ਬਲਜੀਤ ਬਾਸੀ
ਰੱਬ, ਖੁæਦਾ, ਪਰਮਾਤਮਾ, ਵਾਹਿਗੁਰੂ, ਕਰਤਾਰ, ਭਗਵਾਨ, ਈਸ਼ਵਰ, ਪ੍ਰਭੂ, ਅੱਲਾ ਆਦਿ ਅਜਿਹੇ ਸ਼ਬਦ ਹਨ ਜੋ ਇਕ ਸਰਵਉਚ ਸ਼ਕਤੀ ਵੱਲ ਸੰਕੇਤ ਕਰਦੇ ਹਨ। ਸਭ ਵੱਖੋ ਵੱਖ ਭਾਸ਼ਾਈ, ਸਭਿਆਚਾਰਕ ਅਤੇ ਧਾਰਮਕ ਪਰਿਵੇਸ਼ਾਂ ਵਿਚੋਂ ਆਏ ਹਨ। ਭਾਵੇਂ ਆਮ ਆਦਮੀ ਇਨ੍ਹਾਂ ਵਿਚਾਲੇ ਬਹੁਤਾ ਫਰਕ ਨਹੀਂ ਕਰਦਾ ਪਰ ਅਸਲ ਵਿਚ ਇਹ ਰੱਬ ਦੇ ਸੰਕਲਪ ਪ੍ਰਤੀ ਅੱਡੋ ਅੱਡਰੇ ਦ੍ਰਿਸ਼ਟੀਕੋਣਾਂ ਵੱਲ ਸੰਕੇਤ ਕਰਦੇ ਹਨ। ਮਿਸਾਲ ਵਜੋਂ ਇਕ ਈਸ਼ਵਰਵਾਦੀ ਧਰਮਾਂ ਜਿਵੇਂ ਇਸਾਈਅਤ, ਇਸਲਾਮ, ਯਹੂਦੀ ਧਰਮ ਅਨੁਸਾਰ ਗੌਡ, ਅੱਲਾ ਜਾਂ ਖੁਦਾ ਤੋਂ ਇਕ ਅਜਿਹੀ ਹਸਤੀ ਦਾ ਭਾਵ ਲਿਆ ਜਾਂਦਾ ਹੈ ਜੋ ਸਾਰੀ ਸ੍ਰਿਸ਼ਟੀ ਦੀ ਸਿਰਜਣਹਾਰ ਅਤੇ ਇਸ ਦੀ ਚਾਲਕ ਹੈ।
ਇਹ ਸ੍ਰੇਸ਼ਟ ਹਸਤੀ ਸਮੁੱਚੀ ਨੈਤਿਕਤਾ ਦਾ ਸ੍ਰੋਤ ਵੀ ਹੈ। ਹੋਰ ਧਰਮਾਂ ਅਨੁਸਾਰ ਇਹ ਇੱਕ ਅਜਿਹੀ ਪਰਾਸਰੀਰਕ ਸ਼ਕਤੀ ਜਾਂ ਆਤਮਾ ਹੈ ਜਿਸ ਦਾ ਕੁਦਰਤ ਅਤੇ ਮਨੁੱਖੀ ਹੋਣੀ ਉਤੇ ਪੂਰਨ ਅਧਿਕਾਰ ਹੈ। ਇੱਕੋ ਧਰਮ ਵਿਚ ਰੱਬ ਬਾਰੇ ਵਰਤੇ ਜਾਂਦੇ ਵੱਖ ਵੱਖ ਸ਼ਬਦਾਂ ਵਿਚਾਲੇ ਵੀ ਸੂਖਮ ਅੰਤਰ ਹੈ। ਪਰ ਪ੍ਰੋæ ਮੋਹਨ ਸਿੰਘ ਦੇ ਕਥਨ ਅਨੁਸਾਰ ਇਹ ‘ਇਕ ਗੋਰਖਧੰਦਾ’ ਹੀ ਹੈ ਤੇ ਸਾਡਾ ਸਰੋਕਾਰ ਸ਼ਬਦ ਦੀ ਰੂਹ ਤੱਕ ਅੱਪੜਨ ਦਾ ਯਤਨ ਕਰਨਾ ਹੈ ਨਾ ਕਿ ਬਹੁਤਾ ਇਸ ਗੋਰਖਧੰਦੇ ਵਿਚ ਗ੍ਰਸਤ ਹੋਣਾ।
ਵਿਸ਼ੇਸ਼ਣ ਵਜੋਂ ਭਗਵਾਨ ਦਾ ਅਰਥ ਹੈ-ਭਜਨਯੋਗ, ਪੂਜਣਯੋਗ; ਜਸਮਈ ਆਦਿ। ਪਰ ਨਾਂਵ ਦੇ ਤੌਰ ‘ਤੇ ਇਹ ਸ਼ਬਦ ਈਸ਼ਵਰ, ਵਿਸ਼ਨੂੰ, ਸ਼ਿਵ, ਬੁਧ, ਕਿਸੇ ਪੂਜਣਯੋਗ ਜਾਂ ਆਦਰਯੋਗ ਵਿਅਕਤੀ ਦਾ ਅਰਥਾਵਾਂ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਅਨੇਕਾਂ ਵਾਰੀ ਆਇਆ ਹੈ, ‘ਦੇਵਨ ਕਉ ਏਕੈ ਭਗਵਾਨ’, ‘ਨਾਨਕ ਤੁਮਰੀ ਸਰਨਿ ਪੁਰਖ ਭਗਵਾਨ’, ‘ਸੂਖਮ ਅਸਥੂਲ ਸਗਲ ਭਗਵਾਨ’ (ਗੁਰੂ ਅਰਜਨ ਦੇਵ); ‘ਸਰਬ ਜੋਤਿ ਪੂਰਨ ਭਗਵਾਨੁ’ (ਗੁਰੂ ਨਾਨਕ ਦੇਵ)। ਭਗਵਾਨ ਸ਼ਬਦ ਬਣਿਆ ਹੈ ਭਗ+ਵਾਨ ਤੋਂ। ਵਾਨ ਪਿਛੇਤਰ ਤਾਂ ਆਮ ਹੀ ਵਰਤਿਆ ਜਾਂਦਾ ਹੈ ਜਿਸ ਦਾ ਅਰਥ ਹੈ ਵਾਲਾ, ਧਾਰਕ ਆਦਿ। ਭਗ ਸ਼ਬਦ ਦੇ ਕਈ ਅੰਤਰਸਬੰਧਤ ਅਰਥ ਹਨ ਜਿਵੇਂ ਸੂਰਜ; ਚੰਦਰਮਾ; ਸ਼ਿਵ ਦਾ ਇਕ ਰੂਪ; ਖੁਸ਼ਕਿਸਮਤੀ, ਖੁਸ਼ਹਾਲੀ; ਜਸ, ਸ਼ੋਭਾ; ਕਿਸਮਤ, ਭਾਗ, ਨਸੀਬ; ਹਿੱਸਾ, ਭਾਗ; ਯੋਨੀ ਯਾਨਿ ਇਸਤਰੀ ਦਾ ਜਣਨ ਅੰਗ।
‘ਗੌਤਮ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰ ਲੋਭਾਇਆ॥
ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ॥’ (ਗੁਰੂ ਨਾਨਕ ਦੇਵ)
ਇਥੇ ‘ਮਹਾਨ ਕੋਸ਼’ ਵਿਚ ‘ਭਗਵਾਨ’ ਦੇ ਇੰਦਰਾਜ ਅਧੀਨ ਦਿੱਤਾ ਇਸ ਦਾ ਪਹਿਲਾ ਅਰਥ ਗੌਰਤਲਬ ਹੈ, ਭਗ (ਯੋਨਿ) ਵਾਲਾ। “ਸੁਰਨਾਇਕ ਕੋ ਭਗਵਾਨ ਕਿਯੋ” (ਚਰਿਤਰ ੧੧੫) ਗੌਤਮ ਨੇ ਇੰਦਰ ਨੂੰ ਸਰਾਪ ਦੇ ਕੇ ਭਗਾਂ ਵਾਲਾ ਬਣਾ ਦਿੱਤਾ। ਸੰਕੇਤ ਰਮਾਇਣ ਵਿਚ ਦਰਜ ਅਹੱਲਿਆ, ਗੌਤਮ ਰਿਸ਼ੀ, ਇੰਦਰ ਦੇ ਪ੍ਰਸੰਗ ਵੱਲ ਹੈ। ਮਹਾਂਰਿਸ਼ੀ ਗੌਤਮ ‘ਵਿਸ਼ਵ ਸੁੰਦਰੀ’ ਪਤਨੀ ਅਹੱਲਿਆ ਨਾਲ ਆਪਣੇ ਆਸ਼ਰਮ ਵਿਚ ਰਹਿੰਦੇ ਸਨ। ਇਕ ਦਿਨ ਗੌਤਮ ਨਦੀਏ ਇਸ਼ਨਾਨ ਗਿਆ ਤਾਂ ਕਾਮਆਤੁਰ ਇੰਦਰ ਦੇ ਮਨ ਵਿਚ ਅਹੱਲਿਆ ਨਾਲ ਸੰਗ ਕਰਨ ਦਾ ਲੋਭ ਆ ਗਿਆ। ਉਹ ਗੌਤਮ ਦੇ ਵੇਸ ਵਿਚ ਆ ਕੇ ਅਹੱਲਿਆ ਤੋਂ ਪ੍ਰਵਾਨਗੀ ਮੰਗਦਾ ਹੈ। ਭਾਵੇਂ ਅਹੱਲਿਆ ਨੇ ਉਸ ਨੂੰ ਪਛਾਣ ਲਿਆ ਪਰ ਇਹ ਦੇਖ ਕੇ ਕਿ ਇਕ ਦੇਵ ਉਸ ‘ਤੇ ਮੋਹਿਤ ਹੋਇਆ ਹੈ, ਉਸ ਨੇ ਵੀ ਹਰੀ ਝੰਡੀ ਦੇ ਦਿੱਤੀ। ਜਦ ਇੰਦਰ ਆਪਣੇ ਲੋਕ ਵਾਪਸ ਜਾ ਰਿਹਾ ਸੀ ਤਾਂ ਗੌਤਮ ਨੇ ਮੁੜਦੇ ਹੋਏ ਉਸ ਨੂੰ ਦੇਖ ਲਿਆ ਤੇ ਸਭ ਕਾਰਾ ਸਮਝ ਗਿਆ। ਉਸ ਨੇ ਆਪਣੀ ਪਤਨੀ ਨੂੰ ਸਰਾਪ ਦੇ ਕੇ ਹਜ਼ਾਰ ਭਗਾਂ ਵਾਲੀ ਸਿਲ ਬਣਾ ਦਿੱਤਾ। ਮਨਸ਼ਾ ਇਹ ਸੀ ਕਿ ਜਦ ਅਹੱਲਿਆ ਆਪਣੇ ਸਰੀਰ ‘ਤੇ ਹਜ਼ਾਰ ਭਗ ਦੇਖੇਗੀ ਤਾਂ ਪਛਤਾਵੇਗੀ ਕਿ ਏਡੀ ਕਾਮਵਾਸ਼ਨਾ ਅਧੀਨ ਉਹ ਕੀ ਕੁਕਰਮ ਕਰ ਬੈਠੀ ਹੈ।
ਪਰ ਭਗਵਾਨ ਸ਼ਬਦ ਵਿਚ ਭਗ ਦੇ ਜੋ ਅਰਥ ਸਹੀ ਹੁੰਦੇ ਹਨ, ਉਹ ਭਾਗ, ਕਿਸਮਤ, ਨਸੀਬ ਵਾਲੇ ਹਨ, “ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ॥” (ਗੁਰੂ ਨਾਨਕ ਦੇਵ)। ਭਗਵਾਨ ਅਰਥਾਤ ਪਰਮਾਤਮਾ ਸਭ ਨੂੰ ਆਪਣਾ ਆਪਣਾ ਭਾਗ ਦਿੰਦਾ ਹੈ, ਸਭ ਦੀ ਕਿਸਮਤ ਘੜਦਾ ਹੈ, ਜ਼ਿੰਦਗੀ ਵਿਚ ਸਭ ਦੀ ਭੂਮਿਕਾ ਨਿਸਚਿਤ ਕਰਦਾ ਹੈ, ਉਹ ਭਾਗਵਿਧਾਤਾ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਿਸਮਤ ਦੇ ਅਰਥਾਂ ਵਾਲਾ ਭਾਗ ਸ਼ਬਦ ਵੀ ਭਗ ਤੋਂ ਹੀ ਬਣਿਆ ਹੈ। ਧਿਆਨ ਦਿਓ ਭਾਗ ਦਾ ਅਰਥ ਵੰਡ, ਤਕਸੀਮ ਹੈ ਤੇ ਸਾਡਾ ਭਾਗ ਉਹ ਹੈ ਜੋ ਭਗਵਾਨ ਨੇ ਸਾਡੇ ਵੰਡੇ ਦਿੱਤਾ ਹੈ। ਅਰਬੀ ਪਿਛੋਕੜ ਵਾਲੇ ਕਿਸਮਤ ਸ਼ਬਦ ਦੇ ਪਿੱਛੇ ਵੀ ਵੰਡਣ ਦੇ ਅਰਥ ਵਾਲੀ ਕਿਰਿਆ ‘ਕਿਸਮ’ ਹੈ, ਸ਼ਿਅਰ ਅਰਜ਼ ਹੈ, “ਕਿਸਮਤ ਕੀਆ ਕਿਸਾਨੇ ਅਜ਼ਰ ਨੇ ਜੋ ਸ਼ਖਸ ਕਿ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ; ਬੁਲਬੁਲ ਕੋ ਦੀਆ ਨਾਲਾ, ਪਰਵਾਨੇ ਕੋ ਜਲਨਾ, ਗ਼ਮ ਹਮ ਕੋ ਦੀਆ ਜੋ ਸਬ ਸੇ ਮੁਸ਼ਕਿਲ ਨਜ਼ਰ ਆਇਆ।”
ਕਿਸਮਤ ਦਾ ਅਰਥ ਤਕਸੀਮ ਦੀ ਬਾਕੀ ਵੀ ਹੈ ਤੇ ਜ਼ਿਲੇ ਦੀ ਵੰਡ ਅਤੇ ਅੱਗੇ ਸੂਬੇ ਦਾ ਇਕ ਹਿੱਸਾ ਵੀ ਹੈ ਜਿਸ ਨੂੰ ਅੰਗਰੇਜ਼ੀ ਵਿਚ ਡਿਵੀਜ਼ਨ ਆਖਦੇ ਹਨ। ਪੰਜਾਬ ਦੀ ਵੰਡ ਤੋਂ ਪਹਿਲਾਂ ‘ਜਲੰਧਰ ਡਿਵੀਜ਼ਨ’ ਨੂੰ ‘ਕਿਸਮਤ ਜਲੰਧਰ’ ਕਿਹਾ ਜਾਂਦਾ ਸੀ। ਪ੍ਰਕਾਰ, ਭਾਂਤ ਦੇ ਅਰਥਾਂ ਵਾਲੇ ਕਿਸਮ ਸ਼ਬਦ ਵਿਚ ਵੀ ਵੰਡ ਦੇ ਅਰਥ ਹਨ ਅਤੇ ਤਕਸੀਮ ਸ਼ਬਦ ਵੀ ਕਿਸਮ ਤੋਂ ਬਣਿਆ ਹੈ। ਭਾਗ ਤੋਂ ਕਿਸਮਤ ਵਾਲਾ ਦੇ ਅਰਥਾਂ ਵਾਲੇ ਸ਼ਬਦ ਭਾਗੀ ਅਤੇ ਵਡਭਾਗੀ ਵੀ ਬਣੇ ਹਨ ਤੇ ਵਿਪਰੀਤਾਰਥਕ ਸ਼ਬਦ ਅਭਾਗਾ, ਭਾਗਹੀਣ ਵੀ। ‘ਦੁਰਭਾਗ ਵੱਸ’ ਉਕਤੀ ਵੀ ਖੂਬ ਚਲਦੀ ਹੈ। ਮੱਥੇ ਨੂੰ ਬੰਦੇ ਦੇ ਭਾਗ ਦਾ ਸਥਾਨ ਕਲਪਿਆ ਗਿਆ ਹੈ ਇਸ ਲਈ ਭਾਗ ਦਾ ਇਕ ਅਰਥ ਮੱਥਾ ਵੀ ਹੈ, ‘ਜਿਸੁ ਮਸਤਕਿ ਭਾਗੀਠਾ’ (ਗੁਰੂ ਅਰਜਨ ਦੇਵ)। ਭਾਗ ਦਾ ਅਰਥ ਜ਼ਮੀਨ ਆਦਿ ਦਾ ਟੁਕੜਾ, ਖੰਡ, ਅੰਸ਼ ਵੀ ਹੈ।
ਭਾਗ ਸ਼ਬਦ ਤੋਂ ਹੀ ਵਿਗੜ ਕੇ ਮੁਲਤਾਨੀ ਦਾ ਸ਼ਬਦ ਬਣਿਆ ‘ਭਾਅ’। ਮਾਲਕ ਅਤੇ ਮੁਜ਼ਾਰੇ ਵਿਚਕਾਰ 2/5 ਦੀ ਅਨੁਪਾਤ ਅਨੁਸਾਰ ਫਸਲ ਦੀ ਵੰਡ ਲਈ ਉਕਤੀ ਵਰਤੀ ਜਾਂਦੀ ਹੈ ‘ਭਾਅ ਡੇੜ੍ਹ ਭਾਅ’ ਜਿਸ ਨੂੰ ਪੰਜਦੂ ਜਾਂ ਪੰਜ-ਦੁਪੰਜੀ ਵੀ ਕਿਹਾ ਜਾਂਦਾ ਹੈ। ਭਾਗ ਤੋਂ ਅੱਗੇ ਭਾਗਵਾਨ ਸ਼ਬਦ ਬਣਿਆ ਜਿਸ ਦਾ ਅਰਥ ਚੰਗੇ ਭਾਗਾਂ ਵਾਲਾ, ਖੁਸ਼ਨਸੀਬ, ਧਨਾਡ, ਅਮੀਰ ਹੁੰਦਾ ਹੈ।
ਭਗ ਸ਼ਬਦ ਪਿਛੇ ਕਾਰਜਸ਼ੀਲ ਹੈ, ḔਭਜḔ ਧਾਤੂ ਜਿਸ ਵਿਚ ਵੰਡਣ, ਪ੍ਰਦਾਨ ਕਰਨ ਦੇ ਭਾਵ ਹਨ। ਦਰਅਸਲ ਭਜ ਧਾਤੂ ਤੋਂ ਭਜ ਸ਼ਬਦ ਵੀ ਬਣਿਆ ਹੈ ਜਿਸ ਦਾ ਅਰਥ ਦੇਣਾ, ਵੰਡਣਾ, ਬਖਸ਼ਣਾ, ਸੇਵਾ ਕਰਨਾ ਹੈ। ਇਥੋਂ ਹੀ ਇਸ ਸ਼ਬਦ ਦੇ ਇਸ਼ਟ ਨੂੰ ਧਿਆਉਣ, ਸਿਮਰਣ ਕਰਨ, ਉਸ ਦੀ ਉਸਤਤ ਕਰਨ ਜਾਂ ਗੁਣ ਗਾਉਣ ਦੇ ਅਰਥ ਸਹੀ ਹੁੰਦੇ ਹਨ, ‘ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥’ (ਗੁਰੂ ਅਰਜਨ ਦੇਵ)। ਭਜਨ ਸ਼ਬਦ ਦੇ ਆਮ ਅਰਥ ਪੂਜਣ, ਸੇਵਨ, ਨਾਮ ਜਪਣ ਹੀ ਹਨ, “ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ॥” (ਗੁਰੂ ਤੇਗ ਬਹਾਦਰ)। ਗੁਰਭਜਨ, ਹਰਭਜਨ ਦਾ ਅਰਥ ਹੈ, ਗੁਰੂ/ਹਰੀ ਦਾ ਗੁਣਗਾਇਨ। ਪਰ ਪਰਮਾਤਮਾ ਦੀ ਸਿਫਤ ਵਿਚ ਇਕ ਖਾਸ ਕਿਸਮ ਦੇ ਗੀਤ ਲਈ ਵੀ ਭਜਨ ਸ਼ਬਦ ਰੂੜ ਹੋ ਗਿਆ ਹੈ। ਅਸਲ ਵਿਚ ਕਿਸੇ ਇਸ਼ਟ ਦਾ ਵਾਰ ਵਾਰ ਨਾਮ ਲੈਣ ਵਿਚ ਵੀ ਉਸ ਨੂੰ ਵੰਡਣ ਦਾ ਭਾਵ ਹੈ, ਮਾਨੋ ਸਿਮਰਣ ਅਨੇਕਾਂ ਭਾਗਾਂ ਵਿਚ ਵੰਡੇ ਸ਼ਬਦਾਂ ਦਾ ਨਿਰੰਤਰ ਜਾਪ ਹੈ। ਇਸੇ ਧਾਤੂ ਤੋਂ ਬਰਤਨ, ਭਾਂਡਾ ਦੇ ਅਰਥਾਂ ਵਾਲਾ ਭਾਜਨ ਸ਼ਬਦ ਵਿਕਸਿਤ ਹੋਇਆ, “ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ।” (ਭਗਤ ਨਾਮਦੇਵ)। ਸਪੱਸ਼ਟ ਹੈ, ਇਥੇ ਭਾਜਨ ਤੋਂ ਭਾਂਡੇ ਦਾ ਭਾਵ ਇਸ ਰਾਹੀਂ ਪਰਸ਼ਾਦ ਆਦਿ ਵੰਡਣ, ਵਰਤਾਉਣ ਦੀ ਕਿਰਿਆ ਤੋਂ ਲਿਆ ਜਾਂਦਾ ਹੈ।
ਐਪਰ ḔਭਗḔ ਸ਼ਬਦ ਦੇ ਕਈ ਅਰਥਾਂ ਵਿਚ ਜੋੜ ਬਿਠਾਉਣਾ ਜ਼ਰੂਰੀ ਹੈ। ਇਸ ਦੇ ਸੂਰਜ, ਸ਼ਿਵ, ਚੰਦਰਮਾ ਆਦਿ ਦੇਵਤੇ ਵਾਲੇ ਅਰਥ ਦੇਵਤੇ ਵਿਚ ਪ੍ਰਦਾਨ ਕਰਨ ਦੀ ਸ਼ਕਤੀ ਦੇ ਧਾਰਕ ਵਜੋਂ ਸਹੀ ਹੁੰਦੇ ਹਨ। ਸੂਰਜ ਤਾਂ ਧਰਤੀ ਨੂੰ ਸਾਰੀ ਸ਼ਕਤੀ ਪ੍ਰਦਾਨ ਕਰਦਾ ਹੈ। ਵੈਦਿਕ ਕਾਲ ਵਿਚ ਸੂਰਜ ਨੂੰ ਭਗ ਕਿਹਾ ਗਿਆ ਹੈ। ਜਿਸ ਵਿਅਕਤੀ ‘ਤੇ ਦੇਵਤਾ ਨਿਹਾਲ ਹੋ ਕੇ ਸਭ ਕੁਝ ਪ੍ਰਦਾਨ ਕਰਦਾ ਹੈ, ਉਹ ਖੁਸ਼ਹਾਲ ਵੀ ਹੈ, ਜਸਵੰਤ ਵੀ ਹੈ, ਸੋਭਾ ਵਾਲਾ ਰੂਪਵੰਤ ਅਤੇ ਬਲਵਾਨ ਵੀ ਹੈ। ਭਗ ਦੇ ਯੋਨੀ ਵਾਲੇ ਅਰਥਾਂ ਦੀ ਵਿਆਖਿਆ ਵਿਚ ਕੁਝ ਔਖਿਆਈ ਹੈ। ਅਜਿਤ ਵਡਨੇਰਕਰ ਨੇ ਇਸ ਦੀ ਵਿਆਖਿਆ ਦੋ ਤਰ੍ਹਾਂ ਕੀਤੀ ਹੈ। ਸ੍ਰਿਸ਼ਟੀ ਦਾ ਜਨਮ ਇਕ ਵਿਸ਼ਾਲ ਪਿੰਡ ਤੋਂ ਮੰਨਿਆ ਜਾਂਦਾ ਰਿਹਾ ਹੈ। ਜਿਸ ਯੋਨੀ ਅਰਥਾਤ ਭਗ ਤੋਂ ਸ੍ਰਿਸ਼ਟੀ ਦਾ ਨਿਰਮਾਣ ਹੋਇਆ ਹੈ, ਉਸ ਨੂੰ ਧਾਰਨ ਕਰਨ ਵਾਲਾ ਭਗਵਾਨ ਹੈ।
ਬਿਗਬੈਂਗ ਦੇ ਸਿਧਾਂਤ ਅਨੁਸਾਰ ਮਹਾਂਵਿਸਫੋਟ ਪਿਛੋਂ ਪਿੰਡ ਅਨੰਤ ਪਿੰਡਾਂ ਵਿਚ ਵੰੰਡਿਆ ਗਿਆ ਤੇ ਫੈਲਦਾ ਗਿਆ। ਇਸ ਤਰ੍ਹਾਂ ਬ੍ਰਹਿਮੰਡ ਦੇ ਵੰਡ ਹੋਣ ਦੀ ਪ੍ਰਕਿਰਿਆ ਪਿਛੇ ਇਕ ਭਗ ਨੂੰ ਕਲਪਿਆ ਗਿਆ। ਇਸੇ ਤਰਜ਼ ‘ਤੇ ਇਸਤਰੀ ਦੀ ਕੁੱਖ ਵਿਚ ਕੋਸ਼ਿਕਾਵਾਂ ਦੇ ਵਿਭਾਜਨ ਨਾਲ ਜੀਵਨ ਦੇ ਨਿਰਮਾਣ ਦੀ ਪ੍ਰਕਿਰਿਆ ਹੁੰਦੀ ਹੈ। ਮੈਨੂੰ ਇਹ ਵਿਆਖਿਆ ਬਹੁਤੀ ਖਿੱਚ ਕੇ ਕੀਤੀ ਲਗਦੀ ਹੈ। ਭਗ ਵਿਚ ਜੇ ਵੰਡਣ ਦੇ ਅਰਥ ਹਨ, ਤਾਂ ਕਿਉਂ ਨਾ ਇਸ ਨੂੰ ਦੋ ਹਿੱਸਿਆਂ ਵਿਚ ਵੰਡੀ ਹੋਈ ਅਰਥਾਤ ਇਕ ਪਾੜ ਵਜੋਂ ਸਮਝਿਆ ਜਾਵੇ? ਆਯੁਰਵੇਦ ਅਨੁਸਾਰ ਭਗ ਪੁਰਖ-ਇਸਤਰੀ ਦੇ ਗੁਪਤ ਅੰਗ ਤੋਂ ਲੈ ਕੇ ਗੁਦਾ ਤੱਕ ਦਾ ਹਿੱਸਾ ਹੈ। ਭਗੰਦਰ ਉਹ ਫੋੜਾ ਹੈ ਜੋ ਇਸ ਹਿੱਸੇ ਵਿਚ ਹੁੰਦਾ ਹੈ।
ਅਸੀਂ ਮੁੜ ਭਗਵਾਨ ਸ਼ਬਦ ‘ਤੇ ਆਉਂਦੇ ਹਾਂ। ਇਹ ਸ਼ਬਦ ਉਤਰ-ਵੈਦਿਕ ਕਾਲ ਦੀ ਉਪਜ ਹੈ। ਇਸ ਕਾਲ ਵਿਚ ਭਗਵਾਨ ਦੀ ਪਦਵੀ ਧਰਤੀ ‘ਤੇ ਵਿਚਰਦੇ ਉਨ੍ਹਾਂ ਵਿਅਕਤੀਆਂ ਜਾਂ ਨਾਇਕਾਂ ਨੂੰ ਦਿੱਤੀ ਗਈ, ਜਿਨ੍ਹਾਂ ਨੂੰ ਜੀਵਨ ਦੀਆਂ ਸੁੱਖ ਸਹੂਲਤਾਂ ਅਤੇ ਮੁੱਲਾਂ ਦਾ ਪ੍ਰਦਾਤਾ ਸਮਝਿਆ ਗਿਆ। ਮਨੁੱਖ ਮਾਤਰ ਨੂੰ ਇਨ੍ਹਾਂ ਦੀ ਸ਼ਰਨ ਵਿਚ ਆਉਣ ਦਾ ਉਪਦੇਸ਼ ਦਿੱਤਾ ਗਿਆ। ਇਹ ਵਿਅਕਤੀ ਇਕ ਤਰ੍ਹਾਂ ਨਿਜੀ ਰੱਬ ਵੀ ਹਨ, ਅਰਥਾਤ ਸ਼ਰਧਾ ਅਨੁਸਾਰ ਹਰ ਇਕ ਦੇ ਆਪੋ ਆਪਣੇ ਹੋ ਸਕਦੇ ਹਨ ਜਿਵੇਂ ਭਗਵਾਨ ਕ੍ਰਿਸ਼ਨ, ਭਗਵਾਨ ਮਹਾਂਵੀਰ, ਭਗਵਾਨ ਬੁਧ, ਭਗਵਾਨ ਰਜਨੀਸ਼। ਸਹਿਜੇ ਸਹਿਜੇ ਭਗਵਾਨ ਇਕ ਈਸ਼ਵਰਵਾਦੀ ਭਾਵ ਗ੍ਰਹਿਣ ਕਰਦਾ ਰੱਬ ਦਾ ਅਰਥਾਵਾਂ ਵੀ ਬਣ ਗਿਆ। ਭਗਵਾਨ ਲਈ ਭਗਵੰਤ ਸ਼ਬਦ ਵੀ ਚਲਦਾ ਹੈ, “ਭਗਵੰਤ ਕੀ ਟਹਲ ਕਰੈ ਨਿਤ ਨੀਤ॥” ਅਤੇ “ਊਚੇ ਤੇ ਊਚਾ ਭਗਵੰਤ” (ਗੁਰੂ ਅਰਜਨ ਦੇਵ) ਪਰ ਭਗਵੰਤ ਦਾ ਅਰਥ ਭਾਗਵਾਨ ਅਰਥਾਤ ਧਨਾਡ, ਅਮੀਰ ਵੀ ਹੈ, “ਇਹੁ ਧਨੁ ਸੰਚਹੁ ਹੋਵਹੁ ਭਗਵੰਤ” (ਗੁਰੂ ਅਰਜਨ ਦੇਵ)। ਪੰਜਾਬ ਦਾ ਅਜੋਕਾ ਭਗਵੰਤ ਤਾਂ ਭਗਵੰਤ ਮਾਨ ਜਾਪਦਾ ਹੈ! ਭਜ ਧਾਤੂ ਨਾਲ ਸਬੰਧਤ ਹੋਰ ਸ਼ਬਦਾਂ ਦੀ ਵਿਆਖਿਆ ਬਾਕੀ ਹੈ। ਹੇ ਭਗਵਾਨ ਕਿੰਨਾ ਔਖਾ ਵਿਸ਼ਾ ਹੈ ਇਹ।