ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਕਿਸੇ ਦੀ ਖੁਸ਼ੀ ਵਿਚ ਭੰਗ ਪੈਣ ਦੇ ਡਰੋਂ ਆਪਣਾ ਦਰਦ ਲੁਕਾਉਣ ਜਾਂ ਵਿਚੇ ਵਿਚ ਹੀ ਪੀ ਜਾਣ ਦੀ ਨੇੜਲੀ ਮਿਸਾਲ ਕੁਲਵੰਤ ਸਿੰਘ ਵਿਰਕ ਦੀ ਮਾਰਮਿਕ ਕਹਾਣੀ ‘ਧਰਤੀ ਹੇਠਲਾ ਬਲਦ’ ਮੰਨੀ ਜਾ ਸਕਦੀ ਹੈ। ਕਿਵੇਂ ਭਰਿਆ ਭੁਕੰਨਾ ਟੱਬਰ, ਆਪਣੇ ਫੌਜੀ ਪੁੱਤਰ ਦੀ ਜੰਗ ਵਿਚ ਹੋਈ ਮੌਤ ਦਾ ਅਸਹਿ ਦਰਦ, ਉਸ ਦੇ ਛੁੱਟੀ ਆਏ ਫੌਜੀ ਦੋਸਤ ਤੋਂ ਸਿਰਫ ਇਸੇ ਕਰ ਕੇ ਲੁਕਾਉਂਦਾ ਹੈ ਕਿ ਉਸ ਦੀ ਛੁੱਟੀ ਦਾ ਮਜ਼ਾ ਕਿਰਕਿਰਾ ਨਾ ਹੋ ਜਾਵੇ।
ਇਤਿਹਾਸ-ਮਿਥਿਹਾਸ ਜਾਂ ਸਾਡੇ ਸਮਾਜ ਵਿਚ ਬੇਸ਼ੱਕ ਹੋਰ ਵੀ ਅਨੇਕਾਂ ‘ਧਰਤੀ ਹੇਠਲੇ ਬਲਦ’ ਮਿਲ ਜਾਣਗੇ, ਜੋ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਵੱਜਣ ਦੇ ਡਰੋਂ, ਨਿਜੀ ਦਰਦ ਦੀਆਂ ਪੰਡਾਂ ਨੂੰ ਅਣਡਿੱਠ ਕਰਨ ਵਾਲੇ ਸਨ ਜਾਂ ਹਨ, ਪਰ ਅਜਿਹੇ ਬਹੁਤ ਵਿਰਲੇ ਹੁੰਦੇ ਹਨ ਜਿਨ੍ਹਾਂ ‘ਤੇ ਹੇਠ ਲਿਖਿਆ ਸ਼ਿਅਰ ਢੁਕਦਾ ਹੈ,
ਉਨਹੀਂ ਕੇ ਫੈਜ਼ ਸੇ ਬਾਜ਼ਾਰੇ ਅਕਲ ਰੌਸ਼ਨ ਹੈ,
ਜੋ ਗਾਹੇ ਗਾਹੇ ਕਰਤੇ ਹੈਂ ਜਨੂੰ ਅਖਤਿਆਰ।
ਅਜੇ ਕੁਝ ਦਿਨ ਹੀ ਬੀਤੇ ਹਨ ਕਿ ਮੈਂ ਅਜਿਹੀ ਘਟਨਾ ਨੇੜਿਓਂ ਦੇਖੀ ਜੋ ਜਨੂੰਨ ਦੇ ਸਿਖਰ ਵਾਲੀਆਂ ਮਿਸਾਲਾਂ ਵਿਚ ਹੀ ਗਿਣੀ ਜਾ ਸਕਦੀ ਹੈ। ਇਸ ਵਾਕਿਆ ਨੂੰ ਕਲਮੀ ਰੂਪ ਦੇਣ ਪਿਛੇ ਮੇਰਾ ਮਕਸਦ ਕਿਸੇ ਦੀ ਫੋਕੀ ਵਡਿਆਈ ਕਰਨੀ ਜਾਂ ਹਉਮੈ ਨੂੰ ਪੱਠੇ ਪਾਉਣ ਦਾ ਕਤੱਈ ਨਹੀਂ ਹੈ; ਮਨਸ਼ਾ ਸਿਰਫ ਇਹੀ ਹੈ ਕਿ ਲੋਕਾਈ ਨੂੰ ਪਤਾ ਲੱਗ ਸਕੇ ਕਿ ਨਿਜਵਾਦ ਦੀਆਂ ਸ਼ੋਰੀਲੀਆਂ ਹਨੇਰੀਆਂ ਵਿਚ ਹਾਲੇ ਵੀ ਪਰਉਪਕਾਰੀ ਜਾਂ ਲੋਕ-ਪੱਖੀ ਦੀਵੇ ਜਗਦੇ ਹਨ।
ਗੱਲ ਇਉਂ ਹੋਈ ਕਿ ਦੋ ਤਿੰਨ ਕੁ ਮਹੀਨੇ ਪਹਿਲਾਂ ਅਮਰੀਕਾ ਦੇ ਦੂਰ-ਦਰਾਜ ਦੀ ਸਟੇਟ ਤੋਂ ਆਪਣਾ ਕਾਰੋਬਾਰ ਸਮੇਟ ਕੇ ਮੇਰੇ ਮਿੱਤਰ ਸਾਡੀ ਸਟੇਟ ਕੈਲੀਫੋਰਨੀਆ ਆਣ ਵਸੇ। ਉਨ੍ਹਾਂ ਜਿਸ ਸ਼ਹਿਰ ਵਿਚ ਮੁੜ ਕਾਰੋਬਾਰ ਅਰੰਭਿਆ, ਉਹ ਸਾਥੋਂ ਕਾਫੀ ਦੂਰ ਪੈਂਦਾ ਹੈ; ਇਸ ਕਰ ਕੇ ਅਜੇ ਸਾਡਾ ਇਕ ਦੂਜੇ ਨਾਲ ਮੇਲ ਮਿਲਾਪ ਨਹੀਂ ਸੀ ਹੋਇਆ, ਪਰ ਫੋਨ ਰਾਹੀਂ ਖਬਰ-ਸਾਰ ਲੈਣ-ਦੇਣ ਦਾ ਸਿਲਸਿਲਾ ਚਲਦਾ ਰਹਿੰਦਾ ਹੈ। ਸਿਆਸੀ ਪੱਖੋਂ ਭਾਵੇਂ ਉਹ ਕੱਟੜ ਅਕਾਲੀ ਰਹੇ ਹਨ ਤੇ ਮੋਰਚਿਆਂ ਵਿਚ ਕੈਦਾਂ ਵੀ ਕੱਟਦੇ ਰਹੇ, ਪਰ ਹੁਣ ਉਹ ਆਮ ਆਦਮੀ ਪਾਰਟੀ (ਆਪ) ਦੇ ਕੱਟੜ ਸਮਰਥਕ ਬਣੇ ਹੋਏ ਹਨ। ਜਿਉਂ-ਜਿਉਂ ਪੰਜਾਬ ਵਿਚ ਚੋਣ ਮਾਹੌਲ ਭਖ ਰਿਹਾ ਹੈ, ਮੇਰਾ ਮਿੱਤਰ ਵੀ ਹੋਰ ਸਰਗਰਮ ਹੋਣ ਦੀ ਇੱਛਾ ਨਾਲ ਇਕ ਦਿਨ ਮੈਨੂੰ ਕਹਿਣ ਲੱਗਾ, ਯਾਰ! ਐਥੇ ‘ਆਪ’ ਵਾਲਿਆਂ ਦਾ ਕੋਈ ਨਾਂ ਥਾਂ ਤਾਂ ਦੱਸ, ਤਾਂ ਕਿ ਮੈਂ ਵੀ ਪੰਜਾਬ ਵਿਚ ਤਬਦੀਲੀ ਲਿਆਉਣ ਲਈ ਕੋਈ ਬਣਦਾ ਸਰਦਾ ਯੋਗਦਾਨ ਪਾਵਾਂ।
ਚੜ੍ਹਦੇ ਸਤੰਬਰ ਸਾਡੀ ਇਹ ਗੱਲਬਾਤ ਚੱਲ ਹੀ ਰਹੀ ਸੀ ਕਿ ਮੈਨੂੰ ਫਰਿਜ਼ਨੋ ਸਿਟੀ ਵਿਚ ਰਹਿੰਦੇ ਲੇਖਕ-ਪੱਤਰਕਾਰ ਮਿੱਤਰ ਗੁਰਿੰਦਰਜੀਤ ਸਿੰਘ (ਕਲਮੀ ਨਾਮ ਨੀਟਾ ਮਾਛੀਕੇ) ਦਾ ਫੋਨ ਆ ਗਿਆ। ਉਸ ਨੇ ਬੜੀ ਪ੍ਰਸੰਨਤਾ ਨਾਲ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਦੇ ਨਵ-ਨਿਯੁਕਤ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਤੋਂ ਟਾਈਮ ਲੈ ਰਹੇ ਹਨ, ਉਮੀਦ ਹੈ ਕਿ ਹਫਤੇ ਕੁ ਤੱਕ ਦਾ ਪ੍ਰੋਗਰਾਮ ਤੈਅ ਹੋ ਜਾਵੇਗਾæææ ਪਰ ਤੁਸੀਂ ਉਸ ਵਿਚ ਜ਼ਰੂਰ ਸ਼ਾਮਲ ਹੋਇਓ। ਆਪਣੇ ਵੱਲੋਂ ‘ਹਾਂ’ ਕਰਦਿਆਂ ਮੈਂ ਉਸ ਨੂੰ ਨਵੇਂ ਨਵੇਂ ਕੈਲੀਫੋਰਨੀਆ ਆਏ ਦੂਜੇ ਦੋਸਤ ਦਾ ਨਾਮ ਅਤੇ ਫੋਨ ਨੰਬਰ ਵੀ ਨੋਟ ਕਰਵਾ ਦਿਤਾ। ਉਸ ਨੂੰ ਤਾਕੀਦ ਵੀ ਕਰ ਦਿੱਤੀ ਕਿ ‘ਆਪ’ ਬਾਰੇ ਹੋਣ ਵਾਲੀਆਂ ਸਰਗਰਮੀਆਂ ਵਿਚ ਉਹਨੂੰ ਜ਼ਰੂਰ ਬੁਲਾਇਆ ਕਰੋ। ਨਾਲ ਹੀ ਮੈਂ ਉਸ ਦੋਸਤ ਨੂੰ ਨੀਟਾ ਮਾਛੀਕੇ ਦਾ ਨੰਬਰ ਦੇ ਕੇ ਉਹਦੇ ਨਾਲ ਸੰਪਰਕ ਕਰਨ ਲਈ ਵੀ ਆਖ ਦਿਤਾ।
ਦੋ ਕੁ ਦਿਨਾਂ ਬਾਅਦ ਹੀ ਮੈਨੂੰ ਨਵੇਂ ਮਿੱਤਰ ਦਾ ਹਿਰਖ ਭਰਿਆ ਫੋਨ ਆ ਗਿਆ ਕਿ ਉਹ ਤਿੰਨ-ਚਾਰ ਵਾਰ ਨੀਟੇ ਨੂੰ ਫੋਨ ਕਰ ਚੁੱਕਾ ਹੈ, ਉਹ ਜਵਾਬ ਹੀ ਨਹੀਂ ਦਿੰਦਾ। ਅੱਠ ਜਾਂ ਨੌਂ ਸਤੰਬਰ ਦੀ ਗੱਲ ਹੋਵੇਗੀ, ਮੈਨੂੰ ਨੀਟੇ ਨੇ ਦੁਬਾਰਾ ਫੋਨ ‘ਤੇ ਦੱਸਿਆ ਕਿ ਉਨ੍ਹਾਂ ਗੁਰਪ੍ਰੀਤ ਸਿੰਘ ਘੁੱਗੀ ਦਾ ਪ੍ਰੋਗਰਾਮ 15 ਸਤੰਬਰ ਦਾ ਪੱਕਾ ਕਰ ਲਿਆ ਹੈ। ਉਹ ਮੈਨੂੰ ਅਜੇ ਉਸ ਦਿਨ ਲਈ ਛੁੱਟੀ ਦਾ ਇੰਤਜ਼ਾਮ ਕਰਨ ਲਈ ਕਹਿ ਹੀ ਰਿਹਾ ਸੀ ਕਿ ਮੈਨੂੰ ਨਵੇਂ ਆਏ ਮਿੱਤਰ ਦਾ ਹਿਰਖ ਭਰਿਆ ਫੋਨ ਚੇਤੇ ਆ ਗਿਆ। ਫੋਨ ਨਾ ਚੁੱਕਣ ਦਾ ਕਾਰਨ ਬਿਆਨਦਿਆਂ ਨੀਟਾ ਕਰੁਣਾਮਈ ਆਵਾਜ਼ ਵਿਚ ਬੋਲਿਆ, “ਭਾਅ ਜੀ, ਮੈਂ ਸੌਰੀ ਆਂ ਕਿ ਉਸ ਵੀਰ ਦਾ ਫੋਨ ‘ਰਿਸੀਵ’ ਨਹੀਂ ਕਰ ਸਕਿਆæææ ਅਸਲ ਵਿਚ ਮੇਰੀ ਮੰਮੀ ਬਹੁਤ ਸੀਰੀਅਸ ਹਾਲਤ ਵਿਚ ਨੇæææ ਉਹ ਕੈਂਸਰ ਦੀ ਨਾ-ਮੁਰਾਦ ਬਿਮਾਰੀ ਤੋਂ ਪੀੜਤ ਹਨæææ ਲਾਸਟ ਸਟੇਜ ‘ਤੇ ਹੋਣ ਕਰ ਕੇ ਡਾਕਟਰਾਂ ਨੇ ਤਾਂ ਇਕ ਕਿਸਮ ਦਾ ਜਵਾਬ ਦਿਤਾ ਹੋਇਐ, ਪਰæææ ਦਰਦ ਵਧਣ ‘ਤੇ ਹਸਪਤਾਲ ਲਿਜਾਣਾæææ ਫਿਰ ਪਾਰਟੀ ਦੇ ਕੰਮ ਵੀ ਕਰਨੇæææ ਟਰੱਕ ‘ਤੇ ਵੀ ਜਾਣਾ ਹੁੰਦਾæææ ਬਹੁਤ ਬਿਜੀ ਹਾਂ ਭਾ ਜੀ।”
ਉਹਦੀ ਸਾਰੀ ਗੱਲ ਸੁਣ ਕੇ ਮੈਂ ਤਾਂ ਪਸੀਜ ਗਿਆ, ਪਰ ਉਹ ਸਹਿਜ ਭਾਅ ਹੁੰਦਿਆਂ, ਮਿਥੇ ਜਾ ਚੁੱਕੇ 15 ਸਤੰਬਰ ਵਾਲੇ ਘੁੱਗੀ ਦੇ ਪ੍ਰੋਗਰਾਮ ਦੀ ਰੂਪ ਰੇਖਾ ਸਬੰਧੀ ਮੇਰੇ ਨਾਲ ਸਲਾਹ-ਮਸ਼ਵਰੇ ਕਰਦਾ ਰਿਹਾ। ਅਖੀਰ ਉਸ ਨੇ ਮੈਨੂੰ ਪ੍ਰੋਗਰਾਮ ਦੀ ਤਰੀਕ ਨੋਟ ਕਰ ਲੈਣ ਲਈ ਕਹਿ ਕੇ ਗੱਲ ਮੁਕਾ ਦਿਤੀ।
ਘੁੱਗੀ ਦੇ ਇਸ ਪ੍ਰੋਗਰਾਮ ਤੋਂ ਠੀਕ ਪੰਜ ਦਿਨ ਪਹਿਲਾਂ 10 ਸਤੰਬਰ ਨੂੰ ਫਰਿਜ਼ਨੋ ਤੋਂ ਇਕ ਦੋਸਤ ਦਾ ਮਨਹੂਸ ‘ਮੈਸਿਜ’ ਆ ਗਿਆ ਕਿ ਨੀਟੇ ਦੇ ਮਾਤਾ ਜੀ ਪੂਰੇ ਹੋ ਗਏ ਹਨ।
ਆਮ ਆਦਮੀ ਪਾਰਟੀ ਦੇ ਫਰਿਜ਼ਨੋ ਚੈਪਟਰ ਵੱਲੋਂ ਗੁਰਪ੍ਰੀਤ ਸਿੰਘ ਘੁੱਗੀ ਦੇ ਸਵਾਗਤ ਹਿਤ ਅਖਬਾਰਾਂ ਵਿਚ ਛਪਦੇ ਆ ਰਹੇ ਵੱਡੇ ਵੱਡੇ ਇਸ਼ਤਿਹਾਰ ਅਤੇ ਸਥਾਨਕ ਰੇਡੀਓ ਸਟੇਸ਼ਨਾਂ ਤੋਂ ਸਮਾਗਮ ਨੂੰ ਸਫਲ ਬਣਾਉਣ ਲਈ ਹੋ ਰਹੀਆਂ ਅਨਾਊਂਸਮੈਂਟਾਂ ਬਾਰੇ ਸੋਚ ਕੇ ਮੇਰਾ ਦਿਲ ਪਸੀਜ ਗਿਆ ਕਿ ਮਾਦਰੇ-ਵਤਨ ਪ੍ਰਤੀ ਫਿਕਰਮੰਦ ਇਹ ਪਰਵਾਸੀ ਪੰਜਾਬੀ ਕਿਵੇਂ ਚਾਅ ਤੇ ਰੀਝ ਨਾਲ ‘ਆਪ’ ਦਾ ਸਮਾਗਮ ਕਰਵਾਉਣ ਲੱਗੇ ਨੇ, ਪਰæææ! ਸੋਚ ਰਿਹਾ ਸਾਂ ਕਿ ਭਾਵੇਂ ਫਰਿਜ਼ਨੋ ਵਾਲੇ ਸਾਰੇ ਵਰਕਰ ਫੁਰਤੀਲੇ ਅਤੇ ਸੂਝਵਾਨ ਹਨ, ਜੋ ਹਰ ਕੰਮ ਮੋਹਰੇ ਹੋ ਕੇ ਕਰਦੇ ਨੇæææ ਪਰ ਸਮਾਗਮਾਂ ਦੀ ਪ੍ਰਬੰਧਨ ਪ੍ਰਕਿਰਿਆ, ਸਟੇਜ ਸਕੱਤਰੀ ਤੋਂ ਲੈ ਕੇ ਲੰਗਰ-ਪਾਣੀ ਦੀ ਵਿਉਂਤਬੰਦੀ ਤੱਕ ਨੀਟਾ ਭਰਾ ਹੀ ਨਿਭਾਉਂਦਾ ਹੁੰਦਾ ਹੈ, ਪਰ ਹੁਣ ਉਹæææ।
ਫੋਨ ‘ਤੇ ਨੀਟਾ ਮਾਛੀਕੇ ਨਾਲ ਮਾਤਾ ਦਾ ਅਫਸੋਸ ਕਰਦਿਆਂ ਪਤਾ ਲੱਗਾ ਕਿ ਘੁੱਗੀ ਵਾਲੇ ਸਮਾਗਮ ਵਿਚ ਕੋਈ ਫੇਰ-ਬਦਲ ਨਹੀਂ ਕੀਤਾ ਜਾਣਾ। ਵਿਛੋੜਾ ਦੇ ਗਏ ਪੂਜਨੀਕ ਮਾਤਾ ਜੀ ਦੇ ਅੰਤਿਮ ਸੰਸਕਾਰ ਅਤੇ ਪਾਠ ਦੇ ਭੋਗ ਲਈ 17 ਸਤੰਬਰ ਦਾ ਦਿਨ ਨਿਸ਼ਚਿਤ ਕੀਤਾ ਗਿਆ, ਸਿਆਸੀ ਸਮਾਗਮ ਤੋਂ ਦੋ ਦਿਨ ਮਗਰੋਂ।
15 ਸਤੰਬਰ ਨੂੰ ਜਦ ਮੈਂ ਫਰਿਜ਼ਨੋ ‘ਆਪ’ ਦੇ ਸਮਾਗਮ ਵਿਚ ਪਹੁੰਚਿਆ ਤਾਂ ਸਟੇਜ ‘ਤੇ ਡਾਇਰੀ ਲਈ ਖਲੋਤੇ ਨੀਟੇ ਦੇ ਇਹ ਬੋਲ ਮੇਰੇ ਕੰਨੀ ਪਏ, “ਦੋਸਤੋ! ਸੰਨ 2017 ਪੰਜਾਬ ਵਾਸੀਆਂ ਲਈ ਤਬਦੀਲੀਆਂ ਦਾ ਹੋਕਾ ਲੈ ਕੇ ਆ ਰਿਹਾ ਹੈæææਆਪਾਂ ਸਾਰੇ ਰਲ-ਮਿਲ ਕੇ ਆਪਣੇ ਵਡਾਰੂਆਂ ਦੀ ਧਰਤੀ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ‘ਆਪ’ ਨਾਲ ਹੰਭਲਾ ਮਾਰੀਏæææ।”
ਗੱਲ ਕੀ, ਸਾਰੇ ਬੁਲਾਰਿਆਂ ਨੂੰ ਵਾਰੀ ਸਿਰ ਸਟੇਜ ‘ਤੇ ਬੁਲਾਉਂਦਿਆਂ ਉਹ ਕ੍ਰਾਂਤੀਕਾਰੀ ਸੁਰ ਵਾਲੇ ਸੰਜੀਦਾ ਸ਼ਿਅਰ ਕਹਿੰਦਾ ਹੋਇਆ ਮਾਹੌਲ ਨੂੰ ਇਨਕਲਾਬੀ ਪੁੱਠ ਚਾੜ੍ਹਦਾ ਰਿਹਾ। ਮਾਤਾ ਜੀ ਨੂੰ ਸ਼ਰਧਾਂਜਲੀ ਤਾਂ ਭਾਵੇਂ ਗੁਰਪ੍ਰੀਤ ਸਿੰਘ ਘੁੱਗੀ ਨੇ ਵੀ ਦਿਤੀ, ਪਰ ਜਦੋਂ ਇਕ ਬੁਲਾਰੇ ਦੇ ਕਹੇ ‘ਤੇ ਹਾਜ਼ਰੀਨ ਵਿਛੜੀ ਸ਼ਖਸੀਅਤ ਦੀ ਯਾਦ ਵਿਚ ਦੋ ਮਿੰਟ ਦਾ ਮੋਨ ਧਾਰ ਕੇ ਖੜ੍ਹੇ ਸਨ, ਤਦ ਮੈਂ ਦੇਖਿਆ ਨੀਟਾ ਵੈਰਾਗ ਨਾਲ ਭਰਿਆ ਆਪਣੀਆਂ ਅੱਖਾਂ ਪੂੰਝ ਰਿਹਾ ਸੀ।