ਕਸ਼ਮੀਰ ਵਿਚ ਕਹਿਰ ਅਤੇ ਆਵਾਮ ਦਾ ਕਮਰ ਕੱਸਾ

ਅਭੈ ਕੁਮਾਰ ਦੂਬੇ
ਦਿੱਲੀ ਦਾ ਅਖੌਤੀ ਕੌਮੀ ਮੀਡੀਆ ਇਸ ਸਮੇਂ ਕਸ਼ਮੀਰ ਅਤੇ ਕਸ਼ਮੀਰੀ ਲੋਕਾਂ ਦੀ ਰਾਖਸ਼ੀ ਤਸਵੀਰ ਪੇਸ਼ ਕਰਨ ਵਿਚ ਲੱਗਾ ਹੋਇਆ ਹੈ। ਇਸ ਵਿਚ ਇਲੈਕਟ੍ਰਾਨਿਕ ਮੀਡੀਆ ਦੇ ਚਾਰ-ਪੰਜ ਚੈਨਲਾਂ ਦੀ ਭੂਮਿਕਾ ਵਿਸ਼ੇਸ਼ ਹੈ। ਸਾਫ਼ ਦਿਖਾਈ ਦਿੰਦਾ ਹੈ ਕਿ ਇਨ੍ਹਾਂ ਚੈਨਲਾਂ ਪਿੱਛੇ ਕੇਂਦਰ ਸਰਕਾਰ ਅਤੇ ਕਸ਼ਮੀਰ ਦੀ ਪੀæਡੀæਪੀæ-ਭਾਜਪਾ ਗਠਜੋੜ ਦੀ ਸ਼ਹਿ ਵੀ ਹੈ। ਮੀਡੀਆ ਦੀ ਇਸ ਮਾੜੀ ਮੁਹਿੰਮ ਦੇ ਕੁਝ ਪੱਖ ਇਸ ਤਰ੍ਹਾਂ ਹਨ: ਪਹਿਲਾ ਪ੍ਰਚਾਰ ਇਹ ਕੀਤਾ ਜਾ ਰਿਹਾ ਹੈ ਕਿ ਕਸ਼ਮੀਰ ਵਿਚ ਜੋ ਰੋਸ ਸੜਕਾਂ ਉਤੇ ਦਿਖਾਈ ਦੇ ਰਿਹਾ ਹੈ, ਉਸ ਪਿੱਛੇ ਪਾਕਿਸਤਾਨ ਦਾ ਹੱਥ ਹੈ।

ਨੌਜਵਾਨਾਂ ਨੂੰ ਪੱਥਰ ਸੁੱਟਣ ਲਈ 500-500 ਰੁਪਏ ਦਿਤੇ ਜਾ ਰਹੇ ਹਨ; ਭਾਵ ਕਸ਼ਮੀਰ ਦੀ ਆਮ ਜਨਤਾ ਨੂੰ ਇਸ ਮੁਹਿੰਮ ਵਿਚ ਕੋਈ ਰੁਚੀ ਨਹੀਂ ਹੈ। ਮਹਿਬੂਬਾ ਮੁਫ਼ਤੀ ਇਸ ਗੱਲ ਨੂੰ ਗੜਬੜ ਫੈਲਾਉਣ ਵਾਲੇ 5 ਫ਼ੀਸਦੀ ਬਨਾਮ ਸ਼ਾਂਤੀਪਸੰਦ 95 ਫ਼ੀਸਦੀ ਦੇ ਰੂਪ ਵਿਚ ਪੇਸ਼ ਕਰਦੀ ਹੈ। ਦੂਜਾ ਪ੍ਰਚਾਰ ਇਹ ਹੈ ਕਿ ਹੁਰੀਅਤ ਕਾਨਫ਼ਰੰਸ ਦੀ ਵੱਖਵਾਦੀ ਲੀਡਰਸ਼ਿਪ ਪੂਰੀ ਤਰ੍ਹਾਂ ਨਾਲ ਅਲੱਗ-ਥਲੱਗ ਪੈ ਗਈ ਹੈ ਅਤੇ ਹੁਣ ਉਸ ਦਾ ਸਿਆਸੀ ਪ੍ਰਭਾਵ ਤਕਰੀਬਨ ਸਿਫ਼ਰ ਹੋ ਚੁੱਕਾ ਹੈ। ਮਹਿਬੂਬਾ ਮੁਫ਼ਤੀ ਨੇ ਹੁਰੀਅਤ ਦੀ ਤੁਲਨਾ ਚੂੰ-ਚੂੰ ਦੇ ਮੁਰੱਬੇ ਨਾਲ ਕਰ ਕੇ ਇਸ ਪ੍ਰਚਾਰ ਨੂੰ ਹੋਰ ਮਜ਼ਬੂਤ ਕੀਤਾ ਹੈ। ਪ੍ਰਚਾਰ ਦਾ ਤੀਜਾ ਪੱਖ ਹੁਰੀਅਤ ਦੀ ਅਗਵਾਈ ਨੂੰ ਇਹ ਕਹਿ ਕੇ ਬਦਨਾਮ ਕਰਨ ਦਾ ਹੈ ਕਿ ਉਸ ਦੇ ਆਗੂ ਪਾਕਿਸਤਾਨ ਤੋਂ ਵੀ ਪੈਸੇ ਖਾਂਦੇ ਹਨ ਅਤੇ ਭਾਰਤ ਤੋਂ ਵੀ। ਕਿਹਾ ਜਾ ਰਿਹਾ ਹੈ ਕਿ ਇਕ ਪਾਸੇ ਤਾਂ ਕਸ਼ਮੀਰ ਦੇ ਗ਼ਰੀਬ ਨੌਜਵਾਨ ਪੈਲੇਟ ਗੰਨਾਂ ਦੀ ਮਾਰ ਝੱਲ ਰਹੇ ਹਨ, ਪਰ ਉਨ੍ਹਾਂ ਨੂੰ ਭੜਕਾਉਣ ਵਾਲੇ ਵੱਖਵਾਦੀਆਂ ਦੀਆਂ ਔਲਾਦਾਂ ਵਿਦੇਸ਼ਾਂ ਵਿਚ ਪੜ੍ਹਦੀਆਂ ਜਾਂ ਨੌਕਰੀਆਂ ਕਰਦੀਆਂ ਹਨ ਅਤੇ ਇਹ ਆਗੂ ਖ਼ੁਦ ਕਸ਼ਮੀਰ ਵਿਚ ਸ਼ਾਨਦਾਰ ਜ਼ਿੰਦਗੀ ਗੁਜ਼ਾਰ ਰਹੇ ਹਨ। ‘ਰਾਅ’ ਦੇ ਸਾਬਕਾ ਮੁਖੀ ਏæਐਸ਼ ਦੁਲਤ ਘੁਮਾ-ਫਿਰਾ ਕੇ ਟੀæਵੀæ ‘ਤੇ ਕਹਿ ਚੁੱਕੇ ਹਨ ਕਿ ਸਈਦ ਅਲੀ ਸ਼ਾਹ ਗਿਲਾਨੀ ਦੀਆਂ ਹਵਾਈ ਯਾਤਰਾਵਾਂ ਦਾ ਭੁਗਤਾਨ ਭਾਰਤੀ ਖੁਫ਼ੀਆ ਏਜੰਸੀਆਂ ਕਰਦੀਆਂ ਹਨ।
ਪ੍ਰਚਾਰ ਦਾ ਚੌਥਾ ਪੱਖ ਇਹ ਹੈ ਕਿ ਕਸ਼ਮੀਰ ਦਾ ਇਹ ਜਨ-ਅੰਦੋਲਨ ਜ਼ਿਆਦਾ ਦੇਰ ਤੱਕ ਚੱਲਣ ਵਾਲਾ ਨਹੀਂ ਹੈ। ਇਸ ਅੰਦੋਲਨ ਅੰਦਰ ਥਕਾਵਟ ਦੇ ਲੱਛਣ ਦਿਖਾਈ ਦੇਣ ਲੱਗੇ ਹਨ। ਜੇ ਸਰਕਾਰ ਨੇ ਦਿੜ੍ਹਤਾ ਦਿਖਾਈ ਅਤੇ ਉਹ ਅਕਤੂਬਰ ਤੱਕ ਅੰਦੋਲਨਕਾਰੀਆਂ ਨੂੰ ਕੋਈ ਰਿਆਇਤ ਦੇਣ ਤੋਂ ਇਨਕਾਰ ਕਰਦੀ ਰਹੀ ਤਾਂ ਅੰਦੋਲਨ ਦੀ ਹਵਾ ਨਿਕਲ ਜਾਏਗੀ, ਕਿਉਂਕਿ ਇਸੇ ਮਹੀਨੇ ਸਰਕਾਰ ਅਤੇ ਵਿਧਾਨ ਸਭਾ ਸ੍ਰੀਨਗਰ ਤੋਂ ਜੰਮੂ ਚਲੇ ਜਾਂਦੀ ਹੈ। ਮੀਡੀਆ ਦੇ ਪ੍ਰਚਾਰ ਦਾ ਪੰਜਵਾਂ ਪੱਖ ਇਹ ਹੈ ਕਿ ਕਸ਼ਮੀਰੀ ਸਮਾਜ ਦਾ ਵੱਡੇ ਪੱਧਰ ‘ਤੇ ਵਹਾਬੀਕਰਨ ਅਤੇ ਤਾਲਿਬਾਨੀਕਰਨ ਹੋ ਚੁੱਕਾ ਹੈ। ਉਥੋਂ ਦੇ ਲੋਕ ਹਿੰਦੂ-ਵਿਰੋਧ ਅਤੇ ਭਾਰਤ-ਵਿਰੋਧ ਦੇ ਜਾਲ ਵਿਚ ਫਸੇ ਹੋਏ ਹਨ। ਮੀਡੀਆ ਪ੍ਰਚਾਰ ਦੇ ਇਹ ਸਾਰੇ ਪੱਖ ਇਸ ਦਲੀਲ ਦੇ ਆਲੇ-ਦੁਆਲੇ ਇਕੱਠੇ ਕੀਤੇ ਜਾਂਦੇ ਹਨ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਅਤੇ ਉਸ ਨੂੰ ਵਿਵਾਦ ਵਾਲਾ ਮੰਨਣ ਵਾਲੇ ਸਾਰੇ ਲੋਕ ਗੱਦਾਰ ਜਾਂ ਰਾਸ਼ਟਰ-ਵਿਰੋਧੀ ਹਨ।
ਸ੍ਰੀਨਗਰ ਦੇ ਮੌਜੂਦਾ ਹਾਲਾਤ ‘ਤੇ ਜਦੋਂ ਮੈਂ ਅਤੇ ਮੇਰੇ ਦੋਵੇਂ ਸਾਥੀਆਂ (ਸੰਤੋਸ਼ ਭਾਰਤੀ ਅਤੇ ਅਸ਼ੋਕ ਵਾਨਖੇੜੇ) ਨੇ ਪਹਿਲੀ ਝਾਤੀ ਮਾਰੀ ਤਾਂ ਉਹ ਇਹ ਦੇਖ ਕੇ ਹੈਰਾਨ ਹੋਏ ਕਿ ਇਹ ਪ੍ਰਚਾਰ ਕਿੰਨਾ ਝੂਠਾ ਹੈ। ਵਹਾਬੀਕਰਨ ਜਾਂ ਤਾਲਿਬਾਨੀਕਰਨ ਦਾ ਪਹਿਲਾ ਮਾੜਾ ਨਤੀਜਾ ਔਰਤਾਂ ‘ਤੇ ਬੁਰਕਾ ਥੋਪਣ, ਉਨ੍ਹਾਂ ਨੂੰ ਘਰ ਦੀ ਦਹਿਲੀਜ਼ ਵਿਚ ਕੈਦ ਕਰਨ ਅਤੇ ਉਨ੍ਹਾਂ ਨੂੰ ਸਿੱਖਿਆ ਤੋਂ ਦੂਰ ਕਰਨ ਵਿਚ ਨਿਕਲਦਾ ਹੈ। ਵਹਾਬੀਕਰਨ ਦੀ ਸਮਰਥਕ ਆਇਸ਼ਾ ਅੰਦਰਾਬੀ ਨੂੰ ਇਸੇ ਲਈ ਹਮੇਸ਼ਾ ਬੁਰ ਕੇ ਵਿਚ ਦੇਖਿਆ ਜਾਂਦਾ ਹੈ, ਪਰ ਸ੍ਰੀਨਗਰ ਵਿਚ ਰੋਜ਼ 6 ਤੋਂ 8 ਵਜੇ ਤੱਕ ਕਰਫ਼ਿਊ ਢਿੱਲਾ ਹੁੰਦਾ ਹੈ, ਦੁਕਾਨਾਂ ਦੇ ਸ਼ਟਰ ਖੁੱਲ੍ਹਦੇ ਹਨ ਅਤੇ ਵੱਡੀ ਗਿਣਤੀ ਵਿਚ ਕਸ਼ਮੀਰੀ ਲੋਕ ਸੜਕਾਂ ‘ਤੇ ਨਿਕਲ ਕੇ ਜ਼ਰੂਰੀ ਵਸਤਾਂ ਦੀ ਖ਼ਰੀਦਦਾਰੀ ਕਰਦੇ ਹਨ। ਤਿੰਨ ਦਿਨ ਤੱਕ ਲਗਾਤਾਰ ਅਸੀਂ ਇਹ ਦੋ ਘੰਟੇ ਲਾਲ ਚੌਕ ਅਤੇ ਉਥੋਂ ਦੇ ਘੰਟਾਘਰ ਦੇ ਆਲੇ-ਦੁਆਲੇ ਬਣੇ ਵਿਸ਼ਾਲ ਬਾਜ਼ਾਰ ਵਿਚ ਗੁਜ਼ਾਰੇ। ਸਾਨੂੰ ਤਾਂ ਉਥੇ ਕੋਈ ਵੀ ਬੁਰਕਾ ਪਾਈ ਔਰਤਾਂ ਦਿਖਾਈ ਨਹੀਂ ਦਿਤੀਆਂ। ਨਾ ਜਵਾਨ ਕੁੜੀਆਂ, ਨਾ ਵਿਆਹੀਆਂ ਔਰਤਾਂ ਅਤੇ ਨਾ ਹੀ ਬਜ਼ੁਰਗ ਔਰਤਾਂ। ਜੰਮੂ ਯੂਨੀਵਰਸਿਟੀ ਦੀ ਵਿਦਵਾਨ ਰੇਖਾ ਚੌਧਰੀ ਗ਼ਲਤ ਨਹੀਂ ਕਹਿੰਦੀ। ਕਸ਼ਮੀਰ ਦੀਆਂ ਔਰਤਾਂ ਨੇ ਵਹਾਬੀਕਰਨ ਦੀਆਂ ਕੋਸ਼ਿਸ਼ਾਂ ਖਿਲਾਫ਼ ਜ਼ਬਰਦਸਤ ਜੰਗ ਕੀਤੀ ਹੈ। ਦੇਖਣ ਵਿਚ ਨਹੀਂ ਆਉਂਦਾ ਕਿ ਉਨ੍ਹਾਂ ਕੋਈ ਹਿਜਾਬ ਜਿਹੀ ਚੀਜ਼ ਪਾਈ ਹੋਈ ਹੈ। ਅਸੀਂ ਜਿਨ੍ਹਾਂ ਲੋਕਾਂ ਨੂੰ ਮਿਲੇ, ਉਨ੍ਹਾਂ ਸਾਰਿਆਂ ਨੇ ਸਾਨੂੰ ਦੱਸਿਆ ਕਿ ਕਸ਼ਮੀਰ ਦੀਆਂ ਮੁਸਲਿਮ ਔਰਤਾਂ ਸਿੱਖਿਆ ਦੇ ਮਾਮਲੇ ਵਿਚ ਦੇਸ਼ ਦੇ ਹੋਰ ਮੁਸਲਿਮ ਭਾਈਚਾਰਿਆਂ ਦੇ ਲੋਕਾਂ ਤੋਂ ਅੱਗੇ ਹਨ। ਅਸੀਂ ਇਹ ਵੀ ਦੇਖਿਆ ਕਿ ਕਸ਼ਮੀਰ ਦੀਆਂ ਮੁਸਲਿਮ ਔਰਤਾਂ ਸਾਧਾਰਨ ਆਧੁਨਿਕ ਔਰਤਾਂ ਵਾਂਗ ਪ੍ਰਚਲਤ ਸਾਧਨਾਂ ਦੀ ਵਰਤੋਂ ਕਰ ਕੇ ਮੇਕਅਪ ਵੀ ਕਰਦੀਆਂ ਹਨ।
ਜਿਥੋਂ ਤੱਕ ਹੁਰੀਅਤ ਦੇ ਆਗੂਆਂ ਦੇ ਵੱਖਵਾਦ ਦਾ ਸਵਾਲ ਹੈ, ਸਾਡੇ ਸਾਹਮਣੇ ਸਪਸ਼ਟ ਸੀ ਕਿ ਸ੍ਰੀਨਗਰ ਵਿਚ ਕਰਫ਼ਿਊ ਸਰਕਾਰ ਵੱਲੋਂ ਦਿਤੇ ਗਏ ਸਮੇਂ ‘ਤੇ ਨਹੀਂ, ਸਗੋਂ ਹੁਰੀਅਤ ਵੱਲੋਂ ਐਲਾਨੇ ਸਮੇਂ ‘ਤੇ ਖੁੱਲ੍ਹਦਾ ਹੈ। ਜਦੋਂ ਸਰਕਾਰ ਚਾਹੁੰਦੀ ਹੈ ਕਿ ਕਰਫ਼ਿਊ ਖੁੱਲ੍ਹੇ, ਤਾਂ ਬਾਜ਼ਾਰ ਬਾਕਾਇਦਾ ਬੰਦ ਰਹਿੰਦਾ ਹੈ। ਹੁਰੀਅਤ ਲੀਡਰਸ਼ਿਪ ਵੱਲੋਂ ਕੈਲੰਡਰ ਜਾਰੀ ਹੁੰਦਾ ਹੈ ਜਿਸ ਵਿਚ ਵਿਰੋਧ ਤੇ ਅੰਦੋਲਨ ਦਾ ਸਮਾਂ ਦਰਜ ਕੀਤਾ ਜਾਂਦਾ ਹੈ ਅਤੇ ਅੰਦੋਲਨਕਾਰੀ ਤੇ ਜਨਤਾ ਉਸ ਦਾ ਪਾਲਣ ਕਰਦੀ ਹੈ। ਕਾਰਾਂ ਵਿਚ ਪੈਟਰੋਲ ਉਦੋਂ ਭਰਨਾ ਸ਼ੁਰੂ ਕੀਤਾ ਜਾਂਦਾ ਹੈ, ਜਦੋਂ ਹੁਰੀਅਤ ਦਾ ਕੈਲੰਡਰ ਕਹਿੰਦਾ ਹੈ। ਹੁਰੀਅਤ ਦਾ ਇਹ ਪ੍ਰਭਾਵ ਉਸ ਹਾਲਾਤ ਵਿਚ ਹੈ ਜਦੋਂ ਉਸ ਦੀ ਸਿਖਰਲੀ ਲੀਡਰਸ਼ਿਪ (ਅਲੀ ਸ਼ਾਹ ਗਿਲਾਨੀ, ਯਾਸੀਨ ਮਲਿਕ, ਸ਼ਬੀਰ ਸ਼ਾਹ ਅਤੇ ਮੀਰਵਾਇਜ਼ ਉਮਰ ਫਾਰੂਕ) ਨਜ਼ਰਬੰਦ ਹਨ ਅਤੇ ਉਨ੍ਹਾਂ ਦੇ ਘਰਾਂ ਸਾਹਮਣੇ ਸਪੈਸ਼ਲ ਟਾਸਕ ਫੋਰਸ ਤਾਇਨਾਤ ਰਹਿੰਦੀ ਹੈ। ਇਸ ਸਮੇਂ ਸਿਰਫ ਪ੍ਰੋਫੈਸਰ ਅਬਦੁੱਲ ਗਨੀ ਬਟ ਹੀ ਬਾਹਰ ਹਨ ਅਤੇ ਅਸੀਂ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ। ਅਸੀਂ ਦੇਖਿਆ ਕਿ ਉਹ ਸਾਧਾਰਨ ਜਿਹੇ ਘਰ ਵਿਚ ਰਹਿੰਦੇ ਹਨ। ਉਨ੍ਹਾਂ ਨੇ ਸਾਨੂੰ ਆਪਣੇ ਪੁਰਾਣੇ ਸੋਫੇ ‘ਤੇ ਬਿਠਾਇਆ ਅਤੇ ਸਾਧਾਰਨ ਕੱਪ ਪਲੇਟਾਂ ਵਿਚ ਚਾਹ ਪਿਆਈ। ਜਿਸ ਸ਼ਾਨ-ਓ-ਸ਼ੌਕਤ ਦਾ ਜ਼ਿਕਰ ਮੀਡੀਆ ਵਿਚ ਕੀਤਾ ਜਾਂਦਾ ਹੈ, ਉਸ ਦਾ ਕਿਤੇ ਕੋਈ ਨਾਂ-ਨਿਸ਼ਾਨ ਨਹੀਂ ਸੀ ਦਿਖਾਈ ਦੇ ਰਿਹਾ। ਸਾਨੂੰ ਦੱਸਿਆ ਗਿਆ ਕਿ ਹੁਰੀਅਤ ਦੀ ਅਗਵਾਈ ਵਿਚ ਪਰੰਪਰਕ ਰੂਪ ਵਿਚ ਮੀਰਵਾਈਜ਼ ਦਾ ਪਰਿਵਾਰ ਹੀ ਅਮੀਰ ਹੈ। ਘਾਟੀ ਵਿਚ ਵਿਆਹ ਕਰਾਉਣ ਅਤੇ ਬਦਲੇ ਵਿਚ ਕੀਮਤੀ ਤੋਹਫ਼ੇ ਪਾਉਣ ਕਾਰਨ ਉਨ੍ਹਾਂ ਨੂੰ ਇਹ ਅਮੀਰੀ ਨਸੀਬ ਹੋਈ ਹੈ। ਬਾਕੀਆਂ ਦੀ ਆਰਥਿਕ ਹੈਸੀਅਤ ਕੋਈ ਖ਼ਾਸ ਨਹੀਂ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਅੰਦੋਲਨ ‘ਤੇ ਹੁਰੀਅਤ ਦੀ ਉਨੀ ਪਕੜ ਨਹੀਂ ਹੈ ਜਿੰਨੀ ਪਹਿਲਾਂ ਹੁੰਦੀ ਸੀ। ਅੱਜ ਹੁਰੀਅਤ ਵਾਲੇ ਚਾਹੁਣ ਤਾਂ ਇਸ ਅੰਦੋਲਨ ਨੂੰ ਬੰਦ ਨਹੀਂ ਕਰਾ ਸਕਦੇ। ਇਕ ਤਰ੍ਹਾਂ ਨਾਲ ਉਹ ਅੰਦੋਲਨ ਵਿਚ ਫਸ ਗਏ ਹਨ। ਉਨ੍ਹਾਂ ਨੂੰ ਆਪਣੇ ਅਕਸ ਦਾ ਫਿਕਰ ਹੈ, ਇਸ ਲਈ ਉਹ ਅੰਦੋਲਨਕਾਰੀਆਂ ਨੂੰ ਆਪਣੀ ਮਰਜ਼ੀ ਮੁਤਾਬਿਕ ਹਦਾਇਤਾਂ ਦੇਣ ਦੀ ਕੋਸ਼ਿਸ਼ ਨਹੀਂ ਕਰਦੇ। ਘਾਟੀ ਦੇ ਲੋਕਾਂ ਨੇ ਪਾਕਿਸਤਾਨ ਦਾ ਜ਼ਿਕਰ ਉਦੋਂ ਹੀ ਕੀਤਾ, ਜਦੋਂ ਅਸੀਂ ਉਨ੍ਹਾਂ ਤੋਂ ਇਸ ਬਾਰੇ ਸਵਾਲ ਪੁੱਛੇ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਅਸੀਂ ਪਾਕਿਸਤਾਨ ਦੇ ਕਹਿਣ ‘ਤੇ ਚਲਦੇ ਤਾਂ ਅਸੀਂ 1947 ਵਿਚ ਹੀ ਪਾਕਿਸਤਾਨ ਜਾਣ ਦਾ ਫ਼ੈਸਲਾ ਕਰ ਸਕਦੇ ਸੀ, ਪਰ ਸ਼ੇਖ ਅਬਦੁੱਲਾ ਦੀ ਅਗਵਾਈ ਵਿਚ ਕਸ਼ਮੀਰ ਦੇ ਲੋਕਾਂ ਨੇ ਪਾਕਿਸਤਾਨ ਦੀ ਬਜਾਏ ਭਾਰਤ ਨਾਲ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦਾ ਫ਼ੈਸਲਾ ਕੀਤਾ, ਕਿਉਂਕਿ ਸ਼ੇਖ ਦਾ ਮੰਨਣਾ ਸੀ ਕਿ ਪਾਕਿਸਤਾਨ ਦੇ ਨਾਲ ਤਾਂ ਗੱਲਬਾਤ ਵੀ ਨਹੀਂ ਕੀਤੀ ਜਾ ਸਕਦੀ। ਕਈਆਂ ਨੇ ਸਾਨੂੰ ਯਾਦ ਦਿਵਾਇਆ ਕਿ ਜੇ ਉਹ ਫ਼ਿਰਕਾਪ੍ਰਸਤ ਹੁੰਦੇ ਤਾਂ 1947 ਵਿਚ ਕਸ਼ਮੀਰ ਘਾਟੀ ਵਿਚ ਇਕ ਵੀ ਪੰਡਿਤ ਅਤੇ ਇਕ ਵੀ ਸਿੱਖ ਜ਼ਿੰਦਾ ਨਹੀਂ ਸੀ ਬਚਣਾ। 95 ਫ਼ੀਸਦੀ ਮੁਸਲਮਾਨ ਜੇ ਫੂਕ ਵੀ ਮਾਰਦੇ ਤਾਂ ਇਨ੍ਹਾਂ ਘੱਟ-ਗਿਣਤੀਆਂ ਦਾ ਪਤਾ ਵੀ ਨਹੀਂ ਸੀ ਲੱਗਣਾ, ਪਰ ਉਸ ਸਮੇਂ ਕਸ਼ਮੀਰ ਘਾਟੀ ਦੀ ਬਜਾਏ ਫ਼ਿਰਕੂ ਹਿੰਸਾ ਜੰਮੂ ਵਿਚ ਹੋਈ ਅਤੇ ਕਸ਼ਮੀਰ ਵਿਚ ਕੁਝ ਵੀ ਨਹੀਂ ਹੋਇਆ।
85 ਸਾਲਾਂ ਦੇ ਪ੍ਰੋਫੈਸਰ ਬਟ ਨੇ ਸਾਨੂੰ ਦੱਸਿਆ ਕਿ ਜਦੋਂ ਉਹ 6 ਸਾਲ ਦੇ ਬੱਚੇ ਨੂੰ ਪੱਥਰ ਉਠਾਉਂਦਿਆਂ ਦੇਖਦੇ ਹਨ ਤਾਂ ਉਨ੍ਹਾਂ ਨੂੰ ਲਗਦਾ ਹੈ ਕਿ ਕਸ਼ਮੀਰ ਦੇ ਇਸ ਅੰਦੋਲਨ ਨੇ ਆਪਣੀ ਉਮਰ 80 ਸਾਲ ਹੋਰ ਵਧਾ ਲਈ ਹੈ। ਉਨ੍ਹਾਂ ਦੀਆਂ ਗੱਲਾਂ ਅਤੇ ਕਸ਼ਮੀਰ ਦਾ ਮਾਹੌਲ ਦੱਸ ਰਿਹਾ ਸੀ ਕਿ ਅੰਦੋਲਨ ਅਜੇ ਥੱਕਿਆ ਨਹੀਂ ਹੈ। ਕਸ਼ਮੀਰ ਦੇ ਲੋਕਾਂ ਦਾ ਡਰ ਨਿਕਲ ਚੁੱਕਾ ਹੈ। ਉਹ ਟੈਂਕਾਂ ਦੇ ਸਾਹਮਣੇ ਖੜ੍ਹੇ ਹੋਣ ਲਈ ਕਮਰ ਕੱਸ ਚੁੱਕੇ ਹਨ। ਕਰਫ਼ਿਊ, ਫ਼ੌਜ, ਮੌਤ, ਪੈਲੇਟ ਗੰਨਾਂ, ਗੋਲੀਆਂ, ਤਸ਼ੱਦਦ ਹੁਣ ਉਨ੍ਹਾਂ ਨੂੰ ਨਹੀਂ ਡਰਾਉਂਦੇ। ਉਨ੍ਹਾਂ ਨੇ ਇੰਨੀਆਂ ਮੁਸ਼ਕਿਲਾਂ ਦੇਖ ਲਈਆਂ ਹਨ ਕਿ ਉਨ੍ਹਾਂ ਲਈ ਇਹ ਸਭ ਕੁਝ ਆਮ ਗੱਲ ਹੋ ਗਈ ਹੈ। ਕਸ਼ਮੀਰ ਮਸਲੇ ਨੂੰ ਸੁਲਝਾਉਣ ਲਈ ਇਨ੍ਹਾਂ ਸਾਰੀਆਂ ਹਕੀਕਤਾਂ ਨੂੰ ਸਾਹਮਣੇ ਰੱਖਣਾ ਹੋਵੇਗਾ।