ਗੁਲਜ਼ਾਰ ਸਿੰਘ ਸੰਧੂ
ਉਪਰੋਕਤ ਸ਼ਬਦਾਂ ਦੇ ਆਲੇ-ਦੁਆਲੇ ਘੁੰਮਦੇ ਸਿਰਲੇਖ Ḕਝੁਰਨਏ Aਾਟeਰ ੰਦਿਨਗਿਹਟ-ੀਨਦਅਿ, ਛਅਨਅਦਅ ਅਨਦ ਟਹe ੍ਰੋਅਦ ਭਏੋਨਦḔ ਉਜਲ ਦੁਸਾਂਝ ਦੀ ਸਵੈਜੀਵਨੀ ਹੈ। ਉਸ ਦਾ ਜਨਮ 14 ਅਕਤੂਬਰ 1946 ਦੀ ਅੱਧੀ ਰਾਤ ਦਾ ਹੈ। 15 ਅਗਸਤ 1947 ਤੋਂ ਇਕ ਦਿਨ ਘਟ ਦਸ ਮਹੀਨੇ ਪਹਿਲਾਂ ਦਾ ਉਹ ਆਪਣੀ ਮਾਂ ਦੀ ਕੁੱਖ ਵਾਲਾ ਘਰ ਛੱਡ ਕੇ ਲੰਮੇ ਪੈਂਡੇ ਦਾ ਯਾਤਰੀ ਬਣਿਆ ਤੇ ਅੱਜ ਤੱਕ ਵੀ ਹੈ। ਉਜਲ ਛੇ ਸਾਲ ਦਾ ਸੀ ਜਦੋਂ ਉਸ ਦੀ ਮਾਂ ਸੁਰਜੀਤ ਕੌਰ ਟੈਟਨਸ ਦਾ ਸ਼ਿਕਾਰ ਹੋ ਗਈ।
26 ਵਰ੍ਹੇ ਦੀ ਛੋਟੀ ਉਮਰੇ, ਜਦੋਂ ਉਸ ਦੇ ਚਾਰੇ ਬੱਚੇ ਅੱਠ ਸਾਲ ਤੋਂ ਛੋਟੀ ਉਮਰ ਦੇ ਸਨ। ਉਨ੍ਹਾਂ ਨੂੰ ਉਸ ਦੇ ਪੇਕਿਆਂ ਨੇ ਆਪਣੇ ਕੋਲ ਬਾਹੋਵਾਲ (ਹੁਸ਼ਿਆਰਪੁਰ) ਰੱਖ ਕੇ ਵੱਡਿਆਂ ਕੀਤਾ। ਉਜਲ ਦੀ ਮੁਢਲੀ ਵਿਦਿਆ ਪਿੰਡ ਬਾਹੋਵਾਲ ਦੇ ਪ੍ਰਾਇਮਰੀ ਸਕੂਲ ਦੀ ਹੈ।
ਨਾਨਕਿਆਂ ਦਾ ਮਾਹੌਲ ਹਰ ਪੱਖ ਤੋਂ ਅਗਾਂਹ ਵਧੂ ਤੇ ਵਿਦਿਆ ਦੇ ਪਸਾਰੇ ਵਾਲਾ ਸੀ। ਨਾਨਾ ਮੂਲਾ ਸਿੰਘ ਛੇ ਸਾਲ ਚੀਨ ਵਿਚ ਸਿਪਾਹੀ ਰਹਿ ਕੇ ਦੇਸ਼ ਪਰਤਿਆ ਸੀ। ਨਾਨਾ ਜੀ ਦੇ ਚਾਚਾ ਬੀਰ ਸਿੰਘ ਨੂੰ ਲਾਹੌਰ ਸਾਜ਼ਿਸ਼ ਕੇਸ ਵਿਚ ਫਾਂਸੀ ਲਾ ਦਿੱਤੀ ਗਈ ਸੀ। ਸੁਧਾਰ ਲਹਿਰ ਜ਼ੋਰਾਂ ਉਤੇ ਸੀ। ਮੂਲਾ ਸਿੰਘ ਨੇ 1921 ਵਿਚ ਨਨਕਾਣਾ ਸਾਹਿਬ ਦੇ ਜੋੜ ਮੇਲੇ ਵਿਚ ਭਾਗ ਲਿਆ ਜਿਥੇ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੇ ਬੋਲਾਂ ਨੇ ਉਸ ਨੂੰ ਬੜਾ ਪ੍ਰਭਾਵਤ ਕੀਤਾ। ਵਾਪਸ ਆ ਕੇ ਉਸੇ ਸਾਲ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਉਤੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦਾ ਫੈਸਲਾ ਕਰਕੇ ਕੁਝ ਹੀ ਦਿਨਾਂ ਵਿਚ ਮਾਹਿਲਪੁਰ ਦੇ ਇਲਾਕੇ ਤੋਂ ਪਝੰਤਰ ਬੰਦਿਆਂ ਦਾ ਜਥਾ ਲੈ ਕੇ 1922 ਦੀ 12 ਜਨਵਰੀ ਨੂੰ ਸਾਰੇ ਹੀ ਗੁਰਦੁਆਰੇ ਮਹੰਤਾਂ ਕੋਲੋਂ ਖੋਹ ਲਏ ਤਾਂ ਉਸ ਨੂੰ ਗੁਰਦੁਆਰਿਆਂ ‘ਤੇ ਜਬਰੀ ਕਬਜ਼ਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕਰਕੇ ਦੋ ਸਾਲ ਦੀ ਕੈਦ ਦਾ ਹੁਕਮ ਸੁਣਾ ਦਿੱਤਾ ਗਿਆ।
1924 ਵਿਚ ਕੈਦ ਕੱਟ ਕੇ ਪਿੰਡ ਆਏ ਤਾਂ ਦੇਸ਼ ਦੀ ਆਜ਼ਾਦੀ ਦਾ ਵੱਡਾ ਮਸਲਾ ਹਾਲੀ ਵੀ ਪਹਾੜ ਬਣਿਆ ਖੜ੍ਹਾ ਸੀ। ਮੂਲਾ ਸਿੰਘ ਇਸ ਪਿੜ ਵਿਚ ਨਿਤਰ ਪਏ। ਇਲਾਕੇ ਵਿਚ ਮੂਲਾ ਸਿੰਘ ਦੀ ਧਾਂਕ ਏਨੀ ਜੰਮ ਚੁੱਕੀ ਸੀ ਕਿ 1938 ਵਿਚ ਪੰਡਿਤ ਨਹਿਰੂ ਦੀ ਮਾਹਿਲਪੁਰ ਫੇਰੀ ਅਤੇ ਉਨ੍ਹਾਂ ਹੀ ਦਿਨਾਂ ਵਿਚ ਸੁਭਾਸ਼ ਚੰਦਰ ਦੀ ਹੁਸ਼ਿਆਰਪੁਰ, ਮਾਹਿਲਪੁਰ, ਗੜ੍ਹਸ਼ੰਕਰ ਤੇ ਬਲਾਚੌਰ ਦੀ ਫੇਰੀ ਸਮੇਂ ਸਵਾਗਤੀ ਜ਼ਿੰਮੇਵਾਰੀ ਉਨ੍ਹਾਂ ਨੂੰ ਹੀ ਸਂੌਪੀ ਗਈ।
ਮੂਲਾ ਸਿੰਘ ਅਗਾਂਹ ਵਧੂ ਬਿਰਤੀ ਦੇ ਮਾਲਕ ਸਨ। ਜਦੋਂ 1941 ਵਿਚ ਭਾਰਤ ਛੱਡੋ ਅੰਦੋਲਨ ਸਮੇਂ ਉਨ੍ਹਾਂ ਨੂੰ ਤਿੰਨ ਸਾਲ ਦੀ ਸਖਤ ਕੈਦ ਹੋਈ ਤਾਂ ਉਨ੍ਹਾਂ ਦੀ ਵੱਡੀ ਧੀ ਸੁਰਜੀਤ ਕੌਰ ਦੇ ਵਿਆਹ ਦੀ ਸਾਰੀ ਜ਼ਿੰਮੇਵਾਰੀ ਇਲਾਕੇ ਦੇ ਦੇਸ਼ ਭਗਤਾਂ ਨੇ ਨਿਭਾਈ। ਉਜਲ ਸਿੰਘ ਇਸੇ ਵਿਆਹ ਦੀ ਦੇਣ ਹੈ। ਉਜਲ ਦੇ ਅਜਿਹੇ ਨਾਨੇ ਦਾ ਪ੍ਰਭਾਵ ਤਾਂ ਉਸ ਉਤੇ ਹੋਣਾ ਕੁਦਰਤੀ ਹੀ ਸੀ। ਮਾਤਾ ਸੁਰਜੀਤ ਕੌਰ ਦੀ ਮ੍ਰਿਤੂ ਪਿੱਛੋਂ ਮਾਸੀ ਗੁਰਮੀਤ ਕੌਰ ਦਾ ਮੋਹ ਵੀ ਰੱਜ ਕੇ ਮਿਲਿਆ। ਗੁਰਮੀਤ ਕੌਰ ਦਾ ਜੀਵਨ ਅਧਿਆਪਨ ਵਿਚ ਲੰਘਿਆ ਅਤੇ ਉਨ੍ਹਾਂ ਦੇ ਪਤੀ ਵੀ 1988 ਵਿਚ ਹੁਸ਼ਿਆਰਪੁਰ ਦੇ ਘੰਟਾ ਘਰ ਵਾਲੇ ਸਕੂਲ ਤੋਂ ਹੈਡਮਾਸਟਰ ਵਜੋਂ ਸੇਵਾ ਮੁਕਤ ਹੋਏ।
ਭਾਵੇਂ ਉਜਲ ਮਾਂ ਦੀ ਮਮਤਾ ਤੋਂ ਵਾਂਝਾ ਰਿਹਾ ਸੀ, ਪਰ ਉਸ ਨੂੰ ਪਾਲਣ ਤੇ ਪਿਆਰ ਕਰਨ ਵਾਲੇ ਜੀਆਂ ਦਾ ਘਾਟਾ ਨਹੀਂ ਸੀ। ਉਸ ਦੇ ਤਾਏ ਦੀਆਂ ਤਿੰਨ ਧੀਆਂ, ਉਸ ਨੂੰ ਵੱਡੀਆਂ ਭੈਣਾਂ ਵਾਲਾ ਪਿਆਰ ਦਿੰਦੀਆਂ ਸਨ। ਮਾਸੀ ਆਪਣੇ ਤੋਂ ਵੱਡੀ ਭੈਣ ਦੇ ਬੱਚਿਆਂ ਕੋਲ ਦੁਸਾਂਝ ਕਲਾਂ ਹੀ ਰਹਿਣ ਲੱਗ ਪਈ ਸੀ।
ਉਜਲ ਦਾ ਪਿਤਾ ਪ੍ਰੀਤਮ ਸਿੰਘ ਵੀ ਪਿੰਡ ਦੇ ਹਾਈ ਸਕੂਲ ਵਿਚ ਅਧਿਆਪਕ ਸੀ। ਪਿਤਾ ਦੀ ਜਵਾਨੀ ਸਮੇਂ ਕਾਂਗਰਸ ਦਾ ਬੋਲ ਬਾਲਾ ਸੀ ਤੇ ਉਹ ਵੀ ਇਸ ਵਿਚ ਜਾ ਰਲਿਆ। ਉਜਲ ਦੀ ਉਮਰ ਦੇ ਵਿਕਾਸੀ ਵਰ੍ਹਿਆਂ ਵਿਚ ਉਸ ਉਤੇ ਇਨ੍ਹਾਂ ਦੋਵੇਂ ਮੁੱਖ ਧਾਰਾਵਾਂ ਦਾ ਪ੍ਰਭਾਵ ਹੋਣਾ ਕੁਦਰਤੀ ਸੀ।
ਉਜਲ 1964 ਵਿਚ ਇੰਗਲੈਂਡ ਚਲਾ ਗਿਆ ਤੇ ਚਾਰ ਸਾਲ ਦਿਨੇ ਨੌਕਰੀ ਤੇ ਰਾਤੀਂ ਸਕੂਲ ਦੀ ਪੜ੍ਹਾਈ ਕਰਦਾ ਰਿਹਾ। 1968 ਵਿਚ ਕੈਨੇਡਾ ਜਾ ਕੇ ਆਰਾ ਮਿੱਲਾਂ ਵਿਚ ਮਜ਼ਦੂਰੀ ਕਰਦਿਆਂ ਵਕਾਲਤ ਪਾਸ ਕਰ ਲਈ। ਇਥੇ ਖੇਤ ਮਜ਼ਦੂਰਾਂ, ਵਿਆਹੁਤਾ ਔਰਤਾਂ ਤੇ ਗੋਰਿਆਂ ਵਲੋਂ ਸਤਾਏ ਲੋਕਾਂ ਦੇ ਮੁਕਦਮੇ ਲੜਦਿਆਂ ਉਹ ਚੋਣਾਂ ਲੜ ਕੇ ਬ੍ਰਿਟਿਸ਼ ਕੋਲੰਬੀਆਂ ਦੇ ਪ੍ਰੀਮੀਅਰ (ਮੁਖ ਮੰਤਰੀ) ਦੀ ਪਦਵੀ ਤੱਕ ਪਹੁੰਚਿਆ। ਉਸ ਤੋਂ ਪਿੱਛੋਂ ਉਹ ਕੈਨੇਡਾ ਸਰਕਾਰ ਦਾ ਸਿਹਤ ਮੰਤਰੀ ਹੀ ਨਹੀਂ ਮਾਨਵੀ ਹੱਕਾਂ ਨਾਲ ਸਬੰਧਤ ਮਸਲਿਆਂ ਦਾ ਮੰਤਰੀ ਵੀ ਰਿਹਾ।
ਅਤਿਵਾਦ ਦਾ ਵਿਰੋਧੀ ਹੋਣ ਕਾਰਨ ਉਹਦੇ ਉਤੇ ਜਾਨਲੇਵਾ ਹਮਲਾ ਵੀ ਹੋਇਆ ਤੇ ਉਸ ਦੇ ਸਿਰ ਉਤੇ ਹੋਏ ਜ਼ਖਮਾਂ ਨੂੰ ਸਿਊਣ ਲਈ 84 ਟੰਕੇ ਲੱਗੇ। ਉਸ ਨੇ ਭਾਰਤ ਆ ਕੇ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਵਾਲ ਕਰ ਕੇ ਨਿਰੁਤਰ ਵੀ ਕੀਤਾ। ਉਸ ਦੀ ਸਵੈਜੀਵਨੀ ਵਧੀਆ ਜੀਵਨ ਜਿਉਣ ਅਤੇ ਭਾਰਤ ਤੇ ਕੈਨੇਡਾ ਦੀ ਚੰਗੀ ਸੇਵਾ ਕਮਾਉਂਦਿਆ ਨਾਮਣਾ ਖੱਟਣ ਵਾਲੀ ਹੈ। ਸਰਲ ਤੇ ਸ਼ੁੱਧ ਸ਼ੈਲੀ ਵਿਚ ਲਿਖੀ ਹੋਣ ਕਾਰਨ ਪਾਠਕ ਦੇ ਮਨ ਨੂੰ ਧੁਰ ਅੰਦਰ ਤੱਕ ਪ੍ਰਭਾਵਤ ਕਰਦੀ ਹੈ। ਇਸ ਨੂੰ ਸ਼ਸ਼ੀ ਥਰੂਰ, ਰਾਜਦੀਪ ਸਰਦੇਸਾਈ ਤੇ ਦੀਪਾ ਮਹਿਤਾ ਨੇ ਬੇਹਦ ਪਸੰਦ ਕੀਤਾ ਤੇ ਮਾਣਿਆ ਹੈ।
ਮੁਹਾਲੀ ਦੇ ਕਾਤਲਾਂ ਦੀਆਂ ਮੁਹਾਲੀ ਨੂੰ ਜੱਫੀਆਂ: ਚੰਡੀਗੜ੍ਹ ਦੇ ਹਵਾਈ ਅੱਡੇ ਨੂੰ ਕੌਮਾਂਤਰੀ ਦਰਜਾ ਮਿਲਦੇ ਸਾਰ ਇਸ ਦਾ ਸਿਆਸੀ ਲਾਭ ਲੈਣ ਲਈ ਸਿਆਸੀ ਪਾਰਟੀਆਂ ਨੇ ਆਪਣੇ ਹੱਥੀਂ ਕਤਲ ਕੀਤੀ ਮੁਹਾਲੀ ਨੂੰ ਜੱਫੀਆਂ ਪਾਉਣਾ ਸ਼ੁਰੂ ਕਰ ਦਿੱਤਾ ਹੈ। ਉਹ ਭੁੱਲ ਗਏ ਹਨ ਕਿ ਕਈ ਵਰ੍ਹੇ ਪਹਿਲਾਂ ਅਜਿਹਾ ਲਾਭ ਲੈਣ ਹਿੱਤ ਉਹ ਮੁਹਾਲੀ ਦਾ ਨਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਰੱਖ ਚੁੱਕੇ ਸਨ। ਉਨ੍ਹਾਂ ਦਾ ਇਸ ਅੱਡੇ ਨੂੰ ਚੰਡੀਗੜ੍ਹ ਨੂੰ ਮੁਹਾਲੀ ਕੌਮਾਂਤਰੀ ਹਵਾਈ ਅੱਡਾ ਬਣਾਉਣ ਲਈ ਤਰਲੇ ਮਾਰਨਾ ਬੜਾ ਹਾਸੋਹੀਣਾ ਹੈ। ਨਾ ਹੀ ਗੁਰੂ ਗੋਬਿੰਦ ਸਿੰਘ ਦੇ ਮਹਾਸਪੂਤ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਇਸ ਨਿੱਕੇ ਜਿਹੇ ਕਸਬੇ ਤੱਕ ਸੀਮਤ ਹੋਣ ਦੀ ਮੁਥਾਜੀ ਸੀ ਤੇ ਨਾ ਹੀ ਇਸ ਕਸਬੇ ਨੂੰ ਉਸ ਆਕਸੀਜਨ ਦੀ ਲੋੜ ਹੈ ਜਿਸ ਲਈ ਸਿਆਸੀ ਲਾਭ ਲੈਣ ਵਾਲੇ ਤਰਲੋਮੱਛੀ ਹੋ ਰਹੇ ਹਨ। ਵਧੀਆ ਗੱਲ ਤਾਂ ਇਹ ਹੋਵੇ ਕਿ ਅਕਾਲੀ-ਭਾਜਪਾ ਸਰਕਾਰ ਕੇਂਦਰ ਦੀ ਸਰਕਾਰ ਤੋਂ ਚੰਡੀਗੜ੍ਹ ਹੀ ਪੰਜਾਬ ਲਈ ਲੈ ਲਵੇ। ਇਸ ਦਾ ਸਿਆਸੀ ਲਾਭ ਹਜ਼ਾਰ ਗੁਣਾ ਵਧ ਹੋਵੇਗਾ।
ਅੰਤਿਕਾ: ਈਸ਼ਵਰ ਚਿੱਤਰਕਾਰ
ਦੁਸ਼ਮਣ ਬਣੀ ਹੈ ਹੁਣ ਤਾਂ ਆਪਣੀ ਇਕੱਲਤਾ ਹੀ
ਮੰਜ਼ਿਲ ‘ਤੇ ਆ ਗਿਆ ਹਾਂ ਹੋਰਾਂ ਤੋਂ ਮੈਂ ਅਗੇਰੇ।