ਉਸਮਾਨ ਅਲੀ ਤੇ ਅਬਦੁਲ ਹਮੀਦ ਦੀ ਮਜ਼ਬੂਤ ਵਿਰਾਸਤ

-ਜਤਿੰਦਰ ਪਨੂੰ
ਕਿਸੇ ਵੀ ਹੋਰ ਗੱਲ ਤੋਂ ਪਹਿਲਾਂ ਅਸੀਂ ਇਹ ਸਪਸ਼ਟ ਕਰ ਦੇਈਏ ਕਿ ਅਸੀਂ ਜੰਗਾਂ ਦੇ ਹਮਾਇਤੀ ਨਹੀਂ। ਮਨੁੱਖੀ ਸੱਭਿਅਤਾ ਦੇ ਜਿਸ ਮਾੜੇ-ਚੰਗੇ ਦੌਰ ਤੋਂ ਅਸੀਂ ਗੁਜ਼ਰ ਰਹੇ ਹਾਂ, ਉਥੇ ਇਹ ਸੋਚ ਜ਼ੋਰ ਫੜ ਰਹੀ ਹੈ ਕਿ ਜੰਗਾਂ ਉਲਝੇ ਹੋਏ ਮਸਲਿਆਂ ਦਾ ਪੱਕਾ ਹੱਲ ਪੇਸ਼ ਨਹੀਂ ਕਰ ਸਕਦੀਆਂ। ਸਿਰਫ ਇਹੋ ਨਹੀਂ ਕਿ ਅਸੀਂ ਜੰਗਾਂ ਦੇ ਵਿਰੋਧੀ ਹਾਂ, ਸਾਡੇ ਲੋਕ ਵੀ ਜੰਗਾਂ ਦਾ ਸਵਾਗਤ ਨਹੀਂ ਕਰਦੇ। ਸਾਨੂੰ ਯਾਦ ਹੈ ਕਿ ਭਾਰਤੀ ਪਾਰਲੀਮੈਂਟ ‘ਤੇ ਇਸ ਤੋਂ ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਦੀ ਅਸੈਂਬਲੀ ਉਤੇ ਜਦੋਂ ਦਹਿਸ਼ਤਗਰਦ ਹਮਲਾ ਹੋਇਆ ਤਾਂ ਉਦੋਂ ਬਾਅਦ ਵੀ ਕਸ਼ੀਦਗੀ ਸਿਖਰ ਉਤੇ ਸੀ

ਅਤੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਵੀ ਤਿੰਨ ਕੁ ਮਹੀਨੇ ਪਿੱਛੋਂ ਹੋਣ ਵਾਲੀਆਂ ਸਨ। ਪੰਜਾਬ ਦੇ ਕੁਝ ਵਿਧਾਇਕ ਉਦੋਂ ਰੋਜ਼ ਹੀ ਕਿਸੇ ਨਾ ਕਿਸੇ ਸਰਹੱਦੀ ਕਸਬੇ ਵਿਚ ਬਾਰਡਰ ਨੇੜੇ ਜਲਸਾ ਕਰ ਕੇ ਪਾਕਿਸਤਾਨ ਨੂੰ ਚੁਣੌਤੀਆਂ ਦੇਣ ਦੇ ਭਾਸ਼ਣ ਦੇਣ ਲੱਗ ਜਾਂਦੇ ਸਨ। ਸਰਹੱਦੀ ਖੇਤਰ ਦੇ ਇੱਕ ਪੱਤਰਕਾਰ ਨੇ ਸਾਨੂੰ ਹੱਸਦਿਆਂ ਕਿਹਾ ਸੀ ਕਿ ਇਨ੍ਹਾਂ ਦੀ ਸੋਚ ਹੈ ਕਿ ਪਾਕਿਸਤਾਨ ਨਾਲ ਜੰਗ ਲੱਗ ਜਾਵੇ ਤਾਂ ਚੋਣਾਂ ਮੁਲਤਵੀ ਹੋ ਜਾਣਗੀਆਂ। ਚੋਣਾਂ ਸਮੇਂ ਸਿਰ ਹੋਣ ਨਾਲ ਜਦੋਂ ਨਤੀਜਾ ਨਿਕਲਿਆ ਤਾਂ ਉਹ ਆਗੂ ਹਾਰ ਗਏ ਸਨ। ਲੋਕਾਂ ਨੇ ਜੰਗ ਲੱਗਣ ਦੀ ਖੱਪ ਪਸੰਦ ਨਹੀਂ ਸੀ ਕੀਤੀ।
ਜਿਹੜੀ ਗੱਲ ਹੋ ਸਕਦੀ ਹੈ, ਤੇ ਇਹ ਸਾਬਤ ਹੋ ਚੁੱਕੀ ਹੈ, ਉਹ ਇਹ ਹੈ ਕਿ ਪਾਕਿਸਤਾਨ ਬਾਰੇ ਹਕੀਕਤਾਂ ਨੂੰ ਦੁਨੀਆਂ ਦੇ ਸਾਹਮਣੇ ਖੋਲ੍ਹ ਕੇ ਰੱਖਣ ਦਾ ਅਮਲ ਜਾਰੀ ਰੱਖਿਆ ਜਾਵੇ। ਅਸੀਂ ਨਰਿੰਦਰ ਮੋਦੀ ਨਾਲ ਕਦੀ ਕੋਈ ਹੇਜ ਨਹੀਂ ਜਤਾਇਆ, ਅਤੇ ਹੁਣ ਵੀ ਨਹੀਂ ਜਤਾਉਣਾ ਚਾਹੁੰਦੇ, ਪਰ ਇਹ ਗੱਲ ਕਹੇ ਬਿਨਾ ਨਹੀਂ ਰਹਿ ਸਕਦੇ ਕਿ ਜਿਹੜੇ ਪੱਖ ਉਸ ਦੀ ਸਰਕਾਰ ਨੇ ਸੰਸਾਰ ਦੀ ਸੱਥ ਸਾਹਮਣੇ ਰੱਖੇ ਹਨ, ਉਹ ਇਸ ਤੋਂ ਪਹਿਲੀਆਂ ਸਰਕਾਰਾਂ ਰੱਖਣ ਤੋਂ ਪਰਹੇਜ਼ ਕਰਦੀਆਂ ਰਹੀਆਂ ਹਨ। ਨਰਿੰਦਰ ਮੋਦੀ ਨੇ ਵੀ ਇਹ ਤੱਥ ਉਦੋਂ ਰੱਖੇ ਹਨ, ਜਦੋਂ ਉਸ ਦੀ ਗੈਰ-ਗੰਭੀਰ ਨੀਤੀ ਕਾਰਨ ਭੰਡੀ ਹੋਣ ਲੱਗ ਪਈ ਸੀ, ਪਰ ਜਦੋਂ ਰੱਖੇ ਹਨ ਤਾਂ ਉਨ੍ਹਾਂ ਦਾ ਅਸਰ ਪਿਆ ਹੈ। ਕਈ ਅਹਿਮ ਗੱਲਾਂ ਦਾ ਸਾਡੇ ਆਪਣੇ ਲੋਕਾਂ ਨੂੰ ਵੀ ਪਤਾ ਨਹੀਂ ਸੀ, ਬਾਕੀ ਸੰਸਾਰ ਦੇ ਲੋਕਾਂ ਨੂੰ ਪਤਾ ਹੋਣ ਦਾ ਸਵਾਲ ਹੀ ਨਹੀਂ। ਸਿਰਫ ਪੱਤਰਕਾਰ ਹੀ ਕਦੇ-ਕਦੇ ਉਨ੍ਹਾਂ ਦਾ ਜ਼ਿਕਰ ਕਰਦੇ ਸਨ ਤੇ ਕਈ ਲੋਕ ਉਦੋਂ ਪੜ੍ਹ ਕੇ ਹੱਸ ਛੱਡਦੇ ਹੋਣਗੇ।
ਇਹ ਸੱਚਾਈ ਯੂ ਐਨ ਓ ਵਿਚ ਪਹਿਲਾਂ ਵੀ ਪੇਸ਼ ਕੀਤੀ ਜਾਂਦੀ ਰਹੀ ਹੈ ਕਿ ਜੰਮੂ-ਕਸ਼ਮੀਰ ਉਤੇ ਭਾਰਤ ਦਾ ਕੋਈ ਕਬਜ਼ਾ ਨਹੀਂ, ਬ੍ਰਿਟਿਸ਼ ਪਾਰਲੀਮੈਂਟ ਵੱਲੋਂ ਪਾਸ ਕੀਤੇ ਗਏ ਇੰਡੀਆ ਇੰਡੀਪੈਂਡੈਂਸ ਐਕਟ ਦੀਆਂ ਮਦਾਂ ਅਧੀਨ ਕਾਨੂੰਨੀ ਤੌਰ ਉਤੇ ਇਹ ਰਾਜ ਭਾਰਤ ਦਾ ਅੰਗ ਬਣਿਆ ਹੈ। ਬ੍ਰਿਟਿਸ਼ ਪਾਰਲੀਮੈਂਟ ਨੇ ਭਾਰਤ ਦੇ 535 ਦੇਸੀ ਰਾਜਿਆਂ ਨੂੰ ਕਿਸੇ ਵੀ ਦੇਸ਼ ਵਿਚ ਮਿਲਣ ਦੀ ਖੁੱਲ੍ਹ ਦਿੱਤੀ ਸੀ ਤੇ ਪਾਕਿਸਤਾਨ ਦੇ ਤੰਗ ਕਰਨ ਉਤੇ ਜੰਮੂ-ਕਸ਼ਮੀਰ ਦੇ ਰਾਜੇ ਨੇ ਉਸ ਕਾਨੂੰਨ ਹੇਠ ਭਾਰਤ ਵਿਚ ਰਲੇਵੇਂ ਲਈ ਬਾਕਾਇਦਾ ਚਿੱਠੀ ਭੇਜੀ ਸੀ। ਦੂਸਰੇ ਪਾਸੇ ਪਾਕਿਸਤਾਨ ਜਿਸ ਕਸ਼ਮੀਰੀ ਖੇਤਰ ਉਤੇ ਕਾਬਜ਼ ਹੈ, ਉਹ ਕਸ਼ਮੀਰ ਦੇ ਭਾਰਤ ਨਾਲ ਰਲੇਵੇਂ ਤੋਂ ਪਹਿਲਾਂ ਫੌਜ ਚਾੜ੍ਹ ਕੇ ਕੀਤਾ ਉਸ ਦਾ ਨਾਜਾਇਜ਼ ਕਬਜ਼ਾ ਹੈ। ਪਿਛਲੇ ਸਾਲਾਂ ਵਿਚ ਇਹ ਗੱਲ ਪਾਕਿਸਤਾਨ ਚੁੱਕਦਾ ਰਿਹਾ ਹੈ ਕਿ ਕਸ਼ਮੀਰ ਵਿਚ ਰਾਏ-ਸ਼ੁਮਾਰੀ ਕਰਵਾਉਣ ਦਾ ਯੂ ਐਨ ਓ ਦਾ ਮਤਾ ਭਾਰਤ ਨੇ ਨਹੀਂ ਮੰਨਿਆ ਤੇ ਭਾਰਤ ਚੁੱਪ ਰਹਿੰਦਾ ਸੀ। ਅਸੀਂ ਕਈ ਵਾਰੀ ਇਹ ਗੱਲ ਲਿਖੀ ਸੀ ਕਿ ਮਤੇ ਵਿਚ ਦਰਜ ਹੈ ਕਿ ਰਾਏ-ਸ਼ੁਮਾਰੀ ਤੋਂ ਪਹਿਲਾਂ ਪਾਕਿਸਤਾਨ ਦੀ ਸਮੁੱਚੀ ਫੌਜ, ਅਰਧ-ਫੌਜੀ ਦਸਤੇ, ਪੁਲਿਸ ਤੇ ਸਿਵਲ ਅਮਲਾ ਉਥੋਂ ਕੱਢਿਆ ਜਾਵੇ, ਜਦ ਕਿ ਭਾਰਤ ਉਤੇ ਇਹ ਸ਼ਰਤ ਨਹੀਂ ਸੀ ਲਾਈ ਗਈ, ਸਗੋਂ ਇਸ ਦੀ ਜ਼ਿੰਮੇਵਾਰੀ ਲੱਗੀ ਸੀ ਕਿ ਰਾਏ-ਸ਼ੁਮਾਰੀ ਕਰਨ ਲਈ ਇਸ ਦਾ ਸਟਾਫ ਕੰਮ ਕਰੇਗਾ। ਭਾਰਤ ਵੱਲੋਂ ਇਹ ਨੁਕਤਾ ਕਦੇ ਨਹੀਂ ਉਭਾਰਿਆ ਗਿਆ, ਹੁਣ ਨਰਿੰਦਰ ਮੋਦੀ ਸਰਕਾਰ ਨੇ ਚੁੱਕਿਆ ਹੈ। ਕੀ ਪਾਕਿਸਤਾਨੀ ਹਾਕਮ ਉਥੇ ਰਾਏ-ਸ਼ੁਮਾਰੀ ਕਰਾਉਣ (ਜਿਸ ਵਿਚ ਨਤੀਜੇ ਦਾ ਯਕੀਨ ਕੋਈ ਨਹੀਂ) ਤੋਂ ਪਹਿਲਾਂ ਆਪਣੀ ਫੌਜ ਸਮੇਤ ਸਾਰਾ ਅਮਲਾ ਉਥੋਂ ਕੱਢਣ ਦਾ ਖਤਰਾ ਸਹੇੜਨ ਨੂੰ ਤਿਆਰ ਹੋਣਗੇ? ਇਹ ਗੱਲ ਹੋ ਹੀ ਨਹੀਂ ਸਕਦੀ।
ਦੂਸਰੀ ਗੱਲ ਇਹ ਹੈ ਕਿ ਬਲੋਚ ਲੋਕਾਂ ਦੀ ਕਿਸੇ ਹਮਾਇਤ ਜਾਂ ਵਿਰੋਧ ਦਾ ਮੁੱਦਾ ਭਾਰਤ ਨੇ ਹੁਣ ਉਠਾਇਆ ਹੈ, ਪਰ ਪਾਕਿਸਤਾਨ ਦੇ ਲਹਿੰਦੇ ਪਾਸੇ ਦੇ ਗਵਾਂਢੀ ਦੇਸ਼ ਇਹ ਮੁੱਦਾ ਇਸ ਦੇ ਹੋਂਦ ਵਿਚ ਆਉਣ ਵੇਲੇ ਤੋਂ ਉਠਾਉਂਦੇ ਆਏ ਹਨ। ਬਹੁਤੇ ਲੋਕਾਂ ਨੂੰ ਇਹ ਗੱਲ ਪਤਾ ਨਹੀਂ ਕਿ ਜਦੋਂ ਵੱਖਰਾ ਦੇਸ਼ ਬਣਨ ਪਿੱਛੋਂ ਪਾਕਿਸਤਾਨ ਨੇ ਯੂ ਐਨ ਓ ਦੀ ਮੈਂਬਰੀ ਲੈਣੀ ਸੀ ਤਾਂ ਸਾਰੀ ਦੁਨੀਆਂ ਵਿਚੋਂ ਸਿਰਫ ਇੱਕ ਦੇਸ਼ ਨੇ ਇਸ ਨੂੰ ਮੈਂਬਰੀ ਦਿਤੇ ਜਾਣ ਖਿਲਾਫ ਵੋਟ ਪਾਈ ਸੀ ਤੇ ਉਹ ਇੱਕੋ ਇੱਕ ਦੇਸ਼ ਭਾਰਤ ਨਹੀਂ, ਪਾਕਿਸਤਾਨ ਦੇ ਲਹਿੰਦੇ ਪਾਸੇ ਦਾ ਅਫਗਾਨਿਸਤਾਨ ਸੀ। ਪਾਣੀਆਂ ਤੇ ਇਲਾਕੇ ਸਮੇਤ ਕਈ ਮਾਮਲਿਆਂ ਵਿਚ ਪਾਕਿਸਤਾਨ ਦਾ ਉਸ ਨਾਲ ਝਗੜਾ ਰਹਿੰਦਾ ਹੈ ਤੇ ਖੈਬਰ ਪਖਤੂਨਖਵਾ ਨੂੰ ਉਹ ਅੱਜ ਵੀ ਪਾਕਿਸਤਾਨ ਦਾ ਹਿੱਸਾ ਮੰਨਣ ਨੂੰ ਤਿਆਰ ਨਹੀਂ। ਅਮਰੀਕੀ ਮਦਦ ਨਾਲ ਅਫਗਾਨਿਸਤਾਨ ਵਿਚੋਂ ਰੂਸ ਪੱਖੀਆਂ ਦੀ ਸਰਕਾਰ ਪਲਟਾ ਕੇ ਜਦੋਂ ਪਾਕਿਸਤਾਨ ਨੇ ਮੁਜਾਹਿਦੀਨ ਦੀ ਸਰਕਾਰ ਬਣਵਾਈ ਤਾਂ ਉਸ ਸਰਕਾਰ ਨੇ ਵੀ ਖੈਬਰ ਪਖਤੂਨਖਵਾ ਨੂੰ ਪਾਕਿਸਤਾਨ ਦਾ ਅੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਹੋ ਕਾਰਨ ਸੀ ਕਿ ਫਿਰ ਪਾਕਿਸਤਾਨ ਨੇ ਅਫਗਾਨਿਸਤਾਨ ਵਿਚ ਆਪੇ ਬਣਵਾਈ ਉਸ ਮੁਜਾਹਿਦੀਨ ਸਰਕਾਰ ਦਾ ਤਖਤਾ ਤਾਲਿਬਾਨ ਦਾ ਲਸ਼ਕਰ ਖੜਾ ਕਰ ਕੇ ਪਲਟਾਇਆ ਸੀ। ਫਿਰ ਤਾਲਿਬਾਨ ਦੇ ਵਿਰੁਧ ਅਮਰੀਕਾ ਦਾ ਸਾਥ ਦਿੰਦਿਆਂ ਵੀ ਪਾਕਿਸਤਾਨ ਆਪਣੀ ਨੀਤੀ ਉਤੇ ਚੱਲਦਾ ਰਿਹਾ ਸੀ। ਇਸੇ ਲਈ ਅਜੋਕੀ ਅਫਗਾਨਿਸਤਾਨ ਦੀ ਸਰਕਾਰ ਵੀ ਉਸ ਦੇ ਖਿਲਾਫ ਖੜੀ ਹੈ।
ਭਾਰਤ ਦੇ ਖਿਲਾਫ ਚਲਾਈ ਜਾਂਦੀ ਦਹਿਸ਼ਤਗਰਦੀ ਨੂੰ ਪਾਕਿਸਤਾਨੀ ਹਾਕਮ ਤੇ ਫੌਜੀ ਅਧਿਕਾਰੀ ਹਰ ਵਕਤ ‘ਜੱਹਾਦ’ ਦਾ ਨਾਂ ਦੇ ਕੇ ਇਸਲਾਮ ਦਾ ਮੁੱਦਾ ਬਣਾਉਂਦੇ ਹਨ, ਜਦ ਕਿ ਇਹ ਇੱਕ ਖੇਤਰੀ ਝਗੜਾ ਹੈ। ਇਹੋ ਝਗੜਾ ਅਫਗਾਨਿਸਤਾਨ ਨਾਲ ਵੀ ਚੱਲਦਾ ਹੈ, ਪਰ ਓਧਰ ਇਹ ਲੋਕ ਇਸ ਨੂੰ ‘ਜੱਹਾਦ’ ਦਾ ਨਾਂ ਕਦੇ ਨਹੀਂ ਦਿੰਦੇ। ਕਸ਼ਮੀਰ ਘਾਟੀ ਵਿਚ ਮਾਰੇ ਗਏ ਬੁਰਹਾਨੀ ਵਾਨੀ ਨਾਂ ਦੇ ਮੁੰਡੇ ਲਈ ਈਦ ਵਾਲੇ ਪਵਿੱਤਰ ਮੌਕੇ ਸਾਰੇ ਪਾਕਿਸਤਾਨ ਵਿਚ ਹਾਕਮ ਤੇ ਵਿਰੋਧੀ ਧਿਰ ਨੇ ‘ਕਾਲਾ ਦਿਨ’ ਇਹ ਕਹਿ ਕੇ ਮਨਾਇਆ ਕਿ ਉਹ ‘ਜੱਹਾਦ’ ਲਈ ਸ਼ਹੀਦ ਹੋਇਆ ਹੈ। ਇਸ ਸੋਚਣੀ ਦਾ ਜਵਾਬ ਇਤਿਹਾਸ ਦੇ ਪੰਨਿਆਂ ਵਿਚ ਪਿਆ ਹੈ ਤੇ ਉਹ ਪਾਕਿਸਤਾਨ ਨੂੰ ਯਾਦ ਰੱਖਣਾ ਚਾਹੀਦਾ ਹੈ। ਪਾਕਿਸਤਾਨ ਦੀ ਹੋਂਦ ਕਾਇਮ ਹੋਣ ਪਿੱਛੋਂ ਜਦੋਂ ਉਨ੍ਹਾਂ ਨੇ ਕਸ਼ਮੀਰ ਘਾਟੀ ਵਿਚ ਆਪਣੀ ਫੌਜ ਵਾੜੀ ਸੀ, ਉਸ ਨੂੰ ਇਸਲਾਮ ਦੇ ਨਾਂ ਉਤੇ ‘ਜੱਹਾਦ’ ਹੀ ਕਹਿੰਦੇ ਹੁੰਦੇ ਸਨ, ਪਰ ਇਸ ‘ਜੱਹਾਦ’ ਦਾ ਰਾਹ ਰੋਕਣ ਲਈ ਜਿਹੜੀ ਭਾਰਤੀ ਫੌਜ ਮੂਹਰੇ ਕੰਧ ਬਣ ਕੇ ਖੜੋਤੀ ਸੀ, ਉਸ ਵਿਚ ਮੁਹੰਮਦ ਉਸਮਾਨ ਅਲੀ ਨਾਂ ਦਾ ਇੱਕ ਮੁਸਲਮਾਨ ਬ੍ਰਿਗੇਡੀਅਰ ਵੀ ਸੀ। ਇਸਲਾਮੀ ਝੰਡੇ ਹੇਠ ਬਣੇ ਦੇਸ਼ ਪਾਕਿਸਤਾਨ ਨਾਲ ਖੜੋਣ ਦੀ ਥਾਂ ਧਰਮ-ਨਿਰਪੱਖ ਭਾਰਤ ਵੱਲੋਂ ਲੜਦੇ ਹੋਏ ਕਸ਼ਮੀਰ ਘਾਟੀ ਦੇ ਮੋਰਚੇ ਉਤੇ ਬ੍ਰਿਗੇਡੀਅਰ ਮੁਹੰਮਦ ਉਸਮਾਨ ਅਲੀ ਨੇ ਜਾਨ ਕੁਰਬਾਨ ਕੀਤੀ ਸੀ ਤੇ ਇਸ ਬਹਾਦਰੀ ਬਦਲੇ ਉਸ ਨੂੰ ‘ਮਹਾਂਵੀਰ ਚੱਕਰ’ ਨਾਲ ਸਨਮਾਨਿਆ ਗਿਆ ਸੀ। ਇਹ ਵੀ ਇਤਿਹਾਸ ਦੇ ਅਗਲੇ ਪੜਾਵਾਂ ਦੀ ਸ਼ੁਰੂਆਤ ਸੀ।
ਬਾਅਦ ਵਿਚ ਜਦੋਂ ਦੂਸਰੀ ਵਾਰੀ ਭਾਰਤ ਤੇ ਪਾਕਿਸਤਾਨ ਆਹਮੋ-ਸਾਹਮਣੇ ਹੋਏ ਤਾਂ ਪੰਜਾਬ ਵਿਚ ਖੇਮਕਰਨ ਸੈਕਟਰ ਵਿਚ ਆਸਲ ਉਤਾੜ ਅਤੇ ਚੀਮਾ ਖੁਰਦ ਪਿੰਡਾਂ ਵਿਚਾਲੇ ਵੱਡੀ ਟੱਕਰ ਹੋਈ ਸੀ। ਜਦੋਂ ਪਾਕਿਸਤਾਨ ਦੇ ਅੱਸੀ ਤੋਂ ਵੱਧ ਟੈਂਕ ਚੜ੍ਹ ਆਏ ਤੇ ਉਨ੍ਹਾਂ ਨੇ ਇਹ ਸਮਝ ਲਿਆ ਕਿ ਸਾਡੇ ਅੱਗੇ ਕੋਈ ਸਿਰ ਨਹੀਂ ਚੁੱਕ ਸਕਦਾ, ਜੀਪ ਉਤੇ ਲਾਈ ਤੋਪ ਵਾਲੀਆਂ ਸਿਰਫ ਚਾਰ ਟੀਮਾਂ ਨੇ ਉਨ੍ਹਾਂ ਨੂੰ ਚੁਫੇਰਿਓਂ ਗੋਲਾਬਾਰੀ ਕਰ ਕੇ ਭਾਜੜ ਪਾ ਦਿੱਤੀ ਸੀ। ਇਸ ਜੰਗ ਵਿਚ ਸੱਤ ਟੈਂਕ ਤੋੜ ਕੇ ਜਾਨ ਵਾਰਨ ਵਾਲੇ ਅਬਦੁਲ ਹਮੀਦ ਦੀ ਬਹਾਦਰੀ ਦੀ ਚਰਚਾ ਉਦੋਂ ਸੰਸਾਰ ਭਰ ਵਿਚ ਹੁੰਦੀ ਰਹੀ ਸੀ। ਭਾਰਤ ਸਰਕਾਰ ਨੇ ਉਸ ਨੂੰ ਸਭ ਤੋਂ ਵੱਡਾ ਬਹਾਦਰੀ ਇਨਾਮ ਪਰਮਵੀਰ ਚੱਕਰ ਦੇਣ ਦਾ ਐਲਾਨ ਕੀਤਾ ਸੀ ਤੇ ਆਸਲ ਉਤਾੜ ਤੇ ਚੀਮਾ ਖੁਰਦ ਦੇ ਵਿਚਾਲੇ ਅਬਦੁਲ ਹਮੀਦ ਦੀ ਸਮਾਧੀ ਦੋਵਾਂ ਦੇਸ਼ਾਂ ਦੀ ਸਰਹੱਦ ਤੋਂ ਸਿਰਫ ਚਾਰ ਕਿਲੋਮੀਟਰ ਦੂਰ ਅੱਜ ਵੀ ਮੌਜੂਦ ਹੈ। ਇਸ ਲੜਾਈ ਪਿੱਛੋਂ ਭਾਰਤੀ ਫੌਜ ‘ਆਸਲ ਉਤਾੜ’ ਪਿੰਡ ਨੂੰ ‘ਅਸਲ ਉਤਰ’ ਕਹਿ ਕੇ ਵਡਿਆਉਣ ਲੱਗ ਪਈ ਅਤੇ ਇਸ ਨਵੇਂ ਨਾਂ ਲਈ ਅਬਦੁਲ ਹਮੀਦ ਨੇ ਉਸ ਪਾਕਿਸਤਾਨ ਦੇ ਖਿਲਾਫ ਲੜਦਿਆਂ ਜਾਨ ਦਿੱਤੀ ਸੀ, ਜਿਹੜਾ ਹਰ ਭਾਰਤ-ਵਿਰੋਧੀ ਛੇੜਖਾਨੀ ਨੂੰ ‘ਜੱਹਾਦ’ ਕਹੀ ਜਾ ਰਿਹਾ ਹੈ।
ਜਦੋਂ ਇਹ ਸਤਰਾਂ ਲਿਖੀਆਂ ਜਾ ਰਹੀਆਂ ਹਨ, ਉਸ ਵਕਤ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦਾ ਤਣਾਓ ਸਿਖਰਾਂ ਛੋਹ ਰਿਹਾ ਹੈ। ਕਈ ਲੋਕ ਇਸ ਵਿਚ ਇੱਕ ਹੋਰ ਜੰਗ ਦੀ ਝਲਕ ਵੇਖਦੇ ਹਨ। ਜੰਗਾਂ ਦੇ ਵਿਰੋਧੀ ਹੋਣ ਕਾਰਨ ਅਸੀਂ ਇਹ ਸਮਝਦੇ ਹਾਂ ਕਿ ਕਸ਼ੀਦਗੀ ਨੂੰ ਟਾਲਿਆ ਜਾਂ ਹੱਦਾਂ ਵਿਚ ਰੱਖਿਆ ਜਾ ਸਕਦਾ ਹੈ। ਕੱਲ੍ਹ ਨੂੰ ਕੀ ਹੋਵੇਗਾ, ਇਸ ਦਾ ਪਤਾ ਨਹੀਂ, ਪਰ ਇਹ ਗੱਲ ਪੱਕੀ ਹੈ ਕਿ ਜਿਵੇਂ ਭਾਰਤ ਨਾਲ ਵਿਰੋਧਾਂ ਨੂੰ ਪਾਕਿਸਤਾਨ ਹਰ ਵਾਰ ਸਿਰਫ ਇਸਲਾਮ ਦੇ ਨਾਲ ਜੋੜਦਾ ਹੈ, ਉਸ ਦੀ ਇਸ ਪਹੁੰਚ ਅਤੇ ਸੋਚ ਨੂੰ ਭਾਰਤ ਦੇ ਲੋਕ ਕਦੇ ਵੀ ਅੱਗੇ ਨਹੀਂ ਵਧਣ ਦੇਣਗੇ। ਇਸ ਵਾਰੀ ਇਹ ਗੱਲ ਚੰਗੀ ਹੋਈ ਹੈ ਕਿ ਭਾਰਤ ਵਿਚੋਂ ਇਸਲਾਮੀ ਆਗੂਆਂ ਨੇ ਪਾਕਿਸਤਾਨ ਦੀ ‘ਜੱਹਾਦ’ ਵਾਲੀ ਇਸ ਮੁਹਾਰਨੀ ਦਾ ਵਿਰੋਧ ਕਿਸੇ ਵੀ ਹੋਰ ਤੋਂ ਵੱਧ ਤਿੱਖੇ ਰੌਂਅ ਵਿਚ ਕੀਤਾ ਹੈ। ਜਿਹੜੇ ਭਾਰਤ ਦੇ ਲੋਕਾਂ ਵਿਚ ਬ੍ਰਿਗੇਡੀਅਰ ਮੁਹੰਮਦ ਉਸਮਾਨ ਅਲੀ ਤੇ ਹਵਾਲਦਾਰ ਅਬਦੁੱਲ ਹਮੀਦ ਦੀ ਵਿਰਾਸਤ ਦਾ ਮਾਣ ਕਰਨ ਵਾਲੇ ਲੋਕ ਮੌਜੂਦ ਹੋਣ, ਉਥੇ ਵਕਤੀ ਉਬਾਲੇ ਤਾਂ ਜਿੰਨੇ ਮਰਜੀ ਆਉਂਦੇ ਰਹਿਣ, ਫਿਰਕਾਪ੍ਰਸਤੀ ਵਾਲੀ ਪੱਕੀ ਜੜ੍ਹ ਲੱਗ ਸਕਣ ਦੀ ਗੁੰਜਾਇਸ਼ ਕਦੀ ਨਹੀਂ ਹੋ ਸਕਦੀ। ਭਾਰਤ ਦੀ ਮਹਾਨਤਾ ਅਤੇ ਮਜ਼ਬੂਤੀ ਦੀ ਸਭ ਤੋਂ ਵੱਡੀ ਬੁਨਿਆਦ ਹੀ ਇਹੋ ਹੈ।