ਭਾਰਤ-ਪਾਕਿਸਤਾਨ ਤਣਾਅ ਕਾਰਨ ਸਰਹੱਦੀ ਲੋਕਾਂ ਵਿਚ ਸਹਿਮ

ਫਾਜ਼ਿਲਕਾ: ਜੰਮੂ-ਕਸ਼ਮੀਰ ਦੇ ਉੜੀ ਵਿਚ ਅਤਿਵਾਦੀ ਹਮਲੇ ਤੋਂ ਬਾਅਦ ਜਿਥੇ ਪੂਰੇ ਦੇਸ਼ ‘ਚ ਪਾਕਿਸਤਾਨ ਖਿਲਾਫ ਰੋਸ ਵੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਵਸੇ ਪੰਜਾਬ ਦੇ ਪਿੰਡਾਂ ਦੇ ਲੋਕਾਂ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਹਾਲਾਂਕਿ ਬਜ਼ੁਰਗ, ਜਿਨ੍ਹਾਂ ਨੇ ਤਿੰਨ ਜੰਗਾਂ ਆਪਣੇ ਪਿੰਡੇ ‘ਤੇ ਹੰਢਾਈਆਂ ਹਨ, ਦਾ ਕਹਿਣਾ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਜਦਕਿ ਨੌਜਵਾਨ ਪੀੜੀ ਦਾ ਕਹਿਣਾ ਹੈ ਕਿ ਰੋਜ਼-ਰੋਜ਼ ਦੇ ਵਿਵਾਦ ਨਾਲੋਂ ਇਕ ਵੇਲੇ ਹੱਲ ਚੰਗਾ ਹੈ।

ਸਥਾਨਕ ਲੋਕਾਂ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਬੀæਐਸ਼ਐਫ, ਆਰਮੀ ਤੇ ਖੁਫ਼ੀਆ ਏਜੰਸੀਆਂ ਨੇ ਸਰਹੱਦ ‘ਤੇ ਸਖਤੀ ਕਰ ਦਿੱਤੀ ਹੈ ਤੇ ਆਉਣ ਜਾਣ ਵਾਲਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਵੱਲੋਂ ਪਿੰਡਾਂ ‘ਚ ਹੈਲਪ ਲਾਈਨ ਨੰਬਰ ਵੀ ਦਿੱਤੇ ਹੋਏ ਹਨ, ਜਿਸ ਜਰੀਏ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਜਾਣਕਾਰੀ ਫੌਜ ਨੂੰ ਦਿੱਤੀ ਜਾਵੇ। ਇਸ ਤੋਂ ਇਲਾਵਾ ਇਨ੍ਹਾਂ ਹੈਲਪ ਲਾਈਨ ਨੰਬਰਾਂ ਨੂੰ ਜਨਤਕ ਥਾਵਾਂ ‘ਤੇ ਵੱਡੇ-ਵੱਡੇ ਅੱਖਰਾਂ ‘ਚ ਲਿਖਵਾ ਦਿੱਤਾ ਹੈ। ਫੌਜ ਦੇ ਅਧਿਕਾਰੀਆਂ ਵੱਲੋਂ ਵੀ ਸਰਹੱਦ ਦਾ ਦੌਰਾ ਕੀਤਾ ਜਾ ਚੁੱਕਾ ਹੈ। ਜੰਗ ਦਾ ਸੰਤਾਪ ਹੰਢਾ ਚੁੱਕੇ ਬਜ਼ੁਰਗਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕੂਟਨੀਤੀ ਦੀ ਲੜਾਈ ਲੜ ਕੇ ਪਾਕਿਸਤਾਨ ਨੂੰ ਮਾਤ ਦੇਣੀ ਚਾਹੀਦੀ ਹੈ ਕਿਉਂਕਿ ਤਿੰਨ ਜੰਗਾਂ ਉਨ੍ਹਾਂ ਆਪਣੇ ਪਿੰਡੇ ‘ਤੇ ਹੰਢਾਈਆਂ ਹਨ। ਜੰਗਾਂ ਤੋਂ ਬਾਅਦ ਇਹ ਇਲਾਕਾ ਘੱਟੋ ਘੱਟ 30 ਸਾਲ ਪਹਿਲਾ ਹੀ ਪਛੜ ਚੁੱਕਾ ਹੈ। ਉਥੇ ਹੀ ਨੌਜਵਾਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਉਥਲ ਪੁਥਲ ਜੰਮੂ ਜਾਂ ਕਿਸੇ ਵੀ ਸਰਹੱਦੀ ਇਲਾਕੇ ‘ਚ ਹੁੰਦੀ ਹੈ ਤਾਂ ਉਨ੍ਹਾਂ ਨੂੰ ਹਰ ਵਾਰੀ ਬੇਘਰ ਹੋਣਾ ਪੈਂਦਾ ਹੈ। ਉਨ੍ਹਾਂ ਨੂੰ ਆਪਣਾ ਘਰ ਬਾਹਰ ਛੱਡ ਕੇ ਦੂਜੀਆਂ ਥਾਵਾਂ ਉਤੇ ਹਿਜਰਤ ਕਰਨੀ ਪੈਂਦੀ ਹੈ। ਇਸ ਲਈ ਜੇਕਰ ਸਰਕਾਰ ਸਾਨੂੰ ਉਜਾੜੇ ਤੋਂ ਬਚਾਉਣਾ ਚਾਹੁੰਦੀ ਹੈ ਤਾਂ ਇਸ ਦਾ ਕੋਈ ਨਾ ਕੋਈ ਸਥਾਈ ਹੱਲ ਕੱਢੇ।
____________________________________
ਬਾਕਸ ਉੜੀ ਹਮਲਾ ਕਸ਼ਮੀਰ ਦੇ ਹਾਲਾਤ ਦਾ ਪ੍ਰਤੀਕਰਮ: ਸ਼ਰੀਫ਼
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਦਾਅਵਾ ਕੀਤਾ ਹੈ ਕਿ ਕਸ਼ਮੀਰ ਦੇ ਹਾਲਾਤ ਦੇ ਪ੍ਰਤੀਕਰਮ ਵਜੋਂ ਉੜੀ ਹਮਲਾ ਕੀਤਾ ਗਿਆ ਹੋ ਸਕਦਾ ਹੈ। ਉਨ੍ਹਾਂ ਬਿਨਾਂ ਕਿਸੇ ਸਬੂਤ ਦੇ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਸਖਤ ਆਲੋਚਨਾ ਕੀਤੀ। ਨਿਊ ਯਾਰਕ ਤੋਂ ਪਰਤਦਿਆਂ ਲੰਡਨ ਰੁਕੇ ਸ੍ਰੀ ਸ਼ਰੀਫ਼ ਨੇ ਕਿਹਾ ਕਿ ਕਸ਼ਮੀਰ ‘ਚ ਲੋਕਾਂ ‘ਤੇ ਤਸ਼ੱਦਦ ਢਾਹੇ ਜਾਣ ਦੇ ਗੁੱਸੇ ਵਜੋਂ ਉੜੀ ਹਮਲਾ ਕੀਤਾ ਗਿਆ ਜਾਪਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਜਾਂਚ ਕੀਤੇ ਬਿਨਾਂ ਹੀ ਪਾਕਿਸਤਾਨ ‘ਤੇ ਦੋਸ਼ ਮੜ੍ਹ ਦਿੱਤੇ। ਉਨ੍ਹਾਂ ਦਾਅਵਾ ਕੀਤਾ ਕਿ ਪੂਰੀ ਦੁਨੀਆਂ ਕਸ਼ਮੀਰ ‘ਚ ਭਾਰਤ ਦੀਆਂ ਵਧੀਕੀਆਂ ਬਾਰੇ ਜਾਣਦੀ ਹੈ ਜਿਥੇ ਪਿੱਛੇ ਜਿਹੇ 108 ਵਿਅਕਤੀ ਮਾਰੇ ਗਏ ਅਤੇ 150 ਤੋਂ ਵੱਧ ਅੰਨ੍ਹੇ ਹੋ ਗਏ ਤੇ ਹਜ਼ਾਰਾਂ ਜ਼ਖ਼ਮੀ ਹੋਏ ਹਨ।
________________________________
ਮੋਦੀ ਨੇ ਪਾਕਿਸਤਾਨ ਨੂੰ ਸੁਣਾਈਆਂ ਖਰੀਆਂ ਖਰੀਆਂ
ਕੋਜ਼ੀਕੋਡ : ਉੜੀ ਦਹਿਸ਼ਤਗਰਦ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਹਿਲੀ ਵਾਰ ਪਾਕਿਸਤਾਨ ਨੂੰ ਸਖਤ ਸ਼ਬਦਾਂ ‘ਚ ਚਿਤਾਵਨੀ ਦਿੱਤੀ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਇਸ ਹਮਲੇ ਨੂੰ ਕਦੇ ਵੀ ਭੁਲਾਇਆ ਨਹੀਂ ਜਾਏਗਾ ਅਤੇ 18 ਜਵਾਨਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਏਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਕੂਟਨੀਤਕ ਪੱਧਰ ‘ਤੇ ਅਲੱਗ-ਥਲੱਗ ਕਰਨ ਲਈ ਭਾਰਤ ਵੱਲੋਂ ਪੂਰੀ ਵਾਹ ਲਾਈ ਜਾਏਗੀ ਅਤੇ ਉਸ ਦੀਆਂ ਅਤਿਵਾਦ ਫੈਲਾਉਣ, ਬੇਕਸੂਰਾਂ ਦੀਆਂ ਹੱਤਿਆਵਾਂ ਅਤੇ ਖ਼ੂਨ ਖਰਾਬੇ ਦੀਆਂ ਕਾਰਵਾਈਆਂ ਦਾ ਪਰਦਾਫਾਸ਼ ਕੀਤਾ ਜਾਏਗਾ। ਮੋਦੀ ਨੇ ਕਿਹਾ ਉੜੀ ਹਮਲੇ ਲਈ ਪਾਕਿਸਤਾਨ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਏਸ਼ੀਆ ਦੇ ਇਕ ਮੁਲਕ ਦਾ ਨਿਸ਼ਾਨਾ ਅਤਿਵਾਦ ਫੈਲਾਉਣਾ ਹੈ ਅਤੇ ਉਹ ਇਹ ਯਕੀਨੀ ਬਣਾਉਣ ਉਤੇ ਤੁਲਿਆ ਹੋਇਆ ਹੈ ਕਿ 21ਵੀਂ ਸਦੀ ਏਸ਼ੀਆ ਦੀ ਨਾ ਹੋਵੇ।
________________________________
ਕਸ਼ਮੀਰ ਮੁੱਦੇ ਬਾਰੇ ਚੀਨ ਨੇ ਛੱਡਿਆ ਪਾਕਿ ਦਾ ਸਾਥ
ਨਵੀਂ ਦਿੱਲੀ: ਕਸ਼ਮੀਰ ਮਾਮਲੇ ਨੂੰ ਲੈ ਕੇ ਪਾਕਿਸਤਾਨ ਨੂੰ ਚੀਨ ਤੋਂ ਵੱਡੀ ਨਿਰਾਸ਼ਾ ਹੱਥ ਲੱਗੀ ਹੈ। ਚੀਨ ਨੇ ਪਾਕਿਸਤਾਨ ਨੂੰ ਝਟਕਾ ਦਿੰਦੇ ਹੋਏ ਕਿਹਾ ਹੈ ਕਿ ਦੋਵੇਂ ਦੇਸ਼ ਭਾਰਤ ਤੇ ਪਾਕਿਸਤਾਨ ਗੱਲਬਾਤ ਰਾਹੀਂ ਕਸ਼ਮੀਰ ਮੁੱਦੇ ਨੂੰ ਹੱਲ ਕਰਨ। ਚੀਨ ਨੇ ਪਾਕਿਸਤਾਨੀ ਮੀਡੀਆ ਤੋਂ ਇਨ੍ਹਾਂ ਖਬਰਾਂ ਸਬੰਧੀ ਦੂਰੀ ਬਣਾਈ ਰੱਖੀ, ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਲੀ ਕਵਿੰਗ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨਾਲ ਮੁਲਾਕਾਤ ਦੌਰਾਨ ਕਸ਼ਮੀਰ ਮੁੱਦੇ ਉਤੇ ਪਾਕਿਸਤਾਨ ਨੂੰ ਚੀਨ ਵੱਲੋਂ ਸਮਰਥਨ ਦੇਣ ਦਾ ਵਾਅਦਾ ਕੀਤਾ ਗਿਆ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਤੋਂ ਜਦੋਂ ਇਨ੍ਹਾਂ ਖਬਰਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਲੀ ਕਵਿੰਗ ਨੇ 21 ਸਤੰਬਰ ਨੂੰ ਨਿਊ ਯਾਰਕ ‘ਚ ਪਾਕਿ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਦੁਵੱਲੇ ਸਬੰਧਾਂ ‘ਤੇ ਅਤੇ ਨਾਲ ਹੀ ਸਮਾਨ ਹਿੱਤਾਂ ਦੇ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ਉਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਪਾਕਿਸਤਾਨੀ ਮੀਡੀਆ ਦੀਆਂ ਖਬਰਾਂ ਬਾਰੇ ਲੂ ਨੇ ਕਿਹਾ ਕਿ ਕਸ਼ਮੀਰ ਦਾ ਮੁੱਦਾ ਇਤਿਹਾਸ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਇਸ ‘ਤੇ ਸਾਡਾ ਰਵਈਆ ਦੋਵਾਂ ਨਾਲ ਇਕੋ ਜਿਹਾ ਹੈ।