ਛਪਾਰ ਮੇਲਾ ਬਣਿਆ ਸਿਆਸੀ ਛਿੰਝ, ਇਕ ਦੂਜੇ ‘ਤੇ ਤੋਹਮਤਾਂ ਦੀ ਝੜੀ

ਲੁਧਿਆਣਾ: ਮਾਲਵੇ ਦੇ ਸਭ ਤੋਂ ਵੱਡੇ ਲੋਕ ਮੇਲੇ ਛਪਾਰ ਵਿਚ ਵੱਖ-ਵੱਖ ਪਾਰਟੀਆਂ ਨੇ ਆਪੋ ਆਪਣੀਆਂ ਕਾਨਫਰੰਸਾਂ ਕਰ ਕੇ ਇਕ-ਦੂਜੇ ਨੂੰ ਨਿਸ਼ਾਨਾ ਬਣਾਇਆ। ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਜਨ ਵਿਰੋਧੀ ਪਾਰਟੀਆਂ ਐਲਾਨਿਆਂ। ਅਕਾਲੀ ਦਲ ਨੂੰ ਕਿਸਾਨਾਂ ਦਾ ਮਸੀਹਾ ਜ਼ਾਹਿਰ ਕਰਦਿਆਂ ਉਨ੍ਹਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਕੇਂਦਰ ਵਿਚ ਲੰਬਾ ਸਮਾਂ ਰਹੀ ਕਾਂਗਰਸ ਸਰਕਾਰ ਦੀ ਖੇਤੀ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ।

ਉਨ੍ਹਾਂ ਕਿਹਾ ਕਿ ਪੰਜਾਬ ਤੋਂ ਦਰਿਆਈ ਪਾਣੀਆਂ ਦਾ ਹੱਕ ਖੋਹਣ ਦੇ ਯਤਨ ਕੀਤੇ ਗਏ ਹਨ, ਪਰ ਅਕਾਲੀ ਦਲ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਹੈ ਅਤੇ ਕਰਦਾ ਰਹੇਗਾ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਉਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਲੀਰਾਂ ਦੀ ਖੁੱਦੋ ਵਾਂਗ ਹੈ ਜੋ ਜਲਦੀ ਖਿੱਲਰ ਗਈ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਸੁਪਰੀਮ ਕੋਰਟ ਵਿਚ ਹਲਫ਼ੀਆ ਬਿਆਨ ਦੇ ਕੇ ਮੰਗ ਕੀਤੀ ਹੈ ਕਿ ਹਰਿਆਣੇ ਨੂੰ ਪਾਣੀ ਹਰ ਹਾਲਤ ਵਿਚ ਦਿੱਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਹਰਿਆਣੇ ਦਾ ਜੰਮਪਲ ਹੋਣ ਕਰ ਕੇ ਪੰਜਾਬ ਦੀ ਥਾਂ ‘ਤੇ ਹਰਿਆਣੇ ਦਾ ਪੱਖ ਪੂਰ ਰਿਹਾ ਹੈ। ਉਨ੍ਹਾਂ ਵਿਅੰਗ ਨਾਲ ਕਿਹਾ ਕਿ ਪੰਜਾਬ ਉਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਤਾਂ ਪਰਛਾਵਾਂ ਵੀ ਮਾੜਾ ਹੈ।
ਸ਼ ਬਾਦਲ ਨੇ ਕਿਹਾ ਕਿ ਮੁਹਾਲੀ ਏਅਰਪੋਰਟ ਤੋਂ ਅੰਤਰ-ਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਬਹੁਤ ਜ਼ਿਆਦਾ ਲਾਭ ਹੋਵੇਗਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਉਡਾਣ ਸ਼ੁਰੂ ਹੋਣ ਸਮੇਂ ਸਮਾਗਮ ਵਿਚ ਸ਼ਾਮਲ ਨਾ ਹੋਣ ਬਾਰੇ ਉਨ੍ਹਾਂ ਕਿਹਾ ਕਿ ਹਰ ਆਦਮੀ ਨੂੰ ਕੋਈ ਨਾ ਕੋਈ ਰੁਝੇਵਾਂ ਹੁੰਦਾ ਹੈ। ਹਵਾਈ ਅੱਡੇ ਦਾ ਨਾਂ ਚੰਡੀਗੜ੍ਹ ਏਅਰਪੋਰਟ ਨਾ ਰੱਖਣ ਬਾਰੇ ਪੁੱਛੇ ਗਏ ਸਵਾਲ ਉਤੇ ਉਨ੍ਹਾਂ ਕਿਹਾ ਕਿ ਜਦੋਂ ਏਅਰਪੋਰਟ ਮੁਹਾਲੀ ਦੀ ਜ਼ਮੀਨ ‘ਤੇ ਬਣਿਆ ਹੈ ਤਾਂ ਨਾਂ ਵੀ ਮੁਹਾਲੀ ਉਤੇ ਹੀ ਰੱਖਿਆ ਜਾਵੇਗਾ। ਅਮਰੀਕਾ ਵਿਚ ਪੰਜ ਪਿਆਰੇ ਸ਼ਬਦ ਨੂੰ ਲੈ ਕੇ ‘ਆਪ’ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਦੇ ਵਿਰੋਧ ਬਾਰੇ ਸ੍ਰੀ ਬਾਦਲ ਨੇ ਕਿਹਾ ਕਿ ਪੰਜ ਪਿਆਰੇ ਹਾਰੀ ਸਾਰੀ ਨਹੀਂ ਬਣ ਸਕਦੇ ਕਿਉਂਕਿ ਉਹ ਤਾਂ ਆਪਣੇ ਅਸੂਲਾਂ ‘ਤੇ ਸੀਸ ਦੇਣ ਲਈ ਵੀ ਤਿਆਰ-ਬਰ-ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਪੰਜਾਬ ਦੀ ਧਾਰਮਿਕ ਅਤੇ ਸਮਾਜਿਕ ਮਰਿਆਦਾ ਬਾਰੇ ਕੋਈ ਗਿਆਨ ਨਹੀਂ ਹੈ। ਅਵਾਜ਼-ਏ-ਪੰਜਾਬ ਫਰੰਟ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਹੋ ਜਿਹੇ ਫਰੰਟ ਚੋਣਾਂ ਤੋਂ ਪਹਿਲਾਂ ਬਥੇਰੇ ਬਣਨੇ ਹਨ। ਵਿਧਾਨ ਸਭਾ ਵਿਚ ਮੱਚੇ ਘਮਸਾਨ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਤਹਿਜ਼ੀਬਯਾਫ਼ਤਾ ਪਾਰਟੀ ਨਹੀਂ ਹੈ।
_______________________________________________
ਬਾਦਲ ਪਰਿਵਾਰ ਬਣਿਆ ਤਾਨਾਸ਼ਾਹ: ਕੈਪਟਨ
ਛਪਾਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਾਨਫਰੰਸ ਦੌਰਾਨ ਕਿਹਾ ਕਿ ਬਾਦਲ ਪਰਿਵਾਰ ਸੂਬੇ ਵਿਚ ਲੋਕਤੰਤਰ ਦਾ ਘਾਣ ਕਰ ਕੇ ਆਪਣੀ ਡਿਕਟੇਟਰਸ਼ਿਪ ਚਲਾ ਰਿਹਾ ਹੈ। ਪੰਜਾਬ ਪੁਲਿਸ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿਚ ਕਠਪੁਤਲੀ ਬਣੀ ਹੋਈ ਹੈ। ਬਾਦਲ ਪਰਿਵਾਰ ਦੇ ਹਿੱਤਾਂ ਦੀ ਪੂਰਤੀ ਲਈ ਪੁਲਿਸ ਸਾਰੇ ਕਾਇਦੇ-ਕਾਨੂੰਨ ਛਿੱਕੇ ਟੰਗ ਕੇ ਵਿਰੋਧੀਆਂ ‘ਤੇ ਝੂਠੇ ਮੁਕੱਦਮੇ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੇ ਦਿਨ ਹੁਣ ਪੁੱਗ ਚੁੱਕੇ ਹਨ ਅਤੇ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ।
________________________________________________
‘ਆਪ’ ਵੱਲੋਂ ਪੰਜਾਬੀ ਹੀ ਬਣੇਗਾ ਮੁੱਖ ਮੰਤਰੀ: ਸੰਜੈ ਸਿੰਘ
ਛਪਾਰ: ਆਮ ਆਦਮੀ ਪਾਰਟੀ (ਆਪ) ਦੇ ਪੰਡਾਲ ਵਿਚ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਸੰਜੈ ਸਿੰਘ ਨੇ ਦਾਅਵਾ ਕੀਤਾ ਕਿ ਪਾਰਟੀ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਘੱਟੋ ਘੱਟ 100 ਸੀਟਾਂ ਉਤੇ ਜਿੱਤ ਪ੍ਰਾਪਤ ਕਰ ਕੇ ਕਿਸੇ ਪੰਜਾਬੀ ਨੂੰ ਹੀ ਸੂਬੇ ਦਾ ਮੁੱਖ ਮੰਤਰੀ ਬਣਾਏਗੀ। ਅਕਾਲੀ-ਭਾਜਪਾ ਸਰਕਾਰ ਉਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ‘ਆਪ’ ਦੀ ਸਿਆਸੀ ਚੜ੍ਹਤ ਦੇਖ ਕੇ ਹੁਕਮਰਾਨ ਪਾਰਟੀਆਂ ਬੁਖਲਾ ਗਈਆਂ ਹਨ ਅਤੇ ਪਾਰਟੀ ਦੇ ਵਾਲੰਟੀਅਰਾਂ ਉਤੇ ਧੜਾਧੜ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ।