ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ਪਲਾਜ਼ਾ ਦੇ ਦੂਜੇ ਪੜਾਅ ਨੂੰ ਅੰਤਿਮ ਛੋਹਾਂ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਘੰਟਾ ਘਰ ਵਾਲੇ ਪਾਸੇ ਬਣ ਰਹੇ ਪ੍ਰਵੇਸ਼ ਦੁਆਰ ਪਲਾਜ਼ਾ ਦਾ ਦੂਜਾ ਪੜਾਅ ਲਗਪਗ ਮੁਕੰਮਲ ਹੋ ਗਿਆ ਹੈ ਅਤੇ ਇਹ ਛੇਤੀ ਹੀ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਦਾ ਉਦਘਾਟਨ ਪਹਿਲੀ ਨਵੰਬਰ ਨੂੰ ਹੋਵੇਗਾ ਤੇ ਉਦਘਾਟਨੀ ਰਸਮ ਵਿਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਪੁੱਜਣ ਦੀ ਸੰਭਾਵਨਾ ਹੈ। ਇਸ ਯੋਜਨਾ ਦਾ ਪਹਿਲਾ ਪੜਾਅ ਮੁਕੰਮਲ ਹੋ ਚੁੱਕਾ ਹੈ, ਜਿਸ ਤਹਿਤ ਪ੍ਰਵੇਸ਼ ਦੁਆਰ ਪਲਾਜ਼ਾ ਦੇ ਜ਼ਮੀਨੀ ਹਿੱਸੇ ਨੂੰ ਸੁੰਦਰ ਬਣਾਇਆ ਗਿਆ ਹੈ।

ਇਸ ਵਿਚ ਅਤਿ-ਆਧੁਨਿਕ ਜੋੜਾ ਘਰ ਤੇ ਗਠੜੀ ਘਰ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਘੰਟਾ ਘਰ ਦੇ ਸਾਹਮਣੇ ਸੁੰਦਰ ਫੁਹਾਰੇ ਵੀ ਲਾਏ ਗਏ ਹਨ। ਇਹ ਪੜਾਅ ਮੁਕੰਮਲ ਹੋਣ ਮਗਰੋਂ 2014 ਵਿਚ ਦੀਵਾਲੀ ਮੌਕੇ ਇਸ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ। ਹੁਣ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਲਗਪਗ ਡੇਢ ਏਕੜ ਤੋਂ ਵੱਧ ਰਕਬੇ (8250 ਵਰਗ ਫੁੱਟ) ਵਾਲੀ ਖੁੱਲ੍ਹੀ ਥਾਂ ਹੈ, ਜਿਸ ਉਪਰ ਸੰਗਮਰਮਰ ਦਾ ਪੱਥਰ ਲਾਇਆ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਸੁੰਦਰੀਕਰਨ ਵਾਸਤੇ ਵਿਸ਼ੇਸ਼ ਯੋਜਨਾ ਬਣਾਈ ਗਈ ਹੈ, ਜਿਸ ਤਹਿਤ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਹਾਲ ਗੇਟ ਵਾਲੇ ਮੁੱਖ ਰਸਤੇ ਨੂੰ ਇਕੋ ਜਿਹੀ ਵਿਰਾਸਤੀ ਦਿੱਖ ਦੇਣ ਦਾ ਕੰਮ ਚੱਲ ਰਿਹਾ ਹੈ। ਇਹ ਯੋਜਨਾ ਉਪ ਮੁੱਖ ਮੰਤਰੀ ਦੇ ਸੁਪਨਮਈ ਪ੍ਰਾਜੈਕਟਾਂ ਵਿਚ ਸ਼ਾਮਲ ਹੈ। ਸ੍ਰੀ ਹਰਿਮੰਦਰ ਸਾਹਿਬ ਪ੍ਰਵੇਸ਼ ਦੁਆਰ ਪਲਾਜ਼ਾ ਦਾ ਜ਼ਮੀਨਦੋਜ਼ ਹਿੱਸੇ ਵਾਲਾ ਦੂਜਾ ਪੜਾਅ ਦਾ ਕੰਮ ਲਟਕ ਰਿਹਾ ਸੀ।
ਇਸ ਨੂੰ ਮੁਕੰਮਲ ਕਰਨ ਲਈ ਕਈ ਵਾਰ ਆਖਰੀ ਮਿਤੀ ਦਾ ਐਲਾਨ ਕੀਤਾ ਗਿਆ, ਪਰ ਇਸ ਦੇ ਬਾਵਜੂਦ ਵੀ ਕੰਮ ਪੂਰਾ ਨਹੀਂ ਹੋਇਆ। ਜੇਕਰ ਹੁਣ ਅਧਿਕਾਰੀਆਂ ਦੀ ਗੱਲ ਮੰਨੀ ਜਾਵੇ ਤਾਂ ਦੂਜੇ ਪੜਾਅ ਦਾ ਲਗਪਗ ਸਾਰਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਦੀਵਾਲੀ ਤੋਂ ਬਾਅਦ ਲੋਕਾਂ ਵਾਸਤੇ ਖੋਲ੍ਹ ਦਿੱਤਾ ਜਾਵੇਗਾ। ਪੀæਡਬਲਿਯੂæਡੀæ ਦੇ ਐਕਸੀਅਨ ਜੇæਐਸ਼ ਸੋਢੀ ਨੇ ਆਖਿਆ ਕਿ ਇਸ ਪੜਾਅ ਦਾ ਵੱਡਾ ਹਿੱਸਾ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਨੂੰ ਇਕ ਨਵੰਬਰ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦਾ ਉਦਘਾਟਨ ਕਰਨ ਲਈ ਦੇਸ਼ ਦੇ ਰਾਸ਼ਟਰਪਤੀ ਨੂੰ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਦੇ ਸ਼ੁਰੂ ਹੋਣ ਨਾਲ ਇਥੇ ਆਉਣ ਵਾਲੇ ਯਾਤਰੂਆਂ ਤੇ ਸ਼ਰਧਾਲੂਆਂ ਨੂੰ ਕਈ ਨਵੀਆਂ ਸਹੂਲਤਾਂ ਇਕ ਛੱਤ ਹੇਠ ਉਪਲਬੱਧ ਹੋਣਗੀਆਂ। ਲਗਪਗ 130 ਕਰੋੜ ਰੁਪਏ ਦੇ ਇਸ ਦੂਜੇ ਪੜਾਅ ਤਹਿਤ ਜ਼ਮੀਨਦੋਜ਼ ਹਿੱਸੇ ‘ਚ ਸੂਚਨਾ ਕੇਂਦਰ, 4 ਗੈਲਰੀਆਂ, ਬਹੁ ਭਾਸ਼ੀ ਮੀਡੀਆ ਕੇਂਦਰ, ਏæਟੀæਐਮæ, ਰੇਲ ਤੇ ਹਵਾਈ ਪੁੱਛਗਿੱਛ ਕੇਂਦਰ, ਪਖਾਨੇ, ਵੀæਆਈæਪੀæ ਅਤੇ ਵੀæਵੀæਆਈæਪੀæ ਲਾਂਚ ਤੇ ਲਗਪਗ ਡੇਢ ਸੌ ਵਿਅਕਤੀ ਦੇ ਬੈਠਣ ਦੀ ਸਮਰੱਥਾ ਵਾਲਾ ਕਾਨਫਰੰਸ ਹਾਲ ਵੀ ਹੋਵੇਗਾ। ਪਲਾਜ਼ਾ ਵਿਚ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਮੀਡੀਆ ਕੇਂਦਰ ਵੀ ਬਣਾਇਆ ਗਿਆ ਹੈ। ਪਲਾਜ਼ਾ ਦਾ ਡਿਜ਼ਾਇਨ ਤਿਆਰ ਕਰਾਉਣ ਲਈ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਦਦ ਨਾਲ ਵਿਸ਼ਵ ਪੱਧਰੀ ਮੁਕਾਬਲਾ ਕਰਾਇਆ ਗਿਆ ਸੀ, ਜਿਸ ਵਿਚ ਵਿਸ਼ਵ ਪੱਧਰ ਤੋਂ ਭਵਨ ਨਿਰਮਾਣਕਾਰਾਂ ਨੇ ਹਿੱਸਾ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਪ੍ਰਵੇਸ਼ ਦੁਆਰ ਪਲਾਜ਼ਾ ਦਾ ਡਿਜ਼ਾਇਨ ਤਿਆਰ ਕੀਤਾ ਸੀ। ਇਸ ਬਹੁ-ਕਰੋੜੀ ਪ੍ਰਾਜੈਕਟ ਹੇਠ ਵਿਦੇਸ਼ ਤੋਂ ਮੰਗਵਾਇਆ ਪੱਥਰ ਲਾਇਆ ਗਿਆ ਹੈ।
______________________________________
ਗਲਿਆਰੇ ਦੇ ਸੁੰਦਰੀਕਰਨ ਨਾਲ ਪੰਜਾਬੀ ਨੂੰ ਮਿਲਿਆ ਮਾਣ
ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਚੱਲ ਰਹੇ ਸ੍ਰੀ ਹਰਿਮੰਦਰ ਸਾਹਿਬ ਨੇੜਲੇ ਗਲਿਆਰੇ ਦੇ ਸੁੰਦਰੀਕਰਨ ਪ੍ਰਾਜੈਕਟ ਤਹਿਤ ਟਾਊਨ ਹਾਲ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਦੇ ਰਸਤੇ ‘ਚ ਆਉਂਦੀਆਂ ਸਭ ਦੁਕਾਨਾਂ ਤੇ ਦਫਤਰਾਂ ਦਾ ਇਕੋ-ਜਿਹਾ ਡਿਜ਼ਾਇਨ ਕਰਨ ਤੋਂ ਇਲਾਵਾ ਉਨ੍ਹਾਂ ਦੇ ਬਾਹਰ ਲਗਾਏ ਗਏ ਇਕੋ ਜਿਹੇ ਡਿਜ਼ਾਇਨ ਅਤੇ ਆਕਾਰ ਦੇ ਪੰਜਾਬੀ-ਅੰਗਰੇਜ਼ੀ ਭਾਸ਼ਾ ‘ਚ ਲਿਖੇ ਬੋਰਡ ਜਿਥੇ ਆਲੇ ਦੁਆਲੇ ਦੀ ਖ਼ੂਬਸੂਰਤੀ ‘ਚ ਵਾਧਾ ਕਰ ਰਹੇ ਹਨ, ਉਥੇ ਪੰਜਾਬੀ ਭਾਸ਼ਾ ਦਾ ਮਾਣ ਵੀ ਵਧਾ ਰਹੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਆਸ ਪਾਸ ਬਿਊਟੀਫੀਕੇਸ਼ਨ ਆਫ ਰੋਡਜ਼ ਐਂਡ ਜੰਕਸ਼ਨਜ਼ ਦੇ ਚੱਲ ਰਹੇ ਵਿਕਾਸ ਪ੍ਰੋਜੈਕਟ, ਜੋ ਕਿ ਹੁਣ ਮੁਕੰਮਲ ਹੋਣ ਵੱਲ ਵਧ ਰਿਹਾ ਹੈ, ਦੌਰਾਨ ਟਾਊਨ ਹਾਲ-ਭਰਾਵਾਂ ਦੇ ਢਾਬੇ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਤੱਕ ‘ਪਿੰਕ ਸਿਟੀ ਜੈਪੁਰ’ ਵਾਂਗ ਇਕੋ ਜਿਹੇ ਰੰਗ ਤੇ ਇਕੋ ਜਿਹੀ ਉਚਾਈ ਵਾਲੇ ਦੁਕਾਨਾਂ ਤੇ ਦਫਤਰਾਂ ਦੇ ਬੋਰਡ ਲਗਾਏ ਜਾ ਰਹੇ ਹਨ।
_________________________________________
ਸਿੱਖ ਇਤਿਹਾਸ ਨੂੰ ਰੂਪਮਾਨ ਕਰੇਗੀ ਸ਼ਹੀਦੀ ਜੰਗੀ ਯਾਦਗਾਰ
ਅੰਮ੍ਰਿਤਸਰ: ਸਿੱਖ ਇਤਿਹਾਸ ਦੀਆਂ ਜੰਗਾਂ ਤੇ ਫੌਜੀਆਂ ਦੇ ਬਹਾਦਰੀ ਭਰੇ ਕਾਰਨਾਮਿਆਂ ਨੂੰ ਰੂਪਮਾਨ ਕਰਦੀ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ (ਸ਼ਹੀਦੀ ਜੰਗੀ ਯਾਦਗਾਰ) ਛੇਤੀ ਹੀ ਗੁਰੂ ਨਗਰੀ ਵਿਚ ਇਕ ਵੱਡਾ ਮੀਲ ਪੱਥਰ ਬਣਨ ਜਾ ਰਹੀ ਹੈ। 7 ਏਕੜ ਵਿਚ 150 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਛੇਤੀ ਹੀ ਮੁਕੰਮਲ ਹੋ ਰਿਹਾ ਹੈ, ਜਿਸ ਨੂੰ ਅੰਤਿਮ ਛੋਹ ਦੀਆਂ ਤਿਆਰੀਆਂ ਜੋਰਾਂ ‘ਤੇ ਹਨ, ਜੋ ਇਥੇ ਦੇਸ਼-ਵਿਦੇਸ਼ ਤੋਂ ਪੁੱਜਦੇ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗੀ। ਇਸ ਯਾਦਗਾਰ ‘ਚ ਪ੍ਰਮੁੱਖ ਤੌਰ ਉਤੇ 9 ਗੈਲਰੀਆਂ ਦਰਸ਼ਕਾਂ ਲਈ ਬਣਾਈਆਂ ਗਈਆਂ ਹਨ, ਜਿਨ੍ਹਾਂ ‘ਚ ਪਹਿਲੀ ਗੈਲਰੀ ਪਹਿਲੇ ਤੋਂ ਪੰਜਵੇਂ ਗੁਰੂ ਦੇ ਸਿੱਖ ਇਤਿਹਾਸ ‘ਤੇ ਕੇਂਦਰਤ ਹੋਵੇਗੀ, ਦੂਜੀ ਗੈਲਰੀ ‘ਚ ਛੇਵੇਂ ਗੁਰੂ ਦੇ ਸਮੇਂ ਦੀਆਂ ਸਿੱਖ ਜੰਗਾਂ, ਤੀਜੀ ਗੈਲਰੀ ਸਿੱਖ ਰਾਜ ਤੇ ਸਿੱਖਾਂ ਦੇ ਯੁੱਧਾਂ, ਚੌਥੀ ਗੈਲਰੀ ਵਿਚ ਅੰਗਰੇਜ਼ੀ ਸ਼ਾਸਕਾਂ ਦੇ 1947 ਤੱਕ ਦੇ ਇਤਿਹਾਸ, 5ਵੀਂ ਗੈਲਰੀ ਵਿਚ 1947-48 ਦੇਸ਼ ਵੰਡ ਵੇਲੇ ਦੀ, 6ਵੀਂ ਗੈਲਰੀ ‘ਚ 1962 ਵਿਚ ਚੀਨ ਤੇ ਸੰਨ 1965 ਭਾਰਤ-ਪਾਕਿ, 7ਵੀਂ ‘ਚ ਸੰਨ 1971 ਦੀ ਭਾਰਤ-ਪਾਕਿ ਜੰਗ, 8ਵੀਂ ਵਿਚ ਕਾਰਗਿੱਲ ਲੜਾਈ ਅਤੇ 9ਵੀਂ ਵਿਚ ਗੈਲਰੀ ਦਰਸ਼ਕਾਂ ਤੇ ਸੈਲਾਨੀਆਂ ਦੇ ਪ੍ਰੇਰਣਾ ਸਰੋਤ ਦਾ ਕੇਂਦਰ ਬਣੇਗੀ। ਇਥੇ ਵਿਸ਼ਾਲ ਵਿਹੜੇ ਵਿਚ 130 ਫੁੱਟ ਉਚੀ ਯਾਦਗਾਰ ਵਜੋਂ ਸਥਾਪਤ ਤਲਵਾਰ ਸੈਲਾਨੀਆਂ ਦੀ ਦੂਰੋਂ ਹੀ ਉਤਸੁਕਤਾ ਵਧਾ ਦੇਵੇਗੀ। 54 ਟਨ ਭਾਰੀ ਸਟੇਨਲੈਸ ਸਟੀਲ ਦੀ ਇਹ ਤਲਵਾਰ ਮੁੰਬਈ ‘ਚ ਤਿਆਰ ਹੋਈ ਹੈ, ਜਿਸ ‘ਤੇ ਪਿੱਤਲ ਦੀ ਕਾਰਾਗਰੀ ਦਿੱਲੀ ਦੇ ਮਸ਼ਹੂਰ ਕਲਾਕਾਰ ਰਾਮ ਸੁਤਾਰ ਦੀ ਕੀਤੀ ਹੋਈ ਹੈ। ਇਥੇ ਉਸਾਰੀ ਵਿਸ਼ਾਲ ਕੰਧ ‘ਤੇ 35 ਸੌ ਸੈਨਿਕਾਂ ਦੇ ਨਾਂ ਵੀ ਉਕੇਰੇ ਜਾਣਗੇ।
ਇਸ ਯਾਦਗਾਰ ‘ਚ ਪੰਜਾਬ ਦਾ ਪਹਿਲਾ 7-ਡੀ ਥੀਏਟਰ ਵੀ ਬਣ ਕੇ ਤਿਆਰ ਹੋ ਚੁੱਕਾ ਹੈ, ਜਿਸ ਵਿਚ 72 ਸੀਟਾਂ ਉਤੇ ਬੈਠ ਕੇ ਦਰਸ਼ਕ ਜੰਗੀ ਯੋਧਿਆਂ ਦੇ ਕਾਰਨਾਮੇ ਦੇਖ ਸਕਣਗੇ। ਇਸ ਲਈ ਯੂਨੈਸਕੋ ਵਲੋਂ ਵਿਸ਼ਵ ਦੀਆਂ 8 ਜੰਗਾਂ ਵਿਚੋਂ ਬਲੀਦਾਨ ‘ਚ ਦੂਜੇ ਨੰਬਰ ‘ਤੇ ਐਲਾਨੀ ਸਾਰਾਗੜ੍ਹੀ ਦੇ ਸਿੱਖ ਫੌਜੀਆਂ ਦੀ 7-ਡੀ ਫਿਲਮ ਬਣ ਕੇ ਤਿਆਰ ਹੋ ਚੁੱਕੀ ਹੈ। ਯਾਦਗਾਰ ‘ਚ ਦਰਸ਼ਕ ਗੈਲਰੀਆਂ ਤੋਂ ਇਲਾਵਾ ਵਿਸ਼ਾਲ ਵਿਹੜੇ ‘ਚ ਹਿੰਦ-ਪਾਕਿ ਜੰਗ ਦੇ ਗਵਾਹ 2 ਟੈਂਕ, ਜਿਨ੍ਹਾਂ ਵਿਚ 1965 ਵਿਚ ਪਾਕਿ ਤੋਂ ਜਿੱਤਿਆ ‘ਸ਼ਰਮਨ’ ਤੇ ਖੇਮਕਰਨ ਦੀ 1971 ਦੀ ਲੜਾਈ ਦਾ ਪੈਂਟਨ ਟੈਂਕ, 23 ਮਿੱਗ ਲੜਾਕੂ ਹਵਾਈ ਜਹਾਜ਼, ਜੰਗੀ ਬੇੜਾ ‘ਵਿਕਰਾਂਤ’ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਗੇ।