ਸਮਾਜਿਕ ਸਰੋਕਾਰਾਂ ਵਾਲਾ ਸਾਹਿਤ ਹੀ ਪਰਵਾਨ ਚੜ੍ਹਦਾ ਹੈ

ਸਾਹਿਤ ਵਿਚ ਇਹ ਸਵਾਲ ਅਕਸਰ ਉਠਦਾ ਰਿਹਾ ਹੈ ਕਿ ਸਾਹਿਤ ਨਿਜ ਦਾ ਪ੍ਰਗਟਾਵਾ ਹੈ ਜਾਂ ਲੋਕ ਦਰਦ ਦਾ। ਇਸ ਲੇਖ ਵਿਚ ਚਿੰਤਕ ਡਾæ ਦੀਪਕ ਮਨਮੋਹਨ ਸਿੰਘ ਨੇ ਇਸੇ ਸਵਾਲ ਦੇ ਜਵਾਬ ਵਿਚ ਕਿਹਾ ਹੈ, ਕੋਈ ਵੀ ਰਚਨਾ ਭਾਵੇਂ ਉਹ ਕਹਾਣੀ ਹੈ, ਕਵਿਤਾ ਹੈ, ਜਿਹੜੀ ਸਮਾਜਕ ਸਰੋਕਾਰਾਂ ਨਾਲ ਨਹੀਂ ਜੁੜੀ ਹੋਈ, ਉਸ ਦਾ ਰਚਨਹਾਰਾ ਆਪਣੇ ਪਾਠਕਾਂ ਤੋਂ ਆਦਰਯੋਗ ਹੁੰਗਾਰਾ ਨਹੀਂ ਲੈ ਸਕਦਾ। ਜਿਥੋਂ ਤਕ ਪੰਜਾਬੀ ਪਾਠਕ ਜਾਂ ਪੰਜਾਬੀ ਲੋਕਾਂ ਦੇ ਸੁਭਾਅ ਦਾ ਸਵਾਲ ਹੈ, ਉਹ ਕਿਸੇ ਵੀ ਹਾਲਾਤ ਵਿਚ ਸ਼ਖਸੀ ਹੋ ਹੀ ਨਹੀਂ ਸਕਦਾ।

ਉਸ ਦੀ ਹਮੇਸ਼ਾ ਪਹੁੰਚ ਆਪਣੇ ਆਲੇ-ਦੁਆਲੇ ਨਾਲ ਬਹੁਤ ਸੰਵੇਦਨਸ਼ੀਲ ਭਾਵੁਕ, ਆਦਰਯੋਗ, ਸੁਧਾਰਵਾਦੀ ਅਤੇ ਸ਼ੁਭਇੱਛਕ ਰਹੀ ਹੈ। -ਸੰਪਾਦਕ

ਡਾæ ਦੀਪਕ ਮਨਮੋਹਨ ਸਿੰਘ*
ਫੋਨ: 91-98762-00380

ਕਥਨ ਚੱਲਿਆ ਆਉਂਦਾ ਹੈ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੈ। ਸਾਹਿਤ ਸਮਾਜ ਦਾ ਸ਼ੀਸ਼ਾ ਹੀ ਨਹੀਂ ਬਲਕਿ ਸਮੁੱਚੇ ਜੀਵਨ ਦੀ ਤਸਵੀਰ ਹੈ। ਹਰ ਬੰਦੇ ਦਾ ਜੀਵਨ ਇਕ ਕਹਾਣੀ ਹੈ। ਹਰ ਬੰਦੇ ਕੋਲ ਕੋਈ ਨਾ ਕੋਈ ਕਹਾਣੀ ਜ਼ਰੂਰ ਹੁੰਦੀ ਹੈ। ਮੌਤ ਤੋਂ ਬਾਅਦ ਹਰ ਬੰਦਾ ਵੀ ਇਕ ਕਹਾਣੀ ਹੈ। ਸਾਹਿਤ ਨੂੰ ਕੁਝ ਲੋਕ ਨਿਰੋਲ ਕਲਪਨਾ ਮੰਨਦੇ ਹਨ, ਕਲਪਨਾ ਹੁੰਦਿਆਂ ਵੀ ਇਹ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਪੇਸ਼ ਕਰਦਾ ਹੈ।
ਪੰਜਾਬੀ ਸਾਹਿਤ ਮੁੱਢ ਤੋਂ ਹੀ ਸਮਾਜਕ ਸਰੋਕਾਰਾਂ ਦਾ ਸਾਹਿਤ ਰਿਹਾ ਹੈ, ਰਾਜਸੀ ਚੇਤਨਾ ਅਤੇ ਵਿਸ਼ਵੀ ਚੇਤਨਾ ਦਾ ਵੀ। ਇਸ ਦਾ ਸਭ ਤੋਂ ਵੱਡਾ ਕਾਰਨ ਹੈ, ਪੰਜਾਬ ਦੀ ਆਪਣੀ ਭੂਗੋਲਿਕਤਾ ਅਤੇ ਸਭਿਆਚਾਰਕ ਵਿਰਾਸਤ ਕਾਰਨ ਇਥੇ ਕੋਈ ਵੀ ਰਚਨਾ ਰਾਜਸੀ ਚੇਤਨਾ, ਵਿਸ਼ਵੀ ਚੇਤਨਾ ਅਤੇ ਸਮਾਜਿਕ ਚੇਤਨਾ ਤੋਂ ਬਿਨਾ ਹੋਂਦ ਵਿਚ ਆ ਹੀ ਨਹੀਂ ਸਕਦੀ। ਕੇਵਲ ਉਹੀ ਸਾਹਿਤਕਾਰ ਪਾਠਕਾਂ ਵਿਚ ਮਕਬੂਲ ਹੁੰਦੇ ਹਨ ਜੋ ਲੋਕਾਂ ਦੀ ਗੱਲ, ਲੋਕਾਂ ਦੀ ਨਬਜ਼ ਪਛਾਣ ਕੇ ਲੋਕ ਭਾਸ਼ਾ ਵਿਚ ਕਰਦੇ ਹਨ। ਪੰਜਾਬੀ ਕਵਿਤਾ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਆਧੁਨਿਕ ਪੰਜਾਬੀ ਕਵਿਤਾ ਰੁਮਾਂਟਿਕ ਅਤੇ ਭਾਵੁਕਤਾ ਦੇ ਪ੍ਰਸੰਗ ਵਿਚ ਬੜੀ ਹਰਮਨ ਪਿਆਰੀ ਰਹੀ ਹੈ। ਭਾਈ ਵੀਰ ਸਿੰਘ ਦੀ ਕਵਿਤਾ ਅਧਿਆਤਮਕ ਰੰਗਣ ਦੀ ਹੋਂਦ ਦੇ ਬਾਵਜੂਦ ਸਮਾਜ ਵਿਚ ਆਪਣਾ ਸੁਨੇਹਾ ਕੁਦਰਤ ਦੇ ਕਾਦਰ ਦੇ ਜਲਵੇ ਰਾਹੀਂ ਦਿੰਦੀ ਹੈ। ਪਰ ਛੇਤੀ ਹੀ ਕਵਿਤਾ ਰੱਬ ਦੇ ਜਸ਼ਨ ਦੇ ਗੀਤ ਗਾਉਣ ਤੋਂ ਸਰੀਰਕ ਜਸ਼ਨ ਦੀ ਮਹਿਮਾ ਵੱਲ ਮੁੜ ਪਈ ਸੀ, ਜਿਸ ਦਾ ਸਿਹਰਾ ਅੰਮ੍ਰਿਤਾ ਪ੍ਰੀਤਮ, ਪ੍ਰੋæ ਮੋਹਨ ਸਿੰਘ ਅਤੇ ਹੋਰ ਸਮਕਾਲੀ ਕਵੀਆਂ ਨੂੰ ਜਾਂਦਾ ਹੈ। ਪਰ ਇਹ ਕਵਿਤਾ ਵੀ ਨਿਜੀ ਰੋਣੇ-ਧੋਣੇ ਦਾ ਸ਼ਿਕਾਰ ਬਣ ਕੇ ਰਹਿ ਗਈ। ਪ੍ਰੋæ ਮੋਹਨ ਸਿੰਘ ਨੂੰ ਕਹਿਣਾ ਪਿਆ,
ਨਾਲ ਭੁੱਖਾਂ ਇਸ਼ਕ ਲਿੱਸਾ ਹੁਸਨ ਮਾਂਦਾ ਪੈ ਗਿਆ,
ਭੁੱਖ ਮਿਟਾਈਏ ਜਾਂ ਹੁਸਨ ਦੇ ਗੀਤ ਗਾਈਏ ਸਾਥੀਉ।
ਲੋਕ ਸੰਘਰਸ਼ ਵਿਚ ਸ਼ਾਮਲ ਹੋਣ ਲਈ ਅੰਮ੍ਰਿਤਾ ਪ੍ਰੀਤਮ ਨੇ ਵੀ ਆਪਣੇ ਅੰਦਾਜ਼ ਵਿਚ ਹੋਕਾ ਦਿੱਤਾ,
ਹੁਸਨ ਇਸ਼ਕ ਦੀਆਂ ਗੱਲਾਂ ਵੇ ਬੀਬਾ,
ਵਿਹਲੇ ਵੇਲੇ ਦੀਆਂ ਗੱਲਾਂæææ।
ਉਰਦੂ ਦੇ ਰੁਮਾਂਟਿਕ ਸ਼ਾਇਰ ਸਾਹਿਰ ਲੁਧਿਆਣਵੀ ਨੂੰ ਵੀ ਕਹਿਣਾ ਪਿਆ,
ਅਭੀ ਨਾ ਛੇੜ ਮੁਹੱਬਤ ਕੇ ਗੀਤ ਐ ਮੁਤਰਿਬ,
ਅਭੀ ਹਯਾਤ ਕਾ ਮਾਹੌਲ ਖੁਸ਼ਗਵਾਰ ਨਹੀਂ।
ਮੁਹੱਬਤ ਦੇ ਗੀਤ ਗਾਉਣ ਵਾਲੇ ਫੈਜ ਅਹਿਮਦ ਫੈਜ ਨੇ ਵੀ ਐਲਾਨ ਕਰ ਦਿੱਤਾ ਸੀ,
ਮੁਝ ਸੇ ਪਹਿਲੀ ਸੀ ਮੁਹੱਬਤ ਮੇਰੀ ਮਹਿਬੂਬ ਨਾ ਮਾਂਗ।
ਸ਼ਿਵ ਕੁਮਾਰ ਬਟਾਲਵੀ ਵੀ ਆਪਣੇ ਪਾਠਕਾਂ ਵਿਚ ਉਦੋਂ ਹੀ ਮਕਬੂਲ ਹੋਇਆ, ਜਦੋਂ ਉਹਨੇ ਆਪਣੇ ਨਿਜੀ ਦੁੱਖ ਨੂੰ ਵਿਯੋਗੇ ਮਨੁੱਖ ਦੇ ਦੁੱਖ ਦਾ ਰੂਪ ਬਣਾ ਕੇ ਪੇਸ਼ ਕੀਤਾ।
ਕਹਿਣ ਤੋਂ ਭਾਵ ਹੈ, ਕੋਈ ਵੀ ਰਚਨਾ ਭਾਵੇਂ ਉਹ ਕਹਾਣੀ ਹੈ, ਕਵਿਤਾ ਹੈ, ਜਿਹੜੀ ਸਮਾਜਕ ਸਰੋਕਾਰਾਂ ਨਾਲ ਨਹੀਂ ਜੁੜੀ ਹੋਈ, ਉਸ ਦਾ ਰਚਨਹਾਰਾ ਆਪਣੇ ਪਾਠਕਾਂ ਤੋਂ ਆਦਰਯੋਗ ਹੁੰਗਾਰਾ ਨਹੀਂ ਲੈ ਸਕਦਾ। ਜਿਥੋਂ ਤਕ ਪੰਜਾਬੀ ਪਾਠਕ ਜਾਂ ਪੰਜਾਬੀ ਲੋਕਾਂ ਦੇ ਸੁਭਾਅ ਦਾ ਸਵਾਲ ਹੈ, ਉਹ ਕਿਸੇ ਵੀ ਹਾਲਾਤ ਵਿਚ ਸ਼ਖਸੀ ਹੋ ਹੀ ਨਹੀਂ ਸਕਦਾ। ਉਸ ਦੀ ਹਮੇਸ਼ਾ ਪਹੁੰਚ ਆਪਣੇ ਆਲੇ-ਦੁਆਲੇ ਨਾਲ ਬਹੁਤ ਸੰਵੇਦਨਸ਼ੀਲ ਭਾਵੁਕ, ਆਦਰਯੋਗ, ਸੁਧਾਰਵਾਦੀ ਅਤੇ ਸ਼ੁਭਇੱਛਕ ਰਹੀ ਹੈ।
ਮਾਰਕਸਵਾਦੀ ਵਿਚਾਰਧਾਰਾ ਤਾਂ ਸਮਾਜਿਕ ਸਰੋਕਾਰਾਂ ਤੋਂ ਸੱਖਣੇ ਸਾਹਿਤ ਨੂੰ ਅਸਲ ਸਾਹਿਤ ਹੀ ਨਹੀਂ ਮੰਨਦੀ। ਵੇਖਿਆ ਜਾਵੇ ਤਾਂ ਸਮਾਜਿਕ ਸਰੋਕਾਰਾਂ ਤੋਂ ਸੱਖਣਾ ਸਾਹਿਤ ਅਸਲ ਅਰਥਾਂ ਵਿਚ ਸਾਹਿਤ ਹੁੰਦਾ ਹੀ ਨਹੀਂ ਬਲਕਿ ਨਿਜੀ ਵੇਦਨਾ ਜਾਂ ਜਸ਼ਨ ਦਾ ਵਰਣਨ ਜਿਹਾ ਬਣ ਕੇ ਰਹਿ ਜਾਂਦਾ ਹੈ। ਹਾਂ, ਇਸ ਗੱਲ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਸੁਹਜ ਸਿਰਜਣਾ ਦੀ ਆਪਣੀ ਮਹੱਤਤਾ ਹੈ। ਪਰ ਗੌਰਯੋਗ ਤੱਥ ਇਹੋ ਹੈ ਕਿ ਸਿਰਫ ਸੁਹਜ ਸਿਰਜਣਾ ਦੀ ਬਜਾਏ ਜੇ ਸਮਾਜਕ ਸਰੋਕਾਰਾਂ ਦੀ ਗੱਲ ਛੋਹੀ ਜਾਵੇਗੀ ਤਾਂ ਹੀ ਸਾਹਿਤਕ ਕ੍ਰਿਤ ਦਾ ਸਤਿਕਾਰ ਅਤੇ ਸਥਾਨ ਸਮਾਜ ਵਿਚ ਉਚਾ ਹੋਵੇਗਾ। ਅਜਿਹਾ ਕਰਨ ‘ਤੇ ਹੀ ਸਾਹਿਤ ਵਧੇਰੇ ਪ੍ਰਸੰਗਿਕ ਅਤੇ ਪਰਉਪਕਾਰੀ ਹੋ ਪਾਏਗਾ। ਕਲਾ ਦਾ ਪਰਉਪਕਾਰੀ ਹੋਣਾ ਕਲਾ ਅਤੇ ਸਮਾਜ ਦੋਹਾਂ ਲਈ ਵਰਦਾਨ ਹੁੰਦਾ ਹੈ। ਸਮਾਜਿਕ ਸਰੋਕਾਰਾਂ ਨੂੰ ਛੋਹਣ ਤੋਂ ਭਾਵ ਇਹ ਬਿਲਕੁਲ ਨਹੀਂ ਕਿ ਸਾਹਿਤ ਸਿਰਫ ਕਿਸੇ ਵਿਚਾਰਧਾਰਾ ਵਿਸ਼ੇਸ਼ ਦਾ ਪ੍ਰਾਪੇਗੰਡਾ ਹੀ ਬਣ ਕੇ ਰਹਿ ਜਾਵੇ। ਨਾਅਰੇ ਦਾ ਸਾਹਿਤ ਤਾਂ ਬਲਕਿ ਹੋਰ ਵੀ ਮਾੜਾ ਹੁੰਦਾ ਹੈ। ਨਾਅਰੇ ਵਾਲੇ ਸਾਹਿਤ ਵਿਚ ਸਾਹਿਤ ਦੀ ਅਸਲ ਆਤਮਾ ਮਰ ਜਾਂਦੀ ਹੈ। ਅਜਿਹੇ ਮਨਸ਼ੇ ਨਾਲ ਲਿੱਬੜੇ ਲਫਜ਼ਾਂ ਵਾਲਾ ਸਾਹਿਤ ਵੀ ਸੰਪਰਦਾਇਕ ਭਾਸ਼ਨ ਵਰਗੀ ਚੀਜ ਬਣ ਕੇ ਰਹਿ ਜਾਂਦਾ ਹੈ। ਸਾਹਿਤ ਦਾ ਤਾਂ ਆਪਣਾ ਇਕ ਮੌਲਿਕ ਸੁਭਾਅ ਹੁੰਦਾ ਹੈ ਜਿਸ ਤਹਿਤ ਬਹੁਤ ਹੀ ਸਲੀਕੇ ਅਤੇ ਸੁਹਜ ਨਾਲ ਗੱਲ ਨੂੰ ਆਖਣਾ ਹੁੰਦਾ ਹੈ। ਜੇ ਸਾਹਿਤ ਆਪਣੇ ਮੂਲ ਗੁਣ ਹੀ ਗੁਆ ਬੈਠੇਗਾ ਤਾਂ ਸਾਹਿਤ ਸਾਹਿਤ ਹੀ ਨਹੀਂ ਰਹੇਗਾ। ਅਜਿਹੀ ਸਥਿਤੀ ਵਿਚ ਸਾਹਿਤ ਕਿਸੇ ਖਾਸ ਮਕਸਦ ਨਾਲ ਭਰਪੂਰ ਇਬਾਰਤ ਤਾਂ ਬਣ ਜਾਵੇਗਾ, ਸਾਹਿਤ ਨਹੀਂ ਰਹਿ ਜਾਵੇਗਾ। ਸੋ ਸਮਾਜਕ ਸਰੋਕਾਰਾਂ ਦੀ ਗੱਲ ਕਰਨਾ ਜਿੰਨਾ ਜ਼ਰੂਰੀ ਹੈ, ਓਨਾ ਹੀ ਜ਼ਰੂਰੀ ਇਹ ਜਾਣਨਾ ਵੀ ਹੈ ਕਿ ਇਹ ਗੱਲ ਕਰਨੀ ਕਿਸ ਤਰ੍ਹਾਂ ਹੈ।
ਸਮਾਜਕ ਸਰੋਕਾਰਾਂ ਨੂੰ ਛੋਹਣਾ ਸਾਹਿਤਕਾਰ ਉਪਰ ਥੋਪੀ ਕੋਈ ਮਜ਼ਬੂਰੀ ਨਹੀਂ ਹੁੰਦੀ ਬਲਕਿ ਇਹ ਸਾਹਿਤਕਾਰ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਹੁੰਦੀ ਹੈ। ਜੋ ਆਪਣੀ ਇਸ ਜ਼ਿੰਮੇਵਾਰੀ ਨੂੰ ਪਛਾਣ ਲੈਂਦੇ ਹਨ, ਉਹ ਲੋਕਾਂ ਦੇ ਸਤਿਕਾਰ ਦੇ ਪਾਤਰ ਬਣ ਜਾਂਦੇ ਹਨ। ਆਪਣੀ ਇਸੇ ਜ਼ਿੰਮੇਵਾਰੀ ਨੂੰ ਪਛਾਣ ਕੇ ਹੀ ਤਾਂ ‘ਫੁੱਲਾਂ ਦੇ ਨਾਂ ਤੇ ਕੁੜੀਆਂ ਦੇ ਨਾਂ ਕੁਨਾਂ ਰੱਖਣ ਵਾਲੇ’ ਸਾਹਿਤ ਤੋਂ ਇਨਕਾਰੀ ਹੋਇਆ ਪਾਸ਼ ਆਖਦਾ ਹੈ,
ਮੇਰੇ ਤੋਂ ਆਸ ਨਾ ਕਰਿਉ
ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ।
ਜਿਨ੍ਹਾਂ ਦੇ ਹੜ੍ਹ ‘ਚ ਰੁੜ੍ਹ ਜਾਂਦੀ ਹੈ
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ।
ਮੈਂ ਤਾਂ ਜਦ ਵੀ ਕੀਤੀ
ਖਾਦ ਦੇ ਘਾਟੇ
ਕਿਸੇ ਗਰੀਬੜੀ ਦੀ ਹਿੱਕ ਵਾਂਗੂ ਪਿਚਕ ਗਏ
ਗੰਨਿਆਂ ਦੀ ਗੱਲ ਹੀ ਕਰਾਂਗਾ।
ਮੈਂ ਦਲਾਨ ਦੇ ਖੂੰਜੇ ‘ਚ ਪਈ ਸੌਣੀ ਦੀ ਫਸਲ
ਤੇ ਦਲਾਨ ਦੇ ਬੂਹੇ ‘ਤੇ ਖੜ੍ਹੇ ਸਿਆਲ ਦੀ ਹੀ ਗੱਲ ਕਰਾਂਗਾ।
ਮੇਰੇ ਤੋਂ ਆਸ ਨਾ ਕਰਿਉ
ਕਿ ਮੈਂ ਸਰਦੀ ਦੀ ਰੁੱਤੇ ਖਿੜਨ ਵਾਲੇ
ਫੁੱਲਾਂ ਦੀਆਂ ਕਿਸਮਾਂ ਦੇ ਨਾਂ ਤੇ
ਪਿੰਡ ਦੀਆਂ ਕੁੜੀਆਂ ਦੇ ਨਾਂ ਕੁਨਾਂ ਧਰਾਂਗਾ।
ਵਾਕਿਆ ਹੀ ਚਗਲੇ ਹੋਏ ਸਵਾਦਾਂ ਦੀ ਗੱਲ ਕਰਨ ਵਾਲਾ ਸਾਹਿਤ ਵਕਤੀ ਹੀ ਹੁੰਦਾ ਹੈ ਜੋ ਕੁਝ ਸਮੇਂ ਵਿਚ ਹੀ ਵੇਲਾ ਵਿਹਾ ਕੇ ਸਮੇਂ ਦੀਆਂ ਧੂੜਾਂ ਵਿਚ ਅਲੋਪ ਹੋ ਜਾਂਦਾ ਹੈ। ਰਹਿੰਦੀ ਦੁਨੀਆਂ ਤਕ ਨਾਮ ਉਨ੍ਹਾਂ ‘ਖੇਤਾਂ ਦੇ ਪੁੱਤਾਂ’ ਦਾ ਹੀ ਰਹਿੰਦਾ ਹੈ ਜੋ ‘ਖਾਦ ਦੇ ਘਾਟੇ ਗਰੀਬੜੀ ਦੀ ਹਿੱਕ ਵਾਂਗ ਪਿਚਕ ਗਏ ਗੰਨਿਆਂ’ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਹਨ। ਚੱਟਾਨ ਬਣ ਕੇ ਲੋਕਾਈ ਦੇ ਹੱਕ ਵਿਚ ਖੜ੍ਹਨਾ ਤਾਂ ਭਾਵੇਂ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਪਰ ਹਾਅ ਦਾ ਨਾਅਰਾ ਵੀ ਤਾਂ ਇਤਿਹਾਸ ਸਿਰਜ ਸਕਦਾ ਹੈ। ਹਾਅ ਦਾ ਨਾਅਰਾ ਹੀ ਲੋਕ ਲਹਿਰ ਦਾ ਅਰੰਭ ਹੋ ਸਕਦਾ ਹੈ। ਹਾਅ ਦਾ ਨਾਅਰਾ ਹੀ ਕਾਫਲੇ ਦਾ ਆਗਾਜ਼ ਹੋ ਸਕਦਾ ਹੈ। ਸੋ ਇਹ ਗੱਲ ਪੱਕੀ ਹੈ ਕਿ ਜੇ ਲੋਕ ਨਜ਼ਰ ਵਿਚ ਪਰਵਾਨ ਚੜ੍ਹਦਿਆਂ ਹਮੇਸ਼ਾ ਲਈ ਲੋਕ ਹਿਰਦਿਆਂ ਵਿਚ ਆਪਣਾ ਪੱਕਾ ਵਾਸਾ ਕਰਨਾ ਹੈ ਤਾਂ ਸਮਾਜਿਕ ਸਰੋਕਾਰਾਂ ਦੀ ਪੌੜੀ ਚੜ੍ਹਨਾ ਹੀ ਪਵੇਗਾ।
*ਸੀਨੀਅਰ ਫੈਲੋ
ਪੰਜਾਬੀ ਯੂਨੀਵਰਸਿਟੀ, ਪਟਿਆਲਾ