-ਜਤਿੰਦਰ ਪਨੂੰ
ਚਾਰ ਪਤਨੀਆਂ ਤੋਂ ਪੰਜ ਪੁੱਤਰਾਂ ਤੇ ਦੋ ਧੀਆਂ ਦਾ ਬਾਪ ਮਰਹੂਮ ਮੁੱਖ ਮੰਤਰੀ ਡੋਰਜੀ ਖਾਂਡੂ ਦਾ ਪੁੱਤਰ ਤੇ ਹੁਣ ਦਾ ਅਰੁਣਾਂਚਲ ਪ੍ਰਦੇਸ਼ ਦਾ ਮੁੱਖ ਮੰਤਰੀ ਪੇਮਾ ਖਾਂਡੂ ਪਿਛਲੇ ਦਿਨੀਂ ਦਲ-ਬਦਲੀ ਕਰ ਕੇ ਕਾਂਗਰਸ ਪਾਰਟੀ ਛੱਡਣ ਦੇ ਬਾਅਦ ਪੀਪਲਜ਼ ਪਾਰਟੀ ਆਫ ਅਰੁਣਾਂਚਲ ਪ੍ਰਦੇਸ਼ ਵਿਚ ਸ਼ਾਮਲ ਹੋ ਗਿਆ ਹੈ। ਇਸ ਹਰਕਤ ਕਾਰਨ ਪੇਮਾ ਖਾਂਡੂ ਭਾਰਤ ਦੇ ਉਤਰ-ਪੂਰਬੀ ਰਾਜਾਂ ਦਾ ਚੌਧਰੀ ਭਜਨ ਲਾਲ ਕਿਹਾ ਜਾ ਸਕਦਾ ਹੈ। ਮੋਰਾਰਜੀ ਡਿਸਾਈ ਤੇ ਚੌਧਰੀ ਚਰਨ ਸਿੰਘ ਦੇ ਝਗੜੇ ਕਾਰਨ ਜਦੋਂ ਜਨਤਾ ਪਾਰਟੀ ਟੁੱਟੀ ਤੇ ਅਗਲੀਆਂ ਚੋਣਾਂ ਵਿਚ ਇੰਦਰਾ ਗਾਂਧੀ ਦੋਬਾਰਾ ਜਿੱਤੀ ਤਾਂ
ਹਰਿਆਣੇ ਦਾ ਮੁੱਖ ਮੰਤਰੀ ਚੌਧਰੀ ਭਜਨ ਲਾਲ ਆਪਣੀ ਸਾਰੀ ਸਰਕਾਰ ਸਣੇ ਜਨਤਾ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣ ਵਾਲਾ ਪਹਿਲਾ ਮੁੱਖ ਮੰਤਰੀ ਬਣਿਆ ਸੀ। ਹੋਰ ਕਿਸੇ ਵੱਲੋਂ ਏਦਾਂ ਕੀਤੇ ਜਾਣ ਬਾਰੇ ਸਾਨੂੰ ਯਾਦ ਨਹੀਂ ਤੇ ਹੁਣ ਪੇਮਾ ਖਾਂਡੂ ਉਸੇ ਤਰ੍ਹਾਂ ਸਰਕਾਰ ਸਮੇਤ ਕਾਂਗਰਸ ਛੱਡ ਕੇ ਪੀਪਲਜ਼ ਪਾਰਟੀ ਆਫ ਅਰੁਣਾਂਚਲ ਵਿਚ ਚਲਾ ਗਿਆ ਹੈ।
ਪੇਮਾ ਖਾਂਡੂ ਕਹਿੰਦਾ ਹੈ ਕਿ ਆਪਣੇ ਰਾਜ ਦੇ ਹਿੱਤ ਲਈ ਕੇਂਦਰ ਦੀ ਮਜ਼ਬੂਤ ਧਿਰ ਵੱਲ ਜਾਣਾ ਪਿਆ ਹੈ। ਕਹਿਣ ਤੋਂ ਭਾਵ ਪੀਪਲਜ਼ ਪਾਰਟੀ ਆਫ ਅਰੁਣਾਂਚਲ ਵਿਚ ਉਹ ਇਸ ਲਈ ਗਿਆ ਹੈ ਕਿ ਇਹ ਪਾਰਟੀ ਕੇਂਦਰ ਦਾ ਰਾਜ ਚਲਾਉਂਦੀ ਭਾਜਪਾ ਦੇ ਨੇੜੇ ਹੈ। ਸਿਆਸੀ ਛੜੱਪੇ ਲਈ ਕੋਈ ਹੋਰ ਮਾੜਾ-ਚੰਗਾ ਬਹਾਨਾ ਲਾਉਣ ਦੀ ਥਾਂ ਉਸ ਨੇ ਸਿੱਧੀ ਗੱਲ ਕਹਿ ਦਿੱਤੀ ਹੈ। ਇਸ ਤੋਂ ਇਹ ਵੀ ਸਾਫ ਹੋ ਗਿਆ ਹੈ ਕਿ ਭਾਜਪਾ ਨੇ ਕਿਹਾ ਹੋਵੇਗਾ ਕਿ ਮਦਦ ਲੈਣੀ ਹੈ ਤਾਂ ਪਹਿਲੇ ਸਿਆਸੀ ਫੱਟੇ ਉਤਾਰ ਕੇ ਸਾਡੀ ਮਰਜ਼ੀ ਦਾ ਫੱਟਾ ਟੰਗ ਲੈ, ਵਰਨਾ ਤੇਰੀ ਸਰਕਾਰ ਨੂੰ ਨਾ ਫੰਡ ਮਿਲਣਗੇ ਤੇ ਨਾ ਕੋਈ ਹੋਰ ਸਹੂਲਤ ਮਿਲੇਗੀ। ਸਿਆਸੀ ਬਲੈਕਮੇਲ ਦੀ ਇਹ ਵੀ ਇੱਕ ਬੇਹੂਦਾ ਵੰਨਗੀ ਹੈ।
ਉਂਜ ਇਸੇ ਪੇਮਾ ਖਾਂਡੂ ਦਾ ਬਾਪ ਡੋਰਜੀ ਖਾਂਡੂ ਜਦੋਂ ਅਰੁਣਾਂਚਲ ਦਾ ਪਹਿਲੀ ਵਾਰੀ ਮੰਤਰੀ ਬਣਿਆ ਸੀ, ਉਦੋਂ ਦੇ ਮੁੱਖ ਮੰਤਰੀ ਗੇਗਾਂਗ ਅਪਾਂਗ ਨੇ ਵੀ ਆਪਣੇ ਧੜੇ ਸਮੇਤ ਕਾਂਗਰਸ ਛੱਡ ਕੇ ਅਰੁਣਾਂਚਲ ਕਾਂਗਰਸ ਬਣਾ ਲਈ ਸੀ। ਜਦੋਂ ਅਗਲੀਆਂ ਚੋਣਾਂ ਆਈਆਂ ਤਾਂ ਅਪਾਂਗ ਫਿਰ ਕਾਂਗਰਸ ਨਾਲ ਸਾਂਝੀ ਸਰਕਾਰ ਬਣਾ ਕੇ ਮੁੱਖ ਮੰਤਰੀ ਬਣ ਗਿਆ। ਪੇਮਾ ਖਾਂਡੂ ਦਾ ਬਾਪ ਡੋਰਜੀ ਖਾਂਡੂ ਉਸ ਸਮੇਂ ਉਸ ਦਾ ਸਾਥੀ ਹੁੰਦਾ ਸੀ। ਅਗਲੀ ਚੋਣ ਪਿੱਛੋਂ ਗੇਗਾਂਗ ਅਪਾਂਗ ਫਿਰ ਕਾਂਗਰਸ ਨਾਲ ਸਾਂਝੇ ਮੋਰਚੇ ਦਾ ਮੁੱਖ ਮੰਤਰੀ ਬਣਿਆ, ਪਰ ਕੁਝ ਚਿਰ ਪਿੱਛੋਂ ਛੱਡ ਕੇ ਭਾਜਪਾ ਵਿਚ ਜਾ ਵੜਿਆ ਸੀ। ਕੇਂਦਰ ਵਿਚ ਭਾਜਪਾ ਦੀ ਵਾਜਪਾਈ ਸਰਕਾਰ ਟੁੱਟਦੇ ਸਾਰ ਕਾਂਗਰਸ ਵਿਚ ਪਰਤ ਕੇ ਫਿਰ ਮੁੱਖ ਮੰਤਰੀ ਬਣਿਆ, ਪਰ ਜਦੋਂ ਪਾਰਟੀ ਵਿਚ ਉਸ ਦੀ ਛੜੱਪੇਬਾਜ਼ੀ ਦੇ ਖਿਲਾਫ ਰੋਸ ਵਧਿਆ ਤੇ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਈ ਤਾਂ ਫਿਰ ਭਾਜਪਾ ਵਿਚ ਪਹੁੰਚ ਗਿਆ ਸੀ। ਇਸ ਦੌਰਾਨ ਥੋੜ੍ਹਾ ਚਿਰ ਮੁਕਟ ਮਿੱਠੀ ਨੂੰ ਮੁੱਖ ਮੰਤਰੀ ਬਣਾ ਕੇ ਵੇਖਿਆ, ਪਰ ਉਹ ਵੀ ਇਸੇ ਤਰ੍ਹਾਂ ਦਾ ਸੀ। ਜਦੋਂ ਤੀਸਰੀ ਵਾਰੀ ਗੇਗਾਂਗ ਅਪਾਂਗ ਨੇ ਕਾਂਗਰਸ ਛੱਡੀ ਤਾਂ ਮੌਜੂਦਾ ਮੁੱਖ ਮੰਤਰੀ ਪੇਮਾ ਖਾਂਡੂ ਦਾ ਬਾਪ ਡੋਰਜੀ ਖਾਂਡੂ ਕਾਂਗਰਸ ਨੇ ਉਦੋਂ ਮੁੱਖ ਮੰਤਰੀ ਬਣਾਇਆ ਸੀ। ਡੋਰਜੀ ਆਪਣੇ ਆਖਰੀ ਸਾਹ ਤੱਕ ਕਾਂਗਰਸ ਦੇ ਨਾਲ ਰਿਹਾ, ਪਰ ਹੁਣ ਪੇਮਾ ਖਾਂਡੂ ਦਲ-ਬਦਲੀ ਦੀ ਖੇਹ ਉਡਾਉਣ ਪਿੱਛੋਂ ਆਪਣੇ ਛੜੱਪੇ ਵਿਚ ਅਰੁਣਾਂਚਲ ਪ੍ਰਦੇਸ਼ ਦੇ ਲੋਕਾਂ ਦਾ ਹਿੱਤ ਦੱਸਦਾ ਫਿਰਦਾ ਹੈ। ਮੌਕਾ-ਪ੍ਰਸਤੀ ਕੋਈ ਵੀ ਕਰੇ, ਬਹਾਨਾ ਏਦਾਂ ਦਾ ਹੀ ਲਾਉਣਾ ਪੈਂਦਾ ਹੈ।
ਅਰੁਣਾਂਚਲ ਪ੍ਰਦੇਸ਼ ਵਿਚ ਇਹ ਗੰਦੀ ਖੇਡ ਜਦੋਂ ਇਸ ਹਫਤੇ ਖੇਡੀ ਜਾ ਰਹੀ ਸੀ, ਉਦੋਂ ਦੇਸ਼ ਦੇ ਸਭ ਤੋਂ ਵੱਡੇ ਰਾਜ ਉਤਰ ਪ੍ਰਦੇਸ਼ ਵਿਚ ਰਾਜ ਕਰਦੀ ਪਾਰਟੀ ਦੇ ਮੋਹਰੀ ਟੱਬਰ ਵਿਚ ਧਮੱਚੜ ਪਿਆ ਫਿਰਦਾ ਸੀ। ਮੁਲਾਇਮ ਸਿੰਘ ਯਾਦਵ ਦੇ ਮੁੱਖ ਮੰਤਰੀ ਪੁੱਤਰ ਅਖਿਲੇਸ਼ ਯਾਦਵ ਦੀ ਆਪਣੇ ਚਾਚੇ ਸ਼ਿਵਪਾਲ ਯਾਦਵ ਨਾਲ ਨਹੀਂ ਬਣਦੀ। ਸ਼ਿਵਪਾਲ ਨੇ ਜਦੋਂ ਅਸਤੀਫਾ ਦੇ ਦਿੱਤਾ ਤਾਂ ਮੁਲਾਇਮ ਸਿੰਘ ਨੇ ਚਾਚੇ-ਭਤੀਜੇ ਦੀ ਮੀਟਿੰਗ ਕਰਵਾ ਕੇ ਵਕਤੀ ਜੰਗਬੰਦੀ ਕਰਵਾ ਲਈ ਹੈ। ਵਕਤੀ ਜੰਗਬੰਦੀ ਇਸ ਲਈ ਕਹੀ ਜਾ ਸਕਦੀ ਹੈ ਕਿ ਗੱਦੀ ਦੀ ਭੁੱਖ ਨੇ ਇਹ ਸਮਝੌਤਾ ਬਹੁਤਾ ਚਿਰ ਨਹੀਂ ਰਹਿਣ ਦੇਣਾ। ਜਿਸ ਵੀ ਰਾਜ ਵਿਚ ਤੇ ਜਿਸ ਵੀ ਰਾਜ ਕਰਦੇ ਕੁਨਬੇ ਵਿਚ ਏਦਾਂ ਦਾ ਰੱਫੜ ਇੱਕ ਵਾਰ ਪੈ ਜਾਵੇ, ਉਸ ਦੇ ਬਾਅਦ ਮਨ ਪੱਕੇ ਤੌਰ ਉਤੇ ਮਿਲਦੇ ਨਹੀਂ ਹੁੰਦੇ। ਸਿਆਸੀ ਰੁਤਬੇ ਲਈ ਫਾਵੇ ਹੋਏ ਏਦਾਂ ਦੇ ਟੱਬਰਾਂ ਦਾ ਤਜਰਬਾ ਭਾਰਤ, ਅਤੇ ਸਾਡੇ ਪੰਜਾਬ ਵਿਚ ਵੀ, ਇਤਿਹਾਸ ਦੇ ਸਫੇ ਭਰਨ ਲਈ ਬਹੁਤ ਸਾਰਾ ਮਸਾਲਾ ਪੇਸ਼ ਕਰ ਸਕਦਾ ਹੈ।
ਅਸੀਂ ਪਿਛਲੇ ਦਿਨੀਂ ਇੰਦਰਾ ਗਾਂਧੀ ਦੇ ਇੱਕ ਪੋਤਰੇ ਵਰੁਣ ਗਾਂਧੀ ਨੂੰ ਭਾਜਪਾ ਮੀਟਿੰਗ ਵਿਚ ਭਾਜਪਾ ਲੀਡਰਾਂ ਨੂੰ ਇਸ ਗੱਲ ਲਈ ਝਾੜ ਪਾਉਂਦੇ ਵੇਖਿਆ ਕਿ ਉਹ ਜਦੋਂ ਵੀ ਉਠਦੇ ਹਨ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਦੇ ਖਿਲਾਫ ਬੋਲਦੇ ਹਨ। ਉਸ ਨੇ ਪੰਡਿਤ ਨਹਿਰੂ ਦੀ ਸ਼ਖਸੀਅਤ ਬਾਰੇ ਹਵਾਲੇ ਦੇ ਕੇ ਦੱਸਿਆ ਕਿ ਉਹ ਕਿੰਨਾ ਵਿਦਵਾਨ ਤੇ ਮਹਾਨ ਨੇਤਾ ਸੀ ਤੇ ਨਾਲ ਇਸ ਗੱਲ ਉਤੇ ਮਾਣ ਕੀਤਾ ਕਿ ਉਹ ਨਹਿਰੂ ਦੇ ਖਾਨਦਾਨ ਵਿਚੋਂ ਹੈ। ਵਰੁਣ ਗਾਂਧੀ ਨੂੰ ਨਹਿਰੂ ਦਾ ਚੇਤਾ ਬੜੀ ਦੇਰ ਨਾਲ ਆਇਆ। ਸੱਤਾ ਦੀ ਭੁੱਖ ਵਿਚ ਜਦੋਂ ਉਸ ਦੀ ਮਾਂ ਪਹਿਲਾਂ ਜਨਤਾ ਦਲ ਤੇ ਫਿਰ ਭਾਜਪਾ ਵਿਚ ਗਈ ਸੀ ਤੇ ਫਿਰ ਉਸ ਨੇ ਇਸੇ ਪੁੱਤਰ ਨੂੰ ਭਾਜਪਾ ਵੱਲੋਂ ਪਾਰਲੀਮੈਂਟ ਮੈਂਬਰ ਬਣਵਾਇਆ ਸੀ, ਇਹ ਚੇਤਾ ਉਸੇ ਵੇਲੇ ਕਰ ਲੈਣਾ ਚਾਹੀਦਾ ਸੀ।
ਭਾਜਪਾ ਤਾਂ ਮੁੱਢ ਤੋਂ ਪੰਡਿਤ ਨਹਿਰੂ ਦੇ ਖਿਲਾਫ ਸੀ। ਇੰਦਰਾ ਗਾਂਧੀ ਦਾ ਵਿਆਹ ਫਿਰੋਜ਼ ਗਾਂਧੀ ਨਾਲ ਕਰਨ ਵੇਲੇ ਤੋਂ ਪਹਿਲਾਂ ਜਨ ਸੰਘ ਅਤੇ ਫਿਰ ਭਾਜਪਾ ਨਹਿਰੂ ਨੂੰ ਨਿੰਦਦੀ ਆਈ ਸੀ। ਮੇਨਕਾ ਗਾਂਧੀ ਆਪਣੇ ਪਤੀ ਦੇ ਖਿਲਾਫ ਭਾਜਪਾ ਦੇ ਆਗੂਆਂ ਨੂੰ ਬੋਲਦੇ ਵੇਖ ਕੇ ਵੀ ਰਾਜਸੀ ਇੱਛਾ ਖਾਤਰ ਚੁੱਪ ਰਹੀ ਸੀ ਤੇ ਐਮਰਜੈਂਸੀ ਬਾਰੇ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ਜਾਰੀ ਕਰਨ ਸਮੇਂ ਵੀ ਜਾ ਪਹੁੰਚੀ ਸੀ, ਹਾਲਾਂਕਿ ਉਸ ਕਿਤਾਬ ਵਿਚ ਮੇਨਕਾ ਦੇ ਪਤੀ ਸੰਜੇ ਗਾਂਧੀ ਬਾਰੇ ਕਈ ਕੁਝ ਇਤਰਾਜ਼ਯੋਗ ਲਿਖਿਆ ਹੋਇਆ ਸੀ। ਰਾਜਨੀਤੀ ਦੀਆਂ ਲੋੜਾਂ ਨੇ ਉਸ ਨੂੰ ਇਹ ਕੌੜਾ ਘੁੱਟ ਪੀਣ ਲਈ ਵੀ ਬਹੁਤ ਸਾਰਾ ਹਾਜ਼ਮਾ ਬਖਸ਼ ਦਿੱਤਾ ਸੀ।
ਏਦਾਂ ਹੀ ਜੰਮੂ-ਕਸ਼ਮੀਰ ਵਿਚ ਵੀ ਵਾਪਰਿਆ ਸੀ। ਫਾਰੂਖ ਅਬਦੁੱਲਾ ਦੇ ਸਕੇ ਭਣਵਈਏ ਗੁਲ ਮੁਹੰਮਦ ਨੇ ਰਾਜੀਵ ਗਾਂਧੀ ਨਾਲ ਅੱਖ ਮਿਲਾ ਕੇ ਫਾਰੂਖ ਦੀ ਸਰਕਾਰ ਪਲਟਾ ਦਿੱਤੀ ਸੀ। ਆਂਧਰਾ ਪ੍ਰਦੇਸ਼ ਵਿਚ ਕਾਂਗਰਸ ਦੇ ਨਾਲ ਆਢਾ ਲਾ ਕੇ ਆਗੂ ਬਣੇ ਫਿਲਮ ਸਟਾਰ ਨੰਦਮੂਰੀ ਤਾਰਿਕ ਰਾਮਾਰਾਓ ਦੇ ਖਿਲਾਫ ਦੋ ਜਵਾਈਆਂ ਤੇ ਇੱਕ ਪੁੱਤਰ ਨੇ ਬਗਾਵਤ ਕਰ ਦਿੱਤੀ ਸੀ ਅਤੇ ਐਨ ਟੀ ਰਾਮਾਰਾਓ ਗੁੰਮਨਾਮੀ ਦੀ ਜ਼ਿੰਦਗੀ ਵਿਚ ਮਰਿਆ ਸੀ। ਅੱਜ-ਕੱਲ੍ਹ ਤਾਮਿਲਨਾਡੂ ਵਿਚ ਡੀæਐਮæਕੇæ ਪਾਰਟੀ ਦੇ ਮੁਖੀ ਕਰੁਣਾਨਿਧੀ ਦੇ ਘਰ ਇਹੋ ਪੁਆੜਾ ਪਿਆ ਹੋਇਆ ਹੈ। ਤਿੰਨ ਬੀਵੀਆਂ ਦੇ ਪਤੀ ਕਰੁਣਾਨਿਧੀ ਦਾ ਇੱਕ ਪੁੱਤਰ ਪਹਿਲੀ ਬੀਵੀ ਪਦਮਾਵਤੀ ਤੋਂ ਪੈਦਾ ਹੋਇਆ ਸੀ, ਪਰ ਉਹ ਬਹੁਤਾ ਚਰਚਾ ਵਿਚ ਨਹੀਂ ਸੁਣੀਂਦਾ। ਦੂਸਰੀ ਪਤਨੀ ਦਿਆਲੂ ਅਮਾਲ ਤੋਂ ਜਨਮੇ ਦੋ ਪੁੱਤਰ ਅਜ਼ਾਗਿਰੀ ਅਤੇ ਸਟਾਲਿਨ ਆਪੋ ਵਿਚ ਝਗੜਾ ਪਾਈ ਫਿਰਦੇ ਹਨ ਅਤੇ ਕਰੁਣਾਨਿਧੀ ਦੋਵਾਂ ਪੁੱਤਰਾਂ ਵਿਚਾਲੇ ਕਸੂਤਾ ਫਸਿਆ ਹੈ। ਲੜਾਈ ਇਸ ਪਾਰਟੀ ਦੇ ਮੁਖੀ ਦੀ ਕੁਰਸੀ ਲਈ ਹੈ, ਤਾਂ ਕਿ ਭਵਿੱਖ ਵਿਚ ਕਿਸੇ ਮੌਕੇ ਉਸ ਰਾਜ ਦਾ ਮੁੱਖ ਮੰਤਰੀ ਬਣ ਸਕਣ। ਕਰੁਣਾਨਿਧੀ ਦੀ ਤੀਸਰੀ ਪਤਨੀ ਰਜਤੀ ਅਮਾਲ ਤੋਂ ਪੈਦਾ ਹੋਈ ਧੀ ਕਨੀਮੋਈ ਵੀ ਇਸ ਕੁਰਸੀ ਉਤੇ ਦਾਅਵਾ ਜਤਾਈ ਜਾਂਦੀ ਹੈ।
ਸਾਡੇ ਪੰਜਾਬ ਵਿਚ ਰਾਜਸੀ ਖਹਿਬਾਜ਼ੀ ਦੇ ਤਾਜ਼ਾ ਕਿੱਸਿਆਂ ਵਿਚ ਇੱਕ ਤਾਂ ਬਾਦਲ ਪਰਿਵਾਰ ਦਾ ਹੈ, ਜਿਸ ਦੇ ਕਾਰਨ ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਸਕਾ ਭਰਾ ਗੁਰਦਾਸ ਸਿੰਘ ਬਾਦਲ ਆਪਣੇ ਸਾਹਮਣੇ ਖੜਾ ਵੇਖਣਾ ਪਿਆ ਸੀ। ਫਿਰ ਪਾਰਲੀਮੈਂਟ ਚੋਣ ਵਿਚ ਉਨ੍ਹਾਂ ਦੀ ਨੂੰਹ ਦੇ ਮੁਕਾਬਲੇ ਉਨ੍ਹਾਂ ਦਾ ਸਕਾ ਭਤੀਜਾ ਮਨਪ੍ਰੀਤ ਸਿੰਘ ਬਠਿੰਡੇ ਤੋਂ ਜਾ ਖੜੋਤਾ। ਇਹੋ ਜਿਹੀਆਂ ਕਈ ਮਿਸਾਲਾਂ ਮਿਲ ਸਕਦੀਆਂ ਹਨ। ਫਿਰ ਵੀ ਪੰਜਾਬ ਵਿਚ ਇਸ ਦਾ ਮੁੱਢ ਬਹੁਤ ਪਹਿਲਾਂ ਉਦੋਂ ਬੱਝਾ ਸੀ, ਜਦੋਂ ਬਹੁਤ ਧੜੱਲੇਦਾਰ ਕਾਂਗਰਸੀ ਆਗੂ ਅਤੇ ਦਿੱਲੀ ਤੱਕ ਫੈਲੇ ਪੰਜਾਬ ਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੁਨੀਆਂ ਤੋਂ ਰੁਖਸਤ ਹੋਇਆ ਸੀ। ਪ੍ਰਤਾਪ ਸਿੰਘ ਕੈਰੋਂ ਦੇ ਬਾਅਦ ਇੱਕ ਚੋਣ ਮੌਕੇ ਕੈਰੋਂ ਦੀ ਕਾਂਗਰਸ ਪਾਰਟੀ ਨੇ ਉਸ ਦੀ ਪਤਨੀ ਤੇ ਪੁੱਤਰ ਦੋਵਾਂ ਨੂੰ ਛੱਡ ਕੇ ਪ੍ਰਤਾਪ ਸਿੰਘ ਦੇ ਭਰਾ ਤੇ ਸਾਰੀ ਉਮਰ ਦੇ ਕਮਿਊਨਿਸਟ ਜਸਵੰਤ ਸਿੰਘ ਕੈਰੋਂ ਨੂੰ ਟਿਕਟ ਦੇ ਦਿੱਤੀ। ਅਕਾਲੀ ਦਲ ਕੋਲ ਕੋਈ ਚੱਜ ਦਾ ਉਮੀਦਵਾਰ ਨਹੀਂ ਸੀ। ਜਿਹੜੇ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਅਕਾਲੀ ਹਮੇਸ਼ਾ ਮੋਰਚੇ ਲਾਈ ਰੱਖਦੇ ਸਨ, ਉਨ੍ਹਾਂ ਨੇ ਉਸੇ ਪ੍ਰਤਾਪ ਸਿੰਘ ਦੀ ਪਤਨੀ ਰਾਮ ਕੌਰ ਨੂੰ ਪਾਰਲੀਮੈਂਟ ਦੀ ਅਤੇ ਪੁੱਤਰ ਸੁਰਿੰਦਰ ਸਿੰਘ ਕੈਰੋਂ ਨੂੰ ਵਿਧਾਨ ਸਭਾ ਦੀ ਟਿਕਟ ਦੇ ਦਿੱਤੀ। ਵਿਧਾਨ ਸਭਾ ਲਈ ਮੁਕਾਬਲਾ ਸਕੇ ਚਾਚੇ ਤੇ ਸਕੇ ਭਤੀਜੇ ਵਿਚਕਾਰ ਹੋ ਗਿਆ। ਚੋਣ ਦੇ ਨਤੀਜੇ ਮੁਤਾਬਕ ਭਤੀਜਾ ਸੁਰਿੰਦਰ ਸਿੰਘ ਕੈਰੋਂ 24337 ਵੋਟਾਂ ਲੈ ਕੇ ਅਕਾਲੀ ਦਲ ਵੱਲੋਂ ਜਿੱਤ ਗਿਆ, ਕਾਂਗਰਸ ਵੱਲੋਂ ਖੜਾ ਸਕਾ ਚਾਚਾ ਜਸਵੰਤ ਸਿੰਘ ਕੈਰੋਂ ਸਿਰਫ 14139 ਵੋਟਾਂ ਲੈ ਸਕਿਆ ਅਤੇ ਕੈਰੋਂ ਪਰਿਵਾਰ ਦਾ ਰਿਸ਼ਤੇਦਾਰ ਹਰਦੀਪ ਸਿੰਘ ਕਾਮਰੇਡਾਂ ਦੀ ਮਦਦ ਨਾਲ ਆਜ਼ਾਦ ਖੜਾ 14021 ਵੋਟਾਂ ਲੈ ਕੇ ਉਸ ਦੇ ਪੈਰ ਮਿੱਧਦਾ ਆ ਰਿਹਾ ਸੀ।
ਸੱਤਾ ਦੀ ਇਸੇ ਬੇਅਸੂਲੀ ਖੇਡ ਵਿਚ ਕੁਝ ਸਾਰੀ ਉਮਰ ਦੇ ਕਾਂਗਰਸ-ਵਿਰੋਧੀ ਤੇ ਨਹਿਰੂ-ਗਾਂਧੀ ਖਾਨਦਾਨ ਦੇ ਵਿਰੋਧੀ ਅੱਜ-ਕੱਲ੍ਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨਾਲ ਫਿਰਦੇ ਹਨ ਤੇ ਸਾਰੀ ਉਮਰ ਦੇ ਸੈਕੂਲਰ ਕਹਾਉਂਦੇ ਕੁਝ ਲੀਡਰ ਹੁਣ ਭਾਜਪਾ ਨੇ ਮੰਤਰੀ ਬਣਾਏ ਹੋਏ ਹਨ। ਅਰੁਣਾਂਚਲ ਪ੍ਰਦੇਸ਼ ਹੋਵੇ ਜਾਂ ਉਤਰ ਪ੍ਰਦੇਸ਼, ਜਿਹੋ ਜਿਹੀ ਬੇਅਸੂਲੀ ਖੇਡ ਹੁਣ ਚੱਲੀ ਜਾਂਦੀ ਹੈ, ਜਿੱਦਾਂ ਦੀ ਪ੍ਰਤਾਪ ਸਿੰਘ ਕੈਰੋਂ ਦੇ ਬਾਅਦ ਉਸ ਟੱਬਰ ਵਿਚ ਚੱਲੀ ਸੀ ਤੇ ਜਿੱਦਾਂ ਚੌਧਰੀ ਦੇਵੀ ਲਾਲ ਦਾ ਪਰਿਵਾਰ ਪਾਟਿਆ ਸੀ, ਉਹੋ ਨਜ਼ਾਰਾ ਹੁਣ ਪੰਜਾਬ ਵਿਚ ਪੇਸ਼ ਹੁੰਦਾ ਜਾਪ ਰਿਹਾ ਹੈ। ਪੰਜਾਬ ਦੇ ਮੌਜੂਦਾ ਰਾਜ ਪਰਿਵਾਰ ਦਾ ਇੱਕ ਜੀਅ ਏਧਰ-ਓਧਰ ਤਾਰਾਂ ਜੋੜਦਾ ਸੁਣੀਂਦਾ ਹੈ। ਮੌਕੇ ਦੀ ਤਾੜ ਵਿਚ ਬੈਠੇ ਕਈ ਲੋਕ ਇਸ ਵੇਲੇ ਵਿਧਾਨ ਸਭਾ ਚੋਣਾਂ ਦੀ ਤਾਰੀਖ ਤੇ ਚੋਣ ਜ਼ਾਬਤਾ ਲੱਗਣ ਦੀਆਂ ਔਂਸੀਆਂ ਪਾਉਂਦੇ ਸੁਣੇ ਜਾ ਰਹੇ ਹਨ। ਉਦੋਂ ਉਹ ਕਿਹੋ ਜਿਹੀ ਛੜੱਪੇਬਾਜ਼ੀ ਕਰਨਗੇ, ਇਹ ਤਾਂ ਕਹਿਣਾ ਔਖਾ ਹੈ, ਪਰ ਪੰਜਾਬ ਦੇ ਰਾਜ ਪਰਿਵਾਰ ਵਿਚੋਂ ਕੋਈ ਵੱਡਾ ਤਾਰਾ ਟੁੱਟ ਕੇ ਕਿਸੇ ਹੋਰ ਆਕਾਸ਼-ਗੰਗਾ ਵਿਚ ਜਾ ਮਿਲੇ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਪਿਆਰ ਤੇ ਜੰਗ ਵਿਚ ਹੀ ਨਹੀਂ, ਰਾਜਨੀਤੀ ਵਿਚ ਵੀ ਸਭ ਕੁਝ ਜਾਇਜ਼ ਹੁੰਦਾ ਹੈ।