ਅਜੋਕੇ ਯੁਗ ਵਿਚ ਪਦਾਰਥਵਾਦ ਇਸ ਕਦਰ ਭਾਰੂ ਹੋ ਗਿਆ ਹੈ ਕਿ ਸਾਡੇ ਆਪਸੀ ਰਿਸ਼ਤੇ ਬਹੁਤ ਫਿੱਕੇ ਪੈ ਗਏ ਹਨ। ਲੇਖਕ ਸੰਤੋਖ ਮਿਨਹਾਸ ਆਪਣੇ ਇਸ ਲੇਖ ਵਿਚ ਇਸੇ ਪਦਾਰਥਵਾਦ ਦੇ ਹਵਾਲੇ ਨਾਲ ਕਹਿੰਦੇ ਹਨ ਕਿ ਨਿਜੀ ਮੁਫਾਦ ਭਾਰੂ ਹੋ ਗਏ ਹਨ, ਹਰ ਰਿਸ਼ਤਾ ਬਾਜ਼ਾਰੂ ਹੋ ਗਿਆ ਹੈ। ਬਾਜ਼ਾਰ ਦੋਸਤੀ ਨਹੀਂ, ਜੇਬ ਦੇਖਦਾ ਹੈ।
ਲਿਹਾਜ਼ ਨਾਂ ਦੀ ਚੀਜ਼ ਬਾਜ਼ਾਰ ਵਿਚ ਨਹੀਂ ਪੁੱਗਦੀ। ਦੋਸਤੀਆਂ, ਯਾਰੀਆਂ, ਰਿਸ਼ਤੇ-ਨਾਤੇ, ਇਕੱਠ ਅਜੋਕੇ ਯੁੱਗ ਦੀ ਪਛਾਣ ਨਹੀਂ। ਅੱਜ ਦੂਜੇ ਦਾ ਦਰਦ ਪਛਾਣਨ ਲਈ ਕਿਸੇ ਕੋਲ ਸਮਾਂ ਹੀ ਨਹੀਂ ਬਚਿਆ ਜਾਂ ਇਉਂ ਆਖ ਲਓ, ਅਪਣੱਤ ਨਾਂ ਦੀ ਕੋਈ ਚੀਜ਼ ਰਹੀ ਹੀ ਨਹੀਂ। ਇਸ ਵਰਤਾਰੇ ਉਤੇ ਬਾਬਾ ਬੁੱਲੇ ਸ਼ਾਹ ਨੇ ਇਹ ਸ਼ਬਦ ਪੂਰੇ ਢੁਕਦੇ ਹਨ-ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈ ਆ, ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ। -ਸੰਪਾਦਕ
ਸੰਤੋਖ ਮਿਨਹਾਸ
ਫੋਨ: 559-283-6376
ਮਨੁੱਖ ਦੀ ਮੂਲ ਪ੍ਰਵਿਰਤੀ ਇੱਕਠੇ ਰਹਿਣ ਦੀ ਹੈ। ਇਸੇ ਲਈ ਇਸ ਨੂੰ ਸਮਾਜਕ ਜੀਵ ਕਿਹਾ ਗਿਆ ਹੈ। ਇਕੱਲ ਮਨੁੱਖੀ ਜੀਵਨ ਵਿਚੋਂ ਮਨਫੀ ਹੈ। ਇਸ ਧਰਤ ਉਤੇ ਹਰ ਜੀਵ-ਜੰਤੂ ਆਪਣਾ ਕੁਨਬਾ ਪਾਲਦਾ ਹੈ। ਇੱਕਠੇ ਰਹਿਣ ਕਰਕੇ ਹੀ ਸੁਰੱਖਿਆ ਢਾਲ ਬਣਦੀ ਹੈ। ਸਹਿਯੋਗ ਇੱਕਠੇ ਰਹਿਣ ਦਾ ਅਨੰਦ ਵੀ ਹੈ ਤੇ ਕਦੇ ਕਦੇ ਮਜਬੂਰੀ ਵੀ ਹੁੰਦਾ ਹੈ। ਸਮੇਂ ਦੇ ਵਾਵਰੋਲਿਆਂ ਨੂੰ ਇੱਕਠ ਦੀ ਕੰਧ ਰੋਕ ਦਿੰਦੀ ਹੈ। ਇੱਕਲੇ ਰੁੱਖ ਦਾ ਉਹ ਮਾਣ ਨਹੀਂ ਹੁੰਦਾ ਜੋ ਜੰਗਲ ਹੋਣ ਨਾਲ ਬਣਦਾ ਹੈ। ਕੂੰਜਾਂ ਦੀ ਡਾਰ ਦਾ ਆਪਣਾ ਸੁਹੱਪਣ ਹੁੰਦਾ ਹੈ। ਅੰਬਰ ਨੂੰ ਕਲਾਵੇ ‘ਚ ਭਰਨਾ ਤਾਂ ਲੋਚਦੇ ਹਾਂ ਪਰ ਸਾਡੇ ਪੈਰ ਕਿੱਥੇ ਹਨ ਇਸ ਦੀ ਸਾਨੂੰ ਸਾਰ ਨਹੀਂ। ਲੰਮੀ ਪਰਵਾਜ਼ ਦੇ ਦਾਈਏ ਤਾਂ ਬਥੇਰੇ ਹਨ ਪਰ ਘਰ ਦੀ ਨੁੱਕਰੇ ਬੈਠਾ ਬੰਦਾ ਸਾਨੂੰ ਦਿਸਦਾ ਹੀ ਨਹੀਂ। ਤਿੱਥ-ਤਿਉਹਾਰ ‘ਤੇ ਅਸੀਂ ਗੁਲਦਸਤੇ ਤਾਂ ਬੜੇ ਖਰੀਦਦੇ ਹਾਂ, ਵਡੇਰਿਆਂ ਲਈ, ਪਰ ਅਸੀਂ ਆਪ ਫੁੱਲ ਬਣਨਾ ਭੁੱਲ ਗਏ ਹਾਂ, ਜਿਸ ਦੀ ਮਹਿਕ ਨੇ ਉਨ੍ਹਾਂ ਨਾਲ ਸਾਂਝ ਦਾ ਪੁਲ ਬਣਨਾ ਸੀ।
ਜਿਸ ਯੁੱਗ ਵਿਚ ਅਸੀਂ ਵਿਚਰ ਰਹੇ ਹਾਂ, ਕਦੇ-ਕਦੇ ਇੰਜ ਲੱਗਦਾ ਹੈ ਜਿਵੇਂ ਇਹ ਸਾਡੇ ਮੇਚ ਦਾ ਨਹੀਂ ਰਿਹਾ। ਆਮ ਮਨੁੱਖ ਭੱਜ ਭੱਜ ਕੇ ਹੰਬਿਆ ਪਿਆ ਹੈ। ਉਸ ਨੂੰ ਸਮਝ ਨਹੀਂ ਆ ਰਹੀ, ਉਹ ਕਰੇ ਤਾਂ ਕੀ ਕਰੇ। ਇਸ ਪਦਾਰਥਵਾਦੀ ਯੁੱਗ ਨੇ ਮਨੁੱਖੀ ਜੀਵਨ ਵਿਚ ਬੜੀ ਤੇਜੀ ਨਾਲ ਢੇਰ ਤਬਦੀਲੀਆਂ ਕੀਤੀਆਂ ਹਨ ਜਿਸ ਵਿਚ ਹਰ ਚੀਜ਼ ਦਾ ਮੁੱਲ ਪੈਸਾ ਹੈ। ਮਨੁੱਖੀ ਕਦਰਾਂ-ਕੀਮਤਾਂ ਦਾ ਆਧਾਰ ਵੀ ਪੈਸਾ ਹੈ। ਆਮ ਮਨੁੱਖ ਨਿਤਾਣਾ ਨਜ਼ਰ ਆਉਣ ਲੱਗ ਪਿਆ ਹੈ। ਨਿਜੀ ਮੁਫਾਦ ਇੰਨੇ ਭਾਰੂ ਹੋ ਗਏ ਹਨ ਕਿ ਹਰ ਰਿਸ਼ਤਾ ਬਾਜ਼ਾਰੂ ਹੋ ਗਿਆ ਹੈ। ਬਾਜ਼ਾਰ ਕਿਸੇ ਦਾ ਵੀ ਯਾਰ ਨਹੀਂ ਹੁੰਦਾ। ਬਾਜ਼ਾਰ ਦੋਸਤੀ ਨਹੀਂ, ਜੇਬ ਦੇਖਦਾ ਹੈ। ਲਿਹਾਜ਼ ਨਾਂ ਦੀ ਚੀਜ਼ ਬਾਜ਼ਾਰ ਵਿਚ ਨਹੀਂ ਪੁੱਗਦੀ। ਦੋਸਤੀਆਂ, ਯਾਰੀਆਂ, ਰਿਸ਼ਤੇ-ਨਾਤੇ, ਇੱਕਠ ਅਜੋਕੇ ਯੁੱਗ ਦੀ ਪਛਾਣ ਨਹੀਂ। ਬੰਦਾ ਖੁਦ ਆਪਣਾ ਮੁੱਲ ਬਜ਼ਾਰ ਵਿਚ ਵੇਖਦਾ ਹੈ। ਬਾਜ਼ਾਰ ਦਾ ਕੋਈ ਅਸੂਲ ਨਹੀਂ ਹੁੰਦਾ, ਨਿਜੀ ਮੁਨਾਫਾ ਭਾਰੀ ਹੂੰਦਾ ਹੈ। ਇੱਕ-ਦੂਜੇ ਨੂੰ ਪਛਾੜਨ ਦੀ ਬਿਰਤੀ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦੀ। ਕਦੇ ਬੋਹੜ ਪਿੰਡ ਦੇ ਇਕੱਠ ਦੀ ਨਿਸ਼ਾਨੀ ਹੁੰਦੇ ਸਨ। ਹੁਣ ਮਨੁੱਖ ਨੇ ਆਪੋ ਆਪਣੇ ਘਰ ਬੋਹੜ ਗਮਲਿਆਂ ਵਿਚ ਉਗਾ ਲਏ ਹਨ।
ਅਜੋਕੇ ਸਮੇਂ ਵਿਚ ਆਮ ਮਨੁੱਖ ਸਭ ਤੋਂ ਵੱਧ ਪੀੜਤ ਹੈ। ਵੱਡੀ ਉਮਰ ਦੇ ਲੋਕ ਜੋ ਸਮੇਂ ਨਾਲ ਦੌੜ ਨਹੀਂ ਸਕਦੇ, ਉਹ ਨਵੀਆਂ ਪ੍ਰਲੱਭਤਾਂ ਮੂਹਰੇ ਅਗਿਆਨੀ ਤੇ ਬੇਸਹਾਰਾ ਜਾਪਦੇ ਹਨ। ਇਸੇ ਕਰਕੇ ਨਵੀਂ ਪੀੜ੍ਹੀ ਨਾਲ ਪਾੜਾ ਵੱਧ ਰਿਹਾ ਹੈ। ਕੋਈ ਇੱਕ ਦੂਜੇ ਦੀ ਗੱਲ ਸਮਝ ਨਹੀਂ ਰਿਹਾ। ਅਸਲ ਵਿਚ ਇਹ ਪਾੜਾ ਹੀ ਸਭ ਤੋਂ ਵੱਡਾ ਇੱਕਲਾਪੇ ਦਾ ਦੁਖਾਂਤ ਹੈ। ਪੁਰਾਣੇ ਪੜ੍ਹੇ-ਲਿਖੇ ਉਚ ਅਹੁਦਿਆਂ ਤੋਂ ਸੇਵਾ-ਮੁਕਤ ਹੋਏ ਲੋਕ ਵੀ ਆਧੁਨਿਕ ਸਾਧਨਾਂ ਦੀ ਤੇਜ਼ ਤਬਦੀਲੀ ਦੇ ਸਾਹਮਣੇ ਨਿਹੱਥੇ ਮਹਿਸੂਸ ਕਰਦੇ ਹਨ। ਆਮ ਮਨੁੱਖ ਸਭ ਕੁੱਝ ਹੁੰਦਿਆਂ ਸੁੰਦਿਆਂ ਵੀ ਵਿਚਾਰਾ ਲੱਗਦਾ ਹੈ। ਆਸ ਦੀ ਡੰਗੋਰੀ ਦੂਰ ਹੁੰਦੀ ਜਾ ਰਹੀ ਹੈ ਜਿਸ ਸਹਾਰੇ ਪਿਛਲੇਰੀ ਉਮਰ ਦਾ ਪੰਧ ਤੈਅ ਕਰਨ ਦਾ ਹੀਲਾ-ਵਸੀਲਾ ਬਣਨਾ ਸੀ। ਇਸ ਵਿੱਥ ਨੇ ਸਾਡੇ ਕੋਲੋਂ ਉਹ ਸਭ ਕੁਝ ਖੋਹ ਲਿਆ ਜਿਸ ਨੇ ਦੋਹਾਂ ਧਿਰਾਂ ਦਾ ਸਕੂਨ ਬਣਨਾ ਸੀ। ਅਸੀਸ ਦਾ ਕੋਈ ਮੁੱਲ ਨਹੀਂ ਹੁੰਦਾ। ਅੱਜ ਅਸੀਂ ਇਸ ਅਮੁੱਲੀ ਦਾਤ ਤੋਂ ਵਾਂਝੇ ਹੁੰਦੇ ਜਾ ਰਹੇ ਹਾਂ। ਅਸੀਸ ਦੀ ਬਖਸ਼ਿਸ਼ ਵੱਡਿਆਂ ਨਾਲ ਸਾਂਝ ਦੀ ਪ੍ਰਤੀਕ ਹੈ। ਮਿੱਠੇ ਬੋਲਾਂ ਦੀ ਚਾਸ਼ਣੀ ਦੀ ਬਰਕਤ ਦਾ ਜਲੌਅ ਅਸੀਂ ਗਵਾ ਲਿਆ ਹੈ। ਬਜ਼ੁਰਗਾਂ ਦਾ ਸਿਰ ਪਲੋਸਦਾ ਹੱਥ ਤੁਹਾਡੇ ਮੱਥੇ ਦੀ ਤਕਦੀਰ ਹੁੰਦੀ ਹੈ।
ਮੈਂ ਜਦੋਂ ਕਦੇ ਵੀ ਆਪਣੇ ਰੇਡੀਓ ਪ੍ਰੋਗਰਾਮ ਉਤੇ ਮਨੁੱਖੀ ਰਿਸ਼ਤਿਆਂ ਵਿਚ ਆ ਰਹੇ ਬਦਲਾਉ ਦੀ ਗੱਲ ਕਰਦਾ ਹਾਂ ਤਾਂ ਸਰੋਤਿਆਂ ਦੀਆਂ ਫੋਨ ਕਾਲਾਂ ਤੋਂ ਲੱਗਦਾ ਹੈ ਜਿਵੇਂ ਸਾਡੇ ਸਮਾਜ ਦਾ ਢਾਂਚਾ ਹੀ ਤਿੜਕਿਆ ਪਿਆ ਹੈ। ਕਈ ਵਾਰ ਤਾਂ ਸਰੋਤਿਆਂ ਦਾ ਗੱਚ ਭਰ ਆਉਂਦਾ ਹੈ। ਉਹ ਆਪਣੀ ਇਕੱਲ ਭਰੀ ਸਰਾਪੀ ਜ਼ਿੰਦਗੀ ਦਾ ਦਰਦ ਫਰੋਲਣਾ ਚਾਹੁੰਦੇ ਹਨ। ਉਹ ਭਰੇ ਫੋੜੇ ਵਾਂਗ ਫਿਸ ਪੈਂਦੇ ਹਨ। ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਆਪਣਾ ਦਰਦ ਕਿਸ ਕੋਲ ਕਹਿਣ ਕਿਉਂਕਿ ਕਿਸੇ ਕੋਲ ਵੀ ਉਨ੍ਹਾਂ ਦੀ ਗੱਲ ਸੁਣਨ ਦੀ ਵਿਹਲ ਨਹੀਂ ਹੁੰਦੀ। ਕਿਸੇ ਇੱਕ ਸਰੋਤੇ ਦੀ ਗੱਲ ਬਹੁਤਿਆਂ ਦੇ ਦਿਲ ਦੀ ਚੀਸ ਹੁੰਦੀ ਹੈ।
ਇੱਕ ਦਿਨ ਇੱਕ ਬਜ਼ੁਰਗ ਦਾ ਫੋਨ ਆਇਆ, ਕਹਿੰਦਾ, “ਮੈਂ ਗੱਲ ਕਰਨੀ ਚਾਹੁੰਦਾ ਹਾਂ, ਤੁਹਾਡੇ ਕੋਲ ਸਮਾਂ ਹੈਗਾ?” ਮੈਂ ਕਿਹਾ, “ਹਾਂ, ਕਰੋ ਗੱਲ।” ਉਹ ਆਪਣੀ ਅੰਦਰਲੀ ਹੂਕ ਦੀ ਬਾਤ ਪਾ ਰਿਹਾ ਸੀ, ਕੁਝ ਮਿੰਟਾਂ ਬਾਅਦ ਹੀ ਪੁੱਛ ਲੈਂਦਾ, ਤੁਹਾਡੇ ਕੋਲ ਸਮਾਂ ਹੈ? ਮੈਨੂੰ ਲੱਗਦਾ ਸੀ, ਕਿੰਨਾ ਲਾਵਾ ਹੈ ਇਸ ਬੰਦੇ ਅੰਦਰ ਜਿਸ ਨੂੰ ਉਹ ਬਾਹਰ ਕੱਢਣਾ ਚਾਹੁੰਦਾ ਹੈ। ਉਸ ਦੀਆਂ ਗੱਲਾਂ ਤੋਂ ਜਾਪਦਾ ਸੀ ਕਿ ਉਹ ਭਰੇ ਘਰ ਵਿਚ ਵੀ ਇਕੱਲਾ ਹੈ। ਉਹ ਦੀ ਸੋਚ ਹੁਣ ਇੱਥੇ ਖੜੀ ਆ ਲੱਗਦੀ ਸੀ, “ਮੇਰਾ ਘਰ ਵਿਚ ਕੋਈ ਨਹੀਂ। ਮੇਰੀ ਕੋਈ ਕਦਰ ਨਹੀਂ। ਮੇਰੀ ਕੋਈ ਪੁੱਛ-ਪ੍ਰਤੀਤ ਨਹੀਂ, ਜਿਵੇਂ ਮੈਂ ਵਾਧੂ ਜਿਹੀ ਸ਼ੈਅ ਹੋਵਾਂ ਜਾਂ ਜਿਵੇਂ ਘਰ ਦਾ ਟੁੱਟਿਆ ਭੱਜਿਆ ਸਾਮਾਨ ਹੋਵਾਂ। ਘਰ ਦੀ ਕਿੱਸੇ ਨੁਕਰੇ ਲਾਇਆ ਕੂੜਾ-ਕਰਕਟ ਹੋਵਾ।” ਪਤਾ ਨਹੀਂ ਕਿੰਨੇ ਹੋਰ ਲੋਕ ਨੇ ਜਿਨ੍ਹਾਂ ਦੇ ਅੰਦਰ ਘੁਟਣ ਦੀ ਇਹ ਅੱਗ ਉਨ੍ਹਾਂ ਦੇ ਅਪਣੱਤ ਦੇ ਭਰਮ ਨੂੰ ਸਾੜ ਰਹੀ ਹੈ।
ਇਹ ਵੱਡੇ ਵੱਡੇ ਬਾਹਰੀ ਸੁੱਖ-ਸਹੂਲਤਾਂ ਨਾਲ ਤੁੰਨੇ ਘਰ ਅਸਲ ਵਿਚ ਮੁਸਾਫਰ-ਖਾਨੇ ਹਨ। ਮੁਸਾਫਰ ਘਰਾਂ ਵਿਚ ਲੋਕ ਰੈਣ ਬਸੇਰਾ ਕਰਦੇ ਹਨ ਤੇ ਫਿਰ ਤੁਰਦੇ ਬਣਦੇ ਹਨ। ਕਿਸੇ ਦਾ ਕਿਸੇ ਨਾਲ ਕੋਈ ਲਗਾਉ ਨਹੀਂ। ਆਪਣਾ ਨਿਜ, ਆਪਣੀ ਲੋੜ। ਹੁਣ ਇਹੀ ਵਰਤਾਰਾ ਆਮ ਘਰਾਂ ਵਿਚ ਹੈ। ਹਰ ਇੱਕ ਦੀ ਆਪਣੀ ਨਿਜੀ ਲੋੜ, ਖਾਹਿਸ਼ ਤੇ ਜਿਊਣ-ਢੰਗ। ਘਰ ਦੇ ਇੱਕ ਜੀਅ ਦੀ ਦੂਜੇ ਜੀਅ ਦੀ ਕੋਈ ਸਾਂਝ ਨਹੀਂ। ਇੱਕ ਦੂਜੇ ਨਾਲ ਓਪਰਾ ਓਪਰਾ ਵਿਹਾਰ। ਦੂਜੇ ਦਾ ਦੁੱਖ-ਦਰਦ ਪੁੱਛਣ ਦੀ ਕਿਸੇ ਕੋਲੇ ਵਿਹਲ ਨਹੀਂ। ਇਹ ਇਕੱਲ ਤੇ ਉਡੀਕ ਸਬਰ ਦੀ ਇੰਤਹਾ ਹੈ। ਜਿਹੜੇ ਇਸ ਅਵਸਥਾ ਵਿਚੋਂ ਗੁਜ਼ਰੇ ਹਨ ਜਾਂ ਗੁਜ਼ਰ ਰਹੇ ਹਨ, ਉਨ੍ਹਾਂ ਨੂੰ ਪੁਛ ਕੇ ਵੇਖੋ ਤੁਹਾਡੇ ਹਮਦਰਦੀ ਦੇ ਮਿੱਠੇ ਬੋਲ ਉਨ੍ਹਾਂ ਦੀ ਇਕੱਲ ਦੇ ਛਿੱਲੇ ਜਖਮਾਂ ਨੂੰ ਕਿਵੇਂ ਠਾਰਦੇ ਹਨ। ਇਸ ਛਿੰਣ-ਭੰਗਰੀ ਜ਼ਿੰਦਗੀ ਦੀ ਜਿਉਣ ਲੋਚਾ ਲਈ ਇਹ ਦੋ ਪਲ ਸਕੂਨ ਦਾ ਪਰਾਗਾ ਹੋ ਸਕਦੇ ਹਨ। “ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈ ਆ” ਕਿਸੇ ਦੀ ਉਡੀਕ ਵਿਚ ਬਹੁੜੀ ਪਾਉਣਾ, ਦੁਹਾਈ ਪਾਉਣਾ ਇਕੱਲ ਦੀ ਸਿਖਰ ਹੈ। ਮਨੁੱਖ ਦਾ ਸੁਭਾਅ ਹੈ ਕਿ ਉਹ ਆਪਣੀ ਇੱਕਲ ਦਾ ਇਜ਼ਹਾਰ ਕਰਨ ਲਈ ਕੋਈ ਨਾ ਕੋਈ ਜ਼ਰੀਆ ਢੂੰਡਦਾ ਹੈ। ਮਨ ਦੀ ਵੇਦਨਾ ਦੱਸਣ ਲਈ ਆਪਣਿਆਂ ਦੀ ਲੋੜ ਹੁੰਦੀ ਹੈ, ਪਰ ਆਪਣਿਆਂ ਕੋਲ ਸਮਾਂ ਨਹੀਂ। ਅਸੀਂ ਜ਼ਿੰਦਗੀ ਦੇ ਰੁਝੇਵੇਂ ਮੁਕਾਉਂਦੇ ਮੁਕਾਉਂਦੇ ਖੁਦ ਮੁੱਕਦੇ ਜਾ ਰਹੇ ਹਾਂ। ਉਘੇ ਚਿੰਤਕ ਆਰਥਰ ਸੀæ ਕਲਾਰਕ ਦਾ ਮੰਨਣਾ ਹੈ, “ਦੋ ਸੰਭਾਵਨਾਵਾਂ ਮੌਜੂਦ ਹਨ ਜਾਂ ਅਸੀਂ ਇਸ ਬ੍ਰਹਿਮੰਡ ਵਿਚ ਇੱਕਲੇ ਹਾਂ ਜਾਂ ਨਹੀਂ। ਇਹ ਦੋਵੇਂ ਗੱਲਾਂ ਇੱਕੋ ਜਿਹੀਆਂ ਡਰਾਉਣੀਆਂ ਹਨ।”