ਗਰਦਨ-ਗਾਥਾ

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਨ੍ਹਾਂ ਸਰੀਰ ਦੇ ਵੱਖ ਵੱਖ ਅੰਗਾਂ ਦਾ ਨਾਦ ਪੇਸ਼ ਕੀਤਾ ਹੈ। ਇਸ ਲੇਖ ਤੋਂ ਪਹਿਲਾਂ ਉਹ ਨੈਣਾਂ, ਮੂੰਹ, ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕਰ ਚੁਕੇ ਹਨ।

ਹੱਥਾਂ ਦੀ ਦਾਸਤਾਨ ਦੱਸਦਿਆਂ ਉਨ੍ਹਾਂ ਕਿਹਾ ਕਿ ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ। ਲੱਤਾਂ ਦੀ ਵਾਰਤਾ ਸੁਣਾਉਂਦਿਆਂ ਉਨ੍ਹਾਂ ਬਾਬਾ ਫਰੀਦ ਦੇ ਸਲੋਕ “ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ॥” ਦਾ ਹਵਾਲਾ ਦਿੱਤਾ ਸੀ। ਬੰਦੇ ਦੇ ਪੈਰਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਸੋਚ ਸਮਝ ਕੇ ਪੈਰ ਟਿਕਾਉਣ ਵਾਲੇ ਲੋਕ ਸਾਬਤ ਕਦਮੀਂ ਤੁਰਦੇ, ਮੁਸ਼ਕਲਾਂ ਨਾਲ ਬਰ ਮੇਚਦੇ, ਸਫਲਤਾ ਦਾ ਨਵਾਂ ਵਰਕਾ ਬਣਦੇ। ਉਨ੍ਹਾਂ ਮੁੱਖੜੇ ਦੇ ਬਹੁਤ ਸਾਰੇ ਰੂਪ ਕਿਆਸੇ ਹਨ-ਮੁੱਖੜਾ ਹੱਸਮੁੱਖ, ਮੁੱਖੜਾ ਚਿੜਚਿੜਾ। ਮੁੱਖੜਾ ਖੁਸ਼-ਮਿਜ਼ਾਜ, ਮੁੱਖੜਾ ਰੋਂਦੂ। ਮੁੱਖੜਾ ਟਹਿਕਦਾ, ਮੁੱਖੜਾ ਬੁੱਸਕਦਾ। ਮੁੱਖੜਾ ਤ੍ਰੇਲ ਧੋਤਾ, ਮੁੱਖੜਾ ਹੰਝ ਪਰੋਤਾ। ਮੁੱਖੜਾ ਸੱਜਰੀ ਸਵੇਰ, ਮੁੱਖੜਾ ਉਤਰਦਾ ਹਨੇਰ। ਡਾæ ਭੰਡਾਲ ਨੇ ਮਨ ਦੀ ਬਾਤ ਪਾਉਂਦਿਆਂ ਕਿਹਾ ਸੀ ਕਿ ਮਨ ਅਸੀਮ, ਮਨ ਅਮੋੜ, ਮਨ ਅਜਿੱਤ, ਮਨ ਅਮੋਲਕ, ਮਨ ਦੀਆਂ ਮਨ ਹੀ ਜਾਣੇ। ਗੁਰਬਾਣੀ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਸੀ, ‘ਭਾਈ ਰੇ ਇਸੁ ਮਨ ਕਉ ਸਮਝਾਇ॥” ਪਿਛਲੇ ਲੇਖ ਵਿਚ ਉਨ੍ਹਾਂ ਦੱਸਿਆ ਕਿ ਹਿੱਕ ਵਿਚ ਜਦ ਰੋਹ ਦਾ ਉਬਾਲ ਫੁੱਟਦਾ ਤਾਂ ਇਸ ਵਿਚੋਂ ਹੀ ਦੁੱਲਾ ਭੱਟੀ, ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਜਾਂ ਇਕ ਸ਼ਖਸ ਊਧਮ ਸਿੰਘ ਦਾ ਰੂਪ ਧਾਰ ਲੰਡਨ ਵੱਲ ਨੂੰ ਚਾਲੇ ਪਾਉਂਦਾ। ਹਥਲੇ ਲੇਖ ਵਿਚ ਉਨ੍ਹਾਂ ਗਰਦਨ ਦੀ ਵਾਰਤਾ ਦੱਸਦਿਆਂ ਕਿਹਾ ਹੈ ਕਿ ਗਰਦਨ ਸਿੱਧੀ ਰਹੇ ਤਾਂ ਸਿਰਾਂ ‘ਤੇ ਦਸਤਾਰਾਂ ਸੋਂਹਦੀਆਂ, ਸਰਦਾਰੀਆਂ ਕਾਇਮ ਰਹਿੰਦੀਆਂ ਅਤੇ ਸਿਰਤਾਜਾਂ ਨੂੰ ਸਲਾਮਾਂ ਹੁੰਦੀਆਂ। ਧੌਣ ਸਿੱਧੀ ਰੱਖ ਕੇ ਜਿਊਣ ਵਾਲੇ ਜ਼ਿੰਦਗੀ ਦੇ ਸਰਬਾਲੇ ਜੋ ਜੀਵਨ ਦੀ ਹਰ ਦੁਪਹਿਰ ਨੂੰ ਸੰਦਲੀ ਰੰਗਤ ਬਖਸ਼ਦੇ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਗਰਦਨ, ਸਿਰ ਤੇ ਧੜ ਦੀ ਸਾਹ-ਰਗ, ਦੋਹਾਂ ਦੀ ਆਪਸੀ ਨੇੜਤਾ ਦਾ ਸੰਗਮ। ਦੁਵੱਲੀ ਆਵਾਜਾਈ ਦਾ ਧੁਰਾ। ਜ਼ਿੰਦਗੀ ਦੀ ਗੱਡੀ ਅਤੇ ਡਰਾਈਵਰ ਵਿਚਲੀ ਸਾਂਝ। ਨਿਰੰਤਰਤਾ ਤੇ ਸਮਰੂਪਤਾ ਬਖਸ਼ਣ ਵਾਲਾ ਮਨੁੱਖੀ ਅੰਗ।
ਧੌਣ ਲੰਮੀ, ਧੌਣ ਛੋਟੀ। ਧੌਣ ਪਤਲੀ, ਧੌਣ ਮੋਟੀ। ਕਦੇ ਕਦੇ ਤਾਂ ਪਤਾ ਹੀ ਨਾ ਲੱਗਦਾ ਕਿ ਧੜ ਕਿਥੇ ਖਤਮ ਹੁੰਦਾ ਅਤੇ ਸਿਰ ਕਿਥੋਂ ਸ਼ੁਰੂ ਹੁੰਦਾ? ਪਰ ਮੋਰਨੀ ਵਰਗੀ ਲੰਮੀ ਤੇ ਪਤਲੀ ਧੌਣ ਸੁੰਦਰਤਾ ਦੀ ਨਿਸ਼ਾਨੀ। ਮਨੁੱਖੀ ਬਣਤਰ ਦੇ ਵੱਖ-ਵੱਖ ਰੂਪ-ਰੰਗ। ਪਰ ਸਭ ਤੋਂ ਅਹਿਮ ਹੁੰਦੀ ਮਨੁੱਖ ਦੀ ਅੰਦਰਲੀ ਸੁੰਦਰਤਾ ਜੋ ਬਾਹਰਲੇ ਸੁਹੱਪਣ ਨੂੰ ਮਾਤ ਪਾਉਂਦੀ, ਸਮਾਜ ਦੇ ਨਾਵੇਂ ਸੁੰਦਰਤਾ ਦੇ ਨਵੇਂ ਪੈਮਾਨੇ ਤੇ ਕੀਰਤੀਮਾਨ ਸਥਾਪਤ ਕਰਦੀ।
ਗਰਦਨ, ਜੋਸ਼ ਤੇ ਹੋਸ਼ ਦਾ ਸੰਪਰਕ। ਧੌਣ ਹੀ ਸਿਰਾਂ ਦੀ ਸਥਾਪਨਾ ਕਰਦੀ ਅਤੇ ਇਨ੍ਹਾਂ ਨੂੰ ਸਿੱਧਾ ਰੱਖ ਕੇ ਜਿਊਣ ਦੀ ਜਾਚ ਸਿਖਾਉਂਦੀ। ਗਰਦਨ ਦੀ ਗੈਰ-ਹਾਜ਼ਰੀ ਵਿਚ ਬੇਸਿਰੇ ਸਰੀਰਾਂ ਨੂੰ ਰਾਹ ਭੁੱਲ ਜਾਂਦੇ ਅਤੇ ਉਨ੍ਹਾਂ ਦੀਆਂ ਮੰਜ਼ਲਾਂ ਨੂੰ ਧੁੰਧਲਕੇ ਦੀ ਜੂਨੇ ਹੀ ਆਖਰੀ ਅਲਵਿਦਾ ਕਹਿਣਾ ਪੈਂਦਾ।
ਗਰਦਨ ਸਿੱਧੀ ਰਹੇ ਤਾਂ ਸਿਰਾਂ ‘ਤੇ ਦਸਤਾਰਾਂ ਸੋਂਹਦੀਆਂ, ਸਰਦਾਰੀਆਂ ਕਾਇਮ ਰਹਿੰਦੀਆਂ ਅਤੇ ਸਿਰਤਾਜਾਂ ਨੂੰ ਸਲਾਮਾਂ ਹੁੰਦੀਆਂ। ਧੌਣ ਸਿੱਧੀ ਰੱਖ ਕੇ ਜਿਊਣ ਵਾਲੇ ਜ਼ਿੰਦਗੀ ਦੇ ਸਰਬਾਲੇ ਜੋ ਜੀਵਨ ਦੀ ਹਰ ਦੁਪਹਿਰ ਨੂੰ ਸੰਦਲੀ ਰੰਗਤ ਬਖਸ਼ਦੇ।
ਧੌਣਾਂ ਨੀਵੀਆਂ ਕਰਕੇ ਸਿਰਫ ਹੋਛੇ ਜਾਂ ਗੱਦਾਰ ਲੋਕ ਜਿਉਂਦੇ। ਅਜਿਹੇ ਲੋਕ ਬੇ-ਗੈਰਤ ਹੋ ਕੇ ਜਿਊਣ ਵਿਚੋਂ ਹੀ ਜ਼ਿੰਦਗੀ ਦੇ ਅਰਥ ਭਾਲਦੇ-ਭਾਲਦੇ ਜਿਊਣ ਜੋਗੇ ਪਲਾਂ ਨੂੰ ਵੀ ਵਿਅਰਥ ਗਵਾ ਜਾਂਦੇ। ਬੇ-ਅਰਥੀ ਅਤੇ ਬੇ-ਅਣਖੀ ਲੰਮੇਰੀ ਜ਼ਿੰਦਗੀ ਨਾਲੋਂ ਗੈਰਤਮੰਦ ਲੋਕ ਥੋੜ੍ਹ-ਚਿਰੀ ਜਿੰæਦਗੀ ਨੂੰ ਤਰਜੀਹ ਦਿੰਦੇ ਨੇ। ਜਵਾਨੀ ਵੇਲੇ ਹੀ ਕੁਝ ਚੰਗੇਰਾ ਕਰਨ ਗੁਜਰਨ ਦੀ ਚਾਹਨਾ ਪੈਦਾ ਹੁੰਦੀ। ਜ਼ਿਆਦਤਰ ਸ਼ਹੀਦ, ਜੀਵਨ ਦੇ ਸਿਖਰ ਦੁਪਹਿਰੇ ਹੀ ਨਰੋਏ ਮਕਸਦ ਲਈ ਜ਼ਿੰਦਗੀਆਂ ਨਿਛਾਵਰ ਕਰਦੇ।
ਗਰਦਨ ਦੁਆਲੇ ਮਣਕੇ, ਮਾਲਾਵਾਂ, ਰਾਣੀ ਹਾਰ ਜਾਂ ਗਲੂਬੰਦ ਸੋਂਹਦੇ ਤਾਂ ਇਹ ਸੁਹੱਪਣ ਨੂੰ ਚਾਰ ਚੰਨ ਲਾ ਸੁਹਾਗਣਾਂ ਦਾ ਸ਼ਿੰਗਾਰ ਬਣਦੇ। ਗਲੇ ਵਿਚ ਸਜਦੇ ਕੈਂਠੇ, ਧੌਣ ਦਾ ਨਾਗਵਲ ਬਣ ਜਾਂਦੇ, ਮਨ ਨੂੰ ਧੂਹ ਪਾਉਂਦੀ ਸੁੰਦਰਤਾ।
ਗਰਦਨ, ਸੁਹਜ, ਸੂਖਮਤਾ, ਸਪਰਸ਼ ਅਤੇ ਸਜਾਵਟ ਦਾ ਕੇਂਦਰ ਬਿੰਦੂ। ਸੱਜਣ-ਸਾਹਾਂ ਦੇ ਸਪਰਸ਼ ਨਾਲ ਗਰਦਨ ਵਿਚ ਮੋਹ-ਤਰੰਗਾਂ ਛਿੜਦੀਆਂ ਜੋ ਮਿਲਾਪ ਲਈ ਚਾਹਨਾ, ਪਿਆਰ ਲਈ ਤੜਪ ਅਤੇ ਮਨ ਵਿਚ ਹੁਲਾਰ ਪੈਦਾ ਕਰਦੀਆਂ।
ਧੌਣ ਬਹੁਤ ਮਜਬੂਤ। ਮਨੁੱਖੀ ਹੋਂਦ ਨੂੰ ਹਰ ਹੋਣੀ ਸਾਹਵੇਂ ਪ੍ਰਗਟ ਕਰਨ ਵਿਚ ਮੋਹਰੀ। ਅਪਣੱਤ ‘ਚ ਭਿੱਜੀ ਗਰਦਨ ਆਪਣਿਆਂ ਨੂੰ ਗਲ ਨਾਲ ਲਾਉਂਦੀ, ਨੀਵੀਆਂ ਧੌਣਾਂ ਨੂੰ ਸਿਰ ਉਚੇ ਕਰਕੇ ਜਿਊਣ ਦਾ ਸੁਨੇਹਾ ਵੀ ਬਣਦੀ।
ਗਰਦਨ ਵਿਚ ਮਾਣ-ਸਨਮਾਨ ਦੇ ਹਾਰ ਪੈਂਦੇ। ਅਦਬ ਤੇ ਸਤਿਕਾਰ ਲਈ ਸਿਰੋਪੇ ਤੇ ਦੁਸ਼ਾਲੇ। ਗਲ ਵਿਚ ਫਾਂਸੀ ਦਾ ਫੰਦਾ ਪਵਾਉਣ ਲਈ ਅਹੁਲਣਾ ਅਤੇ ਸਲੀਬ ਨੂੰ ਚੁੰਮਣਾ, ਇਤਿਹਾਸਕ ਸਰਫ। ਪਰ ਕਦੇ-ਕਦਾਈਂ ਗਲ ਵਿਚ ਸਾਫਾ ਪਾ ਕੇ ਗੱਦਾਰਾਂ ਨੂੰ ਗਲੀਆਂ ਵਿਚ ਘਸੀਟਿਆ ਜਾਂਦਾ, ਚੌਰਾਹੇ ‘ਚ ਉਨ੍ਹਾਂ ਦੀਆਂ ਕਰਤੂਤਾਂ ਦਾ ਭਾਂਡਾ ਭੱਜਦਾ ਜਾਂ ਗਲੇ ਵਿਚ ਛਿੱਤਰ-ਮਾਲਾ ਪਾ ਕੇ ਅਸਲੀ ਔਕਾਤ ਦਿਖਾਈ ਜਾਂਦੀ।
ਗਰਦਨ ਹੀ ਬਣਦੀ ਹੋਸ਼ ਤੇ ਜੋਸ਼ ਵਿਚਲਾ ਸੰਤੁਲਨ ਜੋ ਜੀਵਨੀ ਸੰਤੁਲਨ ਬਣ ਕੇ ਮਾਰਗ ਦਰਸ਼ਨ ਕਰਦਾ। ਯਾਦ ਰੱਖਣਾ! ਇਕਪਾਸੜਤਾ ਹਮੇਸ਼ਾ ਹੀ ਖਤਰਨਾਕ ਹੁੰਦੀ। ਧੌਣ ਹੁੰਦੀ ਏ ਤਾਂ ਮਨੁੱਖ ਜਿਉਂਦੈ। ਮਨੁੱਖੀ ਊਰਜਾ ਅਤੇ ਗਤੀਵਿਧੀ ਨੂੰ ਸੇਧ, ਸਪਸ਼ਟਤਾ, ਸੰਪੂਰਨਤਾ ਤੇ ਸਮਰੂਪਤਾ ਮਿਲਦੀ।
ਗਰਦਨ ਜਨਮ-ਮਰਨ ਵਿਚਲਾ ਫਰਕ। ਪਰ ਕਈ ਵਾਰ ਧੌਣ ਕੱਟੀ ਜਾਣ ‘ਤੇ, ਆਪਣੀ ਕਸਮ ਨਿਭਾਉਣ ਅਤੇ ਅਕੀਦੇ ਦੀ ਪ੍ਰਾਪਤੀ ਲਈ ਸੀਸ ਨੂੰ ਤਲੀ ‘ਤੇ ਰੱਖ, ਬੇ-ਸਿਰਾ ਬਜੁਰਗ ਜਰਨੈਲ, ਜਾਲਮਾਂ ਦੇ ਆਹੂ ਲਾਹੁੰਦਾ, ਬਾਬਾ ਦੀਪ ਸਿੰਘ ਜੀ ਬਣ, ਹਰਿਮੰਦਰ ਸਾਹਿਬ ਵਿਖੇ ਨੱਤਮਸਤਕ ਹੁੰਦਾ, ਇਤਿਹਾਸ ਦਾ ਸੁਨਹਿਰੀ ਪੰਨਾ ਬਣ ਜਾਂਦਾ।
ਧੌਣ ਨਾ ਹੁੰਦੀ ਤਾਂ ਫਾਂਸੀ ਦਾ ਰੱਸਾ ਚੁੰਮ ਕੇ ਕੌਣ ਜੀਵਨ ਧੜਕਣਾਂ ਨੂੰ ਨਾਮਕਰਨ ਦਿੰਦਾ ਅਤੇ ਸਾਹ-ਸੱਤਹੀਣ ਤੋਂ ਸ਼ਾਹ-ਅਸਵਾਰ ਬਣਨ ਤੀਕ ਦਾ ਹਰਫਨਾਮਾ ਬਣਦਾ।
ਗਰਦਨ, ਸਾਹ-ਰਗਾਂ ਦੀ ਸ਼ਾਹ-ਰਗ, ਜੀਵਨ ਪੈੜਾਂ ਦੀ ਧਰਾਤਲ ਅਤੇ ਜੀਵਨ ਜੁਗਤਾਂ ਦਾ ਸੰਦਰਭ। ਅਗਰ ਸੰਦਰਭ ਹੀ ਗਵਾਚ ਜਾਣ ਤਾਂ ਜਿਊਣ ਦੇ ਅਰਥ ਗਵਾਚ ਜਾਂਦੇ ਅਤੇ ਜ਼ਿੰਦਗੀ ਦੇ ਵਰਕੇ ਪੱਤਝੜ ਦਾ ਸਿਰਨਾਵਾਂ ਬਣ ਜਾਂਦੇ।
ਧੌਣ ਦੇ ਮਣਕੇ, ਸਾਹ ਤੇ ਖਾਣੇ ਦੀਆਂ ਸਾਹ-ਰਗਾਂ, ਜਿੰਦ ਨੂੰ ਸਾਹ ਬਖਸ਼ਦੀਆਂ ਤਰੰਗਾਂ ਅਤੇ ਜਿੰਦ ਦੀਆਂ ਮੁਹਾਰਾਂ ਦੀ ਤਰਤੀਬ ਤੇ ਤਕਦੀਰ ਅਤੇ ਤਹਿਰੀਕ ਸਿਰਜਣਹਾਰੇ ਸਿਗਨਲ ਦਾ ਰਾਹ-ਦਸੇਰਾ।
ਗੋਡੇ ਹੇਠ ਆਈ ਧੌਣ ਜਾਂ ਕੁੜਿੱਕੀ ‘ਚ ਆਈ ਜਾਨ ਕਾਰਨ ਸਾਹਾਂ ਦੀ ਖੁਦਕੁਸ਼ੀ ਜਿੰਦ-ਬਰੂਹੀਂ ਦਸਤਕ ਦੇਵੇ ਤਾਂ ਜਿੰਦ ਵਾਰ ਕੇ ਮੌਤ ਵਿਹਾਜਣੀ ਜੀਵਨ-ਮੁੱਲਾਂ ਦੀ ਅਦਾਇਗੀ ਹੁੰਦਾ।
ਧੌਣ, ਧੱਫਿਆਂ ਤੇ ਧੌਲਾਂ ਨੂੰ ਜਰਦੀ, ਝੱਖੜਾਂ-ਹਨੇਰੀਆਂ ਨੂੰ ਥੰਮਦੀ, ਮਾਨਵੀ ਕਾਰਜ ਵਿਚ ਰੁੱਝੀ, ਕਦਮਾਂ ਨੂੰ ਨਵੀਂ ਪੈੜ ਅਤੇ ਨੈਣਾਂ ਨੂੰ ਨਵੇਂ ਸੁਪਨਿਆਂ ਦਾ ਸੁਪਨ ਮੰਡਲ ਬਖਸ਼ਦੀ। ਸੁਪਨੇ ਹੀ ਸਾਡਾ ਜਿਉਣ-ਆਧਾਰ, ਉਪਚਾਰ ਤੇ ਕਿਰਦਾਰ। ਸੁਪਨਿਆਂ ਦੇ ਮਰ ਜਾਣ ‘ਤੇ ਮਨੁੱਖ ਸਿਰਫ ਤੁਰਦੀ ਫਿਰਦੀ ਲਾਸ਼।
ਧੌਣ ਜਦ ਖੁਦ ਨੂੰ ਸਿੱਧੀ ਰੱਖ ਕੇ ਜਿਊਣ ਦਾ ਆਹਰ ਕਰਦੀ ਤਾਂ ਨੀਵੀਆਂ ਧੌਣਾਂ ਅਤੇ ਸਿਰ ਸੁੱਟੀ ਲੋਕਾਂ ‘ਤੇ ਰਾਜ ਕਰਨ ਵਾਲਿਆਂ ਨੂੰ ਬਹੁਤ ਅੱਖਰਦੀ। ਅਜਿਹੀਆਂ ਧੌਣਾਂ ਦੇ ਹਿੱਸੇ ਆਉਂਦਾ ਡਾਂਗਾਂ ਦਾ ਮੀਂਹ, ਗੋਲੀਆਂ ਦੀ ਵਾਛੜ ਜਾਂ ਪੈਰਾਂ ਹੇਠ ਮਧੋਲੇ ਜਾਣ ਦਾ ਸੰਤਾਪ। ਅਜੋਕੇ ਸਮਿਆਂ ਵਿਚ ਅਕਸਰ ਹੀ ਅਜਿਹਾ ਵਾਪਰਦਾ ਏ ਜਦ ਸਿਰ ਨੂੰ ਉਚਾ ਕਰਕੇ ਜਿਊਣ ਦੀ ਕੀਮਤ ਸਾਹਾਂ ਦੀ ਆਹੂਤੀ, ਕਦਰਾਂ ਕੀਮਤਾਂ ਦਾ ਬਲਿਦਾਨ, ਆਪਣੇ ‘ਚੋਂ ਖੁਦ ਨੂੰ ਮਨਫੀ ਜਾਂ ਖੁਦੀ ਦੇ ਕਤਲ ਨਾਲ ਚੁਕਾਉਣੀ ਪੈਂਦੀ। ਨਾਬਰ ਲੋਕਾਂ ਦੀ ਜ਼ਮੀਰ ਨੂੰ ਮਾਰਨ ਦੀ ਕੋਸ਼ਿਸ਼ ਨਿਰੰਤਰ ਜਾਰੀ ਰਹਿੰਦੀ। ਜਿਊਂਦੀ ਜ਼ਮੀਰ ਵਾਲੇ ਭਲਾ ਕਦੋਂ ਧੌਣਾਂ ਸੁੱਟ ਕੇ ਜਿਊਣ ਨੂੰ ਤਰਜੀਹ ਦਿੰਦੇ ਨੇ। ਉਨ੍ਹਾਂ ਲਈ ਜੀਵਨ ਦੇ ਅਰਥ ਹੀ ਚੜ੍ਹਦੇ ਸੂਰਜ ਹੁੰਦੇ।
ਆਕੜੀ ਧੌਣ ਜਦ ਬਾਂਹ ਦੇ ਵਲੇਵੇਂ ਵਿਚ ਆ ਜਾਵੇ ਤਾਂ ਇਸ ਦਾ ਅਕੜੇਵਾਂ ਕਫਨ ਦਾ ਕਿੱਲ ਬਣ ਸਿਵੇ ਦੁਆਲੇ ਠੋਕੀਆਂ ਕਿੱਲੀਆਂ ਦਾ ਰੂਪ ਬਣ ਜਾਂਦਾ।
ਜਦ ਕਿਸੇ ਗਰੀਬ ਦੀ ਧੌਣ ਕਰਜ਼ੇ ਦੇ ਸ਼ਿਕੰਜੇ ਵਿਚ ਹੋਵੇ, ਕੋਈ ਗੱਭਰੂ ਡਿਗਰੀ ਹੱਥ ਵਿਚ ਫੜ ਕਿਸਮਤ ਨੂੰ ਕੋਸੇ, ਵਿਆਹ ਦੀ ਉਮਰ ਵਿਹਾ ਚੁੱਕੀ ਧੀ ਦਾ ਬਾਪ ਉਸ ਦੇ ਹੱਥ ਪੀਲੇ ਕਰਨ ਲਈ ਤਰਲੋਮੱਛੀ ਹੋਵੇ ਜਾਂ ਕੋਈ ਮਾਂ ਜਵਾਨ ਪੁੱਤ ਦੀ ਲਾਸ਼ ਮੋਢੇ ‘ਤੇ ਢੋਵੇ ਤਾਂ ਧੌਣ ਦਾ ਮਣਕਾ ਜੀਵਨ-ਵਿਅਰਥ ਹੋਣ ਦਾ ਰੋਣਾ ਕਿਸ ਨੂੰ ਸੁਣਾਵੇ, ਕਿਉਂਕਿ ਕੋਈ ਵੀ ਉਸ ਦੀ ਵੇਦਨਾ ਦਾ ਨੀਰ ਆਪਣੇ ਨੈਣੀਂ ਨਾ ਚੋਵੇ।
ਧੌਣ ਨੂੰ ਕਦੇ ਲਿਫਣ ਨਾ ਦਿਓ ਕਿਉਂਕਿ ਜਿਊਣਾ ਸਿਰਫ ਸਿਰਾਂ ਨੂੰ ਉਚੇ ਕਰਕੇ ਜਿਊਣ ਵਾਲਿਆਂ ਦਾ ਹੁੰਦੈ। ਸ਼ੇਰ ਦੀ ਦਹਾੜ ਜੰਗਲ ‘ਚ ਕੰਬਣੀ ਛੇੜਦੀ ਜਦ ਕਿ ਹਵਾਂਕਦੇ ਗਿੱਦੜ ਸਿਰਫ ਚੌਗਿਰਦੇ ਵਿਚ ਰੋਣੀਆਂ ਸੂਰਤਾਂ ਅਤੇ ਮਾਯੂਸੀ ਦਾ ਆਲਮ ਸਿਰਜਣ ਜੋਗੇ ਹੁੰਦੇ।
ਗਰਦਨ ਨੂੰ ਚਾਰ ਚੁਫੇਰੇ ਘੁਮਾ ਦੁਨੀਆਂ ਦੀਆਂ ਚਾਲਾਂ ਸਮਝਣ ਵਾਲੇ ਲੋਕ, ਪਿੱਠ ਪਿੱਛੇ ਹੁੰਦੇ ਵਾਰਾਂ ਤੋਂ ਸੁਰੱਖਿਅਤ। ਉਹ ਆਪਣੀਆਂ ਰਾਹਾਂ ਖੁਦ ਚੁਣਦੇ। ਮੰਜ਼ਲਾਂ ਦਾ ਸਿਰਨਾਵਾਂ ਅਤੇ ਪ੍ਰਾਪਤੀ, ਉਨ੍ਹਾਂ ਦਾ ਸਾਖਸ਼ਾਤ ਨਿਸ਼ਾਨਾ।
ਗਰਦਨ ਨੂੰ ਸਿੱਧੀ ਰੱਖ, ਸਿਰ ਉਚਾ ਕਰਕੇ ਜਿਊਣ ਲਈ ਮਰਦਾਨਗੀ, ਅਣਖ, ਗੈਰਤ, ਖੁਦ ਨਾਲ ਇਮਾਨਦਾਰੀ, ਕਿਰਦਾਰ ਦੀ ਪਕਿਆਈ ਤੇ ਬੁਲੰਦੀ ਜਰੂਰੀ। ਥੁੜ੍ਹਾਂ ਮਾਰੇ ਬਹੁਤੇ ਲੋਕ ਸਿਰ ਸੁੱਟ ਕੇ ਨਹੀਂ ਜਿਉਂਦੇ ਜਦ ਕਿ ਬਹੁਲਾਤ ਭੋਗਦੇ ਲੋਕਾਂ ਨੂੰ ਅਕਸਰ ਹੀ ਸਿਰ ਸੁੱਟ ਕੇ ਜਿਊਣ ਦੀ ਆਦਤ ਹੁੰਦੀ।
ਗਰਦਨ ਜਦ ਅਹੰਕਾਰੀ ਤੇ ਨਿਰਦਈ ਜਾਲਮ ਜਾਂ ਹਾਕਮ ਸਾਹਵੇਂ ਝੁਕ ਜਾਵੇ ਤਾਂ ਲਾਹਨਤ। ਬਜ਼ੁਰਗ, ਗੁਰਦੁਆਰੇ, ਮੰਦਿਰ, ਮਸਜਿਦ ਜਾਂ ਚਰਚ ਸਾਹਵੇਂ ਝੁਕੀ ਧੌਣ ਨਿਰਮਾਣਤਾ, ਮਾਸੂਮੀਅਤ, ਅਧੀਨਗੀ, ਪਾਕੀਜ਼ਗੀ ਅਤੇ ਸਮਰਪਣ ਭਰੀ ਅਕੀਦਤ। ਤੁਸੀਂ ਕਿਸ ਸਾਹਵੇਂ, ਕਿਸ ਰੂਪ ‘ਚ ਅਤੇ ਕਿਸ ਮੁਫਾਦ ਲਈ ਸਿਰ ਝੁਕਾਉਂਦੇ ਹੋ, ਇਹ ਤੁਹਾਡੇ ਕਿਰਦਾਰ ਤੇ ਵਿਚਾਰ ‘ਤੇ ਨਿਰਭਰ ਹੁੰਦਾ।
ਧੌਣ ਅਦਬ ਵਿਚ ਝੁਕਦੀ ਤਾਂ ਨਮਸਕਾਰ ਪਰ ਗੈਰਤਮੰਦ ਹੋ ਕੇ ਝੁਕਣ ਤੋਂ ਇਨਕਾਰ ਕਰਦੀ ਤਾਂ ਲਲਕਾਰ। ਛੋਟੇ ਸਾਹਿਬਜ਼ਾਦਿਆਂ ਦੀ ਲਲਕਾਰ ਹੁਣ ਵੀ ਸਰਹਿੰਦ ਦੀ ਦੀਵਾਰ ‘ਚੋਂ ਮੂਕ ਰੂਪ ਵਿਚ ਸੁਣੀ ਜਾ ਸਕਦੀ ਹੈ। ਜੇਕਰ ਤੁਹਾਡੀ ਸੰਵੇਦਨਾ ਜਿਊਂਦੀ ਏ ਅਤੇ ਤੁਹਾਡੇ ਵਿਚ ਮਨ ‘ਚੋਂ ਨਿਕਲਦੀਆਂ ਹੂਕਾਂ, ਆਹਾਂ ਤੇ ਅਰਦਾਸਾਂ ਨੂੰ ਸੁਣਨ ਅਤੇ ਇਨ੍ਹਾਂ ਦਾ ਹੁੰਗਾਰਾ ਭਰਨ ਦੀ ਆਤਮਿਕ ਤਾਕਤ ਹੈ, ਤਾਂ ਤੁਹਾਡੀ ਆਤਮਾ ਬੁਲੰਦ ਹੈ।
ਧੌਣ ਧਰਮ, ਧੌਣ ਅਧਰਮ। ਧੌਣ ਧਰਤੀ, ਧੌਣ ਅਕਾਸ਼। ਧੌਣ ਸਮੁੰਦਰ, ਧੌਣ ਮੰਝਧਾਰ। ਧੌਣ ਆਹਾਂ, ਧੌਣ ਧਰਵਾਸ। ਧੌਣ ਆਰਤੀ, ਧੌਣ ਅਰਦਾਸ। ਧੌਣ ਹੀ ਪਾਣੀ ਅਤੇ ਧੌਣ ਪਿਆਸ। ਧੌਣ ਜਿੰਦ ਤੇ ਧੌਣ ਰੂਹ-ਆਵਾਸ।
ਧੌਣ ਨੂੰ ਆਪਣਾ ਸਾਹ ਬਣਾਓ। ਧੌਣ ਦੀ ਝੌਲੀ ਅਣਖ ਤੇ ਗੈਰਤ ਪਾਓ। ਜ਼ਾਲਮਾਂ ਸਾਹਵੇਂ ਕਦੇ ਨਾ ਧੌਣ ਝੁਕਾਓ। ਨਾ ਕਦੇ ਧੌਣ ਕਿਸੇ ਦੀ ਝੋਲੀ ਪਾਓ ਕਿਉਂਕਿ ਜਦ ਧੌਣ ਕਿਸੇ ਦੀ ਰਖੇਲ ਬਣ ਜਾਵੇ ਤਾਂ ਜਿੰਦ ‘ਤੇ ਲਟਕਦੀਆਂ ਲੀਰਾਂ, ਤੁਹਾਡੀ ਅਸਮਤ ਨੂੰ ਛੁਪਾ ਨਹੀਂ ਸਕਣਗੀਆਂ। ਜਦ ਭਾਈ ਜੈਤਾ ਗੁਰੂ ਤੇਗ ਬਹਾਦਰ ਜੀ ਦਾ ਸੀਸ ਝੋਲੀ ‘ਚ ਪਾ, ਵੈਰੀਆਂ ਤੋਂ ਅੱਖ ਬਚਾਉਂਦਾ, ਅਨੰਦਪੁਰ ਸਾਹਿਬ ਵਿਖੇ ਪਹੁੰਚ, ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕਰਦਾ ਏ ਤਾਂ ਉਹ ‘ਰੰਗਰੇਟੇ ਗੁਰੂ ਕੇ ਬੇਟੇ’ ਦਾ ਖਿਤਾਬ ਪ੍ਰਾਪਤ ਕਰਦਾ।
ਗਰਦਨ ਕੱਟਣ ਵਾਲਿਆਂ ਨਾਲੋਂ ਅਕੀਦੇ ਲਈ ਗਰਦਨ ਕਟਵਾਉਣ ਵਾਲੇ ਜ਼ਿਆਦਾ ਮਹਾਨ। ਆਉਣ ਵਾਲੀਆਂ ਨਸਲਾਂ ਉਨ੍ਹਾਂ ਦੇ ਕੀਰਤੀਮਾਨਾਂ ‘ਤੇ ਮਾਣ ਕਰਦੀਆਂ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣਾ, ਧਰਮ-ਮਾਰਗ ਬਣਾਉਂਦੀਆਂ।
ਗਲੇ ‘ਤੇ ਛੁਰੀ ਫੇਰਨ ਵਾਲੇ ਆਪਣੀ ਹੈਵਾਨੀਅਤ ‘ਤੇ ਨਾਜ਼ ਭਾਵੇਂ ਕਰਨ, ਪਰ ਉਨ੍ਹਾਂ ਦੀ ਆਤਮਾ ਉਨ੍ਹਾਂ ਨੂੰ ਦੁਰਕਾਰਦੀ ਅਤੇ ਇਤਿਹਾਸ ਕਦੇ ਵੀ ਅਜਿਹੇ ਲੋਕਾਂ ਨੂੰ ਮੁਆਫ ਨਹੀਂ ਕਰਦਾ। ਯਾਦ ਰੱਖਣਾ! ਗਲ਼ਾ ਕੱਟਣ ਲਈ ਨਹੀਂ ਸਗੋਂ ਮਿੱਠੜੇ ਰਾਗ ਉਪਜਾਉਣ, ਸਦਭਾਵੀ ਬੋਲ ਬੋਲਣ ਅਤੇ ਗਲੇ ਲਗਾਉਣ ਲਈ ਹੁੰਦਾ। ਗਲੇ ਦੀ ਅਜਿਹੀ ਅਦਾ ਨਾਲ ਭਰੇ ਵਰਕਿਆਂ ‘ਤੇ ਤਹਿਜ਼ੀਬ ਨੂੰ ਮਾਣ ਹੁੰਦਾ।
ਕਦੇ ਕਦਾਈਂ ਗਲੇ ਦੀਆਂ ਬਰਕਤਾਂ, ਨਿਆਮਤਾਂ, ਸੁæਭ-ਭਾਵਨਾਵਾਂ, ਤਰੰਗਤ ਚਾਵਾਂ ਅਤੇ ਪਿਆਰ ਭਰੁੱਚੇ ਸਾਹਾਂ ਨੂੰ ਸਾਹ ‘ਚ ਸਮਾਉਣ ਦੀ ਲੋਚਾ ਮਨ ‘ਚ ਪਾਲਣਾ, ਤੁਸੀਂ ਜ਼ਿੰਦਗੀ ਦੀ ਬੀਹੀ ਵਿਚ ਸਤਯੁੱਗਤਾ ਦੇ ਰਾਗ ਦੀ ਲੋਰ ਮਾਣੋਗੇ।
ਜਦ ਹਮਲਾਵਰ ਬਾਬਰ ਲੋਕਾਈ ‘ਤੇ ਜੁਲਮਾਂ ਦੀ ਇੰਤਹਾ ਕਰਦਾ ਏ ਤਾਂ ਗੁਰੂ ਨਾਨਕ ਦੇਵ ਜੀ ਦੀ ਰੂਹ ਬਾਬਰਵਾਣੀ ਰਾਹੀਂ ਹਉਕਾ ਭਰਦੀ, “ਜਿਨ ਸਿਰ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥ ਸੇ ਸਿਰ ਕਾਤੀ ਮੁੰਨੀਅਨਿ ਗਲ ਵਿਚ ਆਵੈ ਧੂੜਿ॥” ਅਜਿਹੀ ਤ੍ਰਾਸਦੀ ਵਿਚ ਜ਼ਾਰੋ-ਜ਼ਾਰ ਕੂਕਦਾ ਨਾਨਕ ਸ਼ਾਇਰ ਹੀ ਰੱਬ ਨੂੰ ਉਲ੍ਹਾਮਾ ਦੇ ਸਕਦਾ ਏ, “ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ॥”
ਜਦ ਕੋਈ ਆਤਮਕ ਰੰਗ ਵਿਚ ਰੰਗੀ ਰੂਹ ਪਰਮ-ਪਿਆਰੇ ਨੂੰ ਮਿਲਣਾ ਲੋਚਦੀ ਤਾਂ ਉਹ ਕੂੰਜ ਵਾਂਗ ਕੁਰਲਾਉਂਦਿਆਂ ਹੱਥ ਅੱਡ ਕੇ ਦੁਆ ਮੰਗਦੀ “ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹਿ” ਤਾਂ ਉਸ ਦੀ ਝੋਲੀ ਇਲਹਾਮੀ ਦੁਆਵਾਂ ਨਾਲ ਭਰ ਜਾਂਦੀ।
ਗਰਦਨ ਸਿੱਧੀ ਰੱਖ ਕੇ ਜਿਊਣ ਦੀ ਜੁਰਅਤ ਕਰਨ ਦੀ ਕੀਮਤ, ਜੇਲ੍ਹਾਂ ਵਿਚ ਬੰਦ ਕੀਤੇ ਬੇਦੋਸ਼ੇ, ਬਿਨਾ ਕਸੂਰ ਤੋਂ ਸੂਲੀ ‘ਤੇ ਲਟਕਾਏ, ਹਾਅ ਦਾ ਨਾਹਰਾ ਮਾਰਨ ਵਾਲਿਆਂ ਦੇ ਪੈਰਾਂ ‘ਚ ਜ਼ੰਜੀਰਾਂ ਜਾਂ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਮਿਲੀ ਕਾਲੇ ਪਾਣੀਆਂ ਦੀ ਸਜ਼ਾ ਦੇ ਰੂਪ ਵਿਚ ਬਹੁਤ ਕੁਝ ਅਣਕਿਹਾ ਕਹਿ ਜਾਂਦੀ।
ਅਜੋਕੇ ਵਕਤ ਦੀ ਕੇਹੀ ਤ੍ਰਾਸਦੀ ਹੈ ਕਿ ਗਰਦਨ ਸਿੱਧੀ ਕਰਕੇ ਜਿਊਣ ਨਾਲੋਂ ਲੋਕ ਗਰਦਨ ਨੂੰ ਨੀਵੀਂ ਕਰਕੇ ਜਿਊਣ ਦੇ ਆਦੀ ਹੋ ਗਏ ਹਨ ਕਿਉਂਕਿ ਉਨ੍ਹਾਂ ਦੀ ਬੌਣੀ ਸ਼ਖਸੀਅਤ ਨਿਜੀ ਲੋੜਾਂ ਤੱਕ ਸੁੰਗੜ ਗਈ ਏ।
ਧੌਣ ਨੂੰ ਧਰਮ-ਦਿਆ ਦਾ ਪੂਤ ਬਣਾਉਣ ਵਾਲੇ ਕਰਮਯੋਗੀ, ਵਕਤ ਦਾ ਅਜਿਹਾ ਵਰਕਾ ਜਿਸ ਦੀ ਇਬਾਦਤ ਨੂੰ ਸਦੀਆਂ ਤੀਕ ਨਸਲਾਂ ਨੱਤਮਸਤਕ ਹੁੰਦੀਆਂ, ਉਨ੍ਹਾਂ ਦੀ ਰੌਸ਼ਨੀ ‘ਚ ਰਾਹ ਰੁਸ਼ਨਾਉਂਦੀਆਂ, ਜੀਵਨ ਤਲੀ ‘ਤੇ ਦੇਸੀ ਘਿਓ ਦੇ ਚਿਰਾਗ ਧਰਦੀਆਂ, ਚਾਨਣਾਂ ਦੀ ਰੁੱਤ ਸਮਿਆਂ ਦੇ ਨਾਮ ਕਰਦੀਆਂ।
ਧੌਣ-ਧਰਮ ਨੂੰ ਆਪਣਾ ਨਸੀਬਾ, ਕਰਮਭੂਮੀ, ਕਾਰਜ-ਕੁਸ਼ਲਤਾ ਅਤੇ ਕਰਮਯੋਗਤਾ ਬਣਾਓ, ਤੁਹਾਨੂੰ ਧੌਣ ਸਿੱਧੀ ਕਰਕੇ ਜਿਊਣ ਦੀ ਆਦਤ ਪੈ ਜਾਵੇਗੀ। ਤੁਸੀਂ ਜੀਵਨ ਔਕੜਾਂ ਦੇ ਨੈਣਾਂ ‘ਚ ਝਾਕ, ਦੂਰ-ਦਿਸਹੱਦਿਆਂ ‘ਤੇ ਫੁੱਟ ਰਹੀ ਲੋਅ ਦਾ ਸੁੱਚਾ ਹਰਫ ਬਣ, ਨਵੇਂ ਅਰਥਾਂ ਦੇ ਤਲਬਗਾਰ ਬਣੋਗੇ।
ਕਦੇ ਕਦੇ ਗਰਦਨ ਨੂੰ ਆਪਣੀ ਸੋਚ, ਕਰਮ, ਧਰਮ ਅਤੇ ਕਿਰਦਾਰ ਦਾ ਹਾਣੀ ਬਣਾਓ ਅਤੇ ਇਸ ਦੀ ਪਿੱਠਭੂਮੀ ਵਿਚ ਜੀਵਨ-ਜੁਗਤਾਂ ਦਾ ਪਾਣੀ ਪਾਓ, ਤੁਹਾਡੇ ਨੈਣ ਸੋਨ-ਸੁਪਨਿਆਂ ਦੀ ਬੁਨਿਆਦ ਬਣਨਗੇ।
ਆਮੀਨ!