ਅਲਵਿਦਾਈ

ਮੱਧ-ਭਾਰਤ ਵਿਚ ਆਪਣੀ ਸਿਆਸਤ ਨਾਲ ਲੋਕਾਂ ਦੇ ਮਸਲੇ ਨਜਿੱਠਣ ਦਾ ਯਤਨ ਕਰਨ ਵਾਲੇ ਇਨਕਲਾਬੀਆਂ ਦਾ ਬਿਰਤਾਂਤ ਸਤਨਾਮ ਨੇ ਆਪਣੀ ਪੁਸਤਕ ‘ਜੰਗਲਨਾਮਾ’ ਵਿਚ ਖੂਬ ਛੇੜਿਆ। ਇਸ ਲਿਖਤ ਨੂੰ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਹੈ। ਸਾਡਾ ਯਤਨ ਇਹੀ ਹੁੰਦਾ ਹੈ ਕਿ ਪਾਠਕਾਂ ਦੀ ਅਜਿਹੀਆਂ ਸਜੀਵ ਰਚਨਾਵਾਂ ਨਾਲ ਸਾਂਝ ਪੁਆਈ ਜਾਵੇ। ਇਸ ਪੱਖ ਤੋਂ ‘ਜੰਗਲਨਾਮਾ’ ਮਿਸਾਲੀ ਲਿਖਤ ਹੋ ਨਿੜੜੀ ਹੈ।

-ਸੰਪਾਦਕ

ਸਾਲ ਦੇ ਆਖ਼ਰੀ ਮਹੀਨੇ ਦੇ ਆਖ਼ਰੀ ਹਫ਼ਤੇ ਦੇ ਦਿਨ ਸਨ। ਧੁੱਪ ਚੰਗੀ-ਚੰਗੀ ਲੱਗਣ ਲੱਗ ਪਈ ਸੀ। ਖੇਤੁਲ ਵਿਚੋਂ ਉਠ ਕੇ ਮੈਂ ਬਾਹਰ ਖੇਤਾਂ ਵਿਚ ਟਹਿਲਣ ਲੱਗ ਪਿਆ। ਜੰਗਲ ਵਿਚ ਵਿਚਰਦੇ ਨੂੰ ਦੋ ਮਹੀਨੇ ਪੂਰੇ ਹੋਣ ਵਾਲੇ ਸਨ। ਖੇਤੁਲ ਵਿਚ ਸੋਮੰਨਾ ਦੇ ਸਵਾਲ ਦਾ ਜਵਾਬ ਦਿੰਦਿਆਂ ਇਹ ਸਾਰਾ ਸਮਾਂ ਮੇਰੇ ਜ਼ਿਹਨ ਵਿਚ ਤੇਜ਼ ਰੀਲ ਵਾਂਗ ਘੁੰਮ ਗਿਆ। ਉਹ ਚੀਜ਼ਾਂ ਜਿਨ੍ਹਾਂ ਨੂੰ ਮੈਂ ਦੂਰ ਤੋਂ ਸੁਣਿਆ ਸੀ ਅਤੇ ਹੈਰਾਨ ਹੁੰਦਾ ਸਾਂ ਕਿ ਹਕੀਕਤ ਵਿਚ ਇਹ ਕਿਵੇਂ ਚੱਲ ਰਹੀਆਂ ਹੋਣਗੀਆਂ, ਨੂੰ ਕਾਫ਼ੀ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਜੰਗਲ, ਜੰਗਲ ਦੇ ਲੋਕਾਂ ਦੀ ਜ਼ਿੰਦਗੀ, ਗੁਰੀਲਿਆਂ ਦਾ ਜੀਵਨ, ਉਨ੍ਹਾਂ ਦੇ ਅਕੀਦਿਆਂ ਤੇ ਜਜ਼ਬਿਆਂ ਆਦਿ ਨੂੰ ਉਨ੍ਹਾਂ ਦੇ ਨੇੜੇ ਰਹਿ ਕੇ ਦੇਖ ਸਕਿਆ। ਉਨ੍ਹਾਂ ਦੀਆਂ ਭਾਵਨਾਵਾਂ ਨੂੰ ਮੈਂ ਜਿੰਨਾ ਵੀ ਵਾਚ ਸਕਿਆ, ਵਾਚਿਆ। ਬਹੁਤ ਕੁਝ ਹੋਵੇਗਾ ਜਿਹੜਾ ਮੇਰੀ ਪਕੜ ਤੋਂ ਦੂਰ ਰਹਿ ਗਿਆ ਹੋਵੇਗਾ, ਜਾਂ ਜਿਸ ਵਿਚ ਮੈਂ ਡੂੰਘਾ ਨਹੀਂ ਉਤਰ ਸਕਿਆ ਹੋਵਾਂਗਾ। ਫਿਰ ਵੀ, ਇਹ ਬਹੁਮੁੱਲਾ ਅਤੇ ਦਿਲਚਸਪ ਤਜਰਬਾ ਸੀ ਜਿਸ ਨੂੰ ਮੈਂ ਹੋਰਨਾਂ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰਾ ਕੁਝ ਭਾਵੇਂ ਮੇਰੀ ਡਾਇਰੀ ਦੇ ਸਫ਼ਿਆਂ ਵਿਚ ਟੁੱਟਵੇਂ ਖਿੰਡਵੇਂ ਰੂਪ ਵਿਚ ਅੰਕਤ ਹੈ, ਪਰ ਇਸ ਨੂੰ ਤਰਤੀਬ ਦੇਣ ਅਤੇ ਦੂਸਰਿਆਂ ਵਾਸਤੇ ਸਜਿੰਦ ਚਿੱਤਰ ਖਿੱਚਣ ਲਈ ਮੈਨੂੰ ਸਾਰਾ ਕੁਝ ਫਿਰ ਤੋਂ ਖੜ੍ਹਾ ਕਰਨਾ ਪਿਆ ਹੈ ਅਤੇ ਉਸ ਨੂੰ ਮੁੜ-ਜੀਣਾ ਪਿਆ ਹੈ।
ਘਟਨਾਵਾਂ ਅਤੇ ਪਾਤਰ ਸਾਰੇ ਦੇ ਸਾਰੇ ਅਸਲੀ ਹਨ। ਕਿਤੇ ਕਿਤੇ ਮੈਨੂੰ ਦੋ ਪਾਤਰਾਂ ਦਾ ਇਕ ਪਾਤਰ ਬਣਾਉਣਾ ਪਿਆ ਹੈ, ਜਾਂ ਇਕ ਨੂੰ ਦੋ ਵਿਚ ਵੰਡਣਾ ਪਿਆ ਹੈ, ਜਾਂ ਫਿਰ ਉਨ੍ਹਾਂ ਨੂੰ ਮੈਂ ਅੱਗੇ ਪਿੱਛੇ ਕਰ ਦਿਤਾ ਹੈ। ਇਹ ਸਿਰਫ਼ ਲਿਖਤ ਨੂੰ ਦਿਲਚਸਪ ਅਤੇ ਰੌਚਕ ਬਣਾਉਣ ਲਈ ਕੀਤਾ ਗਿਆ ਹੈ। ਲਗਦੀ ਵਾਹ ਮੇਰੀ ਕੋਸ਼ਿਸ਼ ਰਹੀ ਹੈ ਕਿ ਚੀਜ਼ਾਂ ਨੂੰ ਉਸੇ ਤਰ੍ਹਾਂ ਬਿਆਨ ਕੀਤਾ ਜਾਵੇ ਜਿਵੇਂ ਦੀਆਂ ਉਹ ਸਨ, ਨਹੀਂ ਤਾਂ ਇਹ ਹਕੀਕਤ ਨੂੰ ਪ੍ਰਤੀਬਿੰਬਤ ਕਰਨ ਵਾਲਾ ਸਫ਼ਰਨਾਮਾ ਨਾ ਹੋ ਕੇ ਕਾਲਪਨਿਕ ਵਿਵਰਣ ਹੋ ਗਿਆ ਹੁੰਦਾ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਦਿਤੇ ਗਏ ਨਾਮ ਅਸਲੀ ਨਹੀਂ ਹਨ, ਕਿਉਂਕਿ ਅਸਲੀ ਨਾਮ ਤਾਂ ਮੇਰੇ ਪਾਤਰ ਚਿਰੋਕਣੇ ਛੱਡ ਚੁੱਕੇ ਸਨ। ਉਂਜ ਵੀ, ਉਥੇ ਕੋਈ ਵੀ ਨਾਮ ਚਿਰ-ਸਥਾਈ ਨਹੀਂ ਹੈ। ਇਲਾਕਾ ਬਦਲਣ ਨਾਲ ਨਾਮ ਵੀ ਬਦਲ ਜਾਂਦੇ ਹਨ। ਮੈਂ ਸ਼ਖ਼ਸੀਅਤਾਂ ਦਾ ਚਿਤਰ ਖਿੱਚਿਆ ਹੈ, ਨਾਵਾਂ ਦਾ ਉਕਾ ਨਹੀਂ। ਬਾਸੂ ਤੋਂ ਲੈ ਕੇ ਸੋਮੰਨਾ ਤੱਕ ਸਾਰੇ ਹੀ ਲੰਮੀ ਜੰਗ ਲੜਨ ਵਾਲੇ ਬੇ-ਨਾਮ ਸੂਰਮੇ ਹਨ। ਉਹ ਆਪਣਾ ਨਾਮ ਨਹੀਂ, ਸਗੋਂ ਮਿਸ਼ਨ ਉਭਾਰਨ ਵਿਚ ਹੀ ਯਕੀਨ ਰੱਖਦੇ ਹਨ।
ਜਿਸ ਇਲਾਕੇ ਦਾ ਜ਼ਿਕਰ ਕੀਤਾ ਗਿਆ ਹੈ, ਉਹ ਦੱਖਣੀ ਬਸਤਰ ਦਾ ਹਿੱਸਾ ਹੈ ਜਿਸ ਵਿਚ ਬੈਰਮਗੜ੍ਹ, ਗੋਲਾਪੱਲੀ, ਦੁਰਨਾਪਾਲ, ਕੌਂਟਾ, ਮਾੜ੍ਹ, ਮੱਦੇੜ੍ਹ, ਬਾਸਾਗੁੜਾ ਆਦਿ ਇਲਾਕੇ ਆਉਂਦੇ ਹਨ।
ਬਾਅਦ ਵਿਚ ਮੈਂ ਜ਼ਿਆਦਾ ਦਿਨ ਉਨ੍ਹਾਂ ਦੇ ਨਾਲ ਨਹੀਂ ਰਿਹਾ। ਉਨ੍ਹਾਂ ਨਾਲ ਬਿਤਾਏ ਆਖ਼ਰੀ ਦਿਨ ਤੋਂ ਇਕ ਦਿਨ ਪਹਿਲਾਂ ਜਦ ਅਸੀਂ ਇਕ ਪੜਾਅ ਨੂੰ ਅਲਵਿਦਾ ਕਹਿ ਕੇ ਦੂਸਰੇ ਵੱਲ ਤੁਰੇ ਤਾਂ ਮੈਂ ਦੇਖਿਆ ਕਿ ਇਕ ਕਬਾਇਲੀ ਕੁੜੀ ਜਿਹੜੀ ਇਕ ਪੜਾਅ ਪਹਿਲਾਂ ਤੋਂ ਸਾਡੇ ਕਾਫ਼ਲੇ ਨੂੰ ਪਿਛਲੇ ਪੜਾਅ ਤੱਕ ਛੱਡਣ ਵਾਸਤੇ ਸਾਡੇ ਨਾਲ ਤੁਰੀ ਸੀ, ਪੜਾਅ ਉਤੇ ਪਹੁੰਚਣ ਤੋਂ ਬਾਅਦ ਵਾਪਸ ਨਹੀਂ ਸੀ ਮੁੜੀ। ਆਮ ਦਸਤੂਰ ਵਾਪਸ ਮੁੜ ਜਾਣ ਦਾ ਹੈ। ਉਸ ਨੇ ਆਪਣੇ ਸਭ ਤੋਂ ਸੁਹਣੇ ਕੱਪੜੇ ਪਾਏ ਹੋਏ ਸਨ ਅਤੇ ਵਾਲਾਂ ਵਿਚ ਰੁਮਾਲ ਬੰਨ੍ਹਿਆ ਹੋਇਆ ਸੀ। ਉਹ ਸਜ ਧਜ ਕੇ ਘਰੋਂ ਆਈ ਸੀ। ਮੈਂ ਅੰਦਾਜ਼ਾ ਕੀਤਾ ਕਿ ਇਹ ਨਵੀਂ ਰੰਗਰੂਟ ਹੈ। ਇਸੇ ਲਈ ਵਾਪਸ ਨਹੀਂ ਮੁੜੀ। ਉਸ ਨੂੰ ਦਸਤੇ ਨਾਲ ਤੋਰਨ ਵਾਸਤੇ ਉਸ ਦੇ ਪਿੰਡੋਂ ਕਈ ਸਾਰੇ ਲੋਕ ਆਏ ਸਨ। ਤੁਰਨ ਲੱਗਿਆਂ ਉਹ ਉਨ੍ਹਾਂ ਨੂੰ ਗਲੇ ਲੱਗ ਕੇ ਮਿਲੀ ਸੀ। ਸੋਮੰਨਾ ਤੋਂ ਜਦ ਮੈਂ ਉਸ ਬਾਰੇ ਪੁੱਛਿਆ ਤਾਂ ਉਹ ਇਹ ਕਹਿੰਦਾ ਮੁਸਕਰਾ ਪਿਆ ਕਿ ਮੇਰਾ ਅੰਦਾਜ਼ਾ ਸਹੀ ਹੈ।
ਉਸ ਨੰਗੇ ਪੈਰਾਂ ਵਾਲੀ ਸ਼ਾਂਤ ਅਤੇ ਗੰਭੀਰ ਕੁੜੀ ਨਾਲ ਮੈਂ ਪਹਿਲੀ ਅਤੇ ਆਖ਼ਰੀ ਵਾਰ ਗੱਲ ਕੀਤੀ। ਆਪਣੀ ਕਿੱਟ, ਪੈਂਸਿਲ ਅਤੇ ਇਕ ਕਾਪੀ ਉਸ ਦੇ ਹਵਾਲੇ ਕਰ ਮੈਂ ਹਰ ਕਿਸੇ ਨੂੰ ਸਲਾਮ ਕਹੀ, ਹੱਥ ਘੁੱਟੇ ਅਤੇ ਜੰਗਲ ਦੀਆਂ ਯਾਦਾਂ ਸਮੇਟਦੇ ਹੋਏ ਨੇੜੇ ਦੇ ਇਕ ਕਸਬੇ ਤੋਂ ਰੇਲ ਗੱਡੀ ਰਾਹੀਂ ਵਾਪਸੀ ਦੇ ਸਫ਼ਰ ਉਤੇ ਚੱਲ ਪਿਆ। -ਸਤਨਾਮ
__________________________
ਇਨਕਲਾਬ ਲਈ ਜੂਝਣ ਵਾਲੇ ਸਤਨਾਮ ਜਿਸ ਦਾ ਅਸਲ ਨਾਂ ਗੁਰਮੀਤ ਸੀ, ਨੇ ‘ਜੰਗਲਨਾਮਾ’ 2002 ਵਿਚ ਲਿਖਿਆ ਸੀ। ਉਸ ਵੇਲੇ ਮਾਓਵਾਦੀਆਂ ਦੇ ਇਲਾਕੇ ਉਨ੍ਹਾਂ ਦੀ ਬਹੁਤ ਚੜ੍ਹਤ ਸੀ ਅਤੇ ਆਪਣੀ ਸਿਆਸਤ ਦੇ ਦਰਸ਼ਨ ਕਰਵਾਉਣ ਲਈ ਹੀ ਉਹ ਸਤਨਾਮ ਅਤੇ ਹੋਰ ਪ੍ਰਤੀਬੱਧ ਲੇਖਕਾਂ ਨੂੰ ਉਥੇ ਲੈ ਕੇ ਗਏ ਸਨ। ‘ਜੰਗਲਨਾਮਾ’ ਵਿਚ ਮਾਓਵਾਦੀਆਂ ਦੀ ਮੁਕਾਮੀ ਸਿਆਸਤ ਦੇ ਖੂਬ ਝਲਕਾਰ ਪੈਂਦੇ ਹਨ। ਸਭ ਤੋਂ ਵੱਡੀ ਗੱਲ ਇਹ ਕਿ ਉਨ੍ਹਾਂ ਨੇ ਮੁਕਾਮੀ (ਸਥਾਨਕ) ਲੋਕਾਂ ਅਤੇ ਉਨ੍ਹਾਂ ਦੇ ਸਭਿਆਚਾਰਕ-ਸਮਾਜਕ-ਧਾਰਮਿਕ ਅਕੀਦਿਆਂ ਉਤੇ ਆਪਣੀ ਸਿਆਸਤ ਥੋਪਣ ਦੀ ਥਾਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਨੂੰ ਆਪਣੇ ਨਾਲ ਤੋਰਿਆ।
ਇਹੀ ਕਾਰਨ ਹੈ ਕਿ ਭਾਰਤ ਸਰਕਾਰ ਵੱਲੋਂ ਮਾਓਵਾਦੀਆਂ ਨੂੰ ਕੁਚਲਣ ਦੇ ਇਰਾਦੇ ਨਾਲ 2009 ਵਿਚ ਸ਼ੁਰੂ ਕੀਤਾ ਵੱਡਾ ‘ਓਪਰੇਸ਼ਨ ਗ੍ਰੀਨ ਹੰਟ’ ਅੱਜ ਤਕ ਸਫਲ ਨਹੀਂ ਹੋ ਸਕਿਆ ਹੈ। ਇਨ੍ਹਾਂ ਸੱਤਾਂ ਸਾਲਾਂ ਦੌਰਾਨ ਭਾਵੇਂ ਮਾਓਵਾਦੀਆਂ ਨੂੰ ਚੋਖਾ ਨੁਕਸਾਨ ਵੀ ਝੱਲਣਾ ਪਿਆ ਅਤੇ ਇਸ ਦੇ ਕਈ ਸਰਕਰਦਾ ਆਗੂ ਮਾਰੇ ਗਏ ਜਾਂ ਫੜੇ ਵੀ ਗਏ, ਪਰ ਸਰਕਾਰ ਅਤੇ ਸੁਰੱਖਿਆ ਦਸਤੇ ਲਹਿਰ ਦਾ ਲੱਕ ਤੋੜਨ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ। ਸਿਆਸੀ ਮਾਹਿਰ ਇਸ ਦਾ ਵੱਡਾ ਕਾਰਨ ਮਾਓਵਾਦੀਆਂ ਦੀ ਲੋਕਾਂ ਨਾਲ ਜੁੜ ਕੇ ਕੀਤੀ ਜਾ ਰਹੀ ਸਿਆਸਤ ਨੂੰ ਹੀ ਗਿਣ ਰਹੇ ਹਨ। ਸਤਨਾਮ ਨੇ ਆਪਣੀ ਇਸ ਲਿਖਤ ਵਿਚ ਮਾਓਵਾਦੀਆਂ ਦੀ ਇਸੇ ਪਹੁੰਚ ਅਤੇ ਕੰਮ ਕਰਨ ਦੇ ਢੰਗਾਂ-ਤਰੀਕਿਆਂ ਬਾਰੇ ਗੱਲਾਂ ਕੀਤੀਆਂ ਹਨ। ਪੁਸਤਕ ਵਿਚ ਆਏ ਪਾਤਰ ਪਾਠਕਾਂ ਦੇ ਜ਼ਿਹਨ ਅੰਦਰ ਵੱਖ-ਵੱਖ ਤਰ੍ਹਾਂ ਦੇ ਸਵਾਲ ਪੈਦਾ ਕਰਦੇ ਹਨ।
‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ ਨੇ ਇਸ ਇਲਾਕੇ ਦੀ ਵਿਸ਼ੇਸ਼ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ ਦੇ ਫਿਕਰਾਂ ਅਤੇ ਉਨ੍ਹਾਂ ਦੇ ਜੁਝਾਰੂ ਜੀਵਨ ਬਾਰੇ ਲੰਮੀ ਬਾਤ ਸੁਣਾਈ ਹੈ। ਇਹ ਬਾਤ ਇਸ ਕਰ ਕੇ ਵਧੇਰੇ ਦਿਲਚਸਪ ਹੋ ਨਿਬੜੀ ਹੈ ਕਿਉਂਕਿ ਪਾਠਕ ਨੂੰ ਇਸ ਵਿਚੋਂ ਵਾਰ-ਵਾਰ ਆਪਣੇ ਹੀ ਜੀਵਨ ਦੇ ਝਲਕਾਰੇ ਦਿਸਦੇ ਹਨ। ਇਹ ਬਾਤ ਸੁਣਾਉਂਦਿਆਂ ਸਤਨਾਮ ਨੇ ਬਿਰਤਾਂਤ-ਜੁਗਤ ਕਮਾਲ ਦੀ ਬੰਨ੍ਹੀ ਹੈ। ਇਸ ਬਿਰਤਾਂਤ ਵਿਚੋਂ ਮਾਓਵਾਦੀਆਂ ਦੇ ਘੋਲ ਦੀ ਝਲਕ ਤਾਂ ਮਿਲਦੀ ਹੀ ਹੈ, ਸਾਹਿਤਕ ਪੱਖ ਤੋਂ ਬਹੁਤ ਥਾਂਈਂ ਰੂਸੀ ਕਲਾਸਿਕ ਰਚਨਾਵਾਂ ਦੇ ਝਉਲੇ ਵੀ ਪੈਂਦੇ ਹਨ। ਪੰਜਾਬੀ ਵਿਚ ਅਜਿਹੀ ਅਨੂਠੀ ਰਚਨਾ ਘੱਟ ਹੀ ਨਜ਼ਰੀਂ ਪੈਂਦੀ ਹੈ।
ਹੁਣ ਸਤਨਾਮ ‘ਓਪਰੇਸ਼ਨ ਗ੍ਰੀਨ ਹੰਟ’ ਤੋਂ ਬਾਅਦ ਦੇ ਹਾਲਾਤ ਬਾਰੇ ‘ਜੰਗਲਨਾਮਾ-2’ ਲਿਖਣ ਦੀ ਤਿਆਰੀ ਕਰ ਰਿਹਾ ਸੀ, ਪਰ 28 ਅਪਰੈਲ 2016 ਨੂੰ ਖਬਰ ਆ ਗਈ ਕਿ ਉਸ ਨੇ ਪਟਿਆਲੇ ਆਪਣੇ ਘਰੇ ਖੁਦਕੁਸ਼ੀ ਕਰ ਲਈ ਹੈ। ਇਉਂ ਜੁਝਾਰੂ ਲੋਕਾਂ ਦੀ ਬਾਤ ਪਾਉਣ ਵਾਲਾ ਜੁਝਾਰੂ ਕਾਰਕੁਨ ਅਤੇ ਲੇਖਕ ਸਦਾ-ਸਦਾ ਲਈ ਵਿਛੜ ਗਿਆ, ਪਰ ਆਪਣੇ ਪਿਛੇ ਉਹ ਸੰਘਰਸ਼ਾਂ ਦੀ ਵਿਰਾਸਤ ਛੱਡ ਗਿਆ। ‘ਜੰਗਲਨਾਮਾ’ ਪੁਸਤਕ ਇੰਨੀ ਚਰਚਿਤ ਹੋਈ ਕਿ ਉਹ ਸਾਹਿਤ ਜਗਤ ਵਿਚ Ḕਸਤਨਾਮ ਜੰਗਲਨਾਮਾḔ ਵਜੋਂ ਮਸ਼ਹੂਰ ਹੋ ਗਿਆ। ਇਸ ਪੁਸਤਕ ਦਾ ਅੰਗਰੇਜ਼ੀ ਅਨੁਵਾਦ ਵੀ ਛਪ ਚੁੱਕਿਆ ਹੈ। ਕਾਸ਼! ਸਤਨਾਮ ‘ਜੰਗਲਨਾਮਾ’ ਦੀ ਦੂਜੀ ਕਹਾਣੀ ਸਭ ਨੂੰ ਸੁਣਾਉਂਦਾ!