ਅਰਜਨਟੀਨਾ ਦਾ ਨਾਮੀ-ਗਰਾਮੀ ਫਿਲਮਸਾਜ਼ ਪਾਬਲੋ ਸੀਜ਼ਰ ਨੋਬੇਲ ਪੁਰਸਕਾਰ ਜੇਤੂ ਲੇਖਕ ਰਾਬਿੰਦਰਨਾਥ ਟੈਗੋਰ ਬਾਰੇ ਅੰਗਰੇਜ਼ੀ ਫਿਲਮ ‘ਥਿੰਕਿੰਗ ਔਫ ਹਿਮ’ ਬਣਾ ਰਿਹਾ ਹੈ। ਬੰਗਲਾ ਫਿਲਮਸਾਜ਼ ਸੱਤਿਆਜੀਤ ਰੇਅ ਨੇ 1961 ਵਿਚ ਟੈਗੋਰ ਬਾਰੇ ਦਸਤਾਵੇਜ਼ੀ ਫਿਲਮ ਬਣਾਈ ਸੀ, ਉਸ ਤੋਂ ਬਾਅਦ ਟੈਗੋਰ ਬਾਰੇ ਇਹ ਸਭ ਤੋਂ ਵੱਡਾ ਫਿਲਮੀ ਪ੍ਰੋਜੈਕਟ ਹੈ।
ਪਾਬਲੋ ਨੇ ਇਸ ਫਿਲਮ ਦੇ ਮੁੱਖ ਕਿਰਦਾਰ ਲਈ ਪਹਿਲਾਂ ਚੋਟੀ ਦੇ ਕਲਾਕਾਰ ਨਸੀਰੂਦੀਨ ਸ਼ਾਹ ਨੂੰ ਸਾਈਨ ਕਰਨ ਦਾ ਸੋਚਿਆ ਸੀ, ਪਰ ਬਾਅਦ ਵਿਚ ਇਹ ਕਿਰਦਾਰ ਬੰਗਲਾ ਅਦਾਕਾਰ ਵਿਕਟਰ ਬੈਨਰਜੀ ਦੇ ਹਿੱਸੇ ਆ ਗਿਆ। ਉਹ ਉਮਦਾ ਕਲਾਕਾਰ ਤਾਂ ਹੈ ਹੀ, ਉਸ ਦੇ ਨੈਣ-ਨਕਸ਼ ਕੁਝ-ਕੁਝ ਟੈਗੋਰ ਵਰਗੇ ਜਾਪਦੇ ਹਨ। ਇਸ ਫਿਲਮ ਵਿਚ ਟੈਗੋਰ ਦੇ 1924 ਦੇ ਨੇੜੇ-ਤੇੜੇ ਵਾਲੇ ਵਕਤਾਂ ਦੀ ਬਾਤ ਪਾਈ ਜਾਵੇਗੀ ਜਦੋਂ ਉਨ੍ਹਾਂ ਦੀ ਉਮਰ 63 ਸਾਲ ਸੀ ਅਤੇ ਉਹ ਸ਼ਾਂਤੀਨਿਕੇਤਨ ਵਿਚ ਰਹਿੰਦੇ ਸਨ। ਦਰਅਸਲ, ਟੈਗੋਰ 1924 ਵਿਚ ਅਰਜਨਟੀਨਾ ਗਏ ਸਨ ਅਤੇ ਪਾਬਲੋ ਦੀ ਕੋਸ਼ਿਸ਼ ਹੈ ਕਿ ਉਨ੍ਹਾਂ ਦੀ ਅਰਜਨਟੀਨਾ ਯਾਤਰਾ ਨੂੰ ਮੁਕੰਮਲ ਰੂਪ ਵਿਚ ਇਸ ਫਿਲਮ ਦਾ ਹਿੱਸਾ ਬਣਾਇਆ ਜਾਵੇ। ਯਾਦ ਰਹੇ ਕਿ ਟੈਗੋਰ ਨੂੰ ਨੋਬੇਲ ਪੁਰਸਕਾਰ ਉਨ੍ਹਾਂ ਦੀ ਕਿਤਾਬ ‘ਗੀਤਾਂਜਲੀ’ ਲਈ 1913 ਵਿਚ ਮਿਲਿਆ ਸੀ। ਉਸ ਵੇਲੇ ਜਦੋਂ ਹਵਾਈ ਜਹਾਜ਼ ਦਾ ਕਿਤੇ ਨਾਂ-ਥਾਂ ਨਹੀਂ ਸੀ, ਟੈਗੋਰ ਦੁਨੀਆ ਵਿਚ ਕਈ ਥਾਂਈਂ ਗਿਆ। ਉਨ੍ਹਾਂ ਬ੍ਰਿਟਿਸ਼ ਰਾਜ ਦੌਰਾਨ ਬੰਗਾਲ ਦੀ ਵੰਡ ਖਿਲਾਫ਼ ਵੀ ਆਵਾਜ਼ ਉਠਾਈ। ਉਨ੍ਹਾਂ ਵੱਲੋਂ ਸੋਚਿਆ ਸ਼ਾਂਤੀਨਿਕੇਤਨ ਦਾ ਪ੍ਰੋਜੈਕਟ ਆਪਣੇ ਆਪ ਵਿਚ ਬੜਾ ਵਿਲੱਖਣ ਅਤੇ ਨਿਵੇਕਲਾ ਹੈ ਜੋ ਅੱਜ ਕੱਲ੍ਹ ਵਿਸ਼ਵ ਭਾਰਤੀ ਯੂਨੀਵਰਸਿਟੀ ਦਾ ਸਰੂਪ ਅਖਤਿਆਰ ਕਰ ਚੁੱਕਾ ਹੈ। ਇਹ ਯੂਨੀਵਰਸਿਟੀ ਕੋਲਕਾਤਾ ਦੇ ਐਨ ਨੇੜੇ ਪੈਂਦੀ ਹੈ।
ਪਾਬਲੋ ਸੀਜ਼ਰ ਦਾ ਅਰਜਨਟੀਨਾ ਵਿਚ ਬਤੌਰ ਫਿਲਮਸਾਜ਼ ਅਤੇ ਪਟਕਥਾ ਲੇਖਕ ਚੋਖਾ ਨਾਂ ਹੈ। ਉਹ ਆਪਣੀਆਂ ਹਕੀਕੀ ਫਿਲਮਾਂ ਕਰ ਕੇ ਜਾਣੇ ਜਾਂਦੇ ਹਨ। ਉਨ੍ਹਾਂ ਦੀ ਫਿਲਮ ‘ਗਰੇ ਫਾਇਰ’ ਬਹੁਤ ਚਰਚਿਤ ਹੋਈ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਬਲਡ, ਐਫ਼ਰੋਡਾਇਟ, ਦਿ ਗਾਰਡਨ ਆਫ਼ ਪਰਫ਼ਿਊਮਜ਼ ਅਤੇ ਇਕੁਨੌਕਸ ਅਤੇ ਦਿ ਰੋਜ਼ ਗਾਰਡਨ ਵਰਗੀਆਂ ਫਿਲਮਾਂ ਨੇ ਵੀ ਚੰਗਾ ਰੰਗ ਬੰਨ੍ਹਿਆ ਸੀ। 26 ਫਰਵਰੀ 1962 ਨੂੰ ਜਨਮੇ ਪਾਬਲੋ ਸੀਜ਼ਰ ਅੱਜ ਕੱਲ੍ਹ ਬੁਇਨਸ ਏਅਰਸ ਵਿਖੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਸ਼ਾਂਤੀਨਿਕੇਤਨ ਅਤੇ ਅਰਜਨਟੀਨਾ ਵਿਚ ਕੀਤੀ ਜਾਵੇਗੀ। ਫਿਲਮ ਵਿਚ ਹੋਰਨਾਂ ਤੋਂ ਇਲਾਵਾ ਰਾਇਮਾ ਸੇਨ ਵੀ ਕੰਮ ਕਰ ਰਹੀ ਹੈ। 2014 ਵਿਚ ਪਾਬਲੋ ਨੇ ‘ਦਿ ਗੋਡਸ ਆਫ਼ ਵਾਟਰ’ ਫਿਲਮ ਬਣਾਈ ਸੀ ਜਿਹੜੀ 45ਵੇਂ ਆਈæਐਫ਼æਐਫ਼æਆਈæ ਮੇਲੇ ਵਿਚ ਬਕਾਇਦਾ ਦਿਖਾਈ ਗਈ ਸੀ। ਇਹ ਫਿਲਮ ਬਣਾਉਣ ਲਈ ਪਾਬਲੋ ਨੇ ਮਹਾਭਾਰਤ, ਰਮਾਇਣ ਅਤੇ ਭਾਰਤ ਦੇ ਹੋਰ ਮਿਥਹਾਸਕ ਗ੍ਰੰਥਾਂ ਦਾ ਅਧਿਐਨ ਕੀਤਾ ਸੀ। ਉਸ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਤਿੰਨ ਅਹਿਮ ਪੁਰਸਕਾਰ ਮਿਲ ਚੁੱਕੇ ਹਨ।