ਗੰਭੀਰ ਅਪਰਾਧਕ ਮਾਮਲਿਆਂ ਦੀ ਜਾਂਚ ਤੋਂ ਪੰਜਾਬ ਪੁਲਿਸ ਦੇ ਹੱਥ ਖੜ੍ਹੇ

ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਤਿੰਨ ਅਹਿਮ ਅਪਰਾਧਕ ਮਾਮਲਿਆਂ ਦੀ ਜਾਂਚ ਤੋਂ ਹੱਥ ਖੜ੍ਹੇ ਕਰਨ ਪਿੱਛੋਂ ਇਨ੍ਹਾਂ ਦੀ ਜਾਂਚ ਸੀæਬੀæਆਈæ ਨੂੰ ਸੌਂਪ ਦਿੱਤੀ ਹੈ। ਇਨ੍ਹਾਂ ਵਿਚ ਨਾਮਧਾਰੀ ਸੰਪਰਦਾ ਨਾਲ ਸਬੰਧਤ ਮਾਤਾ ਚੰਦ ਕੌਰ ਦਾ ਕਤਲ ਕੇਸ ਵੀ ਸ਼ਾਮਲ ਹੈ। ਸੂਬਾ ਸਰਕਾਰ ਨੇ ਜਿਹੜੇ ਦੋ ਹੋਰ ਮਾਮਲੇ ਜਾਂਚ ਲਈ ਸੀæਬੀæਆਈæ ਦੇ ਸਪੁਰਦ ਕੀਤੇ ਹਨ, ਉਨ੍ਹਾਂ ਵਿਚ ਲੁਧਿਆਣਾ ਦੇ ਹੀ ਕੂੰਮ ਕਲਾਂ ਖੇਤਰ ‘ਚ ਨਾਮਧਾਰੀ ਸੰਪਰਦਾ ਨਾਲ ਸਬੰਧਤ ਅਵਤਾਰ ਸਿੰੰਘ ਤਾਰੀ ਦਾ ਕਤਲ ਕੇਸ ਅਤੇ ਜਲੰਧਰ ਦੇ ਮਕਸੂਦਾਂ ਥਾਣੇ ਦੀ ਹਦੂਦ ‘ਚ ਹੋਏ ‘ਟਿਫਿਨ ਬੰਬ ਧਮਾਕੇ’ ਦਾ ਮਾਮਲਾ ਸ਼ਾਮਲ ਹਨ।

ਮਾਤਾ ਚੰਦ ਕੌਰ ਦੇ ਕਤਲ ਸਬੰਧੀ ਸੰਪਰਦਾ ਨਾਲ ਸਬੰਧਤ ਇਕ ਵਿਸ਼ੇਸ਼ ਵਿਅਕਤੀ ਦੁਆਲੇ ਸ਼ੱਕ ਦੀ ਸੂਈ ਘੁੰਮ ਰਹੀ ਹੈ ਤੇ ਪੁਲਿਸ ਇਸ ਵਿਅਕਤੀ ਨੂੰ ਹੱਥ ਪਾਉਣ ਤੋਂ ਕੰਨੀ ਕਤਰਾ ਰਹੀ ਸੀ। ਇਸੇ ਤਰ੍ਹਾਂ ਜਲੰਧਰ ‘ਚ ਹੋਏ ਬੰਬ ਧਮਾਕੇ ਅਤੇ ਤਾਰੀ ਕਤਲ ਕੇਸ ਦੀਆਂ ਤਾਰਾਂ ਵੀ ਇਸੇ ਸੰਪਰਦਾ ਨਾਲ ਸਬੰਧਤ ਕੁਝ ਵਿਅਕਤੀਆਂ ਨਾਲ ਜੁੜਦੀਆਂ ਹਨ। ਪੁਲਿਸ ਨੇ ਕੁਝ ਦਿਨ ਪਹਿਲਾਂ ਹੀ ਇਨ੍ਹਾਂ ਤਿੰਨਾਂ ਮਾਮਲਿਆਂ ਦੀ ਜਾਂਚ ਸੀæਬੀæਆਈæ ਨੂੰ ਸੌਂਪਣ ਸਬੰਧੀ ਗ੍ਰਹਿ ਵਿਭਾਗ ਨੂੰ ਲਿਖ ਦਿੱਤਾ ਸੀ। ਗ੍ਰਹਿ ਵਿਭਾਗ ਵੱਲੋਂ ‘ਦਿੱਲੀ ਸਪੈਸ਼ਲ ਪੁਲਿਸ ਅਸਟੈਬਲਿਸ਼ਮੈਂਟ ਐਕਟ-1964’ ਦੀ ਧਾਰਾ 6 ਤਹਿਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਕਾਰਵਾਈ ਕਰੇਗੀ।
ਸੂਤਰਾਂ ਦਾ ਦੱਸਣਾ ਹੈ ਕਿ ਪੁਲਿਸ ਵੱਲੋਂ ਮਾਤਾ ਚੰਦ ਕੌਰ ਕਤਲ ਕੇਸ ਦੀ ਜਾਂਚ ਕੇਂਦਰੀ ਏਜੰਸੀ ਨੂੰ ਸੌਂਪਣ ਸਮੇਂ ਦਲੀਲ ਦਿੱਤੀ ਗਈ ਹੈ ਕਿ ਇਸ ਕਤਲ ਕਾਂਡ ਨਾਲ ਸਬੰਧਤ ਦੋ ਮੁਲਜ਼ਮਾਂ ਦੇ ਪੰਜਾਬ ਤੋਂ ਬਾਹਰ ਹੋਣ ਦਾ ਸ਼ੱਕ ਹੈ। ਇਸ ਲਈ ਪੰਜਾਬ ਪੁਲਿਸ ਸੂਬੇ ਤੋਂ ਬਾਹਰ ਪੜਤਾਲ ਕਰਨ ਤੋਂ ਅਸਮਰੱਥ ਹੈ। ਇਸੇ ਤਰ੍ਹਾਂ ਅਵਤਾਰ ਸਿੰਘ ਤਾਰੀ ਕਤਲ ਕੇਸ ਸਬੰਧੀ ਦਲੀਲ ਦਿੱਤੀ ਗਈ ਹੈ ਕਿ ਮਾਤਾ ਚੰਦ ਕੌਰ ਅਤੇ ਤਾਰੀ ਕਤਲ ਕੇਸ ਦੇ ਮੁਲਜ਼ਮਾਂ ਵੱਲੋਂ ਇਕੋ ਹਥਿਆਰ ਵਰਤੇ ਹੋਣ ਤੇ ਇਕ ਵਿਅਕਤੀ ਵੱਲੋਂ ਸਾਜ਼ਿਸ਼ ਘੜੇ ਹੋਣ ਦਾ ਸ਼ੱਕ ਹੈ। ਪੁਲਿਸ ਨੇ ਜਲੰਧਰ ਦੇ ‘ਟਿਫਿਨ ਬੰਬ ਕਾਂਡ’ ਦੀਆਂ ਤਾਰਾਂ ਵੀ ਇਨ੍ਹਾਂ ਕੇਸਾਂ ਨਾਲ ਜੋੜਦਿਆਂ ਤਿੰਨੋਂ ਕੇਸ ਸੀæਬੀæਆਈæ ਨੂੰ ਸੌਂਪਣ ਦਾ ਫੈਸਲਾ ਕਰ ਲਿਆ ਸੀ। ਟਿਫਿਨ ਬੰਬ ਕਾਂਡ ਵਿਚ ਇਕ ਅਹਿਮ ਵਿਅਕਤੀ ਦਾ ਨਾਮ ਬੋਲਦਾ ਹੈ।
ਮਾਤਾ ਚੰਦ ਕੌਰ ਕਤਲ ਕੇਸ ਦਾ ਕੋਈ ਸੁਰਾਗ ਨਾ ਲੱਗਣ ਕਾਰਨ ਪੁਲਿਸ ਅਤੇ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਸਨ ਕਿ ਪੁਲਿਸ ਬਜ਼ੁਰਗ ਮਹਿਲਾ ਦੇ ਕਾਤਲਾਂ ਨੂੰ ਫੜਨ ਦੇ ਨਜ਼ਦੀਕ ਪਹੁੰਚ ਗਈ ਹੈ ਤੇ ਹੁਣ ਸੂਬਾ ਸਰਕਾਰ ਵੱਲੋਂ ਮਾਮਲਾ ਸੀæਬੀæਆਈæ ਨੂੰ ਸੌਂਪਣ ਦੇ ਫੈਸਲੇ ਨੇ ਉਪ ਮੁੱਖ ਮੰਤਰੀ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਦੱਸਣਯੋਗ ਹੈ ਕਿ ਮਾਤਾ ਚੰਦ ਕੌਰ ਦਾ ਕਤਲ ਇਸੇ ਸਾਲ 4 ਅਪਰੈਲ ਨੂੰ ਹੋਇਆ ਸੀ ਤੇ ਪੁਲਿਸ ਨੇ ਕੂਮ ਕਲਾਂ ਥਾਣੇ ਵਿਚ ਅਣਪਛਾਤੇ ਵਿਅਕਤੀਆਂ ਵਿਰੁਧ ਧਾਰਾ 302, 34 ਆਈæਪੀæਸੀæ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਸੀ। ਇਸੇ ਤਰ੍ਹਾਂ ਅਵਤਾਰ ਸਿੰਘ ਤਾਰੀ ਨਾਮ ਦਾ ਕਤਲ 12 ਅਪਰੈਲ 2011 ਨੂੰ ਹੋਇਆ ਸੀ ਤੇ ਜਲੰਧਰ ਦੇ ਮਕਸੂਦਾਂ ਖੇਤਰ ਵਿਚ ਹੋਏ ਬੰਬ ਧਮਾਕੇ ਸਬੰਧੀ ਪੁਲਿਸ ਵੱਲੋਂ 6 ਦਸੰਬਰ 2015 ਨੂੰ ਕੇਸ ਦਰਜ ਕੀਤਾ ਸੀ।
ਮਾਤਾ ਚੰਦ ਕੌਰ ਕਤਲ ਕੇਸ ਦੀ ਪੜਤਾਲ ਲਈ ਸਰਕਾਰ ਵੱਲੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਐਸ਼ਆਈæਟੀæ) ਦਾ ਗਠਨ ਕੀਤਾ ਹੋਇਆ ਸੀ। ਇਹ ਐਸ਼ਆਈæਟੀæ 5 ਮਹੀਨਿਆਂ ਦੌਰਾਨ ਖਾਸ ਕਾਰਗੁਜ਼ਾਰੀ ਨਹੀਂ ਦਿਖਾ ਸਕੀ।