਰੇ ਆਪਣਾ ਨਰਮ-ਗੋਸ਼ਾ ਜ਼ਾਹਿਰ ਕਰ ਚੁੱਕੇ ਹਨ। ਚੌਥਾ ਫਰੰਟ ਨਮੂਦਾਰ ਹੋਣ ਤੋਂ ਬਾਅਦ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਵਿਰੋਧੀ ਧਿਰ ਕਾਂਗਰਸ ਅੰਦਰ ਖਾਸੀ ਹਲਚਲ ਹੋਈ ਸੀ, ਪਰ ਹੁਣ ਨਵੀਆਂ ਸਫਬੰਦੀਆਂ ਨੇ ਇਨ੍ਹਾਂ ਦੋਹਾਂ ਰਵਾਇਤੀ ਪਾਰਟੀਆਂ ਨੂੰ ਨਵੇਂ ਸਿਰਿਓਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਅਤੇ ਤੀਜੀ ਧਿਰ ਵਜੋਂ ਉਭਰੀ ‘ਆਪ’ ਦੀਆਂ ਨਜ਼ਰਾਂ ਚੌਥੇ ਫਰੰਟ ਵਾਲੀਆਂ ਧਿਰਾਂ ਵੱਲ ਲੱਗੀਆਂ ਹੋਈਆਂ ਹਨ।
ਅਸਲ ਵਿਚ ਨਵਜੋਤ ਸਿੰਘ ਸਿੱਧੂ ਨੇ ਹੁਣ ਤੱਕ ਜਿੰਨੀ ਵੀ ਸਿਆਸਤ ਕੀਤੀ ਹੈ, ਉਸ ਉਤੇ ਵਿਅਕਤੀਵਾਦ ਸਦਾ ਹੀ ਭਾਰੂ ਰਿਹਾ ਹੈ। ਸਿਆਸਤ ਤੋਂ ਪਹਿਲਾਂ ਬਤੌਰ ਕ੍ਰਿਕਟ ਖਿਡਾਰੀ ਵੀ ਉਸ ਦਾ ਹਾਲ ਕੋਈ ਬਹੁਤਾ ਵੱਖਰਾ ਨਹੀਂ ਸੀ। ਆਪਣੇ ਕੈਪਟਨ ਮੁਹੰਮਦ ਅਜ਼ਹਰੂਦੀਨ ਨਾਲ ਲੜ ਕੇ ਆਪਣਾ ਵਿਦੇਸ਼ ਦੌਰਾ ਵਿਚਾਲੇ ਛੱਡ ਕੇ ਭਾਰਤ ਜਾ ਪੁੱਜਣ ਵਾਲਾ ਕਿੱਸਾ ਲੋਕਾਂ ਨੂੰ ਅਜੇ ਭੁੱਲਿਆ ਨਹੀਂ ਹੈ ਅਤੇ ਨਾ ਹੀ ਪਟਿਆਲੇ ਦੀ ਉਹ ਘਟਨਾ ਹੀ ਭੁੱਲੀ ਹੈ ਜਿਸ ਵਿਚ ਉਨ੍ਹਾਂ ਨੇ ਪਾਰਕਿੰਗ ਪਿਛੇ ਹੋਏ ਝਗੜੇ ਦੌਰਾਨ ਇਕ ਬਜ਼ੁਰਗ ਦੀ ਜਾਨ ਲੈ ਲਈ ਸੀ। ਇਸ ਕੇਸ ਵਿਚ ਉਨ੍ਹਾਂ ਨੂੰ ਅਦਾਲਤ ਵੱਲੋਂ ਸਜ਼ਾ ਮਿਲੀ ਹੋਈ ਹੈ, ਭਾਵੇਂ ਇਹ ਸਜ਼ਾ ਅੱਜ ਤਕ ਮੁਅੱਤਲ ਚਲੀ ਆ ਰਹੀ ਹੈ। ਉਨ੍ਹਾਂ ਦੇ ਪਰਿਵਾਰ ਦਾ ਝੁਕਾਅ ਸਦਾ ਕਾਂਗਰਸ ਵੱਲ ਰਿਹਾ, ਪਰ ਸਿਆਸਤ ਵਿਚ ਆਉਣ ਵੇਲੇ ਉਨ੍ਹਾਂ ਸਭ ਨੂੰ ਹੈਰਾਨ ਕਰਦਿਆਂ ਉਦੋਂ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਸੀ। ਹੁਣ ਜਦੋਂ ਪਾਰਟੀ ਛੱਡੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਵਾਲਾ ਤੱਥ ਵਧੇਰੇ ਉਭਾਰਿਆ ਗਿਆ ਹੈ। ਬਾਅਦ ਵਿਚ ਆਮ ਆਦਮੀ ਪਾਰਟੀ ਨਾਲ ਉਨ੍ਹਾਂ ਦਾ ਜਿਹੜਾ ‘ਔਨ-ਔਫ’ ਵਾਲਾ ਸਿਲਸਿਲਾ ਚੱਲਿਆ, ਉਸ ਤੋਂ ਵੀ ਵਿਅਕਤੀਵਾਦੀ ਪਹੁੰਚ ਦੀ ਹੀ ਕਨਸੋਅ ਪੈਂਦੀ ਹੈ। ਇਸ ਤੋਂ ਵੀ ਵੱਡੀ ਗੱਲ, ਇੰਨੀ ਜ਼ਿਆਦਾ ਉਥਲ-ਪੁਥਲ ਦੇ ਬਾਵਜੂਦ ਉਨ੍ਹਾਂ ਦੀ ਵਿਧਾਇਕ ਪਤਨੀ ਨਵਜੋਤ ਕੌਰ ਸਿੱਧੂ ਅਜੇ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ, ਹਾਲਾਂਕਿ ਉਹ ਉਨ੍ਹਾਂ ਦੇ ਹਰ ਸਿਆਸੀ ਪੈਂਤੜੇ ਬਾਰੇ ਲਗਾਤਾਰ ਬਿਆਨ ਦਾਗਦੇ ਰਹੇ ਹਨ। ਜ਼ਾਹਰ ਹੈ ਕਿ ਉਨ੍ਹਾਂ ਦੀਆਂ ਤਰਜੀਹਾਂ ਕੁਝ ਹੋਰ ਹਨ। ਇਸ ਦੇ ਉਲਟ ਧਰਮਵੀਰ ਗਾਂਧੀ ਪੰਜਾਬ ਅਤੇ ਪੰਜਾਬ ਦੀ ਸਿਆਸਤ ਬਾਰੇ ਬਾਕਾਇਦਾ ਪੈਂਤੜਾ ਮੱਲਦੇ ਰਹੇ ਹਨ। ਹੁਣ ਵੀ ਉਹ ਮੁੱਦਾ ਆਧਾਰਤ ਸਿਆਸਤ ਵਾਲਾ ਨੁਕਤਾ ਉਭਾਰਨ ਦਾ ਯਤਨ ਕਰ ਰਹੇ ਹਨ।
ਸੂਬੇ ਵਿਚ ਤੀਜੀ ਧਿਰ ਅਤੇ ਤਬਦੀਲੀ ਦਾ ਸੁਨੇਹਾ ਲੈ ਕੇ ਆਈ ਆਮ ਆਦਮੀ ਪਾਰਟੀ ਕਈ ਤਰ੍ਹਾਂ ਦੇ ਝਟਕਿਆਂ ਤੋਂ ਬਾਅਦ ਸੰਭਲਣ ਲਈ ਯਤਨਸ਼ੀਲ ਹੈ। ਇਸ ਪਾਰਟੀ ਨੂੰ ਲੋਕਾਂ ਤੋਂ ਮਿਲ ਰਿਹਾ ਹੁੰਗਾਰਾ ਹੀ ਇਸ ਦੀ ਸਿਆਸਤ ਤੈਅ ਕਰ ਰਿਹਾ ਹੈ ਅਤੇ ਵੱਡੀ ਟੁੱਟ-ਭੱਜ ਦੇ ਬਾਵਜੂਦ ਸੂਬੇ ਦੀ ਸਿਆਸਤ, ਇਸ ਪਾਰਟੀ ਦੇ ਇਰਦ-ਗਿਰਦ ਹੀ ਘੁੰਮ ਰਹੀ ਹੈ। ਉਂਜ, ਇਸ ਪਾਰਟੀ ਵੱਲੋਂ ਨਿਆਰੀ ਸਿਆਸਤ ਕਰਨ ਬਾਰੇ ਕੀਤੇ ਗਏ ਦਾਅਵੇ ਪਿਛੇ ਪੈਂਦੇ ਜਾਪ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਚੌਥੇ ਫਰੰਟ ਦਾ ਮੂੰਹ-ਮੱਥਾ ਬਣਨ ਤੋਂ ਪਹਿਲਾਂ ਹੀ ਬਿਖਰ ਜਾਣ ਕਾਰਨ, ਸੂਬੇ ਵਿਚ ਤਬਦੀਲੀ ਵਾਲੀ ਡੋਰ ਅਜੇ ਵੀ ਇਸ ਪਾਰਟੀ ਦੇ ਕੋਲ ਹੀ ਹੈ। ਆਉਣ ਵਾਲੇ ਦਿਨਾਂ ਦੌਰਾਨ ਸਿਆਸੀ ਸਫਬੰਦੀ ਵਿਚ ਤਿੱਖੀ ਤਬਦੀਲੀਆਂ ਵੀ ਸੰਭਵ ਹਨ। ਇਹ ਤਿੱਖਾਪਣ ਚੋਣਾਂ ਦਾ ਸਮਾਂ ਲਗਾਤਾਰ ਨੇੜੇ ਆਉਣ ਨਾਲ ਵੀ ਜੁੜਿਆ ਹੋਇਆ ਹੈ। ਇਸ ਪੱਖ ਤੋਂ ਆਉਣ ਵਾਲੇ ਦਿਨ ਸੂਬੇ ਦੀ ਸਿਆਸਤ ਲਈ ਅਹਿਮ ਹਨ। ਉਦੋਂ ਤਕ ਸਿਆਸੀ ਸਫਬੰਦੀਆਂ ਵੀ ਨਿੱਤਰ ਕੇ ਸਾਹਮਣੇ ਆਉਣ ਲੱਗ ਪੈਣਗੀਆਂ। ਫਿਲਹਾਲ, ਚੋਣਾਂ ਵਾਲੇ ਮਾਹੌਲ ਦੀ ਇਸ ਆਪਾ-ਧਾਪੀ ਦੇ ਬਾਵਜੂਦ ਸੂਬੇ ਵਿਚ ਵੱਖ-ਵੱਖ ਮਸਲਿਆਂ ਕਾਰਨ ਖੁਦਕੁਸ਼ੀਆਂ ਅਤੇ ਹੱਤਿਆਵਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕਾਨੂੰਨ-ਵਿਵਸਥਾ ਦੇ ਹਾਲਾਤ ਰਸਾਤਲ ਵੱਲ ਗਏ ਹਨ। ਸੱਤਾਧਿਰ ਦਾ ਸਾਰਾ ਜ਼ੋਰ ਚੁਣਾਵੀ ਜ਼ੋਰ-ਅਜ਼ਮਾਈ ਵੱਲ ਹੈ। ਬੇਅਦਬੀ ਨਾਲ ਜੁੜੀਆਂ ਘਟਨਾਵਾਂ ਨੂੰ ਠੱਲ੍ਹ ਨਹੀਂ ਪਈ ਹੈ। ਮੁਲਾਜ਼ਮਾਂ ਦਾ ਰੋਸ ਵੱਖਰਾ ਹੈ। ਬੇਰੁਜ਼ਗਾਰਾਂ ਦੀਆਂ ਡਾਰਾਂ ਵੱਲ ਨਾ ਕਿਸੇ ਦਾ ਪਹਿਲਾਂ ਧਿਆਨ ਸੀ, ਨਾ ਹੁਣ ਹੈ। ਅਜਿਹੇ ਮਾਹੌਲ ਵਿਚੋਂ ਕਿਸ ਤਰ੍ਹਾਂ ਦੇ ਹਾਲਾਤ ਉਭਰਦੇ ਹਨ ਅਤੇ ਇਨ੍ਹਾਂ ਹਾਲਾਤ ਵਿਚੋਂ ਕਿਸ ਲਈ ਚੁਣਾਵੀ ਜਿੱਤ ਦੇ ਰਾਹ ਖੁੱਲ੍ਹਦੇ ਹਨ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਉਂਜ, ਇਨ੍ਹਾਂ ਚੋਣਾਂ ਵਿਚ ਜਿੱਤ ਭਾਵੇਂ ਕਿਸੇ ਵੀ ਧਿਰ ਦੀ ਹੋਵੇ, ਪਰ ਇਹ ਹੁਣ ਤੈਅ ਹੈ ਕਿ ਇਨ੍ਹਾਂ ਚੋਣਾਂ ਨੇ ਸੂਬੇ ਦੀ ਸਿਆਸਤ ਉਤੇ ਲੰਮੇ ਸਮੇਂ ਤੱਕ ਅਸਰ-ਅੰਦਾਜ਼ ਹੋਣਾ ਹੈ।