ਚਾਰਲੀ ਚੈਪਲਿਨ ਨੇ 1940 ‘ਚ ਵਿਅੰਗ ਬਾਣਾਂ ਨਾਲ ਭਰਪੂਰ ਫਿਲਮ ‘ਦਿ ਗ੍ਰੇਟ ਡਿਕਟੇਟਰ’ ਬਣਾਈ ਸੀ। ਇਸ ਫਿਲਮ ਰਾਹੀਂ ਉਨ੍ਹਾਂ ਕਲਾਤਮਿਕ ਢੰਗ ਨਾਲ ਫਾਸ਼ੀਵਾਦੀ ਤਾਨਾਸ਼ਾਹਾਂ ਹਿਟਲਰ ਤੇ ਮੁਸੋਲਿਨੀ ਦੀਆਂ ਹਕੂਮਤਾਂ ਦਾ ਪਾਜ ਉਘਾੜਿਆ ਸੀ। ਫਿਲਮ ਦਾ ਮਹੱਤਵਪੂਰਨ ਹਿੱਸਾ ਫਿਲਮ ਦੇ ਅਖੀਰ ਵਿਚ ਚਾਰਲੀ ਚੈਪਲਿਨ ਦੀ ਇਥੇ ਛਾਪੀ ਜਾ ਰਹੀ ਤਕਰੀਰ ਹੈ ਜਿਸ ਵਿਚ ਤਾਨਾਸ਼ਾਹੀ ਸ਼ਾਸਨ ਖਿਲਾਫ ਅਤੇ ਆਜ਼ਾਦੀ ਤੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਦਾ ਸੁਨੇਹਾ ਹੈ।
-ਸੰਪਾਦਕ
ਮੈਨੂੰ ਮੁਆਫ਼ ਕਰ ਦੇਣਾ, ਮੈਂ ਕੋਈ ਸ਼ਾਸਕ ਨਹੀਂ ਬਣਨਾ ਚਾਹੁੰਦਾ। ਇਹ ਮੇਰਾ ਕੰਮ ਨਹੀਂ। ਮੈਂ ਕਿਸੇ ਉਤੇ ਫਤਹਿ ਹਾਸਲ ਕਰ ਕੇ ਉਸ ਉਤੇ ਹਕੂਮਤ ਨਹੀਂ ਕਰਨਾ ਚਾਹੁੰਦਾ। ਜੇ ਸੰਭਵ ਹੋ ਸਕੇ ਤਾਂ ਮੈਂ ਹਰ ਇਕ ਦੀ ਮਦਦ ਕਰਨਾ ਚਾਹੁੰਦਾ ਹਾਂ। ਯਹੂਦੀਆਂ, ਗੈਰ-ਯਹੂਦੀਆਂ, ਗੋਰਿਆਂ ਦੀ, ਕਾਲਿਆਂ ਦੀ, ਸਭ ਦੀ ਮਦਦ।
ਅਸੀ ਸਭ ਇਕ ਦੂਜੇ ਦੀ ਮਦਦ ਕਰਨਾ ਚਾਹੁੰਦੇ ਹਾਂ। ਇਹ ਮਨੁੱਖ ਦੀ ਫਿਤਰਤ ਹੈ। ਸਾਰੇ ਮਨੁੱਖ ਇਵੇਂ ਹੀ ਕਰਨਾ ਚਾਹੁੰਦੇ ਹਨ। ਅਸੀਂ ਸਾਰੇ ਇਕ ਦੂਜੇ ਨੂੰ ਖੁਸ਼ ਵੇਖਣਾ ਚਾਹੁੰਦੇ ਹਾਂ, ਇਨਸਾਨ ਕਿਸੇ ਨੂੰ ਦੁਖ ਦੇਣਾ ਨਹੀਂ ਚਾਹੁੰਦਾ। ਅਸੀ ਇਕ ਦੂਜੇ ਨਾਲ ਨਫਰਤ ਕਰਨਾ ਅਤੇ ਇਕ ਦੂਜੇ ਨੂੰ ਨੀਵਾਂ ਦਿਖਾਉਣਾ ਨਹੀਂ ਚਾਹੁੰਦੇ। ਇਸ ਦੁਨੀਆ ਵਿਚ ਸਾਰਿਆਂ ਦੇ ਰਹਿਣ ਲਈ ਭਰਪੂਰ ਜਗ੍ਹਾ ਹੈ। ਇਹ ਚੰਗੀ ਧਰਤੀ ਬਹੁਤ ਅਮੀਰ ਹੈ ਅਤੇ ਇਹ ਸਾਡੀ ਸਭ ਦੀ ਜ਼ਰੂਰਤ ਪੂਰੀ ਕਰ ਸਕਦੀ ਹੈ। ਸਾਡੀ ਜ਼ਿੰਦਗੀ ਆਜ਼ਾਦੀ ਅਤੇ ਖ਼ੂਬਸੂਰਤੀ ਨਾਲ ਭਰਪੂਰ ਹੋ ਸਕਦੀ ਹੈ, ਲੇਕਿਨ ਅਸੀਂ ਰਸਤਾ ਭੁੱਲ ਗਏ ਹਾਂ।
ਲਾਲਚ ਨੇ ਬੰਦੇ ਦੀ ਆਤਮਾ ਨੂੰ ਜ਼ਹਿਰੀਲਾ ਬਣਾ ਦਿਤਾ ਹੈ, ਇਸ ਨੇ ਦੁਨੀਆ ਵਿਚ ਨਫਰਤ ਦੀਆਂ ਕੰਧਾਂ ਖੜ੍ਹੀਆਂ ਕਰ ਦਿਤੀਆਂ ਹਨ। ਇਹ ਸਾਨੂੰ ਦੁਖ ਅਤੇ ਖੁਨ-ਖਰਾਬੇ ਤੱਕ ਲੈ ਆਇਆ ਹੈ। ਅਸੀਂ ਰਫ਼ਤਾਰ ਤਾਂ ਹਾਸਲ ਕਰ ਲਈ ਹੈ, ਲੇਕਿਨ ਅਸੀਂ ਆਪਣੇ ਆਪ ਨੂੰ ਇਸ ਵਿਚ ਕੈਦ ਕਰ ਲਿਆ ਹੈ। ਮਸ਼ੀਨਾਂ ਜੋ ਸਾਨੂੰ ਭਰਪੂਰ ਸਾਮਾਨ ਤਾਂ ਦਿੰਦੀਆਂ ਹਨ, ਉਨ੍ਹਾਂ ਨੇ ਸਾਨੂੰ ਸਾਡੀਆਂ ਜ਼ਰੂਰਤਾਂ ਦਾ ਗੁਲਾਮ ਬਣਾ ਦਿਤਾ ਹੈ। ਸਾਡੇ ਗਿਆਨ ਨੇ ਸਾਨੂੰ ਨਿਰਾਸ਼ਾਵਾਦੀ ਬਣਾ ਦਿਤਾ ਹੈ। ਸਾਡੀ ਚਲਾਕੀ ਨੇ ਸਾਨੂੰ ਸਖ਼ਤ ਅਤੇ ਦੁਸ਼ਟ ਬਣਾ ਦਿਤਾ ਹੈ।
ਅਸੀ ਸੋਚਦੇ ਤਾਂ ਬਹੁਤ ਜ਼ਿਆਦਾ ਹਾਂ, ਪਰ ਮਹਿਸੂਸ ਬਹੁਤ ਥੋੜ੍ਹਾ ਕਰਦੇ ਹਾਂ। ਸਾਨੂੰ ਇਨਸਾਨੀਅਤ ਦੀ ਜ਼ਿਆਦਾ ਜ਼ਰੂਰਤ ਹੈ, ਚਲਾਕੀ ਦੀ ਘੱਟ। ਸਾਨੂੰ ਦਯਾ ਤੇ ਸ਼ਰਾਫਤ ਦੀ ਜ਼ਰੂਰਤ ਹੈ। ਇਨ੍ਹਾਂ ਚੀਜ਼ਾਂ ਬਿਨਾ ਜ਼ਿੰਦਗੀ ਬਹੁਤ ਹਿੰਸਕ ਬਣ ਜਾਵੇਗੀ ਅਤੇ ਸਭ ਕੁਝ ਖਤਮ ਹੋ ਜਾਵੇਗਾ। ਹਵਾਈ ਜਹਾਜ਼ ਅਤੇ ਰੇਡੀਓ ਸਾਨੂੰ ਇਕ ਦੂਜੇ ਦੇ ਕਰੀਬ ਲੈ ਆਏ ਹਨ। ਇਸ ਤਰ੍ਹਾਂ ਦੀ ਖੋਜ ਚੀਕ ਚੀਕ ਕੇ ਇਨਸਾਨ ਦੀ ਅੰਦਰਲੀ ਚੰਗਿਆਈ ਨੂੰ ਆਵਾਜ਼ ਦੇ ਰਹੀ ਹੈ, ਦੁਨੀਆ ਭਰ ਦੇ ਇਨਸਾਨਾਂ ਦੇ ਭਾਈਚਾਰੇ ਨੂੰ ਆਵਾਜ਼ ਦੇ ਰਹੀ ਹੈ, ਸਾਡੀ ਸਭ ਦੀ ਏਕਤਾ ਦੀ ਜ਼ਰੂਰਤ ਨੂੰ ਆਵਾਜ਼ ਦੇ ਰਹੀ ਹੈ।
ਇਸ ਵਕਤ ਵੀ ਜਦੋਂ ਮੇਰੀ ਆਵਾਜ਼ ਸਾਰੀ ਦੁਨੀਆਂ ਦੇ ਲੱਖਾਂ ਲੋਕਾਂ ਤੱਕ ਪਹੁੰਚ ਰਹੀ ਹੈ, ਲੱਖਾਂ ਮਰਦ, ਔਰਤਾਂ ਅਤੇ ਬੱਚੇ ਨਾਉਮੀਦੀ ਵਿਚ ਡੁੱਬੇ ਹੋਏ ਹਨ। ਇਹ ਸਭ ਅਜਿਹੇ ਨਿਜ਼ਾਮ ਦੇ ਸ਼ਿਕਾਰ ਹਨ ਜੋ ਲੋਕਾਂ ਉਤੇ ਜ਼ੁਲਮ ਕਰਦਾ ਹੈ ਅਤੇ ਬੇਗੁਨਾਹਾਂ ਨੂੰ ਜੇਲ੍ਹਾਂ ਵਿਚ ਕੈਦ ਕਰਦਾ ਹੈ। ਜੋ ਲੋਕ ਮੈਨੂੰ ਸੁਣ ਰਹੇ ਹਨ, ਮੇਰਾ ਉਨ੍ਹਾਂ ਲਈ ਸੰਦੇਸ਼ ਹੈ, ਨਿਰਾਸ਼ ਨਾ ਹੋਵੋ। ਅੱਜ ਅਸੀਂ ਜਿਸ ਦੁਖ ਨਾਲ ਘਿਰੇ ਹੋਏ ਹਾਂ, ਉਹ ਲਾਲਚ ਦੀ ਉਪਜ ਹੈ, ਪਰ ਜਿਸ ਪਾਸੇ ਇਨਸਾਨੀ ਸਭਿਅਤਾ ਜਾ ਰਹੀ ਹੈ, ਉਸ ਨੂੰ ਦੇਖ ਕੇ ਡਰੋ ਨਾ। ਇਨਸਾਨੀ ਨਫਰਤ ਦਾ ਖਾਤਮਾ ਹੋਵੇਗਾ, ਤਾਨਾਸ਼ਾਹ ਖਤਮ ਹੋ ਜਾਣਗੇ। ਇਨਸਾਨਾਂ ਦੀ ਜੋ ਸ਼ਕਤੀ ਤਾਨਾਸ਼ਾਹਾਂ ਨੇ ਖੋਹ ਲਈ ਹੈ, ਉਹ ਇਨਸਾਨਾਂ ਨੂੰ ਫਿਰ ਤੋਂ ਵਾਪਸ ਮਿਲ ਜਾਵੇਗੀæææ ਤੇ ਜਦੋਂ ਤੱਕ ਇਨਸਾਨ ਜ਼ਿੰਦਾ ਹੈ, ਇਨਸਾਨ ਦੀ ਸੁਤੰਤਰਤਾ ਜ਼ਿੰਦਾ ਰਹੇਗੀ।
ਸਿਪਾਹੀਓ, ਆਪਣੇ ਆਪ ਨੂੰ ਇਨ੍ਹਾਂ ਕਰੂਰ ਲੋਕਾਂ ਦੇ ਹੱਥਾਂ ਵਿਚ ਨਾ ਸੌਂਪੋ। ਉਹ ਲੋਕ ਜੋ ਤੁਹਾਨੂੰ ਨਿਰਾਸ਼ਾ ਵਿਚ ਪਾ ਦਿੰਦੇ ਹਨ, ਤੇ ਗੁਲਾਮ ਬਣਾ ਲੈਂਦੇ ਹਨ, ਜੋ ਤੁਹਾਡੀ ਜ਼ਿੰਦਗੀ ਨੂੰ ਫੌਜੀ ਟੁਕੜੀ ਵਿਚ ਬਦਲ ਦਿੰਦੇ ਹਨ, ਉਹ ਤੁਹਾਨੂੰ ਦੱਸਦੇ ਹਨ ਕਿ ਤੁਸੀਂ ਕੀ ਕਰੋਗੇ, ਕੀ ਸੋਚੋਗੇ, ਕੀ ਮਹਿਸੂਸ ਕਰੋਗੇ। ਉਹ ਤੁਹਾਥੋਂ ਮਿਹਨਤ ਕਰਵਾਉਂਦੇ ਹਨ, ਤੁਹਾਡਾ ਖਾਣਾ ਤੈਅ, ਤੁਹਾਨੂੰ ਜਾਨਵਰ ਸਮਝਦੇ ਹਨ, ਤੁਹਾਨੂੰ ਬਾਲਣ ਵਾਂਗ ਇਸਤੇਮਾਲ ਕਰਦੇ ਹਨ। ਆਪਣੇ ਆਪ ਨੂੰ ਇਨ੍ਹਾਂ ਬਨਾਉਟੀ ਲੋਕਾਂ ਦੇ ਹਵਾਲੇ ਨਾ ਕਰੋ। ਇਨ੍ਹਾਂ ਦਾ ਸਰੀਰ ਵੀ ਮਸ਼ੀਨ ਹੈ, ਇਨ੍ਹਾਂ ਦਾ ਦਿਮਾਗ ਵੀ ਮਸ਼ੀਨ ਹੈ, ਇਨ੍ਹਾਂ ਦਾ ਦਿਲ ਵੀ ਮਸ਼ੀਨੀ ਹੈ। ਤੁਸੀਂ ਮਸ਼ੀਨ ਨਹੀਂ ਹੋ, ਤੁਸੀਂ ਜਾਨਵਰ ਨਹੀਂ ਹੋ, ਤੁਸੀਂ ਇਨਸਾਨ ਹੋ। ਤੁਹਾਡੇ ਦਿਲਾਂ ਅੰਦਰ ਇਨਸਾਨੀਅਤ ਲਈ ਪਿਆਰ ਹੈ, ਤੁਸੀਂ ਨਫਰਤ ਨਹੀਂ ਕਰਨਾ ਚਾਹੁੰਦੇ।
ਜਿਨ੍ਹਾਂ ਨੂੰ ਪਿਆਰ ਨਹੀਂ ਮਿਲਿਆ, ਸਿਰਫ ਉਹੀ ਨਫਰਤ ਕਰ ਸਕਦੇ ਹਨ। ਪਿਆਰ ਤੋਂ ਵਾਂਝੇ ਅਤੇ ਗੈਰ-ਕੁਦਰਤੀ ਲੋਕ ਨਫਰਤ ਕਰ ਸਕਦੇ ਹਨ। ਸਿਪਾਹੀਓ! ਗੁਲਾਮੀ ਲਈ ਸੰਘਰਸ਼ ਨਾ ਕਰੋ, ਆਜ਼ਾਦੀ ਲਈ ਲੜੋ।
ਬਾਈਬਲ ਵਿਚ ਕਿਹਾ ਗਿਆ ਹੈ, ਰੱਬ ਦਾ ਰਾਜ ਇਨਸਾਨ ਦੇ ਦਿਲ ਵਿਚ ਹੀ ਹੈ, ਕਿਸੇ ਇਕ ਇਨਸਾਨ ਦੇ ਦਿਲ ਵਿਚ ਨਹੀਂ, ਕਿਸੇ ਇਕ ਸਮੂਹ ਦੇ ਲੋਕਾਂ ਦੇ ਦਿਲ ਵਿਚ ਨਹੀਂ, ਸਗੋਂ ਹਰ ਇਨਸਾਨ ਦੇ ਦਿਲ ਵਿਚ। ਇਹ ਤੁਹਾਡੇ ਦਿਲ ਵਿਚ ਵੀ ਹੈ। ਤੁਸੀ ਜੋ ਇਨਸਾਨ ਹੋ, ਤੁਹਾਡੇ ਅੰਦਰ ਉਹ ਤਾਕਤ ਹੈ। ਤੁਸੀ ਮਸ਼ੀਨਾਂ ਬਣਾ ਸਕਦੇ ਹੋ, ਤੁਸੀਂ ਖੁਸ਼ੀਆਂ ਲਿਆ ਸਕਦੇ ਹੋ, ਤੁਹਾਡੇ ਅੰਦਰ ਜ਼ਿੰਦਗੀ ਨੂੰ ਆਜ਼ਾਦ ਅਤੇ ਹੋਰ ਖੂਬਸੂਰਤ ਬਣਾਉਣ ਦੀ ਤਾਕਤ ਹੈ। ਤੁਸੀਂ ਇਸ ਜ਼ਿੰਦਗੀ ਨੂੰ ਮਜ਼ੇਦਾਰ ਖੋਜ ਬਣਾ ਸਕਦੇ ਹੋ। ਫਿਰ ਜਮਹੂਰੀਅਤ ਦੇ ਨਾਮ ‘ਤੇæææ ਆਓ! ਉਸ ਤਾਕਤ ਨੂੰ ਵਰਤੋ। ਆਓ ਅਸੀਂ ਸਭ ਇਕ ਹੋ ਜਾਈਏ! ਆਓ ਨਵੀਂ ਦੁਨੀਆ ਬਣਾਉਣ ਲਈ ਸੰਘਰਸ਼ ਕਰੋ, ਸੁੰਦਰ ਦੁਨੀਆ ਜਿਸ ਵਿਚ ਇਨਸਾਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ, ਜਿਸ ਵਿਚ ਨੌਜਵਾਨਾਂ ਨੂੰ ਭਵਿਖ ਬਣਾਉਣ ਦੇ ਮੌਕੇ ਅਤੇ ਬਜ਼ੁਰਗਾਂ ਨੂੰ ਸੁਰੱਖਿਆ ਮਿਲੇਗੀ। ਇਨ੍ਹਾਂ ਗੱਲਾਂ ਦਾ ਬਚਨ ਕਰ ਕੇ ਕਰੂਰ ਤਾਨਾਸ਼ਾਹ ਸੱਤਾ ਪ੍ਰਾਪਤ ਕਰ ਲੈਂਦੇ ਹਨ, ਉਹ ਝੂਠੇ ਵਾਅਦੇ ਕਰਦੇ ਹਨ। ਉਹ ਆਪਣੇ ਵਾਅਦੇ ਕਦੇ ਪੂਰੇ ਨਹੀਂ ਕਰਦੇ, ਉਹ ਕਦੇ ਵੀ ਇਸ ਵਾਅਦੇ ਨੂੰ ਪੂਰਾ ਨਹੀਂ ਕਰਨਗੇ।
ਤਾਨਸ਼ਾਹ ਆਪਣੇ ਆਪ ਨੂੰ ਆਜ਼ਾਦ ਕਰ ਲੈਂਦਾ ਹੈ, ਲੇਕਿਨ ਤੁਹਾਨੂੰ ਗੁਲਾਮ ਬਣਾ ਲੈਂਦਾ ਹੈ। ਆਓ! ਉਸ ਵਾਅਦੇ ਨੂੰ ਪੂਰਾ ਕਰਨ ਲਈ ਸੰਘਰਸ਼ ਕਰੀਏ। ਆਓ! ਦੁਨੀਆ ਨੂੰ ਆਜ਼ਾਦ ਉਸਾਰੀਏ। ਆਓ! ਰਾਸ਼ਟਰਾਂ ਦੀਆਂ ਸੀਮਾਵਾਂ ਨੂੰ ਮਿਟਾ ਦੇਈਏ। ਆਓ! ਆਪਣੇ ਲਾਲਚ, ਨਫਰਤ ਅਤੇ ਅਸਹਿਣਸ਼ੀਲਤਾ ਨੂੰ ਮਿਟਾ ਦੇਈਏ। ਆਓ! ਅਜਿਹੀ ਦੁਨੀਆ ਲਈ ਸੰਘਰਸ਼ ਕਰੀਏ ਜਿਥੇ ਦਲੀਲ਼ ਚੱਲੇ, ਜਿਥੇ ਵਿਗਿਆਨ ਤੇ ਤਰੱਕੀ ਇਨਸਾਨੀ ਖੁਸ਼ੀਆਂ ਨੂੰ ਰਸਤਾ ਦਿਖਾਵੇਗੀ। ਸਿਪਾਹੀਆਂ ਆਓ! ਜਮਹੂਰੀਅਤ ਦੇ ਨਾਮ ‘ਤੇ ਅਸੀ ਸਭ ਇਕ ਹੋ ਕੇ ਸੰਘਰਸ਼ ਕਰੀਏ।