ਉਘੇ ਸਿੱਖ ਚਿੰਤਕ ਡਾæ ਬਲਕਾਰ ਸਿੰਘ ਨੇ ਹਾਲ ਹੀ ਵਿਚ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਸਿੱਖਇਜ਼ਮ, ਬਹਾਦਰਗੜ੍ਹ (ਪਟਿਆਲਾ) ਵਿਖੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਹੈ। ਉਹ ਸਿੱਖ ਪੰਥ ਦੀ ਝੋਲੀ ਵਿਚ ਸਿੱਖ ਰਹੱਸਵਾਦ, ਅਕਾਲ ਤਖ਼ਤ ਜੋਤ ਤੇ ਜੁਗਤ, ਗੁਰੂ ਨਾਨਕ ਚਿੰਤਨ ਵਰਗੀਆਂ ਕਈ ਮਿਆਰੀ ਪੁਸਤਕਾਂ ਪਾ ਚੁੱਕੇ ਹਨ।
ਪੱਤਰਕਾਰ ਸੁਰਿੰਦਰਪਾਲ ਸਿੰਘ ਸਰਾਓ ਵੱਲੋਂ ਉਨ੍ਹਾਂ ਨਾਲ ਕੀਤੀ ਮੁਲਾਕਾਤ ਵਿਚ ਡਾæ ਬਲਕਾਰ ਸਿੰਘ ਨੇ ਕਈ ਅਹਿਮ ਨੁਕਤਿਆਂ ਬਾਬਤ ਆਪਣੀ ਰਾਏ ਪ੍ਰਗਟ ਕੀਤੀ ਹੈ ਜਿਨ੍ਹਾਂ ਨਾਲ ਅੱਜ ਸਿੱਖ ਭਾਈਚਾਰਾ ਦੋ-ਚਾਰ ਹੋ ਰਿਹਾ ਹੈ। -ਸੰਪਾਦਕ
ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਸਿੱਖਇਜ਼ਮ ਇੰਸਟੀਚਿਊਟ ਨੂੰ ਸਿੱਖੀ ਬਾਰੇ ਹੋ ਰਹੇ ਖੋਜ ਕਾਰਜਾਂ ਅਤੇ ਦੁਨੀਆ ਭਰ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਧਰਮ, ਅਧਿਆਤਮ, ਵਿਗਿਆਨ, ਸਾਹਿਤ ਅਤੇ ਸਭਿਆਚਾਰ ਦੀ ਜਾਣਕਾਰੀ ਦੇਣ ਲਈ ਸਰਗਰਮ ਸੰਸਥਾਵਾਂ ਵਿਚ ਅਨੂਠਾ ਵਾਧਾ ਕਿਹਾ ਜਾ ਸਕਦਾ ਹੈ। ਸਿੱਖੀ ਦੇ ਪਸਾਰ ਲਈ ਇਸ ਇੰਸਟੀਚਿਊਟ ਦੁਆਰਾ ਨਿਭਾਈ ਜਾਣ ਵਾਲੀ ਭੂਮਿਕਾ ਬਾਰੇ ਡਾæ ਬਲਕਾਰ ਸਿੰਘ ਦੱਸਦੇ ਹਨ ਕਿ ਮੌਜੂਦਾ ਸਮੇਂ ਸਿੱਖ ਗਲੋਬਲ ਭਾਈਚਾਰਾ ਬਣ ਚੁੱਕੇ ਹਨ ਜਿਸ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੁਰਮਤਿ ਰੰਗ ਵਿਚ ਸਮਝਣਾ ਅਤੇ ਸਮਝਾਉਣਾ ਬੇਹੱਦ ਜ਼ਰੂਰੀ ਹੈ। ਵਿਦੇਸ਼ਾਂ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਗੁਰਮਤਿ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਜਿਸ ਲਈ ਇੰਸਟੀਚਿਊਟ ਦੁਆਰਾ ਪਰਵਾਸੀ ਸਿੱਖਾਂ ਲਈ ਆਨਲਾਈਨ ਗੁਰਮਤਿ ਕੋਰਸ ਸ਼ੁਰੂ ਕਰਨ ਦੀ ਤਜਵੀਜ਼ ਬਣਾਈ ਜਾ ਰਹੀ ਹੈ। ਇਹ ਆਨਲਾਈਨ ਕੋਰਸ ਵਿਦੇਸ਼ਾਂ ਵਿਚਲੇ ਗੁਰੂਘਰਾਂ ਵਿਚ ਸ਼ੁਰੂ ਕੀਤੇ ਜਾਣਗੇ ਜਿਸ ਦਾ ਉਦੇਸ਼ ਗੁਰੂਘਰਾਂ ਵਿਚ ਸੇਵਾ ਨਿਭਾਅ ਰਹੇ ਪਾਠੀ ਤੇ ਕੀਰਤਨੀਏ ਸਿੰਘਾਂ ਅਤੇ ਧਰਮ ਪ੍ਰਚਾਰਕਾਂ ਨੂੰ ਸਮਕਾਲ ਦੇ ਹਾਣੀ ਬਣਾਉਣਾ ਹੈ ਤਾਂ ਕਿ ਉਹ ਨਵੀਂ ਪੀੜ੍ਹੀ ਤਕ ਗੁਰਮਤਿ ਦਾ ਸਹੀ ਪ੍ਰਚਾਰ ਅਤੇ ਪਾਸਾਰ ਕਰ ਸਕਣ।
ਗਿਆਨ ਦੀ ਸਰਦਾਰੀ ਦੇ ਇਸ ਦੌਰ ਵਿਚ ਗੁਰਮਤਿ ਗਿਆਨ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣਾ ਵੱਡੀ ਚੁਣੌਤੀ ਹੈ ਜਿਸ ਦਾ ਮੁਕਾਬਲਾ ਕਰਨ ਲਈ ਡਾæ ਬਲਕਾਰ ਸਿੰਘ ਨੇ ਪ੍ਰਭਾਵਸ਼ਾਲੀ ਯੋਜਨਾ ਉਲੀਕੀ ਹੈ। ਉਹ ਗਿਆਨ ਦੇ ਸਿੱਖ ਪ੍ਰਸੰਗ ਨੂੰ ਸਮੁੱਚੀ ਦੁਨੀਆ ਤੱਕ ਪੁੱਜਦਾ ਕਰਨ ਲਈ ਗੁਰਮਤਿ-ਪੀਡੀਆ ਸ਼ੁਰੂ ਕਰ ਰਹੇ ਹਨ। ਉਹ ਦੱਸਦੇ ਹਨ ਕਿ ਗੁਰਮਤਿ-ਪੀਡੀਆ ਦਾ ਮਕਸਦ ਇੰਟਰਨੈੱਟ ਨਾਲ ਜੁੜੇ ਲੋਕਾਂ ਨੂੰ ਗੁਰਮਤਿ ਬਾਰੇ ਭਰੋਸੇਯੋਗ ਅਤੇ ਪ੍ਰਮਾਣਿਤ ਗਿਆਨ ਸਮੱਗਰੀ ਮੁਹੱਈਆ ਕਰਨਾ ਹੈ।
ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਸਿੱਖਇਜ਼ਮ ਦੁਆਰਾ ਦੁਨੀਆ ਵਿਚ ਵਧ ਰਹੀ ਫਿਰਕੂ/ਨਸਲੀ ਹਿੰਸਾ ਦੇ ਇਸ ਦੌਰ ਵਿਚ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਗੁਰਮਤਿ ਦ੍ਰਿਸ਼ਟੀ-2020 ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਇਸ ਬਾਰੇ ਸਮੁੱਚੇ ਸਿੱਖ ਭਾਈਚਾਰੇ ਨੂੰ ਅਪੀਲ ਕਰਦੇ ਹੋਏ ਡਾæ ਬਲਕਾਰ ਸਿੰਘ ਕਹਿੰਦੇ ਹਨ- ਸਾਡੀ ਰੀਝ ਹੈ ਕਿ ਹਰ ਸਿੱਖ ਇਸ ਦ੍ਰਿਸ਼ਟੀ ਨੂੰ ਘੜਨ ਵਿਚ ਯੋਗਦਾਨ ਪਾਵੇ। ਮੌਜੂਦਾ ਸਮੇਂ ਸੈਮੀਨਾਰਾਂ, ਕਾਨਫਰੰਸਾਂ, ਗੋਸ਼ਟੀਆਂ ਅਤੇ ਮੀਡੀਆ ਵਿਚ ਸਿੱਖ ਭਾਈਚਾਰੇ ਨੂੰ ਆਲਮੀ ਪੱਧਰ ‘ਤੇ ਪੇਸ਼ ਆ ਰਹੇ ਖਤਰਿਆਂ ਬਾਰੇ ਕਾਫੀ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਇਹ ਖਤਰੇ ਸਥਾਨਕ ਧਰਮਾਂ, ਭਾਸ਼ਾਵਾਂ ਅਤੇ ਸਭਿਆਚਾਰਾਂ ਲਈ ਖੜ੍ਹੇ ਹੋਏ ਹਨ, ਇਸ ਲਈ ਇਨ੍ਹਾਂ ਨਵੇਂ ਖਤਰਿਆਂ ਦੇ ਸਨਮੁਖ ਗੁਰਮਤਿ ਦ੍ਰਿਸ਼ਟੀ 2020 ਦੀ ਵਿਉਂਤਬੰਦੀ ਦੀ ਲੋੜ ਹੈ। ਪੇਸ਼ ਹਨ ਉਨ੍ਹਾਂ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼:
ਸਵਾਲ: ਜਥੇਦਾਰ ਟੌਹੜਾ ਦੇ ਜੀਵਨ ਦੇ ਆਖ਼ਰੀ ਦਹਾਕੇ ਦੌਰਾਨ ਤੁਸੀਂ ਉਨ੍ਹਾਂ ਦੇ ਅਹਿਮ ਵਿਸ਼ਵਾਸਪਾਤਰਾਂ ਵਿਚ ਸ਼ਾਮਲ ਸਉ, ਹੁਣ ਉਨ੍ਹਾਂ ਦੀ ਸਿੱਖ ਵਿਚਾਰਧਾਰਾਈ ਵਿਰਾਸਤ ਨੂੰ ਅੱਗੇ ਲਿਜਾਣ ਲਈ ਬਣੀ ਇੰਸਟੀਚਿਊਟ ਦੇ ਰਹਿਨੁਮਾ ਵਜੋਂ ਕੰਮ ਕਰਦਿਆਂ ਤੁਸੀਂ ਦੁਨੀਆ ਭਰ ਵਿਚ ਵੱਧ ਰਹੀ ਨਸਲੀ ਅਤੇ ਫਿਰਕੂ ਹਿੰਸਾ ਦੇ ਖਤਰੇ ਦੀ ਗੱਲ ਕੀਤੀ ਹੈ, ਪਰ ਜਥੇਦਾਰ ਟੌਹੜਾ ਦੇ ਜਿਉਂਦੇ ਜੀਅ ਉਨ੍ਹਾਂ ਦਾ ਨਾਂ ਪੰਜਾਬ ਦੀ ਖਾੜਕੂ ਲਹਿਰ ਦੇ ਮੋਢੀ ਸਮਰਥਕ ਵਜੋਂ ਅਕਸਰ ਲਿਆ ਜਾਂਦਾ ਰਿਹਾ ਸੀ। ਉਸ ਲਹਿਰ ਦੇ ਸਮਰਥਕ ਬੁੱਧੀਜੀਵੀ, ਲੋੜ ਪੈਣ Ḕਤੇ ਥਾਪੜੇ ਲਈ ਉਨ੍ਹਾਂ Ḕਤੇ ਟੇਕ ਅਕਸਰ ਰੱਖਦੇ ਸੁਣੇ ਜਾਂਦੇ ਰਹੇ ਹਨ। ਤੁਹਾਡਾ ਉਸ ਬਾਰੇ ਕੀ ਕਹਿਣਾ ਹੈ?
ਜਵਾਬ: ਹਿੰਸਕ ਸਿਆਸਤ ਦੀ ਅਜੋਕੇ ਯੁੱਗ ਵਿਚ ਸਾਰਥਕਤਾ Ḕਤੇ ਮੈਨੂੰ ਸਦਾ ਹੀ ਸੰਦੇਹ ਰਿਹਾ ਹੈ। ਜਥੇਦਾਰ ਟੌਹੜਾ ਦਾ ਨਾਂ ਉਸ ਸਿਆਸਤ ਨਾਲ ਜੁੜਦਾ ਰਿਹਾ ਹੈ ਅਤੇ ਖੁਦ ਮੈਨੂੰ ਵੀ ਇਹ ਸਵਾਲ ਹੁੰਦੇ ਰਹੇ ਹਨ ਕਿ ਜਥੇਦਾਰ ਨਾਲ ਮੇਰੀ ਨੇੜਤਾ ਦਾ ਤਰਕ ਕੀ ਸੀ। ਪਹਿਲੀ ਗੱਲ ਤਾਂ ਜਥੇਦਾਰ ਟੌਹੜਾ ਨਾਲ ਮੇਰਾ ਸਤਿਕਾਰ-ਮੁਹੱਬਤ ਦਾ ਰਿਸ਼ਤਾ ਸੀ। ਮੈਂ ਉਨ੍ਹਾਂ ਦੀ ਸਿਆਸਤ ਦੀ ਸਮੁੱਚੀ ਵਿਆਕਰਨ, ਮਜਬੂਰੀਆਂ ਅਤੇ ਅੰਤਰ-ਵਿਰੋਧਾਂ ਨੂੰ ਸਦਾ ਇਸੇ ਨਜ਼ਰੀਏ ਤੋਂ ਹੀ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਇਹ ਸੋਚਦਿਆਂ ਹੀ ਮੈਂ ਉਨ੍ਹਾਂ ਬਾਰੇ Ḕਪੰਜਾਬ ਦਾ ਬਾਬਾ ਬੋਹੜ: ਗੁਰਚਰਨ ਸਿੰਘ ਟੌਹੜਾ’ ਪੁਸਤਕ ਲਿਖਣ ਦੀ ਜ਼ਿੰਮੇਵਾਰੀ ਓਟੀ ਸੀ। ਇਹ ਪੁਸਤਕ ਲਿਖਣ ਲਈ ਮੇਰੇ ਮਿੱਤਰ ਅਤੇ ਅਜ਼ੀਜ਼ ਗੁਰਦਰਸ਼ਨ ਸਿੰਘ ਬਾਹੀਆ ਦੀ ਵੀ ਨਿਰਣਾਇਕ ਪ੍ਰੇਰਨਾ ਸੀ। ਉਸ ਪੁਸਤਕ ਦੇ ਮੁੱਖਬੰਦ ਵਿਚ, ਪਹਿਲੇ ਪੰਨੇ Ḕਤੇ ਹੀ ਮੈਂ ਲਿਖਿਐ ਕਿ ਜਥੇਦਾਰ ਟੌਹੜਾ ਪੰਥਕ ਜਜ਼ਬੇ ਨਾਲ ਵਰੋਸਾਏ ਹੋਏ ਸਨ, ਉਹ ਸ਼੍ਰੋਮਣੀ ਕਮੇਟੀ ਦੇ ਮੁਖੀ ਸਨ, ਤੇ ਸਿੱਖ ਪੰਥ ਦੇ ਵੱਡੇ ਹੋਣੀਆਂ ਭਰਪੂਰ ਸਮੇਂ ਦੌਰਾਨ ਉਹ ਸਿੱਖ ਸਿਆਸਤ ਨਾਲ ਵੀ ਨੇੜਿਓਂ ਜੁੜੇ ਹੋਏ ਸਨ ਅਤੇ ਉਨ੍ਹਾਂ ਦੀ ਕੇਂਦਰੀ ਰੀਝ ਇਹ ਸੀ ਕਿ ਸਰਕਾਰੀ ਸੱਤਾ ਅਤੇ ਪੰਥਕ ਜਜ਼ਬੇ ਦਾ ਟਕਰਾਉ ਘੱਟੋ-ਘੱਟ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਅੰਦਰ ਨਾ ਹੋਵੇ। ਉਹ ਉਸ ਵਿਚ ਕਿੰਨਾ ਕੁ ਕਾਮਯਾਬ ਹੋਏ ਅਤੇ ਜੇ ਨਾਕਾਮਯਾਬ ਹੋਏ ਤਾਂ ਉਹ ਕਿਹੜੇ ਕਾਰਨ ਸਨ, ਇਹ ਤਾਂ ਨੌਜਵਾਨ ਲਿਖਾਰੀਆਂ ਜਾਂ ਸਮਕਾਲੀ ਇਤਿਹਾਸਕਾਰਾਂ ਨੇ ਲੱਭਣੇ ਹਨ, ਪਰ ਮੇਰਾ ਆਪਣਾ ਪੱਕਾ ਇਤਕਾਦ ਹੈ ਕਿ ਜਥੇਦਾਰ ਨੇ ਆਪਣੀ ਸਮਰੱਥਾ ਅਨੁਸਾਰ ਪੰਥਕ ਸਿਆਸਤ ਨੂੰ ਪੰਥਕ ਸੁਰ ਦੇ ਨੇੜੇ ਰੱਖਣ ਦੀ ਕੋਸ਼ਿਸ਼ ਜ਼ਰੂਰ ਕੀਤੀ।
ਮੈਂ ਆਪਣੀ ਇਸੇ ਪੁਸਤਕ ਵਿਚ ਕਿਹਾ ਹੋਇਐ ਕਿ ਟੌਹੜਾ ਸ਼ਾਤਰ ਜਾਂ ਚਲਾਕ ਸਿਆਸਤਦਾਨ ਨਹੀਂ ਸਨ, ਹਾਂ ਉਹ ਸਮੇਂ ਦੇ ਤਕਾਜ਼ਿਆਂ ਅਤੇ ਸੀਮਾਵਾਂ ਤੋਂ ਚੌਕਸ ਤੇ ਚੇਤੰਨ ਜ਼ਰੂਰ ਸਨ। ਅਜਿਹੀ ਚੇਤਨਾ ਨਾਲੋਂ ਟੁੱਟੀ ਹੋਈ ਕੋਈ ਵੀ ਸਰਗਰਮੀ ਜਾਂ ਹਾਜ਼ਰ ਜੁਆਬੀ ਉਸਾਰੂ ਕਦੇ ਵੀ ਨਹੀਂ ਹੁੰਦੀ। ਗਰਮ ਧੜੇ ਦੇ ਬਹੁਤੇ ਵਿਦਵਾਨਾਂ ਵਿਚ ਉਨ੍ਹਾਂ ਨੂੰ ਇਹੋ ਘਾਟ ਨਜ਼ਰ ਆਉਂਦੀ ਸੀ। ਮਸਲਨ, ਅਜਿਹੇ ਬੁੱਧੀਜੀਵੀਆਂ ਦੇ ਜਵਾਬ ਦੇਣ ਦੀ ਥਾਂ ਉਨ੍ਹਾਂ ਨੇ ਅਜਿਹੇ ਬੁੱਧੀਜੀਵੀਆਂ ਨੂੰ ਲੁਹਾਰੀ ਵਿਦਵਾਨ ਆਖ ਕੇ ਗੱਲ ਮੁਕਾ ਦਿਤੀ ਸੀ। ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨੀਂ ਉਹ ਨਿਰਾਸ਼ ਸਨ ਅਤੇ ਪ੍ਰੇਸ਼ਾਨ ਵੀ। ਉਨ੍ਹਾਂ ਦਾ ਕਹਿਣਾ ਸੀ ਕਿ ਜਿਵੇਂ ਲੁਹਾਰ ਤਲਵਾਰ ਘੜ ਕੇ ਲੋਕਾਂ ਦੇ ਹੱਥਾਂ ਵਿਚ ਲੜਾਈ ਲੜਨ ਲਈ ਫੜਾਉਂਦਾ ਤਾਂ ਹੈ, ਪਰ ਆਪ ਤਲਵਾਰ ਨਹੀਂ ਚਲਾਉਂਦਾ। ਇਵੇਂ ਹੀ ਆਮ ਸਿੱਖਾਂ ਦੇ ਸਰੋਕਾਰਾਂ ਨਾਲੋਂ ਟੁੱਟੇ ਹੋਏ ਅਜਿਹੇ ਤੁੰਦ ਵਿਦਵਾਨ ਤੱਤੇ ਨਾਹਰਿਆਂ ਦੀ ਪਾਣ ਚੜ੍ਹਾ-ਚੜ੍ਹਾ ਕੇ ਤਲਵਾਰਾਂ ਤਾਂ ਸਾਡੇ ਹੱਥੀਂ ਫੜਾਉਂਦੇ ਰਹੇ; ਸਮਾਂ, ਸਥਾਨ ਵਿਚਾਰਨਾ ਤਾਂ ਪਾਸੇ ਰਿਹਾ, ਉਨ੍ਹਾਂ ਇਹ ਵੀ ਕਦੀ ਦਸਿਆ ਨਾ ਕਿ ਉਹ ਜਿਸ ਗੱਲ Ḕਤੇ ਜ਼ੋਰ ਦੇਈ ਜਾਂਦੇ ਹਨ, ਉਸ ਨਾਲ ਸਿੱਖਾਂ ਦੀ ਅਜੋਕੀ ਨੌਜਵਾਨ ਪੀੜ੍ਹੀ ਦਾ ਭਲਾ ਕਿਵੇਂ ਹੋਵੇਗਾ। ਟੌਹੜਾ ਸਾਹਿਬ ਨੂੰ ਗਰਮ ਖੇਮੇ ਦੇ ਉਨ੍ਹਾਂ ਦੇ Ḕਹਿਤੈਸ਼ੀਆਂ’ ਅਤੇ ਨਰਮ ਧੜੇ ਵਿਚ ਉਨ੍ਹਾਂ ਦੇ Ḕਵਿਰੋਧੀਆਂ’ ਨੇ ਸਦਾ ਹੀ ਬੜਾ ਯਰਕਾਇਆ ਅਤੇ ਉਮਰ ਭਰ ਦੀ ਇਹੋ ਖਿੱਚ-ਧੂਹ ਹੀ ਅਖੀਰ ਉਨ੍ਹਾਂ ਦੇ ਲੰਮੇ ਰਾਜਸੀ ਜੀਵਨ ਦੀ ਤਰਾਸਦੀ ਹੋ ਨਿਬੜੀ।
ਸਵਾਲ: ਧਾਰਮਿਕ ਬੁਨਿਆਦਪ੍ਰਸਤੀ ਅਤੇ ਦੁਨੀਆ ਵਿਚ ਨਸਲੀ/ਫਿਰਕੂ ਹਿੰਸਾ ਵਿਚ ਵਾਧੇ ਤੋਂ ਤੁਹਾਡੀ ਕੀ ਮੁਰਾਦ ਹੈ?
ਜਵਾਬ: ਮੇਰਾ ਇਸ਼ਾਰਾ ਗੁਆਂਢੀ ਦੇਸ਼ ਪਾਕਿਸਤਾਨ, ਇਰਾਕ ਅਤੇ ਸੀਰੀਆ ਵਿਚ ਸੁੰਨੀ ਤੇ ਸ਼ੀਆ ਭਾਈਚਾਰਿਆਂ ਦੀ ਇਕ ਦੂਸਰੇ ਪ੍ਰਤੀ ਅੰਨ੍ਹੀ ਨਫ਼ਰਤ ਅਤੇ ਹਿੰਸਾ ਤੋਂ ਹੈ। ਕਸ਼ਮੀਰ ਵਿਚ ਹਿੰਸਾ ਦੀ ਵੀ ਮੈਨੂੰ ਕਦੀ ਸਮਝ ਨਹੀਂ ਆਈ। ਸਿੰਧੀਆਂ, ਪਖਤੂਨਾਂ ਤੇ ਬਲੋਚਾਂ ਨੂੰ ਪਾਕਿਸਤਾਨੀਆਂ ਨੇ ਕਿੰਨੀ ਕੁ ਆਜ਼ਾਦੀ ਦੇ ਰੱਖੀ ਹੈ ਅਤੇ ਕਸ਼ਮੀਰੀ ਖਾੜਕੂ ਪਾਕਿਸਤਾਨ ਵਿਚ ਜਾ ਕੇ ਕਿਸ ਕਿਸਮ ਦੀ ਆਜ਼ਾਦੀ ਭਾਲ ਰਹੇ ਹਨ। ਬੇਲੋੜਾ ਖੂਨ ਖ਼ਰਾਬਾ ਕਰੀ ਜਾ ਰਹੇ ਹਨ, ਪਰ ਚੰਗੀ ਗੱਲ ਇਹ ਹੈ ਕਿ ਅੱਜ ਦੁਨੀਆ ਭਰ ਦੇ ਮੁਸਲਮਾਨ ਭਾਈਚਾਰੇ ਅੰਦਰ ਆਪਣੀਆਂ ਧਾਰਮਿਕ ਜੜ੍ਹਾਂ ਅਤੇ ਵਿਰਾਸਤੀ ਮੁੱਲਾਂ ਦੀ ਸਾਰਥਕਤਾ ਨੂੰ ਅਜੋਕੇ ਪ੍ਰਸੰਗਾਂ ਨਾਲ ਜੋੜ ਕੇ ਸਮਝਣ ਅਤੇ ਕੁਰਾਨ ਨੂੰ ਵਾਰ ਵਾਰ ਨਵੇਂ ਸਿਰੇ ਤੋਂ ਸਮਝਣ ਅਤੇ ਉਸ ਦੀ ਵਿਆਖਿਆ ਨੂੰ ਲੈ ਕੇ ਲਈ ਬੜੀ ਸ਼ਿੱਦਤ ਭਰਪੂਰ ਬਹਿਸ ਚੱਲੀ ਹੋਈ ਹੈ। ਇਕ ਸਮੇਂ ਤਾਂ ਆਇਤਉਲਾ ਖ਼ੋਮੀਨੀ, ਉਸਾਮਾ ਬਿਨ-ਲਾਦਿਨ ਅਤੇ ਅਲ-ਜ਼ਵਾਹਰੀ ਵਰਗੇ ਸੱਜਣ ਹੀ ਇਸਲਾਮੀ ਚਿੰਤਨ ਦਾ ਪੂਰਾ ਅਸਮਾਨ ਮੱਲੀ ਬੈਠੇ ਸਨ। ਹੁਣ ਤਾਰਿਕ ਫ਼ਤਿਹ, ਇਰਸ਼ਾਦ ਮਾਂਜੀ ਵਰਗੇ ਲੋਕ ਧਰਮ, ਖਾਸ ਕਰ ਕੇ ਇਸਲਾਮ ਦੀ ਬੜੀ ਜ਼ਬਰਦਸਤ ਸਮਾਨੰਤਰ ਵਿਆਖਿਆ ਲੈ ਕੇ ਸਾਹਮਣੇ ਆ ਰਹੇ ਹਨ। ਇਰਸ਼ਾਦ ਮਾਂਜੀ ਦੀ Ḕਟਰੱਬਲ ਵਿਦਇਨ ਇਸਲਾਮ’ ਅਤੇ ਤਾਰਿਕ ਫ਼ਤਿਹ ਦੀ Ḕਚੇਜਿੰਗ ਏ ਮੀਰਾਜ’ ਮੈਂ ਪੜ੍ਹੀਆਂ ਹਨ ਅਤੇ ਮੈਨੂੰ ਇਹ ਚਿੰਤਕ ਬੜੇ ਵੱਡੇ ਹੌਸਲੇ ਅਤੇ ਅਕੀਦਤ ਵਾਲੇ ਨਜ਼ਰ ਆ ਰਹੇ ਹਨ। ਤਾਰਿਕ ਫ਼ਤਿਹ ਲਾਹੌਰ ਦਾ ਜੰਮਪਲ ਹੈ ਅਤੇ ਉਹ ਸਿੱਖ ਧਰਮ ਦੇ ਮਾਨਵਵਾਦੀ-ਹਾਂਦਰੂ ਸੰਦੇਸ਼ ਤੋਂ ਸਭ ਤੋਂ ਵੱਧ ਪ੍ਰੇਰਤ ਹੈ। ਆਪਣੀ ਪੁਸਤਕ ਦੇ ਸ਼ੁਰੂ ਵਿਚ ਉਸ ਇਹ ਗੱਲ ਸਪਸ਼ਟ ਅਤੇ ਬੜੀ ਹੀ ਜ਼ੋਰਦਾਰ, ਜਜ਼ਬਾਤੀ ਸੁਰ ਵਿਚ ਕਹੀ ਵੀ ਹੋਈ ਹੈ। ਅਜੇ ਪਿਛਲੇ ਵਰ੍ਹੇ ਹੀ ਉਸ ਦੀ Ḕਹਿੰਦੂ ਇਜ਼ ਨਾਟ ਮਾਈ ਐਨਿਮੀ’ ਨਾਂ ਦੀ ਕਿਤਾਬ ਵੀ ਛਪ ਕੇ ਆਈ ਹੈ ਜੋ ਕਾਫੀ ਚਰਚਾ ਵਿਚ ਹੈ।
ਮੇਰਾ ਮਤਲਬ, ਦੁਨੀਆ ਸਾਹਮਣੇ ਇਸ ਸਮੇਂ ਚੁਣੌਤੀ ਇਕੱਲੀ ਨਸਲੀ/ਫਿਰਕੂ ਹਿੰਸਾ ਹੀ ਨਹੀਂ, ਕਾਰਪੋਰੇਟ ਜਗਤ ਵੱਲੋਂ ਅੰਨ੍ਹੇ ਮੁਨਾਫਿਆਂ ਦੀ ਦੌੜ ਵਿਚ ਕੁਦਰਤੀ ਵਾਤਵਰਨ ਵਿਰੁਧ ਕੀਤੀ ਜਾ ਰਹੀ ਵਿਕਰਾਲ ਤਬਾਹੀ ਨੂੰ ਠੱਲ੍ਹ ਪਾਉਣ ਦੀ ਵੀ ਲੋੜ ਹੈ। ਦੁਨੀਆ ਇਸ ਸਮੇਂ ਮਹਾਂ-ਪਰਲੋ ਵੱਲ ਧੱਕੀ ਜਾ ਰਹੀ ਹੈ। ਵਕਤ ਖੜ੍ਹੋ ਕੇ ਸੋਚਣ ਦਾ ਹੈ; ਅੰਨ੍ਹੇਵਾਹ ਲੜੀ ਜਾਣ ਦਾ ਨਹੀਂ। ਖੜ੍ਹੋ ਕੇ ਕੀਤੇ ਉਤੇ ਨਜ਼ਰ ਮਾਰਨ ਦਾ ਹੈ। ਇਸ ਪ੍ਰਸੰਗ ਵਿਚ ਗੁਰੂ ਨਾਨਕ ਦੀ ਬਾਣੀ ਦੇ ਇਲਾਹੀ ਸੰਦੇਸ਼ ਦੀ ਸਾਰਥਕਤਾ ਜਿੰਨੀ ਅੱਜ ਹੈ, ਉਹ ਪਹਿਲਾਂ ਤੋਂ ਵੀ ਕਿਧਰੇ ਜ਼ਿਆਦਾ ਹੈ। ਸਿੱਖ ਨੌਜਵਾਨ ਚਿੰਤਕਾਂ ਦੀ ਅਜੋਕੀ ਪੀੜ੍ਹੀ ‘ਤੇ ਇਹ ਜ਼ਿੰਮੇਵਾਰੀ ਹੈ ਕਿ ਉਹ ਬਾਬੇ ਨਾਨਕ ਦੇ ਸੰਦੇਸ਼ ਨੂੰ ਸਮਕਾਲੀ ਮੁਹਾਂਦਰੇ ਵਿਚ ਦੁਨੀਆ ਸਾਹਮਣੇ ਲੈ ਕੇ ਆਉਣ।
ਸਵਾਲ: ਪੰਜਾਬ ਵਿਚ ਚੋਣਾਂ ਦਾ ਡੌਰੂ ਵੱਜਿਆ ਖੜ੍ਹਾ ਹੈ। ਨਿੱਤ ਦਿਨ ਸਿਆਸਤਦਾਨਾਂ ਦੇ ਨਵੇਂ-ਨਵੇਂ ਸਮੀਕਰਨ ਬਣ ਰਹੇ ਹਨ। ਚੰਦ ਸ਼ਬਦਾਂ ਵਿਚ ਇਸ ਬਾਰੇ ਵੀ ਦੱਸੋ?
ਜਵਾਬ: ਚਾਰ-ਪੰਜ ਮਹੀਨੇ ਪਹਿਲਾਂ ਮੈਂ Ḕਪੰਜਾਬ ਦੇ ਬਦਲ ਰਹੇ ਸਿਆਸੀ ਸਮੀਕਰਨਾਂ ਦੀ ਅਸਲੀਅਤ’ ਸਿਰਲੇਖ ਹੇਠ ਲੇਖ ਲਿਖਿਆ ਸੀ। ਰਾਜਸੀ ਤਾਕਤ ਹਥਿਆਉਣ ਲਈ ਲੋਕ ਭਲੇ ਦੇ ਮੁੱਲਾਂ ਤੋਂ ਟੁੱਟੀ ਹੋੜ ਦੀ ਗੱਲ ਕਰਦਿਆਂ ਮੈਂ ਕਿਹਾ ਸੀ ਕਿ ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਸਫਾਂ ਵਿਚ ਇਕ ਇਕ ਵਿਧਾਇਕੀ ਸੀਟ ਲਈ ਜੇ ਦੋ ਨਹੀਂ ਤਾਂ ਵੱਧ ਤੋਂ ਵੱਧ ਤਿੰਨ-ਤਿੰਨ ਉਮੀਦਵਾਰ ਹਨ, ਪਰ Ḕਆਪ’ ਦੀਆਂ ਸਫਾਂ ਵਿਚ ਤਾਂ ਉਦੋਂ ਹੀ ਇੱਕ ਇੱਕ ਹਲਕੇ ਅੰਦਰ 10-10 ਉਮੀਦਵਾਰ ਲੰਗਰ ਲਾਹੀ ਫਿਰਦੇ ਸਨ। ਲੇਖ ਦੇ ਅਖ਼ੀਰ ਵਿਚ ਉਮੀਦਵਾਰਾਂ ਦੇ ਐਲਾਨ ਤੋਂ ਪਿੱਛੋਂ ਇਸ ਮੱਛੀ ਬਾਜ਼ਾਰ ਵਿਚ ਜੋ ਨਜ਼ਾਰੇ ਬਣਨੇ ਸਨ, ਉਨ੍ਹਾਂ ਨੂੰ ਉਡੀਕਣ ਦੀ ਗੱਲ ਮੈਂ ਕੀਤੀ ਸੀ। ਸੁੱਚਾ ਸਿੰਘ ਛੋਟੇਪੁਰ ਦੀ ਸਿਆਸਤ ਨਾਲ ਕੋਈ ਸਹਿਮਤੀ ਰੱਖੇ ਜਾਂ ਨਾ, ਉਹ ਫਿਰ ਵੀ ਦਾਨਾ ਸਿਆਸਤਦਾਨ ਸੀ, ਤੇ ਉਸ ਦਾ ਗੁਨਾਹ ਕੀ ਸੀ? ਇਸ ਬਾਰੇ ਜ਼ਿਆਦਾ ਗੱਲ ਕਰਨ ਦੀ ਜ਼ਰੂਰਤ ਨਹੀਂ, ਪਰ ਇਕ ਸਵਾਲ ਮੇਰਾ ਸੁੱਚਾ ਸਿੰਘ ਨੂੰ ਵੀ ਹੈ ਕਿ ਉਹੋ ਗੱਲਾਂ ਜਿਹੜੀਆਂ ਉਸ ਨੇ ਪਿੱਛੋਂ ਕਹੀਆਂ, ਉਹ ਉਦੋਂ ਕਿਉਂ ਨਾ ਕਹੀਆਂ, ਜਦੋਂ Ḕਆਪ’ ਵਾਲਿਆਂ ਨੇ ਡਾæ ਦਲਜੀਤ ਸਿੰਘ ਜਿਹੇ ਦਰਵੇਸ਼ ਸਮਾਜ ਸੇਵੀ ਨੂੰ ਮੱਖਣ ਵਿਚੋਂ ਵਾਲ ਕੱਢਣ ਵਾਂਗੂ ਪਾਸੇ ਕੱਢ ਮਾਰਿਆ ਸੀ। ਸੱਚ ਪੁੱਛੋ ਤਾਂ ਸਾਡਾ ਮੱਥਾ ਤਾਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਉਸ ਸਮੇਂ ਹੀ ਠਣਕ ਗਿਆ ਸੀ ਜਦੋਂ ਇਨ੍ਹਾਂ ਨੇ ਸੁਮੇਲ ਸਿੰਘ ਸਿੱਧੂ ਵਰਗੇ ਨੌਜਵਾਨ ਫਕੀਰ ਉਤਸ਼ਾਹੀ ਦਾ ਕੰਘਾ ਕਰ ਦਿਤਾ ਸੀ।