ਚੋਣ ਫੰਡਾਂ ਨੇ ਬਾਦਲਾਂ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਕੀਤਾ ਮਾਲੋਮਾਲ

ਚੰਡੀਗੜ੍ਹ: ਪੰਜਾਬ ਦੀ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਛਲੇ 5 ਸਾਲਾਂ ਦੌਰਾਨ ਸਭ ਤੋਂ ਜ਼ਿਆਦਾ ਚੋਣ ਫੰਡ ਹਾਸਲ ਹੋਇਆ ਹੈ। ਵਿੱਤੀ ਵਰ੍ਹੇ 2010-11 ਤੋਂ 2014-15 ਦਰਮਿਆਨ ਹਾਕਮ ਪਾਰਟੀ ਨੂੰ 76æ14 ਕਰੋੜ ਰੁਪਏ ਮਿਲੇ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫੌਰਮਜ਼ (ਏæਡੀæਆਰæ) ਅਤੇ ਪੰਜਾਬ ਇਲੈਕਸ਼ਨ ਵਾਚ ਨੇ ਰਾਜਸੀ ਪਾਰਟੀ ਨੂੰ ਮਿਲੇ ਮਾਇਆ ਦੇ ਗੱਫਿਆਂ ਦੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਤਿੰਨ ਕੁ ਸਾਲ ਪਹਿਲਾਂ ਹੋਂਦ ‘ਚ ਆਈ ਆਮ ਆਦਮੀ ਪਾਰਟੀ (ਆਪ) ਵੀ ਪਿੱਛੇ ਨਹੀਂ ਹੈ।

ਇਸ ਪਾਰਟੀ ਨੂੰ ਕੌਮੀ ਪੱਧਰ ‘ਤੇ 110æ5 ਕਰੋੜ ਰੁਪਏ ਹਾਸਲ ਹੋਏ, ਜਦੋਂਕਿ ਪੰਜਾਬ ਵਿੱਚੋਂ 48æ29 ਲੱਖ ਰੁਪਏ ਦਾ ਫੰਡ ਮਿਲਿਆ ਹੈ। ਵਿੱਤੀ ਵਰ੍ਹੇ 2014-15 ਦੌਰਾਨ ‘ਆਪ’ ਨੂੰ 55æ26 ਕਰੋੜ ਰੁਪਏ ਮਿਲੇ ਸਨ ਤਾਂ ਅਕਾਲੀ ਦਲ ਨੂੰ ਵਿੱਤੀ ਵਰ੍ਹੇ 2011-12 ਦੌਰਾਨ 30æ76 ਕਰੋੜ ਰੁਪਏ ਪ੍ਰਾਪਤ ਹੋਏ। ਕੌਮੀ ਪੱਧਰ ਉਤੇ ਭਾਜਪਾ ਨੇ ਸਾਰੀਆਂ ਪਾਰਟੀਆਂ ਨੂੰ ਪਛਾੜ ਦਿੱਤਾ ਹੈ। ਭਾਜਪਾ ਨੂੰ ਪੰਜ ਵਿੱਤੀ ਵਰ੍ਹਿਆਂ ਦੌਰਾਨ 2445æ87 ਕਰੋੜ ਰੁਪਏ ਅਤੇ ਕਾਂਗਰਸ ਨੂੰ 2280æ43 ਕਰੋੜ ਰੁਪਏ ਮਿਲੇ। ਏæਡੀæਆਰæ ਦੇ ਆਗੂਆਂ ਜਗਦੀਪ ਛੋਕਰ, ਜਸਕੀਰਤ ਸਿੰਘ, ਪਰਵਿੰਦਰ ਸਿੰਘ ਕਿੱਤਣਾ ਤੇ ਲਕਸ਼ਮੀ ਸ੍ਰੀਰਾਮ ਨੇ ਪੰਜਾਬ ‘ਚ 2006 ਤੋਂ ਜਿੱਤੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਅਪਰਾਧਿਕ ਪਿਛੋਕੜ ਬਾਰੇ ਵੀ ਤੱਥ ਰੱਖੇ।
ਪਰਲਜ਼ ਗਰੁੱਪ ਦੀ ਮਾਲਕੀ ਵਾਲੇ ਗਿਆਨ ਸਾਗਰ ਮੈਡੀਕਲ ਕਾਲਜ ਵੱਲੋਂ ਭਾਜਪਾ ਨੂੰ 3 ਲੱਖ ਰੁਪਏ ਸਾਲ 2014-15 ਦੌਰਾਨ ਦਿੱਤੇ ਗਏ। ਲੁਧਿਆਣਾ ਦੇ ਏ ਵਨ ਸਾਈਕਲ ਦੇ ਮਾਲਕਾਂ ਵੱਲੋਂ ਕਿਸੇ ਵੀ ਸਿਆਸੀ ਧਿਰ ਨੂੰ ਨਾਰਾਜ਼ ਨਹੀਂ ਕੀਤਾ ਜਾਂਦਾ। ਇਸ ਉਦਯੋਗਿਕ ਘਰਾਣੇ ਨੇ ਭਾਜਪਾ, ਅਕਾਲੀ ਦਲ ਤੇ ਕਾਂਗਰਸ ਤਿੰਨਾਂ ਨੂੰ ਚੋਣ ਫੰਡ ਦਿੱਤਾ। ਏæਡੀæਆਰæ ਦੀ ਸੂਚੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਦਾਨੀਆਂ ਵਿਚ ਸਤਿਆ ਇਲੈਕਟੋਰਲ ਟਰੱਸਟ ਨਵੀਂ ਦਿੱਲੀ ਨੇ ਵੱਖ-ਵੱਖ ਖਾਤਿਆਂ ‘ਚੋਂ 4 ਕਰੋੜ ਰੁਪਏ ਦਿੱਤੇ। ਭਾਜਪਾ ਆਗੂ ਦੀ ਮਾਲਕੀ ਵਾਲੀ ਟਰਿਗ ਡਿਟੈਕਟਿਵ ਏਜੰਸੀ ਮੁੰਬਈ ਵੱਲੋਂ 1 ਕਰੋੜ ਰੁਪਏ, ਐਚæਬੀæਐਨæ ਅਲਾਈਡ ਐਂਡ ਡੇਅਰੀਜ਼ ਗਰੁੱਪ ਆਫ ਕੰਪਨੀਜ਼ ਨਵੀਂ ਦਿੱਲੀ ਵੱਲੋਂ 50 ਲੱਖ ਰੁਪਏ, ਸਿਗਮਾ ਫਰੂਡਨਬਰਗ ਮੁਹਾਲੀ, ਚਰਨਜੀਤ ਸਿੰਘ ਰੱਖੜਾ, ਹਰਵਿੰਦਰ ਪਾਲ ਸਿੰਘ ਦੇਸੂਮਾਜਰਾ ਮੁਹਾਲੀ ਤਿੰਨਾਂ ਵੱਲੋਂ 25-25 ਲੱਖ ਰੁਪਏ ਦਿੱਤੇ ਗਏ। ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਵੱਲੋਂ 15 ਲੱਖ ਰੁਪਏ, ਬਰਨਾਲਾ ਬਿਲਡਰਜ਼ ਜ਼ੀਰਕਪੁਰ ਵੱਲੋਂ 15 ਲੱਖ ਤੇ ਦੀਪ ਮਲਹੋਤਰਾ ਵੱਲੋਂ 11 ਲੱਖ 17 ਹਜ਼ਾਰ ਰੁਪਏ ਸ਼ਾਮਲ ਹਨ।
‘ਆਪ’ ਵੱਲੋਂ ਵੀ ਉਦਯੋਗਪਤੀ ਜਾਂ ਚਰਚਿਤ ਦਾਨੀਆਂ ਦੀ ਥਾਂ ਵਿਅਕਤੀਗਤ ਤੌਰ ‘ਤੇ ਚੰਦਾ ਦੇਣ ਵਾਲੇ ਵਿਅਕਤੀਆਂ ਦੀ ਹੀ ਸੂਚੀ ਦਿੱਤੀ ਗਈ ਹੈ। ਅਕਾਲੀ ਦਲ ਨੂੰ 237 ਦਾਨੀਆਂ ਤੋਂ ਪੰਜਾਬ ਅਤੇ ਚੰਡੀਗੜ੍ਹ ਤੋਂ 4æ54 ਕਰੋੜ ਰੁਪਏ ਮਿਲੇ, ਭਾਜਪਾ ਨੂੰ 55 ਦਾਨੀ ਪੁਰਸ਼ਾਂ ਨੇ 59æ15 ਲੱਖ ਰੁਪਏ ਦਿੱਤੇ। ‘ਆਪ’ ਨੂੰ ਪੰਜਾਬ ਤੇ ਚੰਡੀਗੜ੍ਹ ਤੋਂ 107 ਵਿਅਕਤੀਆਂ ਨੇ 48æ29 ਲੱਖ ਰੁਪਏ ਸਾਲ 2012-13 ਅਤੇ ਸਾਲ 2014-15 ਦੌਰਾਨ ਦਿੱਤੇ। ਅਕਾਲੀ ਦਲ ਨੂੰ 6æ73 ਕਰੋੜ ਰੁਪਏ ਤਾਂ ਵਪਾਰਕ ਅਦਾਰਿਆਂ ਨੇ ਦਿੱਤੇ ਜਦੋਂ ਕਿ 4æ43 ਕਰੋੜ ਰੁਪਏ ਵਿਅਕਤੀਗਤ ਤੌਰ ‘ਤੇ ਲੋਕਾਂ ਨੇ ਦਿੱਤੇ। ਅਕਾਲੀ ਦਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਵਿੱਤੀ ਵਰ੍ਹੇ 2010-11 ਦੌਰਾਨ ਪਾਰਟੀ ਨੂੰ ਕੋਈ ਫੰਡ ਨਹੀਂ ਮਿਲਿਆ। ਪੰਜਾਬ ‘ਚ ਸਿਆਸੀ ਪੱਖ ਤੋਂ ਹਾਸ਼ੀਏ ‘ਤੇ ਚੱਲ ਰਹੀਆਂ ਖੱਬੀਆਂ ਪਾਰਟੀਆਂ ਸੀæਪੀæਆਈæ ਅਤੇ ਸੀæਪੀæਐਮæ ਦੀ ਸਥਿਤੀ ਫੰਡ ਦੇ ਮਾਮਲੇ ਵਿਚ ਵੀ ਗਰੀਬੀ ਵਾਲੀ ਹੀ ਹੈ। ਇਨ੍ਹਾਂ ਪਾਰਟੀਆਂ ਨੂੰ ਵਪਾਰਕ ਅਦਾਰੇ ਹੁਣ ਬਹੁਤ ਘੱਟ ਫੰਡ ਦਿੰਦੇ ਹਨ।
_________________
17 ਫੀਸਦੀ ਜਨਤਕ ਨੁਮਾਇੰਦੇ ਅਪਰਾਧਕ ਪਿਛੋਕੜ ਵਾਲੇ
ਏæਡੀæਆਰæ ਨੇ 2006 ਤੋਂ ਬਾਅਦ ਪੰਜਾਬ ਤੋਂ ਚੋਣ ਜਿੱਤੇ 266 ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਅਪਰਾਧਕ ਰਿਕਾਰਡ ਤੋਂ ਸਿੱਟਾ ਕੱਢਿਆ ਹੈ ਕਿ ਪੰਜਾਬ ਦੇ ਕੁੱਲ 17 ਫੀਸਦੀ ਜਨਤਕ ਨੁਮਾਇੰਦੇ ਅਪਰਾਧਕ ਪਿਛੋਕੜ ਵਾਲੇ ਐਲਾਨੇ ਗਏ ਸਨ। 6 ਫੀਸਦੀ ਖਿਲਾਫ਼ ਸੰਗੀਨ ਅਪਰਾਧਾਂ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਹਨ। ਇਸ ਮਾਮਲੇ ‘ਚ ਅਕਾਲੀ ਦਲ ਅਤੇ ਕਾਂਗਰਸ ਬਰਾਬਰ ਦਿਖਾਈ ਦੇ ਰਹੀਆਂ ਹਨ। ਅਕਾਲੀ ਦਲ ਦੇ 19 ਫੀਸਦੀ ਜਨਤਕ ਨੁਮਾਇੰਦਿਆਂ ਖਿਲਾਫ਼ ਅਪਰਾਧਕ ਮਾਮਲੇ ਦਰਜ ਹਨ ਤੇ ਕਾਂਗਰਸ ਦੇ 18 ਫੀਸਦੀ, ਭਾਜਪਾ ਦੇ 9 ਫੀਸਦੀ ਤੇ ਆਜ਼ਾਦ 25 ਫੀਸਦੀ ਹਨ। ਆਜ਼ਾਦ ਦੀ ਗਿਣਤੀ ਘੱਟ ਹੋਣ ਕਾਰਨ ਪ੍ਰਤੀਸ਼ਤਤਾ ਜ਼ਿਆਦਾ ਦਿਖਾਈ ਦਿੰਦੀ ਹੈ।