ਭਾਰਤ ਅਤੇ ਪਾਕਿਸਤਾਨ ਵਿਚਕਾਰ ਤਲਖੀ ਵਧੀ

ਸ੍ਰੀਨਗਰ: ਉੜੀ (ਬਾਰਾਮੂਲਾ) ਵਿਚ ਕੰਟਰੋਲ ਰੇਖਾ ਨੇੜੇ ਥਲ ਸੈਨਾ ਦੇ ਬ੍ਰਿਗੇਡ ਹੈੱਡਕੁਆਰਟਰ ਦੇ ਬਾਹਰਵਾਰ ਸੁੱਤੇ ਪਏ ਫੌਜੀਆਂ ‘ਤੇ ਫਿਦਾਈਨ ਹਮਲੇ ਵਿਚ 18 ਜਵਾਨਾਂ ਦੀ ਮੌਤ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਇਕ ਵਾਰ ਫਿਰ ਟਕਰਾਅ ਵਾਲੇ ਹਾਲਾਤ ਬਣ ਗਏ ਹਨ। ਇਸ ਹਮਲੇ ਪਿੱਛੋਂ ਸਰਹੱਦ ‘ਤੇ ਗੋਲੀਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਵੀ ਤੇਜ਼ ਹੋ ਗਈਆਂ ਹਨ।

ਭਾਰਤ ਨੇ ਇਸ ਅਤਿਵਾਦੀ ਹਮਲੇ ਦਾ ਦੋਸ਼ ਸਿੱਧਾ ਪਾਕਿਸਤਾਨ ‘ਤੇ ਮੜ੍ਹਦਿਆਂ ਸਬਕ ਸਿਖਾਉਣ ਦੀ ਗੱਲ ਆਖੀ ਹੈ। ਭਾਰਤ ਦਾ ਦਾਅਵਾ ਹੈ ਕਿ ਹਮਲੇ ਦੀ ਮਾਰ ਹੇਠ ਆਇਆ ਕੈਂਪ ਕੰਟਰੋਲ ਰੇਖਾ ਤੋਂ ਮਹਿਜ਼ ਢਾਈ ਕਿਲੋਮੀਟਰ ਦੂਰ ਹੈ ਅਤੇ ਹਮਲਾਵਰ ਪਾਕਿਸਤਾਨ ਵਾਲੇ ਪਾਸਿਉਂ ਘੁਸਪੈਠ ਕਰ ਕੇ ਉੜੀ ਖੇਤਰ ਵਿਚ ਦਾਖਲ ਹੋਏ। ਇਨ੍ਹਾਂ ਹਮਲਾਵਰ ਫਿਦਾਈਨ ਦਾ ਸਬੰਧ ਲਸ਼ਕਰ-ਏ-ਤੋਇਬਾ ਨਾਲ ਦੱਸਿਆ ਜਾ ਰਿਹਾ ਹੈ। ਭਾਰਤੀ ਫੌਜ ਨੇ ਇਸ ਹਮਲੇ ਪਿੱਛੋਂ ਹੁਣ ਤੱਕ 15 ਘੁਸਪੈਠੀਆਂ ਨੂੰ ਮਾਰ-ਮੁਕਾਉਣ ਦਾ ਦਾਅਵਾ ਕੀਤਾ ਹੈ। ਉਧਰ, ਮੋਦੀ ਸਰਕਾਰ ਉਤੇ ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਦਬਾਅ ਵਧ ਗਿਆ ਹੈ। ਭਾਜਪਾ ਦੀ ਭਾਈਵਾਲ ਸ਼ਿਵ ਸੈਨਾ ਨੇ ਵੀ ਮੋਦੀ ਨੂੰ ਘੇਰ ਲਿਆ ਹੈ। ਸ਼ਿਵ ਸੈਨਾ ਨੇ ਕਿਹਾ ਹੈ ਕਿ ਅਮਰੀਕਾ ਨੇ ਜਿਵੇਂ ਉਸਾਮਾ ਬਿਨ-ਲਾਦਿਨ ਨੂੰ ਪਾਕਿਸਤਾਨ ‘ਚ ਦਾਖਲ ਹੋ ਕੇ ਮਾਰਿਆ ਸੀ, ਉਸੇ ਤਰ੍ਹਾਂ ਜੇ ਭਾਰਤ ਵਿਚ ਪਾਕਿਸਤਾਨ ਉਤੇ ਹਮਲਾ ਕਰਨ ਦਾ ਜੇਰਾ ਨਹੀਂ ਹੈ ਤਾਂ ਸ੍ਰੀ ਮੋਦੀ ਨੂੰ ਕੌਮਾਂਤਰੀ ਪੱਧਰ ‘ਤੇ ਆਪਣਾ ਦਬਦਬਾ ਬਣਾਉਣ ਦਾ ਕੋਈ ਫਾਇਦਾ ਨਹੀਂ ਹੈ। ਕਾਂਗਰਸ ਨੇ ਵੀ ਸ੍ਰੀ ਮੋਦੀ ਨੂੰ ਹੁਣ 56 ਇੰਚ ਦੀ ਛਾਤੀ ਦਿਖਾਉਣ ਦੀ ਸਲਾਹ ਦਿਤੀ ਹੈ। ਉਧਰ, ਮੋਦੀ ਸਰਕਾਰ ਦੇ ਗੁਆਂਢੀ ਦੇਸ਼ ਪਾਕਿਸਤਾਨ ਬਾਰੇ ਰਵੱਈਏ ਸਬੰਧੀ ਵੀ ਸਵਾਲ ਵਾਰ-ਵਾਰ ਉਠ ਰਹੇ ਹਨ। ਸ੍ਰੀ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਸਮਾਗਮ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਬੁਲਾ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਉਨ੍ਹਾਂ ਦੀ ਸਰਕਾਰ ਗੁਆਂਢੀਆਂ ਨਾਲ ਚੰਗੇ ਰਿਸ਼ਤੇ ਬਣਾਉਣ ਦੀ ਨੀਤੀ ‘ਤੇ ਚੱਲੇਗੀ।
ਇਸ ਤੋਂ ਬਾਅਦ ਨਵਾਜ਼ ਸ਼ਰੀਫ਼ ਦੇ ਜਨਮ ਦਿਨ ਮੌਕੇ ਅਚਾਨਕ ਪਾਕਿਸਤਾਨ ਪੁੱਜੇ ਮੋਦੀ ਨੇ ਇਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਮੋਦੀ ਸਰਕਾਰ ਇਸ ਨੀਤੀ ਨੂੰ ਅਮਲੀਜਾਮਾ ਪਾਉਣ ਲਈ ਕੋਈ ਠੋਸ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ। ਦੋਵਾਂ ਦੇਸ਼ਾਂ ਵਿਚ ਸਕੱਤਰ ਪੱਧਰ ਦੀ ਗੱਲਬਾਤ ਵਾਰ-ਵਾਰ ਰੱਦ ਹੁੰਦੀ ਰਹੀ ਹੈ। ਉੜੀ ਵਿਚਲਾ ਹਮਲਾ ਪਿਛਲੇ 9 ਮਹੀਨਿਆਂ ਦੌਰਾਨ ਭਾਰਤੀ ਠਿਕਾਣਿਆਂ ਉਤੇ ਪਾਕਿਸਤਾਨ ਵਾਲੇ ਪਾਸਿਉਂ ਹੋਇਆ ਛੇਵਾਂ ਦਹਿਸ਼ਤੀ ਹਮਲਾ ਹੈ। ਸਰਹੱਦ ‘ਤੇ ਸਾਲ 2014 ਵਿਚ 562 ਵਾਰ ਗੋਲੀਬੰਦੀ ਦੀ ਉਲੰਘਣਾ ਹੋਈ। ਇਸ ਵਿਚ ਪੰਜ ਜਵਾਨ ਅਤੇ 14 ਆਮ ਨਾਗਰਿਕ ਮਾਰੇ ਗਏ ਤੇ 150 ਲੋਕ ਜ਼ਖਮੀ ਹੋਏ। ਇਸ ਤੋਂ ਪਹਿਲਾਂ 2013 ਵਿਚ 347 ਵਾਰ ਗੋਲੀਬੰਦੀ ਦੀ ਉਲੰਘਣਾ ਹੋਈ ਤੇ 12 ਜਵਾਨਾਂ ਦੀ ਜਾਨ ਗਈ ਤੇ 150 ਆਮ ਲੋਕ ਜ਼ਖਮੀ ਹੋਏ। 2012 ਵਿਚ 114 ਵਾਰ ਉਲੰਘਣਾ ਹੋਈ ਤੇ ਪੰਜ ਜਵਾਨ ਤੇ ਚਾਰ ਆਮ ਨਾਗਰਿਕ ਮਾਰੇ ਗਏ।
ਇਸ ਤੋਂ ਬਿਨਾਂ ਜੰਮੂ ਕਸ਼ਮੀਰ ਵਿਚ ਸੈਨਾ ਅਤੇ ਆਮ ਲੋਕਾਂ ਵਿਚ ਲਗਾਤਾਰ ਟਕਰਾਅ ਬਣਿਆ ਹੋਇਆ ਹੈ ਜਿਸ ਕਾਰਨ ਪਿਛਲੇ ਦੋ ਮਹੀਨੇ ਵਿਚ 80 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਪਾਕਿਸਤਾਨ ਨਾਲ ਸਿੱਧੀ ਟੱਕਰ ਲੈਣ ਦੀ ਥਾਂ ਕੌਮਾਂਤਰੀ ਪੱਧਰ ‘ਤੇ ਦਬਾਅ ਪਾਉਣ ਦੀ ਨੀਤੀ ‘ਤੇ ਚੱਲ ਰਹੀ ਹੈ। ਉੜੀ ਹਮਲੇ ਪਿੱਛੋਂ ਫਰਾਂਸ, ਅਫਗਾਨਿਸਤਾਨ, ਇੰਗਲੈਂਡ ਅਤੇ ਕੈਨੇਡਾ ਨੇ ਭਾਰਤ ਨਾਲ ਦਿਲ ਖੋਲ੍ਹ ਕੇ ਹਮਦਰਦੀ ਵਿਖਾਈ ਹੈ। ਅਸਲ ਵਿਚ ਭਾਰਤ ਤੇ ਪਾਕਿਸਤਾਨ ਦੇ ਸਬੰਧ ਦੋ ਕਦਮ ਅੱਗੇ ਤੇ ਚਾਰ ਕਦਮ ਪਿੱਛੇ ਵਾਲੇ ਰਹੇ ਹਨ। ਦੋਵੇਂ ਦੇਸ਼ ਅਤਿਵਾਦੀ ਘਟਨਾਵਾਂ ਦਾ ਖਮਿਆਜ਼ਾ ਭੁਗਤ ਰਹੇ ਹਨ। ਭਾਰਤ ਦਾ ਇਲਜ਼ਾਮ ਹੈ ਕਿ ਇਸ ਪਾਸੇ ਹੋ ਰਹੀਆਂ ਵੱਡੀਆਂ ਅਤਿਵਾਦੀ ਘਟਨਾਵਾਂ ਪਿੱਛੇ ਪਾਕਿਸਤਾਨ ਦਾ ਹੱਥ ਹੈ ਜਦਕਿ ਪਾਕਿਸਤਾਨ ਵਿਚ ਖੁਦ ਅਤਿਵਾਦੀ ਘਟਨਾਵਾਂ ਵਿਚ ਵੱਡੇ ਪੱਧਰ ਉਤੇ ਕਤਲੇਆਮ ਹੋ ਰਿਹਾ ਹੈ।
ਉਧਰ, ਅਤਿਵਾਦ ਨੂੰ ਸਮਰਥਨ ਦੀ ਪਾਕਿਸਤਾਨ ਦੀ ਨੀਤੀ ਵਿਰੁੱਧ ਦੇਸ਼ ਵਿਚ ਹੀ ਸਵਾਲ ਉਠ ਰਹੇ ਹਨ। ਇਥੋਂ ਤੱਕ ਕਿ ਪਾਕਿਸਤਾਨ ਦੇ ਚੀਫ ਜਸਟਿਸ ਨੇ ਕਿਹਾ ਕਿ ਪਾਕਿਸਤਾਨ ਦੀਆਂ ਕੁਝ ਰਾਜਨੀਤਕ ਪਾਰਟੀਆਂ ਅਤਿਵਾਦ ਦਾ ਸਮਰਥਨ ਕਰਦੀਆਂ ਹਨ। ਚੀਫ ਜਸਟਿਸ ਅਨਵਰ ਜ਼ਹੀਰ ਜਾਮਲੀ ਨੇ ਕੁਝ ਰਾਜਨੀਤਕ ਪਾਰਟੀਆਂ ਨੂੰ ਅਤਿਵਾਦ ਦਾ ਸਮਰਥਨ ਕਰਨ ‘ਤੇ ਕਰੜੀ ਝਾੜ ਲਾਈ ਹੈ। ਜ਼ਿਕਰਯੋਗ ਹੈ ਕਿ ਭਾਰਤ ਕੌਮਾਂਤਰੀ ਭਾਈਚਾਰੇ ਸਾਹਮਣੇ ਸਾਲਾਂ ਤੋਂ ਇਸ ਗੱਲ ਦਾ ਦਾਅਵਾ ਕਰਦਾ ਆ ਰਿਹਾ ਹੈ ਕਿ ਪਾਕਿਸਤਾਨ ਅਤਿਵਾਦ ਦਾ ਸਮਰਥਨ ਕਰਦਾ ਹੈ।
_____________________________________
ਪਾਕਿਸਤਾਨ ਦੀ ਅਤਿਵਾਦ ਬਾਰੇ ਨੀਤੀ ਬਣੀ ਵੰਗਾਰ
ਕੌਮਾਂਤਰੀ ਪੱਧਰ ‘ਤੇ ਅਲੋਚਨਾ ਤੋਂ ਬਾਅਦ ਵੀ ਪਾਕਿਸਤਾਨ ਅਤਿਵਾਦ ਨੂੰ ਸ਼ਹਿ ਦੇਣ ਤੋਂ ਬਾਜ਼ ਨਹੀਂ ਆ ਰਿਹਾ। ਭਾਰਤ ਹੀ ਨਹੀਂ, ਅਫਗਾਨਿਸਤਾਨ, ਇਥੋਂ ਤੱਕ ਕਿ ਬੰਗਲਾਦੇਸ਼ ਵੀ ਪਾਕਿਸਤਾਨ ਵੱਲੋਂ ਪੈਦਾ ਕੀਤੇ ਜਾ ਰਹੇ ਅਤਿਵਾਦ ਦਾ ਸਾਹਮਣਾ ਕਰ ਰਿਹਾ ਹੈ। ਅਮਰੀਕਾ ਉਪਰ 11 ਸਤੰਬਰ 2001 ਨੂੰ ਹੋਏ ਵੱਡੇ ਦਹਿਸ਼ਤਗਰਦੀ ਹਮਲੇ ਦੀਆਂ ਪੈੜਾਂ ਵੀ ਪਾਕਿਸਤਾਨ ਤੱਕ ਅੱਪੜੀਆਂ ਸਨ ਅਤੇ ਅਲ-ਕਾਇਦਾ ਨਾਲ ਸਬੰਧਤ ਬਹੁਤ ਸਾਰੇ ਦੋਸ਼ੀਆਂ ਨੂੰ ਉਥੋਂ ਹੀ ਫੜਿਆ ਗਿਆ ਸੀ। ਦੁਨੀਆ ਦੇ ਹੋਰ ਬਹੁਤ ਸਾਰੇ ਦੇਸ਼ਾਂ ਵਿਚ ਵੀ ਜਿਹੜੀਆਂ ਅਤਿਵਾਦੀ ਘਟਨਾਵਾਂ ਹੁੰਦੀਆਂ ਹਨ, ਉਨ੍ਹਾਂ ਦੀਆਂ ਕੜੀਆਂ ਕਿਸੇ ਨਾ ਕਿਸੇ ਪੱਧਰ ‘ਤੇ ਪਾਕਿਸਤਾਨ ਨਾਲ ਆ ਜੁੜਦੀਆਂ ਹਨ।