ਘਰ ਹੀ ਕੀ ਵਥੁ ਘਰੇ ਰਹਾਵੈ

ਡਾæ ਗੁਰਨਾਮ ਕੌਰ ਕੈਨੇਡਾ
ਇਸ ਪਉੜੀ ਵਿਚ ਭਾਈ ਗੁਰਦਾਸ ਚੌਥੀ ਨਾਨਕ ਜੋਤਿ ਗੁਰੂ ਰਾਮਦਾਸ ਅਤੇ ਪੰਜਵੀਂ ਨਾਨਕ ਜੋਤਿ ਗੁਰੂ ਅਰਜਨ ਦੇਵ ਦੀ ਗੁਰਿਆਈ ਦਾ ਵਰਣਨ ਕਰ ਰਹੇ ਹਨ। ਗੁਰੂ ਅਰਜਨ ਦੇਵ ਗੁਰੂ ਰਾਮ ਦਾਸ ਅਤੇ ਬੀਬੀ ਭਾਨੀ ਦੇ ਸਭ ਤੋਂ ਛੋਟੇ ਪੁੱਤਰ ਸਨ ਅਤੇ ਉਨ੍ਹਾਂ ਤੋਂ ਹੀ ਗੁਰਗੱਦੀ ‘ਘਰ’ ਵਿਚ ਰਹਿਣ ਦੀ ਪਰੰਪਰਾ ਸ਼ੁਰੂ ਹੁੰਦੀ ਹੈ ਜਿਸ ਦਾ ਉਪਰ ਸਿਰਲੇਖ ਵਾਲੀ ਤੁਕ ਵਿਚ ਭਾਈ ਗੁਰਦਾਸ ਨੇ ਆਪਣਾ ਵਿਚਾਰ ਦਿਤਾ ਹੈ, ਕਿਉਂਕਿ ਗੁਰੂ ਅਰਜਨ ਦੇਵ ਤੋਂ ਘਰ ਵਿਚ ਹੀ ਗੁਰਗੱਦੀ ਦੀ ਜਾਨਸ਼ੀਨਤਾ ਲਈ ਯੋਗ ਹਸਤੀਆਂ ਪੈਦਾ ਹੋਣ ਦਾ ਅਵਸਰ ਬਣ ਗਿਆ ਸੀ।

ਇਸ ਦਾ ਖੁਲਾਸਾ ਕਰਦਿਆਂ ਭਾਈ ਗੁਰਦਾਸ ਨੇ ਦੱਸਿਆ ਹੈ ਕਿ ਦਿਤੀ ਹੋਈ ਚੀਜ਼ ਹੀ ਵਾਪਸ ਆਉਂਦੀ ਹੈ। ਜੋ ਕੁਝ ਤੁਸੀਂ ਪਹਿਲੇ ਜਨਮ ਵਿਚ ਬੀਜਿਆ ਹੈ, ਉਹੀ ਵੱਢਣਾ ਹੈ ਅਰਥਾਤ ਜੋ ਕੁਝ ਪਹਿਲੇ ਜਨਮ ਵਿਚ ਦਿਤਾ ਸੀ ਉਹੀ ਮਿਲਣਾ ਹੈ, ਜਿਸ ਦੀ ਵਸਤੂ ਹੁੰਦੀ ਹੈ ਉਸੇ ਨੂੰ ਮਿਲਦੀ ਹੈ। ਗੁਰੂ ਰਾਮਦਾਸ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੇਠਾ ਸੀ, ਸੋਢੀ ਵੰਸ਼ ਵਿਚੋਂ ਸਨ। ਇਥੇ ਉਨ੍ਹਾਂ ਦੇ ਸੋਢੀ ਹੋਣ ਵੱਲ ਸੰਕੇਤ ਕੀਤਾ ਹੈ ਕਿ ਸੋਢੀ ਵੰਸ਼ ਵਿਚੋਂ ਗੁਰਗੱਦੀ ‘ਤੇ ਬੈਠ ਕੇ ਰਾਮ ਦਾਸ ਸਤਿਗੁਰੂ ਅਖਵਾਏ। ਦੀਨ-ਦੁਨੀ ਦੇ ਵਾਲੀ ਹੋਣ ਕਰਕੇ ਸਿੱਖ ਗੁਰੂਆਂ ਨੂੰ ‘ਪਾਤਿਸ਼ਾਹ’ ਕਰਕੇ ਸੰਬੋਧਨ ਕੀਤਾ ਜਾਂਦਾ ਹੈ ਜਦ ਕਿ ਆਮ ਤੌਰ ‘ਤੇ ਦੁਨਿਆਵੀ ਰਾਜਿਆਂ ਨੂੰ ਬਾਦਸ਼ਾਹ ਕਿਹਾ ਜਾਂਦਾ ਹੈ। ਗੁਰੂ ਰਾਮਦਾਸ ਨੇ ਆਪਣੇ ਪੂਰਵਜ ਗੁਰੂਆਂ ਦੀ ਪਰੰਪਰਾ ਨੂੰ ਅੱਗੇ ਲੈ ਜਾਂਦਿਆਂ ਗੁਰੂ ਅਮਰ ਦਾਸ ਦੇ ਆਦੇਸ਼ ਅਨੁਸਾਰ ਪਵਿੱਤਰ ਸਰੋਵਰ ਦੀ ਖੁਦਾਈ ਕਰਾਈ ਅਤੇ ਨਵਾਂ ਨਗਰ ਰਾਮਦਾਸ ਚੱਕ ਵਸਾਇਆ ਜੋ ਪਿੱਛੋਂ ਅੰਮ੍ਰਿਤਸਰ ਕਰਕੇ ਜਾਣਿਆ ਜਾਣ ਲੱਗਾ ਅਤੇ ਅੰਮ੍ਰਿਤਸਰ ਵਿਚ ਉਨ੍ਹਾਂ ਨੇ ਰੱਬੀ ਗਿਆਨ ਦੀ ਜੋਤਿ ਜਗਾਈ।
ਅਕਾਲ ਪੁਰਖ ਦਾ ਇਹ ਕਿਹੋ ਜਿਹਾ ਅਸਚਰਜ ਖੇਲ ਹੈ ਕਿ ਉਤਰੀ ਭਾਰਤ ਦੀਆਂ ਤਕਰੀਬਨ ਸਾਰੀਆਂ ਨਦੀਆਂ ਪੱਛਮ ਵਿਚ ਜਾ ਕੇ ਅਰਬ ਸਾਗਰ ਵਿਚ ਡਿਗਦੀਆਂ ਹਨ ਪਰ ਗੰਗਾ ਨਦੀ ਉਲਟੇ ਪਾਸੇ ਵਹਿੰਦੀ ਹੋਈ ਪੂਰਬ ਵਿਚ ਜਾ ਕੇ ਖਾੜੀ ਬੰਗਾਲ ਵਿਚ ਸਮੁੰਦਰ ਨਾਲ ਜਾ ਮਿਲਦੀ ਹੈ। (ਇਥੇ ਸ਼ਾਇਦ ਇਸ਼ਾਰਾ ਇਸ ਤੱਥ ਵੱਲ ਹੈ ਕਿ ਗੁਰੂ ਅਮਰ ਦਾਸ ਦੇ ਪੁੱਤਰ ਮੋਹਨ ਤੇ ਮੋਹਰੀ ਗੁਰਗੱਦੀ ਲਈ ਯੋਗਤਾ ਨਹੀਂ ਪੈਦਾ ਕਰ ਸਕੇ ਅਤੇ ਬੈਠੇ ਰਹਿ ਗਏ ਪਰ ਗੁਰੂ ਰਾਮਦਾਸ ਜਵਾਈ ਹੋਣ ‘ਤੇ ਵੀ ਗੁਰਗੱਦੀ ਦੇ ਯੋਗ ਹੋ ਨਿੱਤਰੇ ਅਤੇ ਗੁਰਗੱਦੀ ਪ੍ਰਾਪਤ ਕਰ ਲਈ। ਇਹ ਸਾਰਾ ਅਸਚਰਜ ਖੇਲ ਉਸ ਅਕਾਲ ਪੁਰਖ ਦਾ ਹੈ)। ਭਾਈ ਗੁਰਦਾਸ ਫਿਰ ਇਸ ਸਿਧਾਂਤ ਦੀ ਪ੍ਰੋੜਤਾ ਕਰਦੇ ਹਨ ਕਿ ਮਨੁੱਖ ਜੇ ਆਪਣੇ ਹੱਥੋਂ ਕੁਝ ਦਿੰਦਾ ਹੈ ਤਾਂ ਹੀ ਉਸ ਨੂੰ ਉਸ ਦਾ ਫਲ ਮਿਲਦਾ ਹੈ, ਬਿਨਾ ਦਿੱਤਿਆਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਇਹ ਗੁਰਗੱਦੀ ਹੁਣ ਗੁਰੂ ਅਰਜਨ ਦੇਵ ਦੇ ਘਰ ਆ ਗਈ ਸੀ। ਉਹ ਕਹਿਣ ਨੂੰ ਭਾਵੇਂ ਸੰਸਾਰਕ ਰਿਸ਼ਤੇ ਅਨੁਸਾਰ ਪੁੱਤਰ ਸਨ ਪਰ ਉਨ੍ਹਾਂ ਨੇ ਇਹ ਗੱਦੀ ਆਪਣੀ ਯੋਗਤਾ ਕਾਰਨ ਹਾਸਲ ਕੀਤੀ। (ਜੇ ਗੁਰਗੱਦੀ ਮਹਿਜ਼ ਖਾਨਦਾਨੀ ਹੁੰਦੀ ਅਤੇ ਯੋਗਤਾਮੂਲਕ ਕਸੌਟੀ ਅਨੁਸਾਰ ਨਾ ਹੁੰਦੀ ਤਾਂ ਇਹ ਪ੍ਰਿਥੀ ਚੰਦ ਜਾਂ ਮਹਾਂ ਦੇਵ ਨੂੰ ਮਿਲਦੀ ਜੋ ਗੁਰੂ ਰਾਮਦਾਸ ਦੇ ਗੁਰੂ ਅਰਜਨ ਦੇਵ ਤੋਂ ਵੱਡੇ ਪੁੱਤਰ ਸਨ। ਗੁਰੂ ਰਾਮ ਦਾਸ ਨੇ ਆਪਣੇ ਆਪ ਨੂੰ ਯੋਗ ਬਣਾਇਆ ਤਾਂ ਗੁਰਿਆਈ ਉਨ੍ਹਾਂ ਨੂੰ ਜੋ ਗੁਰੂ ਅਮਰ ਦਾਸ ਦੇ ਜੁਆਈ ਸੀ, ਮਿਲ ਗਈ)। ਇਹ ਗੁਰਗੱਦੀ ਹੁਣ ਸੋਢੀ ਵੰਸ਼ ਤੋਂ ਬਾਹਰ ਨਹੀਂ ਸੀ ਜਾਣੀ ਕਿਉਂਕਿ ਕੋਈ ਹੋਰ ਇਸ ਦੇ ਯੋਗ ਨਹੀਂ ਸੀ ਜੋ ਇਸ ਅਸਹਿ ਨੂੰ ਸਹਿ ਸਕਦਾ। (ਗੁਰੂ ਅਰਜਨ ਦੇਵ ਨਾਲ ਸਿੱਖ ਧਰਮ ਵਿਚ ਇੱਕ ਸੰਘਰਸ਼ਮਈ ਯੁੱਗ ਦਾ ਅਰੰਭ ਹੁੰਦਾ ਹੈ ਜੋ ਇਮਤਿਹਾਨਾਂ ਭਰਿਆ ਹੋਇਆ ਹੈ)। ਹੁਣ ਘਰ ਦੀ ਚੀਜ਼ ਘਰ ਵਿਚ ਹੀ ਰਹੇਗੀ ਅਰਥਾਤ ਘਰ ਵਿਚ ਹੀ ਯੋਗ ਵਿਅਕਤੀ ਪੈਦਾ ਹੋਣਗੇ:
ਦਿਚੈ ਪੂਰਬਿ ਦੇਵਣਾ ਜਿਸ ਦੀ ਵਸਤੁ ਤਿਸੈ ਘਰਿ ਆਵੈ।
ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।
ਪੂਰਨੁ ਤਾਲੁ ਖਟਾਇਆ ਅੰਮ੍ਰਿਤਸਰਿ ਵਿਚਿ ਜੋਤਿ ਜਗਾਵੈ।
ਉਲਟਾ ਖੇਲੁ ਖਸੰਮ ਦਾ ਉਲਟੀ ਗੰਗ ਸਮੁੰਦ੍ਰਿ ਸਮਾਵੈ।
ਦਿਤਾ ਲਈਯੇ ਆਪਣਾ ਅਣਿਦਿਤਾ ਕਛੁ ਹਥਿ ਨ ਆਵੈ।
ਫਿਰਿ ਆਈ ਘਰਿ ਅਰਜਣੇ ਪੁਤੁ ਸੰਸਾਰੀ ਗੁਰੂ ਕਹਾਵੈ।
ਜਾਣਿ ਨ ਦੇਸਾਂ ਸੋਢੀਓਂ ਹੋਰਸਿ ਅਜਰੁ ਨ ਜਰਿਆ ਜਾਵੈ।
ਘਰ ਹੀ ਕੀ ਵਥੁ ਘਰੇ ਰਹਾਵੈ॥੪੭॥
ਅਗਲੀ ਪਉੜੀ ਵਿਚ ਭਾਈ ਗੁਰਦਾਸ ਨੇ ਦੱਸਿਆ ਹੈ ਕਿ ‘ਪੰਜਿ ਪਿਆਲੇ ਪੰਜਿ ਪੀਰ’ ਅਰਥਾਤ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰ ਦਾਸ, ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਪਹਿਲੇ ਪੰਜ ਗੁਰੂ ਹੋਏ ਅਤੇ ਪੰਜਾਂ ਨੇ ਹੀ ਸਤੋ ਗੁਣਾਂ ਸਤਿ, ਸੰਤੋਖ, ਦਇਆ, ਧਰਮ ਅਤੇ ਧੀਰਜ ਦੇ ਪੰਜ ਪਿਆਲੇ ਪੀਤੇ, ਇਨ੍ਹਾਂ ਗੁਣਾਂ ਦਾ ਅਭਿਆਸ ਕੀਤਾ (ਅਤੇ ਸੰਗਤਿ ਨੂੰ ਕਰਾਇਆ); ਛੇਵਾਂ ਪੀਰ ਗੁਰੂ ਹਰਗੋਬਿੰਦ ਗੁਰਗੱਦੀ ‘ਤੇ ਬਹੁਤ ਮਾਣ ਸਤਿਕਾਰ ਨਾਲ ਬੈਠਿਆ ਅਤੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਗੁਰੂ ਹਰਗੋਬਿੰਦ ਨੇ (ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਗੁਰੂ ਨਾਨਕ ਸਾਹਿਬ ਨੇ ਨਵੇਂ ਧਰਮ ਦੀ ਨੀਂਹ ਅਧਿਆਤਮਕਤਾ ਅਤੇ ਸੰਸਾਰਕਤਾ ਨੂੰ ਇਕੱਠਿਆਂ ਕਰਕੇ, ਦੋਵਾਂ ਦੀ ਇਕਸੁਰਤਾ ‘ਤੇ ਰੱਖੀ, ਇਹੀ ਜ਼ਿੰਦਗੀ ਦਾ ਸੰਤੁਲਨ ਹੈ) ਗੁਰੂ ਨਾਨਕ ਦੇ ਸਿਧਾਂਤ ਨੂੰ ਅੱਗੇ ਲੈ ਜਾਂਦਿਆਂ ਪੀਰੀ ਅਤੇ ਮੀਰੀ ਨੂੰ ਇਕੱਠਿਆਂ ਕਰ ਦਿੱਤਾ। ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ, ਜੋ ਸੰਸਾਰਕਤਾ ਅਤੇ ਅਧਿਆਤਮਕਤਾ ਦਾ ਪ੍ਰਤੀਕ ਬਣੀਆਂ, ਪਹਿਨੀਆਂ ਅਤੇ ਸ਼ਾਂਤੀ ਤੇ ਬੀਰ-ਰਸ ਦੇ ਦੋ ਪਿਆਲੇ ਪੀਤੇ (ਉਨ੍ਹਾਂ ਇਸ ਨਾਲ ਸਪੱਸ਼ਟ ਦਿਖਾਇਆ ਕਿ ਜੀਵਨ ਦੇ ਸੁਹਜ ਨੂੰ ਬਰਕਰਾਰ ਰੱਖਣ ਲਈ ਜ਼ੁਲਮ ਨੂੰ ਠੱਲਣਾ ਪੈਣਾ ਹੈ, ਪੀਰੀ ਦੀ ਹਿਫਾਜ਼ਤ ਲਈ ਜ਼ੁਲਮ ਦੀ ਹਨੇਰੀ ਨੂੰ ਰੋਕਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਉਸ ਰੱਬ ਸੱਚੇ ਨੂੰ ਧਿਆਉਣਾ। ਗੁਰੂ ਹਰ ਗੋਬਿੰਦ ਦੇ ਗੱਦੀ ‘ਤੇ ਬੈਠਣ ਤੱਕ ਮੁਗਲ ਰਾਜਿਆਂ ਦੇ ਜ਼ੁਲਮਾਂ ਦੀ ਹੱਦ ਹੋ ਗਈ ਸੀ ਜਿਸ ਦੀ ਪ੍ਰਤੱਖ ਮਿਸਾਲ ਗੁਰੂ ਅਰਜਨ ਦੇਵ ਦੀ ਸ਼ਹਾਦਤ ਹੈ)। ਗੁਰੂ ਅਰਜਨ ਦੇਵ ਨੇ ਗੁਰੂ ਨਾਨਕ ਦੇ ਸਥਾਪਤ ਕੀਤੇ ਸਿਧਾਂਤ ‘ਤੇ ਚੱਲਦਿਆਂ ਆਪਣੀ ਜੋਤਿ ਗੁਰੂ ਹਰਗੋਬਿੰਦ ਵਿਚ ਰੱਖ ਕੇ ਇੱਕ ਤਰ੍ਹਾਂ ਨਾਲ ਸਰੀਰ ਵਟਾ ਕੇ (‘ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ’ ਦੇ ਸਿਧਾਂਤ ਅਨੁਸਾਰ) ਗੁਰੂ ਹਰ ਗੋਬਿੰਦ ਦੇ ਰੂਪ ਨੂੰ ਸਵਾਰਿਆ। ਇਸ ਤਰ੍ਹਾਂ ਗੁਰੁਤਾ ਵਿਚ ਸੋਢੀਆਂ ਦਾ ਵੰਸ਼ ਤੁਰ ਪਿਆ ਜਿਹੜੇ ਵਾਰੀ ਵਾਰੀ ਆਪਣਾ ਗੁਰੂ ਰੂਪ ਦੱਸਣਗੇ। ਗੁਰੂ ਹਰਗੋਬਿੰਦ ਬਹਾਦਰੀ ਅਤੇ ਅਧਿਆਤਮਕਤਾ ਦਾ ਮੁਜੱਸਮਾ ਹੁਣ ਜ਼ੁਲਮ ਨਾਲ ਟੱਕਰ ਲਵੇਗਾ ਅਤੇ ਜ਼ਾਲਮਾਂ ਦੇ ਦਲਾਂ ਦਾ ਖਾਤਮਾ ਕਰੇਗਾ ਜੋ ਬਹਾਦਰ ਹੋਣ ਦੇ ਨਾਲ ਨਾਲ ਪਰਉਪਕਾਰੀ ਵੀ ਬਹੁਤ ਵੱਡਾ ਹੈ। (ਜ਼ੁਲਮ ਨੂੰ ਠੱਲ ਪਾਉਣਾ ਅਤੇ ਦੁਨੀਆਂ ਨੂੰ ਜ਼ੁਲਮ-ਰਹਿਤ ਮਾਹੌਲ ਬਖਸ਼ਿਸ਼ ਕਰਨਾ, ਜਿੱਥੇ ਉਹ ਸਕੂਨ ਦਾ ਸਾਹ ਲੈ ਸਕਣ ਆਪਣੇ ਆਪ ਵਿਚ ਬਹੁਤ ਵੱਡਾ ਪਰਉਪਕਾਰ ਹੈ)। ਗੁਰੂ ਦੇ ਸਿੱਖ ਛੇਵੇਂ ਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਅਸੀਂ ਛੇ ਪਾਤਿਸ਼ਾਹੀਆਂ ਤੱਕ ਦਰਸ਼ਨ ਕਰ ਲਏ ਹਨ, ਉਨ੍ਹਾਂ ਦੇ ਕਹਿਣ ਦਾ ਭਾਵ ਹੈ ਕਿ ਛੇ ਗੁਰੂਆਂ ਤੱਕ ਅਸੀਂ ਸੰਗਤ ਮਾਣ ਲਈ ਹੈ, ਅੱਗੋਂ ਕਿੰਨੇ ਗੁਰੂ ਹੋਣੇ ਹਨ? ਗੁਰੂ ਜਿਨ੍ਹਾਂ ਦੀ ਉਸ ਮਨ ਬਾਣੀ ਤੋਂ ਪਰੇ ਅਕਾਲ ਪੁਰਖ ਨਾਲ ਸੁਰਤਿ ਮਿਲੀ ਹੋਈ ਹੈ, ਇਸ ਲਈ ਉਹ ਜਾਣਨਹਾਰ ਹਨ, ਨੇ ਆਪਣੇ ਮੁੱਖ ਤੋਂ ਸਿੱਖ ਸੰਗਤ ਨੂੰ ਦੱਸਿਆ ਕਿ ਇਸ ਕਲਿਜੁਗ ਦੇ ਸਮੇਂ ਵਿਚ ਸੋਢੀਆਂ ਦੀ ਨੀਂਹ ਅਟੱਲ ਉਸਾਰ ਤੇ ਖੜ੍ਹੀ ਕੀਤੀ ਗਈ ਹੈ ਅਰਥਾਤ ਇਸ ਦੀ ਨੀਂਹ ਬਹੁਤ ਮਜ਼ਬੂਤ ਹੈ ਅਤੇ ਹੋਰ ਚਾਰ ਗੁਰੂ ਪਰਗਟ ਹੋਣਗੇ (‘ਜੁਗਿ ਜੁਗਿ’ ਦਾ ਅਰਥ ਦੋ ਜਮ੍ਹਾਂ ਦੋ ਕੀਤਾ ਮਿਲਦਾ ਹੈ):
ਪੰਜਿ ਪਿਆਲੇ ਪੰਜਿ ਪੀਰ ਛਟਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।
ਦਲਿ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।
ਪੁਛਨਿ ਸਿਖ ਅਰਦਾਸਿ ਕਰਿ ਛਿਅ ਮਹਲਾਂ ਤਕਿ ਦਰਸੁ ਨਿਹਾਰੀ।
ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ।
ਕਲਿਜੁਗੁ ਪੀੜੀ ਸੋਢੀਆਂ ਨਿਹਚਲ ਨੀਂਵ ਉਸਾਰਿ ਖਲਾਰੀ।
ਜੁਗਿ ਜੁਗਿ ਸਤਿਗੁਰੁ ਧਰੇ ਅਵਤਾਰੀ॥੪੮॥
ਇਸ ਵਾਰ ਦੀ ਆਖਰੀ ਅਤੇ 49ਵੀਂ ਪਉੜੀ ਵਿਚ ‘ਵਾਹਿਗੁਰੂ’ ਮੰਤਰ ਦੀ ਗੱਲ ਕੀਤੀ ਹੈ। ਇਸ ਪਉੜੀ ਵਿਚ ਚਾਰ ਜੁਗਾਂ ਵਿਚ ਅਵਤਾਰਾਂ ਦੀ ਗੱਲ ਕਰਦਿਆਂ ਦੱਸਿਆ ਗਿਆ ਹੈ ਕਿ ਸਤਿਜੁਗ ਵਿਚ ਸਤਿਗੁਰੂ ਵਾਸੁਦੇਵ ਦੇ ਰੂਪ ਵਿਚ ਵਿਸ਼ਨੂੰ ਦਾ ਅਵਤਾਰ ਹੋਇਆ ਜਿਸ ਤੋਂ ਅੱਖਰ ‘ਵ’ ਲਿਆ ਅਤੇ ਦੁਆਪਰ ਦਾ ਗੁਰੂ ਵਿਸ਼ਨੂੰ ਦਾ ਅਵਤਾਰ ਹਰੀ ਕ੍ਰਿਸ਼ਨ ਭਾਵ ਕ੍ਰਿਸ਼ਨ ਹੋਇਆ ਜਿਸ ਤੋਂ ਅੱਖਰ ‘ਹ’ ਲਿਆ ਗਿਆ ਜੋ ਹਰੀ ਦੀ ਯਾਦ ਦੁਆਉਂਦਾ ਹੈ। ਤ੍ਰੇਤੇ ਵਿਚ ਸਤਿਗੁਰੂ ਨੇ ਰਾਮ ਦਾ ਅਵਤਾਰ ਧਾਰਿਆ ਜਿਸ ਤੋਂ ‘ਰ’ ਅੱਖਰ ਲਿਆ ਅਤੇ ਜਿਸ ਨੇ ਰਾਮ ਦਾ ਜਾਪ ਕੀਤਾ ਤੇ ਸੁਖ ਪਾਇਆ। ਕਲਿਜੁਗ ਵਿਚ ਗੁਰੂ ਨਾਨਕ ਗੋਬਿੰਦ ਰੂਪ ਧਾਰ ਕੇ ਆਏ ਅਤੇ ਲੋਕ ਗੋਬਿੰਦ ਗੋਬਿੰਦ ਜਪਣ ਲੱਗ ਪਏ ਜਿੱਥੋਂ ਅੱਖਰ ‘ਗ’ ਲਿਆ। ਚਾਰੇ ਅੱਖਰ ਇਕੱਠੇ ਕਰਕੇ ‘ਵਹਿਗੁਰੂ’ ਪੰਜਵਾਂ ਮੰਤਰ ਗੁਰੂ ਨਾਨਕ ਨੇ ਲੋਕਾਂ ਨੂੰ ਜਪਾਇਆ। ਇਸ ਵਾਹਿਗੁਰੂ ਮੰਤਰ ਦਾ ਜਾਪ ਕਰਨ ਨਾਲ ਮਨੁੱਖ ਆਪਣੇ ਸੋਮੇ ਵਾਹਿਗੁਰੁ ਵਿਚ ਸਮਾ ਜਾਂਦਾ ਹੈ ਅਰਥਾਤ ਜਿਸ ਰੱਬੀ ਹਸਤੀ ਵਿਚੋਂ ਉਹ ਪੈਦਾ ਹੋਇਆ ਹੈ, ਉਸੇ ਵਿਚ ਮੁੜ ਲੀਨ ਹੋ ਜਾਂਦਾ ਹੈ:
ਸਤਿਜੁਗਿ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮੁ ਜਪਾਵੈ।
ਦੁਆਪਰਿ ਸਤਿਗੁਰ ਹਰੀ ਕ੍ਰਿਸ਼ਨ ਹਾਹਾ ਹਰਿ ਹਰਿ ਨਾਮੁ ਜਪਾਵੈ।
ਤੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੁ ਪਾਵੈ।
ਕਲਿਜੁਗਿ ਨਾਨਕ ਗੁਰ ਗੋਬਿੰਦ ਗਗਾ ਨਾਮੁ ਅਲਾਵੈ।
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚਿ ਜਾਇ ਸਮਾਵੈ।
ਚਾਰੋ ਅਛਰ ਇਕੁ ਕਰਿ ਵਾਹਗੁਰੂ ਜਪੁ ਮੰਤ੍ਰੁ ਜਪਾਵੈ।
ਜਹਾ ਤੇ ਉਪਜਿਆ ਫਿਰਿ ਤਹਾ ਸਮਾਵੈ॥੪੯॥੧॥
ਇਸ ਪਉੜੀ ਵਿਚ ਜਿਸ ਤਰ੍ਹਾਂ ਹਿੰਦੂ ਮਿਥਿਹਾਸ ਅਨੁਸਾਰ ਜੁਗਾਂ ਮੁਤਾਬਿਕ ਵਿਸ਼ਨੂੰ ਦੇ ਅਵਤਾਰਾਂ ਦਾ ਸਤਿਗੁਰੂ ਦੇ ਰੂਪ ਵਿਚ ਵਰਣਨ ਕਰਕੇ ‘ਵਾਹਿਗੁਰੂ’ ਮੰਤਰ ਦੇ ਨਿਰਮਾਣ ਦਾ ਜ਼ਿਕਰ ਕੀਤਾ ਹੈ, ਉਹ ਸਿੱਖ ਸਿਧਾਂਤਾਂ ਦਾ ਵਿਰੋਧ ਕਰਦਾ ਜਾਪਦਾ ਹੈ ਕਿਉਂਕਿ ਗੁਰਬਾਣੀ ਵਿਚ ਅਵਤਾਰਵਾਦ ਦਾ ਖੰਡਨ ਕੀਤਾ ਮਿਲਦਾ ਹੈ। ਗੁਰਬਾਣੀ ਅਨੁਸਾਰ ਪਰਮਾਤਮਾ ਨੂੰ ਅਜੂਨੀ ਤੇ ਅਕਾਲ ਮੰਨਿਆ ਹੈ ਅਤੇ ਮਨੁੱਖੀ ਦੇਹ ਵਿਚ ਆਉਣ ਨਾਲ ਪਰਮਾਤਮਾ ਦਾ ਅਜੂਨੀ ਅਤੇ ਅਕਾਲ ਹੋਣਾ ਸਵੈ-ਵਿਰੋਧੀ ਹੈ। ਭਾਈ ਗੁਰਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਦੇ ਲਿਖਾਰੀ ਹਨ, ਪੰਚਮ ਪਾਤਿਸ਼ਾਹ ਦੀ ਹਜ਼ੂਰੀ ਵਿਚ ਉਨ੍ਹਾਂ ਦੇ ਹੁਕਮ ਅਨੁਸਾਰ ਹੀ ਉਨ੍ਹਾਂ ਨੇ ਸਾਰਾ ਕਾਰਜ ਨਿਭਾਇਆ। ਪੰਜਵੇਂ ਗੁਰੂ ਨੇ ਸਾਫ ਲਿਖਿਆ ਹੈ “ਸਗਲ ਪਰਾਧ ਦੇਹਿ ਲੋਰੋਨੀ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥” (ਪੰਨਾ ੧੧੩੬) ਅਤੇ ਇਹ ਸ਼ਬਦ ਖਾਸ ਤੌਰ ‘ਤੇ ਉਨ੍ਹਾਂ ਨੇ ਕ੍ਰਿਸ਼ਨ ਦੇ ਅਵਤਾਰ ਦੇ ਸਬੰਧ ਵਿਚ ਉਚਾਰਿਆ ਹੈ ਕਿ ਭਟਕਣਾ ਵਿਚ ਪਿਆ ਹੋਇਆ ਮਨੁੱਖ ਕੁਰਾਹੇ ਪਿਆ ਕੱਚੀਆਂ ਗੱਲਾਂ ਕਰ ਰਿਹਾ ਹੈ ਤੇ ਕਹਿੰਦਾ ਹੈ ਕਿ ਭਾਦੋਂ ਦੀ ਅਸ਼ਟਮੀ ਨੂੰ ਪਰਮਾਤਮਾ ਨੇ ਕ੍ਰਿਸ਼ਨ ਦੇ ਰੂਪ ਵਿਚ ਜਨਮ ਲਿਆ ਹੈ। ਪੰਜੀਰ ਬਣਾ ਕੇ ਚੋਰੀ ਚੋਰੀ ਕ੍ਰਿਸ਼ਨ ਦੀ ਮੂਰਤੀ ਨੂੰ ਭੋਗ ਲੁਆਉਂਦਾ ਹੈ। ਮਨੁੱਖ ਨੂੰ ਸਮਝਾਉਂਦੇ ਹਨ ਕਿ ਉਹ ਪਰਮਾਤਮਾ ਹਰ ਥਾਂ ਵਿਆਪਕ ਹੈ ਅਤੇ ਜੂਨਾਂ ਵਿਚ ਨਹੀਂ ਆਉਂਦਾ ਹੈ ਅਤੇ ਨਾ ਹੀ ਮਰਦਾ ਹੈ। ਇਸੇ ਤਰ੍ਹਾਂ ਬਾਣੀ ਵਿਚ ਰਾਮ ਚੰਦਰ ਨੂੰ ਵੀ ਆਮ ਰਾਜਾ ਕਰਕੇ ਸੰਬੋਧਨ ਕੀਤਾ ਹੈ। ਉਹ ਅਕਾਲ ਪੁਰਖ ਜਨਮ-ਮਰਨ ਤੋਂ ਉਤੇ ਹੈ।
ਭਾਈ ਵੀਰ ਸਿੰਘ ਵੱਲੋਂ ਸੰਪਾਦਤ ਗਿਆਨੀ ਹਜ਼ਾਰਾ ਸਿੰਘ ਪੰਡਿਤ ਦੀ ਸਟੀਕ ‘ਵਾਰਾਂ ਭਾਈ ਗੁਰਦਾਸ’ ਵਿਚ ਇਸ ਤੱਥ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਦਿਆਂ ਲਿਖਿਆ ਗਿਆ ਹੈ, “ਇਹ ਪਉੜੀ ਭਾਈ ਗੁਰਦਾਸ ਜੀ ਦੀ ਨਹੀਂ ਜਾਪਦੀ ਅਤੇ ਸ਼ੰਕਿਆਂ ਦਾ ਕਾਰਨ ਦੱਸਿਆ ਹੈ ਕਿ ਪਹਿਲੀ ਗੱਲ: ਸਤਿਜੁਗ, ਤ੍ਰੇਤਾ, ਦੁਆਪਰ, ਕਲਿਜੁਗ ਵਿਚੋਂ ਜਦ ਵਾਸਦੇਵ, ਰਾਮ, ਹਰ ਕ੍ਰਿਸ਼ਨ ਗੋਬਿੰਦ ਤੋਂ ‘ਵਾ, ਰਾ, ਹ, ਗੋ, ਚਾਰ ਅੱਖਰ ਲੀਤੇ ਤਾਂ ‘ਵਾਰਾਹਗੋ’ ਬਣਿਆ, ‘ਵਾਹਿਗੁਰੂ’ ਨਾ ਬਣਿਆ, ਜੇ ਦੁਆਪਰ, ਤ੍ਰੇਤੇ ਤੇ ਕਲਿਜੁਗ ਦਾ ਕ੍ਰਮ ਬਦਲੋ ਤਾਂ ‘ਵਾਹਗੋਰਾਂ’ ਬਣਦਾ ਹੈ। ਦੂਸਰਾ ਨੁਕਤਾ, ਜੇ ਇੱਕ ਅੱਖਰ ਮਾਤਰ ਹੀ ਲਓ ਤਾਂ ‘ਵਹਗਰ’ ਬਣੇਗਾ। ਵਾਸਦੇਵ ਵਿਚੋਂ ‘ਵਾ’ ਕੰਨੇ ਵਾਲਾ ਤੇ ਹਰੀ ਕ੍ਰਿਸ਼ਨ ਵਿਚੋਂ ‘ਹ’ ਮੁਕਤਾ ਤੇ ‘ਰਾਮ’ ਤੋਂ ‘ਰਾ’ ਤੇ ਗੋਬਿੰਦ ਵਿਚੋਂ ‘ਗੁ’ ਲੀਤੇ। ‘ਵਾ’ ਤਾਂ ਕੰਨੇ ਸਮੇਤ ਲਿਆ, ‘ਰਾ’ ਦਾ ਕੰਨਾ ਉਡਾ ਦਿਤਾ, ਤੇ ‘ਗੁ’ ਦਾ ਹੋੜਾ ਔਕੜ ਵਿਚ ਬਦਲ ਦਿੱਤਾ, ਏਹ ਭਿੰਨਤਾ ਕਿਉਂ? ਤੀਸਰਾ ਨੁਕਤਾ ਇਹ ਕਿ ਭਾਈ ਗੁਰਦਾਸ ਦੇ ਵੇਲੇ ਸਤਿਗੁਰੂ ‘ਹਰਿ ਗੋਬਿੰਦ’ ਜੀ ਸਨਗੇ, ਤਾਂ ਅੱਖਰ ‘ਹ’ ਲੈਣਾ ਚਾਹੀਦਾ ਸੀ, ‘ਹਰਿਗੋਬਿੰਦ’ ਵਿਚੋਂ ਗਗਾ ਕਿਕੂੰ ਲੀਤਾ ਤੇ ਉਂਜ ਵਡਿਆਈ ਨਮਿੱਤ ਗੁਰ ਨਾਨਕ ਨਾਮ ਵਿਚੋਂ ‘ਨਾ’ ਅੱਖਰ ਲੈਣਾ ਚਾਹੀਦਾ ਸੀ। ‘ਗੋਬਿੰਦ’ ਗੁਰੂ ਜਿਸ ਤੋਂ ਲੇਖਕ ਦਾ ਇਸ਼ਾਰਾ ‘ਗੁਰੂ ਗੋਬਿੰਦ ਸਿੰਘ ਜੀ’ ਵਲ ਹੈ, ਅਜੇ ਪ੍ਰਗਟੇ ਨਹੀਂ ਸੇ ਹੋਏ। ਭਾਈ ਗੁਰਦਾਸ ਜੀ ਨੇ ਛਟਵਾਂ ਗੁਰੂ ਪੀਰ ਭਾਰੀ ਜੋ ਪ੍ਰਤੱਖ ਸੇ, ਛੱਡ ਕੇ ਤੇ ਆਦਿ ਗੁਰੂ ਨਾਨਕ ਛੱਡ ਕੇ ਦਸਵੇਂ ਗੁਰੂ ਦਾ ਅੱਖਰ ਕਿਸ ਤਰ੍ਹਾਂ ਲੈ ਲਿਆ? ਚੌਥਾ ਨੁਕਤਾ ਇਹ ਉਠਾਇਆ ਹੈ ਕਿ ਕ੍ਰਿਸ਼ਨ ਤੇ ਰਾਮ ਕੇਵਲ ਅਵਤਾਰ ਮੰਨੇ ਜਾਂਦੇ ਹਨ। ਅਰ ਕ੍ਰਿਸ਼ਨ ਤੋਂ ਛੁੱਟ ਬਾਕੀ ਦੇ ਅਵਤਾਰ ਬੀ 16 ਕਲਾਂ ਸੰਪੂਰਨ ਨਹੀਂ ਮਨੀਂਦੇ। ਇਨ੍ਹਾਂ ਨੂੰ ਸਤਿਗੁਰੂ ਦੀ ਪਦਵੀ ਕਦੀ ਨਹੀਂ ਮਿਲੀ। ਇਹ ਆਪ ‘ਘੋਰ ਅੰਘਰਾ’ ਤੇ ‘ਵਸ਼ਿਸ਼ਟ’ ਆਦਿ ਗੁਰਾਂ ਦੇ ਚੇਲੇ ਸੇ। ਭਾਈ ਸਾਹਿਬ ਜੀ ਨੇ ਇਨ੍ਹਾਂ ਨੂੰ ਗੁਰੂ ਕਿੱਕੂੰ ਆਖਿਆ? ਏਹ ਤਾਂ ਕੇਵਲ ਅਵਤਾਰ ਸੇ। (ਦੇਖੋ ਸ੍ਰੀ ਸ਼ੰਕਰ ਦਯਾਲ ਜੀ ਦੇ ਜਪੁਜੀ ਦੇ ਟੀਕੇ ਦਾ ਦੀਬਾਚਾ)।”
ਇਸ ਤੋਂ ਬਿਨਾ ਇਹ ਵਿਚਾਰ ਵੀ ਦਿੱਤਾ ਗਿਆ ਹੈ, “ਹਿੰਦੂ ਮਤ ਅਨੁਸਾਰ ਸਤਿਜੁਗ ਵਿਚ ਵਾਸੁਦੇਵ ਯਾ ਵਿਸ਼ਨੂੰ ਏਸ ਨਾਮ ਦੇ ਅਵਤਾਰ ਨਹੀਂ ਹੋਏ। ਵਾਸੁਦੇਵ ਨਾਮ ਹੈ ਕ੍ਰਿਸ਼ਨ ਦਾ ਜੋ ਉਨ੍ਹਾਂ ਦੇ ਪਿਤਾ ਵਸੁਦੇਵ ਤੋਂ ਬਣਿਆ ਹੈ; ਵਾਸੁਦੇਵ ਦਾ ਦੂਸਰਾ ਅਰਥ ਹੈ ਵਯਾਪਕ ਪਰਮੇਸ਼ੁਰ (ਦੇਖੋ ਵਿਸ਼ਨੂੰ ਪੁਰਾਣ)। ਫਿਰ ਵਿਸ਼ਨੂੰ ਕਿ ਜਿਸ ਦਾ ਭਗਤੀ ਮਾਰਗ ਵਾਲੇ ਹਿੰਦੂ ਧਯਾਨ ਧਰਦੇ ਹਨ, ਉਹ ਦੇਹਧਾਰੀ ਨਹੀਂ ਪਰ ਇਕ ਦੇਵਤਾ ਦਾ ਨਾਮ ਭੀ ਹੈ ਜੋ ਸਭਨਾਂ ਦੇਵਤਿਆਂ ਦਾ ਸ਼ਿਰੋਮਣੀ ਹੈ।”
ਉਪਰ ਦਿੱਤੀ ਵਿਚਾਰ ਤੋਂ ਇਲਾਵਾ ਅਸੀਂ ਭਾਈ ਗੁਰਦਾਸ ਦੀਆਂ ਵਾਰਾਂ ਦੀ ਅੰਦਰਲੀ ਗਵਾਹੀ ਦੇਖ ਸਕਦੇ ਹਾਂ ਜਿਸ ਵਿਚ ਉਨ੍ਹਾਂ ਨੇ ਵਾਹਿਗੁਰੂ ਨੂੰ ਵੇਦਾਂ ਅਤੇ ਕਤੇਬਾਂ (ਸਾਮੀ ਧਾਰਮਕ ਪੁਸਤਕਾਂ) ਤੋਂ ਬਾਹਰ ਦਸਿਆ ਹੈ। ਰਾਮ, ਕ੍ਰਿਸ਼ਨ ਆਦਿ ਵਿਸ਼ਨੂੰ ਦੇ ਅਵਤਾਰ ਹਨ ਜਿਨ੍ਹਾਂ ਦਾ ਸਬੰਧ ਵੈਦਿਕ ਦਰਸ਼ਨ ਨੂੰ ਮੰਨਣ ਵਾਲਿਆਂ ਨਾਲ ਹੈ। ਉਦਾਹਰਣ ਲਈ ਭਾਈ ਗੁਰਦਾਸ ਨੌਵੀਂ ਵਾਰ ਦੀ ਤੇਰ੍ਹਵੀਂ ਪਉੜੀ ਵਿਚ ਕਹਿੰਦੇ ਹਨ ਕਿ ਵੇਦ ਅਤੇ ਸ਼ੇਸ਼ ਨਾਗ ਵਰਗੇ ਵਾਹਿਗੁਰੂ ਦੇ ਭੇਦ ਨੂੰ ਨਹੀਂ ਸਮਝ ਸਕੇ। ਉਸ ਵਾਹਿਗੁਰੂ ਦੀ ਸਲਾਹੁਣਾ ਸਿਰਫ ਗੁਰੂ ਦੇ ਸ਼ਬਦ ਦਾ ਜਾਪ ਕੀਤਿਆਂ ਹੋ ਸਕਦੀ ਹੈ। ਇਸੇ ਤਰ੍ਹਾਂ 12ਵੀਂ ਵਾਰ ਦੀ 17ਵੀਂ ਪਉੜੀ ਵਿਚ ਵੀ ਇਸੇ ਕਿਸਮ ਦੇ ਵਿਚਾਰ ਦਾ ਖੁਲਾਸਾ ਕਰਦੇ ਹਨ ਕਿ ਵਾਹਿਗੁਰੂ ਮੰਤਰ, ਜਿਸ ਦਾ ਕਥਨ ਵੇਦ ਅਤੇ ਕਤੇਬ ਨਹੀਂ ਕਰ ਸਕਦੇ, ਉਹ ਵਾਹਿਗੁਰੂ ਮੰਤਰ ਗੁਰੂ ਨੇ ਆਪਣੇ ਸ਼ਬਦ ਰਾਹੀਂ ਦਸਿਆ। ਉਹ ਵਾਹਿਗੁਰੂ ਜੋ ਵੇਦ ਅਤੇ ਕਤੇਬ ਤੋਂ ਬਾਹਰਾ ਹੈ, ਉਸ ਦਾ ਗੁਰੂ ਦੇ ਸ਼ਬਦ ਵਾਲੇ ਨੂੰ ਪ੍ਰਤੱਖ ਅਨੁਭਵ ਹੁੰਦਾ ਹੈ। ਇਸ ਕਿਸਮ ਦੀਆਂ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਸਾਨੂੰ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਮਿਲ ਜਾਂਦੀਆਂ ਹਨ।