ਦਲੇਰ ਅਦਾਕਾਰਾ ਰਿਚਾ ਚੱਢਾ ਅੱਜ ਕੱਲ੍ਹ ਫਿਰ ਚਰਚਾ ਵਿਚ ਹੈ। ਇਸ ਵਾਰ ਉਸ ਨੇ ਧਰਮ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਸ ਮੁਤਾਬਕ, ਔਰਤਾਂ ਦੇ ਮਾਮਲੇ ਦੇ ਧਰਮ ਵਾਲਿਆਂ ਦੀ ਪਹੁੰਚ ਦੰਭ ਭਰੀ ਹੈ। ਮੁਲਕ ਵਿਚ ਹੁੰਦੇ ਮੇਲੇ-ਮੁਸਾਵਿਆਂ ਵਿਚ ਔਰਤ ਨੂੰ ਵਸਤਾਂ ਵਾਂਗ ਵਰਤਿਆ ਜਾਂਦਾ ਹੈ ਅਤੇ ਅਜੇ ਵੀ ਉਸ ਦੀ ਹੇਠੀ ਕੀਤੀ ਜਾਂਦੀ ਹੈ।
ਉਂਝ ਇਹ ਵਿਚਾਰ ਪ੍ਰਗਟ ਕਰਦਿਆਂ ਉਸ ਨੇ ਸਪਸ਼ਟ ਕੀਤਾ ਕਿ ਉਹ ਅਧਿਆਤਮਵਾਦ ਨੂੰ ਮੰਨਦੀ ਹੈ ਅਤੇ ਇਸ ਤੋਂ ਮਿਲਣ ਵਾਲੀ ਊਰਜਾ ਬਾਰੇ ਵੀ ਪੂਰੀ ਤਰ੍ਹਾਂ ਵਾਕਿਫ਼ ਹੈ, ਪਰ ਧਰਮ ਦੇ ਨਾਂ ‘ਤੇ ਧਰਮਵਾਦੀ ਔਰਤ ਦੀ ਜੋ ਬੇਕਦਰੀ ਕਰਦੇ ਹਨ, ਉਸ ਬਾਰੇ ਸੋਚ ਕੇ ਕਾਂਬੇ ਛਿੜ ਜਾਂਦੇ ਹਨ। ਉਸ ਦਾ ਕਹਿਣਾ ਹੈ ਕਿ ਸਾਡੇ ਸਮਾਜ ਵਿਚ ਦੁਰਗਾ ਅਤੇ ਸੀਤਾ ਨੂੰ ਤਾਂ ਪੂਜਿਆ ਜਾਂਦਾ ਹੈ, ਪਰ ਔਰਤਾਂ ਨੂੰ ਹਾਸ਼ੀਏ ਉਤੇ ਧੱਕ ਦਿਤਾ ਗਿਆ ਹੈ। ਧਰਮਵਾਦੀਆਂ ਦੀ ਇਹ ਪਹੁੰਚ ਉਸ ਦੀ ਸਮਝ ਤੋਂ ਪਰ੍ਹੇ ਹੈ। ਯਾਦ ਰਹੇ ਕਿ ਰਿਚਾ ਚੱਢਾ ਨੇ 2008 ਵਿਚ ਫਿਲਮ ‘ਓਏ ਲੱਕੀ, ਲੱਕੀ ਓਏ’ ਨਾਲ ਫਿਲਮੀ ਦੁਨੀਆ ਵਿਚ ਪ੍ਰਵੇਸ਼ ਕੀਤਾ ਸੀ। ਇਸ ਫਿਲਮ ਵਿਚ ਆਪਣੀ ਅਦਾਕਾਰੀ ਨਾਲ ਉਸ ਨੇ ਲੋਹਾ ਮੰਨਵਾ ਲਿਆ ਸੀ। ਇਸ ਤੋਂ ਬਾਅਦ 2012 ਵਿਚ ਫਿਲਮ ‘ਗੈਂਗਜ਼ ਆਫ਼ ਵਾਸੇਪੁਰ’ ਵਿਚ ਅਦਾਕਾਰੀ ਲਈ ਉਸ ਦੀ ਖੂਬ ਸਿਫ਼ਤਾਂ ਹੋਈਆਂ ਅਤੇ ਉਸ ਨੂੰ ਫਿਲਮਫੇਅਰ ਦਾ ਸਰਵੋਤਮ ਅਦਾਕਾਰਾ ਦਾ ਇਨਾਮ ਵੀ ਮਿਲਿਆ। ਪਿਛਲੇ ਸਾਲ ਫਿਲਮ ‘ਮਸਾਨ’ ਵਿਚ ਉਸ ਨੇ ਵਧੀਆ ਅਦਾਕਾਰੀ ਨਾਲ ਸਭ ਦਾ ਧਿਆਨ ਖਿਚਿਆ। ਇਹ ਫਿਲਮ ਫਰਾਂਸ ਦੇ ਕਾਨ ਫਿਲਮ ਮੇਲੇ ਵਿਚ ਵੀ ਦਿਖਾਈ ਗਈ ਸੀ ਅਤੇ ਇਸ ਨੇ ਦੋ ਇਨਾਮ ਵੀ ਜਿੱਤੇ ਸਨ। ਅੱਜ ਕੱਲ੍ਹ ਰਿਚਾ ਚੱਢਾ ‘ਔਰ ਦੇਵਦਾਸ’ ਅਤੇ ‘ਕੈਬਰੇ’ ਫਿਲਮਾਂ ਦੇ ਨਿਰਮਾਣ ਵਿਚ ਰੁਝੀ ਹੋਈ ਹੈ। 18 ਦਸੰਬਰ 1986 ਨੂੰ ਪੰਜਾਬੀ ਪਿਤਾ ਅਤੇ ਬਿਹਾਰੀ ਮਾਤਾ ਦੇ ਘਰ ਜਨਮੀ ਰਿਚਾ ਨੇ ਆਪਣੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਮੁਕੰਮਲ ਕੀਤੀ। ਉਹ ਦੋ ਪੁਸਤਕਾਂ ਵੀ ਲਿਖ ਚੁੱਕੀ ਹੈ। ਆਪਣੇ ਕਰੀਅਰ ਦੀ ਸ਼ੁਰੂਆਤ ਉਸ ਨੇ ਮਾਡਲਿੰਗ ਤੋਂ ਸ਼ੁਰੂ ਕੀਤੀ ਸੀ ਅਤੇ ਫਿਰ ਉਹ ਥੀਏਟਰ ਵੱਲ ਚਲੀ ਗਈ। ਉਸ ਨੇ ਭਾਰਤ ਅਤੇ ਪਾਕਿਸਤਾਨ ਵਿਚ ਕਈ ਨਾਟਕ ਖੇਡੇ ਜਿਨ੍ਹਾਂ ਦੀ ਖੂਬ ਚਰਚਾ ਹੋਈ। ਮਗਰੋਂ ਉਸ ਨੇ ਉਘੇ ਰੰਗਕਰਮੀ ਬੈਰੀ ਜੌਹਨ ਦੇ ‘ਇਮਾਗੋ ਐਕਟਿੰਗ ਸਕੂਲ’ (ਦਿੱਲੀ) ਤੋਂ ਸਿਖਲਾਈ ਵੀ ਹਾਸਲ ਕੀਤੀ। ਬ੍ਰਿਟਿਸ਼ ਰੰਗਕਰਮੀ ਜੌਹਨ ਭਾਰਤ ਦੇ ਕਈ ਐਵਾਰਡ ਹਾਸਲ ਕਰ ਚੁੱਕਾ ਹੈ। ਉਸ ਦੇ ਸਕੂਲ ਵਿਚ ਸ਼ਾਹਰੁਖ ਖਾਨ, ਮਨੋਜ ਬਾਜਪਾਈ, ਸਮੀਰ ਸੋਨੀ, ਸ਼ਾਈਨੀ ਅਹੂਜਾ ਅਤੇ ਫਰੀਦਾ ਪਿੰਟੋ ਵਰਗੇ ਅਦਾਕਾਰ ਸਿਖਲਾਈ ਲੈ ਚੁੱਕੇ ਹਨ। ਉਹ ਆਖਦੀ ਹੈ ਕਿ ਗਣੇਸ਼ ਵਿਸਰਜਨ ਵੇਲੇ ਤਕਰੀਬਨ ਹਰ ਕੋਈ ਸ਼ਰਾਬੀ ਹੋਇਆ ਹੁੰਦਾ ਹੈ। ਬਹੁਤੇ ਲੋਕ ਕੋਹਜੇ ਢੰਗ ਨਾਲ ਨੱਚਦੇ ਅਤੇ ਔਰਤਾਂ ਬਾਰੇ ਮਾੜੀਆਂ ਟਿਪਣੀਆਂ ਕਰਦੇ ਹਨ। ਮੂਰਤੀਆਂ ਨਾਲ ਵਾਤਾਵਰਨ ਅਤੇ ਜਲ ਜੀਵਾਂ ਦਾ ਜਿਹੜਾ ਨੁਕਸਾਨ ਹੁੰਦਾ ਹੈ, ਉਸ ਦੀ ਭਰਪਾਈ ਸੰਭਵ ਨਹੀਂ। ਜੇ ਤੁਸੀਂ ਇਸ ਖਿਲਾਫ਼ ਕੁਝ ਬੋਲਦੇ ਹੋ ਤਾਂ ਕਿਹਾ ਜਾਂਦਾ ਹੈ ਕਿ ਰਹੁ-ਰੀਤਾਂ ਦੀ ਬੇਅਦਵੀ ਕੀਤੀ ਜਾ ਰਹੀ ਹੈ। ਚਾਹੀਦਾ ਤਾਂ ਇਹ ਹੈ ਕਿ ਤਰਕ ਨਾਲ ਗੱਲ ਕੀਤੀ ਜਾਵੇ ਅਤੇ ਸਵਾਲਾਂ ਦਾ ਜਵਾਬ ਦਿਤਾ ਜਾਵੇ, ਪਰ ਅਜਿਹਾ ਹੁੰਦਾ ਨਹੀਂ। ਇਕ ਸਵਾਲ ਦੇ ਜਵਾਬ ਵਿਚ ਉਸ ਨੇ ਕਿਹਾ ਕਿ ਹਿੰਦੀ ਫਿਲਮ ਜਗਤ ਵਿਚ ਵੀ ਲਿੰਗ ਵਤਕਰਾ ਹੁੰਦਾ ਹੈ। ਉਂਝ ਰਿਚਾ ਚੱਢਾ ਖੜਕਾ ਕੇ ਅਖਦੀ ਹੈ ਕਿ ਉਸ ਨਾਲ ਵਿਤਕਰਾ ਕਰ ਕੇ ਫਿਰ ਕੋਈ ਸੁੱਕਾ ਨਹੀਂ ਜਾ ਸਕਦਾ। ਉਸ ਦੀ ਇਸੇ ਦਲੇਰੀ ਕਰ ਕੇ ਸਭ ਉਸ ਦੀ ਕਦਰ ਕਰਦੇ ਹਨ।