ਹਿੱਕ ਦਾ ਹਰਫਨਾਮਾ

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਨ੍ਹਾਂ ਸਰੀਰ ਦੇ ਵੱਖ ਵੱਖ ਅੰਗਾਂ ਦਾ ਨਾਦ ਪੇਸ਼ ਕੀਤਾ ਹੈ। ਇਸ ਲੇਖ ਤੋਂ ਪਹਿਲਾਂ ਨੈਣਾਂ, ਮੂੰਹ, ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕਰ ਚੁਕੇ ਹਨ।

ਹੱਥਾਂ ਦੀ ਦਾਸਤਾਨ ਦੱਸਦਿਆਂ ਉਨ੍ਹਾਂ ਕਿਹਾ ਕਿ ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ। ਲੱਤਾਂ ਦੀ ਵਾਰਤਾ ਸੁਣਾਉਂਦਿਆਂ ਬਾਬਾ ਫਰੀਦ ਦੇ ਸਲੋਕ “ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ॥” ਦੇ ਹਵਾਲੇ ਨਾਲ ਉਨ੍ਹਾਂ ਕੋਮਲ ਲੱਤਾਂ ਦਾ ਸੁਡੌਲ ਤੇ ਮਜਬੂਤ ਹੋ ਕੇ ਜੀਵਨ-ਸਫਰ ਦੇ ਅਣਥੱਕ ਸੰਗੀ ਬਣਨ ਤੋਂ ਬਾਅਦ ਬੁਢਾਪੇ ਵਿਚ ਕਮਜੋਰ ਤੇ ਨਿਤਾਣੀਆਂ ਬਣਨ ਦੇ ਸਫਰ ਦੀ ਗੱਲ ਕੀਤੀ ਸੀ। ਬੰਦੇ ਦੇ ਪੈਰਾਂ ਦੀ ਵਾਰਤਾ ਸੁਣਾਉਂਦਿਆਂ ਉਨ੍ਹਾਂ ਕਿਹਾ ਸੀ ਕਿ ਸੋਚ ਸਮਝ ਕੇ ਪੈਰ ਟਿਕਾਉਣ ਵਾਲੇ ਲੋਕ ਸਾਬਤ ਕਦਮੀਂ ਤੁਰਦੇ, ਮੁਸ਼ਕਲਾਂ ਨਾਲ ਬਰ ਮੇਚਦੇ, ਸਫਲਤਾ ਦਾ ਨਵਾਂ ਵਰਕਾ ਬਣਦੇ। ਉਨ੍ਹਾਂ ਮੁੱਖੜੇ ਦੇ ਬਹੁਤ ਸਾਰੇ ਰੂਪ ਕਿਆਸੇ ਹਨ-ਮੁੱਖੜਾ ਹੱਸਮੁੱਖ, ਮੁੱਖੜਾ ਚਿੜਚਿੜਾ। ਮੁੱਖੜਾ ਖੁਸ਼-ਮਿਜ਼ਾਜ, ਮੁੱਖੜਾ ਰੋਂਦੂ। ਮੁੱਖੜਾ ਟਹਿਕਦਾ, ਮੁੱਖੜਾ ਬੁੱਸਕਦਾ। ਮੁੱਖੜਾ ਤ੍ਰੇਲ ਧੋਤਾ, ਮੁੱਖੜਾ ਹੰਝ ਪਰੋਤਾ। ਮੁੱਖੜਾ ਸੱਜਰੀ ਸਵੇਰ, ਮੁੱਖੜਾ ਉਤਰਦਾ ਹਨੇਰ। ਪਿਛਲੇ ਲੇਖ ਵਿਚ ਡਾæ ਭੰਡਾਲ ਨੇ ਮਨ ਦੀ ਬਾਤ ਪਾਉਂਦਿਆਂ ਕਿਹਾ ਸੀ ਕਿ ਮਨ ਦੀ ਤਾਕਤ ਹੀ ਆਦਮੀ ਦੀ ਅਸਲ ਤਾਕਤ ਹੁੰਦੀ ਏ। ਮਨ ਅਸੀਮ, ਮਨ ਅਮੋੜ, ਮਨ ਅਜਿੱਤ, ਮਨ ਅਮੋਲਕ, ਮਨ ਦੀਆਂ ਮਨ ਹੀ ਜਾਣੇ। ਗੁਰਬਾਣੀ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਸੀ, ‘ਭਾਈ ਰੇ ਇਸੁ ਮਨ ਕਉ ਸਮਝਾਇ॥” ਹਥਲੇ ਲੇਖ ਵਿਚ ਉਨ੍ਹਾਂ ਦੱਸਿਆ ਹੈ ਕਿ ਹਿੱਕ ਵਿਚ ਜਦ ਰੋਹ ਦਾ ਉਬਾਲ ਫੁੱਟਦਾ ਤਾਂ ਇਸ ਵਿਚੋਂ ਹੀ ਦੁੱਲਾ ਭੱਟੀ, ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਜਾਂ ਇਕ ਸ਼ਖਸ ਊਧਮ ਸਿੰਘ ਦਾ ਰੂਪ ਧਾਰ ਲੰਡਨ ਵੱਲ ਨੂੰ ਚਾਲੇ ਪਾਉਂਦਾ। ਹਿੱਕ ਵਿਚ ਬਦਲੇ ਦੀ ਭਾਵਨਾ, ਭਾਂਬੜ ਦਾ ਰੂਪ ਧਾਰ, ਕੁਰਬਾਨੀਆਂ ਦਾ ਨਵਾਂ ਇਤਿਹਾਸ ਸਿਰਜ ਜਾਂਦੀ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਹਿੱਕ, ਮਰਦਾਨਗੀ, ਮਾਨਵੀ ਹੌਂਸਲਾ, ਮਨੁੱਖੀ ਤਸਵੀਰ ਤੇ ਤਦਬੀਰ, ਜੀਵਨੀ ਬਿੰਬ, ਸੁਘੜ ਸਰੂਪ ਅਤੇ ਸਰੀਰਕ ਬਣਤਰ ਦਾ ਵਿਸਥਾਰ ਤੇ ਵਿਸ਼ਲੇਸ਼ਣ। ਹਿੱਕ ਮਨੁੱਖੀ ਸਰੀਰ ਦਾ ਸਭ ਤੋਂ ਮਜਬੂਤ ਅੰਗ ਜਿਸ ਵਿਚ ਸੁਰੱਖਿਅਤ ਨੇ ਦਿਲ ਅਤੇ ਫੇਫੜੇ। ਸੋਹਣੀ ਸ਼ਕਲ ਦਾ ਪ੍ਰਮਾਣ ਤੇ ਸੋਹਣੀ ਸੀਰਤ ਦੀ ਪਹਿਚਾਣ। ਚੌੜੀ ਤੇ ਉਭਰਵੀਂ ਹਿੱਕ, ਸ਼ਖਸੀ ਮਾਣ।
ਹਿੱਕ ‘ਤੇ ਜਦ ਲੂੰਈਂ ਫੁੱਟਦੀ ਤਾਂ ਮਨ ਵਿਚ ਉਠਦੀਆਂ ਲੂਰੀਆਂ ਤੇ ਮਚਲਦਾ ਚਾਵਾਂ ਦਾ ਜਵਾਰਭਾਟਾ। ਸੋਚਾਂ ਵਿਚ ਕੁਝ ਚੰਗੇਰਾ ਅਤੇ ਨਰੋਇਆ ਕਰਨ ਦੀ ਚਾਹਤ ਅੰਗੜਾਈਆਂ ਭਰਦੀ।
ਹਿੱਕ ‘ਚ ਜਦ ਸੁਪਨਿਆਂ ਦੀ ਅੱਖ ਖੁੱਲ੍ਹਦੀ ਤਾਂ ਇਸ ਦੀ ਪੂਰਤੀ ਲਈ ਤਦਬੀਰਾਂ ਅਤੇ ਤਕਦੀਰਾਂ ਦਾ ਇਕ ਵਿਸ਼ਾਲ ਕੈਨਵਸ ਮਨ-ਦਰਪਣ ‘ਤੇ ਉਕਰਿਆ ਜਾਂਦਾ। ਮਨ ਨਵੇਂ ਦਿਸਹੱਦਿਆਂ ਵੰਨੀਂ ਅਹੁਲਦਾ।
ਹਿੱਕ ਦੇ ਉਭਾਰ ਜਿਥੇ ਜਵਾਨੀ ਅਤੇ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ, ਉਥੇ ਇਨ੍ਹਾਂ ਵਿਚਲਾ ਜੀਵਨ-ਅੰਮ੍ਰਿਤ ਦੁੱਧ ਚੁੰਘਦੇ ਬੱਚੇ ਲਈ ਜੀਵਨ-ਦਾਨ ਹੁੰਦਾ। ਇਸ ਅੰਮ੍ਰਿਤ-ਬੂੰਦ ਵਿਚੋਂ ਹੀ ਜੀਵਨ ਦੀ ਨਵੀਂ ਰੰਗਤ, ਦੁਨੀਆਂ ਨੂੰ ਨਿਹਾਰਨ ਅਤੇ ਇਸ ਦੀ ਦਿੱਖ ਸੰਵਾਰਨ ਲਈ ਨਵੀਂ ਸੇਧ ਤੇ ਸਮਰਪਿਤਾ ਮਿਲਦੀ। ਮਾਂ ਦੇ ਦੁੱਧ ਦੀ ਸਹੁੰ ਖਾ ਕੇ ਆਪਣੀਆਂ ਮੰਜਿਲਾਂ ਅਤੇ ਟੀਚਿਆਂ ਨੂੰ ਪੂਰਾ ਕਰਨ ਵਾਲੇ ਸੂਰਮੇ, ਸਮਾਜ ਦਾ ਅਜਿਹਾ ਸੁੱਚਾ ਮੁਹਾਂਦਰਾ ਹੁੰਦੇ ਜੋ ਜੀਵਨੀ ਕਦਰਾਂ-ਕੀਮਤਾਂ ਦਾ ਦਗਦਾ ਸੂਰਜ ਅਤੇ ਨਿੱਕੀਆਂ ਪੈੜਾਂ ਲਈ ਰਹਿਨੁਮਾ ਬਣਦੇ।
ਜਦ ਬੱਚਾ ਮਾਂ ਦੀ ਹਿੱਕ ਨਾਲ ਲੱਗਾ ਅੰਮ੍ਰਿਤ ਚੱਖਦਾ, ਮਾਂ ਦੀਆਂ ਲੋਰੀਆਂ ਸੁਣਦਾ, ਇਤਿਹਾਸ ਤੇ ਮਿਥਿਹਾਸ ਸੁਣਦਾ ਤਾਂ ਉਸ ਦੇ ਅਚੇਤ ਮਨ ਵਿਚ ਆਪਣੇ ਅਤੀਤ ਤੇ ਵਿਰਸੇ ਦੀ ਜਾਗ ਲੱਗਦੀ। ਉਹ ਵੱਡਾ ਹੋ ਕੇ ਆਪਣੀ ਵਿਰਾਸਤ ਦਾ ਮਾਣਮੱਤਾ ਹਰਫ ਬਣਨ ਦੀ ਮਨ ਵਿਚ ਧਾਰਦਾ।
ਬੱਚਾ ਜਦ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਦੀ ਹਿੱਕ ‘ਤੇ ਲੇਟਿਆ, ਉਨ੍ਹਾਂ ਦੇ ਚਾਨਣੀ ਰੰਗੇ ਵਾਲਾਂ ਨਾਲ ਖੇਡਦਾ, ਨਿੱਕੀਆਂ ਨਿੱਕੀਆਂ ਬਾਤਾਂ ਪਾਉਂਦਾ, ਨਿੱਕੇ ਨਿੱਕੇ ਹੁੰਗਾਰੇ ਭਰਦਾ ਤਾਂ ਉਸ ਦੇ ਮਨ ਵਿਚ ਆਪਣੇ ਬਜੁਰਗਾਂ ਨਾਲ ਸਦੀਵੀ ਸਾਂਝ ਅਤੇ ਉਨ੍ਹਾਂ ਦਾ ਵਾਰਸ ਬਣਨ ਦੀ ਚਾਹਨਾ ਪੈਦਾ ਹੁੰਦੀ। ਇਹ ਸਮਾਜ ਲਈ ਸਭ ਤੋਂ ਸਿਹਤਮੰਦ ਰੁਝਾਨ ਅਤੇ ਇਸ ਵਿਚੋਂ ਹੀ ਜਨਮ ਲੈਂਦੀਆਂ ਨਵੀਆਂ ਕੀਰਤੀਆਂ।
ਹਿੱਕ, ਮਨੁੱਖੀ ਸੁਹੱਪਣ, ਸਾਦਗੀ ਦਾ ਸੱਚ ਤੇ ਸੁੰਦਰ ਸਰੂਪ, ਵਿਲੱਖਣਤਾ ਦਾ ਨਗਮਾ ਅਤੇ ਸਮੁੱਚੀ ਸਰੀਰਕ ਬਣਤਰ ਦਾ ਬਿੰਬ। ਇਸ ਵਿਚੋਂ ਹੀ ਪ੍ਰਤੱਖ ਦਿਸਦੀ ਸ਼ਖਸੀਅਤੀ ਇਬਾਰਤ। ਕਦੇ ਕਦੇ ਹਿੱਕ ਦੀ ਇਬਾਰਤ ਹੀ ਤੁਹਾਡੀਆਂ ਸਮੁੱਚੀਆਂ ਪ੍ਰਾਪਤੀਆਂ ਲਈ ਮਾਣ-ਸਨਮਾਨ ਬਣਦੀ। ਹਿੱਕ ਚੌੜੀ ਕਰ ਕੇ ਤੁਰਦਾ ਸ਼ਖਸ, ਸਰਫ ਦਾ ਹਾਸਲ ਜਾਂ ਨਵੀਂ ਪ੍ਰਾਪਤੀ ਦਾ ਹਰਫਨਾਮਾ ਹੀ ਤਾਂ ਹੁੰਦਾ।
ਹਿੱਕ, ਹੱਕ ਦਾ ਹੁਕਮਨਾਮਾ, ਰਾਹਾਂ ਦੀ ਟੋਹ, ਪਰਾਂ ਲਈ ਸੋਹ ਅਤੇ ਕੁਝ ਕਰ ਗੁਜਰਨ ਲਈ ਵਗਦਾ ਰੋਹ ਦਾ ਚੋਅ।
ਹਿੱਕ ਨਾਲ ਹਿੱਕ ਦਾ ਭਿੜਨਾ, ਜੋਰ-ਅਜ਼ਮਾਈ ਵੀ ਅਤੇ ਮੋਹ-ਭਿੱਜੀ ਗਲਵੱਕੜੀ ਵੀ। ਜੋਰ ਕਰਦਿਆਂ ਚੂੰਘੀਆਂ ਬੂਰੀਆਂ, ਕੱਢੇ ਹੋਏ ਡੰਡ-ਬੈਠਕਾਂ ਅਤੇ ਫੇਰੀਆਂ ਹੋਈਆਂ ਮੂੰਗਲੀਆਂ ਨਾਲ ਨਿਖਰੇ ਜੁੱਸਿਆਂ ਦੇ ਸ਼ਾਖਸਾਤ ਦਰਸ਼ਨ। ਨਿੱਘੀ ਗਲਵੱਕੜੀ ਵਿਚ ਦਿਲਾਂ ਦੀ ਧੜਕਣ, ਇਕਸਾਰਤਾ ਦਾ ਰਾਗ ਅਲਾਪਦੀ।
ਚੌੜੀ ਤੇ ਮਜਬੂਤ ਹਿੱਕ ਤੂਫਾਨਾਂ ਨੂੰ ਠੱਲ ਪਾਉਂਦੀ, ਝੱਖੜਾਂ ਦੀ ਮੁਹਾਰ ਮੋੜਦੀ, ਸੁਨਾਮੀਆਂ ਦਾ ਰੁੱਖ ਮੋੜਦੀ ਅਤੇ ਅਮੋੜ ਦਰਿਆ ਵੀ ਆਪਣੀ ਔਕਾਤ ਦਿਖਾਉਣ ਦੀ ਜੁਰਅਤ ਨਾ ਕਰਦੇ।
ਹਿੱਕ ‘ਤੇ ਹਾਰ ਹਮੇਲਾਂ ਮੇਲਦੀਆਂ, ਤਵੀਤੜੀਆਂ ਸੋਂਹਦੀਆਂ ਜਾਂ ਰੋਹਬਦਾਰ ਸ਼ਖਸੀਅਤ ਲਈ ਕੈਂਠਾ ਵਿਰਾਸਤੀ ਬਿੰਬ ਬਣਦਾ। ਇਸ ਵਿਚੋਂ ਬੀਤੇ ਦਾ ਮੋਹ, ਸੋਹਣਾ ਬਣਨ ਦੀ ਚਾਹਨਾ ਅਤੇ ਚੰਗੇਰਾ ਸੱਜਣ ਸੰਵਾਰਨ ਦਾ ਚੱਜ-ਅਚਾਰ ਨਜ਼ਰ ਆਉਂਦਾ। ਇਸ ਵਿਚੋਂ ਹੀ ਪ੍ਰਗਟ ਹੁੰਦੀ ਇਕ ਦੂਜੇ ਸਾਹਵੇਂ ਚੰਗਾ ਲੱਗਣ ਦੀ ਲੋਚਾ ਜਿਸ ਵਿਚੋਂ ਅਦਿੱਖ ਰੂਪ ਵਿਚ ਨਜ਼ਰ ਆਉਂਦੀ ਕਿਸੇ ਨੂੰ ਪਾਉਣ ਦੀ ਲੋਚਾ। ਸੌਗਾਤ-ਰੂਪੀ ਗਹਿਣਿਆਂ ਨਾਲ ਜੁੜੀਆਂ ਹੁੰਦੀਆਂ ਨੇ ਕੋਮਲ ਮਨ ਦੀਆਂ ਸੁੱਚੀਆਂ ਭਾਵਨਾਵਾਂ, ਫਲਦੀਆਂ ਇਛਾਵਾਂ ਅਤੇ ਇਕ ਦੂਜੇ ਦੇ ਸਾਹ ਬਣਨ ਦੀਆਂ ਆਸ਼ਾਵਾਂ।
ਹਿੱਕ ਵਿਚ ਜਦ ਰੋਹ ਦਾ ਉਬਾਲ ਫੁੱਟਦਾ ਤਾਂ ਇਸ ਵਿਚੋਂ ਹੀ ਦੁੱਲਾ ਭੱਟੀ, ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਜਾਂ ਇਕ ਸ਼ਖਸ ਊਧਮ ਸਿੰਘ ਦਾ ਰੂਪ ਧਾਰ ਲੰਡਨ ਵੱਲ ਨੂੰ ਚਾਲੇ ਪਾਉਂਦਾ। ਹਿੱਕ ਵਿਚ ਬਦਲੇ ਦੀ ਭਾਵਨਾ, ਭਾਂਬੜ ਦਾ ਰੂਪ ਧਾਰ, ਕੁਰਬਾਨੀਆਂ ਦਾ ਨਵਾਂ ਇਤਿਹਾਸ ਸਿਰਜ ਜਾਂਦੀ।
ਹਿੱਕ ਵਿਚ ਜਦ ਪਿਆਰ ਠਾਠਾਂ ਮਾਰਦਾ ਤਾਂ ਝਨਾਂ ਦੀ ਹਿੱਕ ਲੋਰੀਆਂ ਸੁਣਾਉਂਦੀਆਂ, ਤੱਤੀ ਰੇਤ ਦੀ ਹਿੱਕੜੀ ਪੈਰਾਂ ‘ਤੇ ਛਾਲਿਆਂ ਦੀ ਮਹਿੰਦੀ ਲਾਉਂਦੀ ਅਤੇ ਆਪਣੀ ਹਿੱਕ ‘ਤੇ ਪਿਆਰ-ਰੱਤੀ ਸਾਹਿਬਾਂ ਨੂੰ ਲਿਟਾ, ਮਿਰਜ਼ਾ ਗੂੜ੍ਹੀ ਨੀਂਦ ਦੇ ਮੌਤ ਰੂਪੀ ਹਿਲੋਰੇ ਲੈਂਦਾ।
ਹਿੱਕ ਜਦ ਤਲਵਾਰ ਦੇ ਫੱਟ ਦੀ ਕਰਮਭੂਮੀ ਬਣਦੀ, ਨੇਜਿਆਂ ਨੂੰ ਜੀਰਦੀ ਜਾਂ ਗੋਲੀਆਂ ਨਾਲ ਛਲਣੀ ਹੋ ਕੇ ਵੀ ਧੜਕਣ ਦਾ ਨਾਮਕਰਨ ਬਣਦੀ ਤਾਂ ਇਸ ਵਿਚੋਂ ਹੀ ਉਗਦਾ, ਮਰ ਕੇ ਵੀ ਜਿਊਣ ਦਾ ਵਿਸਮਾਦ।
ਹਿੱਕ ਜਦ ਹਿੱਕ ਨਾਲ ਲੱਗਦੀ ਤਾਂ ਹਿੱਕੜੀਆਂ ਵਿਚ ਜਵਾਰਭਾਟਾ ਪੈਦਾ ਹੁੰਦਾ ਤੇ ਤੇਜ ਧੜਕਣਾਂ ਸੁਖਦ ਅਹਿਸਾਸ ਜਨਮਦੀਆਂ। ਇਹ ਅਹਿਸਾਸ ਹੀ ਸਾਡੇ ਜੀਵਨ ਨੂੰ ਨਵੀਆਂ ਬੁਲੰਦੀਆਂ ਅਤੇ ਨਵੇਂ ਦਿਸਹੱਦਿਆਂ ਦੀ ਕਰਮਭੂਮੀ ਬਣਾਉਂਦੇ।
ਹਿੱਕ ਜਦ ਹਿੱਕ ਦਾ ਸਿਰਨਾਵਾਂ ਬਣਨ ਦੀ ਲੋਰ ਮਨ ਵਿਚ ਪੈਦਾ ਕਰੇ, ਹਿੱਕ ਨੂੰ ਮਿਲਣ ਦਾ ਹੁੰਗਾਰਾ ਭਰੇ ਅਤੇ ਮਿਲਾਪ ਲਈ ਤੁਫਾਨਾਂ ਦੀ ਹਿੱਕ ਤਰੇ ਤਾਂ ਹਿੱਕ ਦਾ ਨਗਮਾ ਹਰ ਹੋਠ ‘ਤੇ ਤਰੇ ਅਤੇ ਹਰ ਬੋਲ ਇਸ ਦੀ ਅਰਦਾਸ ਬਣੇ।
ਹਿੱਕ ਨਾਲ ਹਿੱਕ ਮਿਲਣ ‘ਤੇ ਜਦ ਤਵੀਤੜੀ ਜਿੰਨੀ ਜਗ੍ਹਾ ਮਿਲਾਪ ਵਿਚ ਰੁਕਾਵਟ ਬਣੇ ਜਾਂ ਹਾਰ-ਹਮੇਲ ਰੜਕਣ ਲੱਗ ਪਵੇ ਤਾਂ ਹਿੱਕ ਦਾ ਸੇਕ ਆਪਣੀ ਮਰਸੀਆ ਖੁਦ ਪੜ੍ਹੇ, ਅਣਿਆਈ ਮੌਤ ਮਰੇ ਅਤੇ ਵੈਣ-ਸਾਗਰ ਤਰੇ।
ਮਾਂ ਦੀ ਹਿੱਕ ਦਾ ਨਿੱਘ ਮਾਣ ਕੇ, ਮਾਂ-ਹਿੱਕ ਨੂੰ ਬੇਦਾਵਾ ਦੇਣ ਵਾਲੇ ਸਭ ਤੋਂ ਵੱਡੇ ਅਕ੍ਰਿਤਘਣ। ਜਦ ਕੋਈ ਮਾਂ, ਮਮਤਾ ਅਤੇ ਮਮਤਾਈ ਲੋਰ ਨੂੰ ਮਨੋਂ ਵਿਸਾਰਦਾ ਤਾਂ ਉਹ ਆਪਣੇ ਸਿਵਿਆਂ ਨੂੰ ਹਾਕ ਮਾਰਦਾ। ਮਾਂ ਦੀਆਂ ਲੋਰੀਆਂ ਨੂੰ ਅਲਾਹੁਣੀਆਂ ਤੇ ਲੇਰਾਂ ਵਿਚ ਤਬਦੀਲ ਕਰਨ ਵਾਲੇ ਬੱਚਿਆਂ ਦੇ ਜਿਉਂਦੇ ਜੀਅ ਹੀ ਮਰ ਜਾਂਦੀਆਂ ਨੇ ਮਾਂਵਾਂ ਅਤੇ ਉਹ ਆਪਣੀਆਂ ਆਖਰੀ ਰਸਮਾਂ ਹਿੱਕ ਵਿਚ ਸਦਾ ਲਈ ਸਮਾ, ਜੀਵਨ ਦੇ ਆਖਰੀ ਰਾਹ ‘ਤੇ ਤੁਰ ਪੈਂਦੀਆਂ ਨੇ।
ਬਾਪ ਦੀ ਹਿੱਕ ਦੇ ਵਾਲਾਂ ਦੀ ਤਾਸੀਰ ਤੇ ਤਕਦੀਰ ਨੂੰ ਅਪਨਾਉਣ ਵਾਲੀ ਔਲਾਦ, ਆਪਣੇ ਪਰਿਵਾਰ ਤੇ ਸਮਾਜ ਦਾ ਸੁੱਚਾ ਸਰੂਪ ਹੁੰਦੇ। ਉਨ੍ਹਾਂ ਨੂੰ ਬਜੁਰਗੀ ਅਸੀਸਾਂ, ਦੁਆਵਾਂ ਤੇ ਅਰਦਾਸਾਂ ਦਾ ਅਜ਼ੀਮ ਖਜ਼ਾਨਾ ਮਿਲਿਆ ਹੁੰਦਾ ਅਤੇ ਉਹ ਇਸ ਦੇ ਵਾਰਸ ਬਣ, ਕੁਲਾਂ ਸੰਵਾਰ ਜਾਂਦੇ।
ਹਿੱਕ ਵਿਚ ਉਗੀਆਂ ਭਾਵਨਾਵਾਂ ਦੀ ਰਾਖ ਜਦ ਨੈਣਾਂ ਵਿਚ ਉਗ ਆਵੇ, ਦੀਦਿਆਂ ਵਿਚ ਧੁੰਧਲਕੇ ਦੇ ਕੁੱਕਰੇ ਪੈ ਜਾਣ ਅਤੇ ਕਦਮਾਂ ਨੂੰ ਜੰਜੀਰਾਂ ਦੀ ਕੈਦ ਹੋ ਜਾਵੇ ਤਾਂ ਸਮਾਂ ਬਦਲਣ ‘ਤੇ ਸਮਾਜ ਨੂੰ ਵੀ ਕੁਕਨੂਸ ਦੇ ਮੇਚ ਦਾ ਹੋਣਾ ਪੈਂਦਾ।
ਆਪਣਿਆਂ ਦੇ ਵਿਯੋਗ ਵਿਚ ਉਠਦੀਆਂ ਲੇਰਾਂ, ਜੁਦਾਈ ਦਾ ਸਦਮਾ ਅਤੇ ਆਪਣਿਆਂ ਦੀ ਬੇਰੁਖੀ ਦਾ ਸੰਤਾਪ ਜਦ ਹਿੱਕ ਦਾ ਰਿਸਦਾ ਜ਼ਖਮ ਬਣ ਜਾਵੇ ਤਾਂ ਹਿੱਕ ਵਿਚ ਹੀ ਅਲਾਮਤਾਂ ਨੂੰ ਸਮਝਣ ਅਤੇ ਇਨ੍ਹਾਂ ਤੋਂ ਨਿਜਾਤ ਪਾਉਣ ਦਾ ਅਜਿਹਾ ਉਦਮ ਪੈਦਾ ਹੁੰਦਾ ਕਿ ਸਮਾਂ ਵੀ ਜਰਾ ਕੁ ਰੁੱਕ ਕੇ ਅਜਿਹੀ ਕ੍ਰਿਸ਼ਮਈ ਸ਼ਖਸੀਅਤ ਦਾ ਬਿੰਬ ਆਪਣੇ ਵਿਚੋਂ ਨਿਹਾਰਦਾ।
ਜਦ ਕੋਈ ਬਜੁਰਗ ਜੁਆਕ ਨੂੰ ਆਪਣੀ ਹਿੱਕ ਨਾਲ ਲਾ ਕੇ ਸਹਿਲਾਉਂਦਾ, ਉਸ ਦੇ ਨੈਣਾਂ ਵਿਚ ਜੀਵਨ-ਜੁਗਤਾਂ ਟਿਕਾਉਂਦਾ, ਨਿੱਕੇ ਜਿਹੇ ਪੈਰਾਂ ਦੇ ਨਾਂਵੇਂ ਲੰਮੇ ਪੈਂਡਿਆਂ ਦਾ ਸਿਰਨਾਵਾਂ ਲਾਉਂਦਾ ਅਤੇ ਉਸ ਦੇ ਸਿਰ ‘ਤੇ ਅਸੀਸਾਂ ਭਰਿਆ ਹੱਥ ਟਿਕਾਉਂਦਾ ਤਾਂ ਮਾਨੋ ਰੱਬੀ ਰਹਿਮਤਾਂ ਦਾ ਕਰਤਾਰੀ ਰੂਪ, ਜੁਆਨ ਤਲੀ ‘ਤੇ ਉਗ ਆਉਂਦਾ।
ਹਿੱਕ ‘ਤੇ ਸ਼ਹਾਦਤਾਂ ਦੀ ਵਰਣਮਾਲਾ ਉਕਰਨ ਲਈ ਹਿੱਕ ਚੀਰੀ ਜਾਂਦੀ, ਹਿੱਕ ‘ਤੇ ਸਿਵੇ ਬਾਲੇ ਜਾਂਦੇ ਅਤੇ ਹਿੱਕ ‘ਚੋਂ ਦਰਦ-ਦਰਿਆ ਵਹਾਉਣ ਦੀ ਪੂਰੀ ਵਾਹ ਲਾਈ ਜਾਂਦੀ। ਪਰ ਮੌਤ-ਪ੍ਰਵਾਨਿਆਂ ਲਈ ਇਹ ਸਭ ਕੁਝ ਅਰਥਹੀਣ ਹੁੰਦਾ ਅਤੇ ਉਹ ਆਰਿਆਂ ਦੀ ਛਾਂਵੇਂ ਮੁਸਕਰਾਉਂਦੇ।
ਜਦ ਕੋਈ ਜਾਲਮ-ਜਰਵਾਣਾ ਹਿੱਕ ‘ਤੇ ਬਹਿ, ਮਾਸੂਮ ਸਾਹਾਂ ਦੀ ਸੰਘੀ ਨੱਪਦਾ, ਹਿੱਕ ਵਿਚ ਪਨਪਦੇ ਖਿਆਲਾਂ ਨੂੰ ਦਬਾਉਂਦਾ ਜਾਂ ਖਿੱਲੀ ਉਡਾਉਣ ਦਾ ਭਰਮ ਪਾਲਦਾ ਤਾਂ ਹਿੱਕ ਵਿਚੋਂ ਉਗੀ ਲਾਟ, ਜਾਲਮਾਨਾ ਹਨੇਰੀਆਂ ਦਾ ਵਹਿਮ ਬਹੁਤ ਜਲਦੀ ਤੋੜ ਦਿੰਦੀ।
ਛਪੰਜਾ ਇੰਚੀ ਹਿੱਕ ਦੀ ਟਾਹਰ ਜਦ ਵਕਤ ਆਉਣ ‘ਤੇ ਸੁੰਗੜ ਕੇ, ਆਪਣੀ ਹੋਂਦ ਤੇ ਔਕਾਤ ਨੂੰ ਮਿਟਾਉਣ ਦੇ ਰਾਹ ਤੁਰ ਪਵੇ ਤਾਂ ਕੀਹਨੇ ਇਤਬਾਰ ਕਰਨਾ ਏ ਚੌੜੀਆਂ ਛਾਤੀਆਂ ‘ਤੇ। ਜਦ ਕਿਸੇ ਕੌਮ ਵਿਚੋਂ ਚੌੜੀਆਂ ਛਾਤੀਆਂ ਅਲੋਪ ਹੋ ਜਾਣ, ਹਿੱਕ ਨਮੋਸ਼ੀ ਬਣ ਜਾਵੇ ਜਾਂ ਦਰਿਆਵਾਂ ਦੀ ਹਿੱਕ ਨੂੰ ਗੰਧਲੇਪਣ ਅਤੇ ਨਿਤਾਣੇਪਣ ਦੀ ਹੋਂਦ ਹੰਢਾਉਣੀ ਪਵੇ ਤਾਂ ਤਹਿਰੀਕ ਸ਼ਰਮਸ਼ਾਰ ਹੋ ਜਾਂਦੀ। ਤਹਿਜ਼ੀਬ ਨੂੰ ਹਮੇਸ਼ਾ ਨਵੀਆਂ ਬੁਲੰਦੀਆਂ ਅਤੇ ਨਵੇਂ ਕੀਰਤੀਮਾਨਾਂ ਦੀ ਲੋੜ ਹੁੰਦੀ ਏ। ਦਰਦ ਇਸ ਗੱਲ ਦਾ ਏ ਕਿ ਰੋਣ ਹਾਕੀ ਤਹਿਜ਼ੀਬ ਹੋਂਦ ਦੀ ਮਾਯੂਸੀ ਬਣ ਗਈ ਏ।
ਜਦ ਕਿਸੇ ਧਰਤ ਦੀ ਹਿੱਕ ਵਿਚ ਜ਼ਹਿਰ ਬੀਜੇ ਜਾਣ, ਖੁਦਕੁਸ਼ੀਆਂ ਉਗਣ ਲੱਗ ਪੈਣ, ਮਰਦਾਨਗੀ ਵਿਹੂਣੇ ਨੌਜਵਾਨ ਨਾਮਰਦ ਹੋ ਜਾਣ, ਲੁੱਡਣ ਮਲਾਹ ਬੇੜੀਆਂ ਸਣੇ ਬਰੇਤਿਆਂ ਵਿਚ ਗਰਕ ਜਾਣ ਅਤੇ ਕੰਢਿਆਂ ‘ਤੇ ਕਬਰਾਂ ਉਸਰ ਜਾਣ ਤਾਂ ਮਰਨ ਹਾਕੀ ਧਰਤ ਦਾ ਮਰਸੀਆ ਕੌਣ ਪੜ੍ਹੇ ਅਤੇ ਇਸ ਦੇ ਨੈਣਾਂ ਵਿਚ ਸੁਰਖ-ਸੂਰਜ ਕੌਣ ਧਰੇ?
ਜਦ ਹਿੱਕ ਨੂੰ ਹਉਕਾ, ਹੇਠੀ, ਹੱਠ ਧਰਮੀ ਤੇ ਹੰਝੂ ਦਾ ਪਾਠ ਪੜ੍ਹਨਾ ਪੈ ਜਾਵੇ ਤਾਂ ਇਸ ‘ਤੇ ਖੇੜਿਆਂ ਦੀ ਕਿਹੜੀ ਫਸਲ ਲਹਿਰਾਏਗੀ ਅਤੇ ਕੌਣ ਇਸ ਦੀਆਂ ਆਸਾਂ ਦਾ ਬੂਰ ਬਣੇਗਾ?
ਜਦ ਹਿੱਕ ਵਿਚੋਂ ਹਉਮੈ ਰਿੱਸਦੀ, ਹੰਕਾਰ ਦੀ ਨੈਂ ਫੁੱਟਦੀ ਜਾਂ ਖੌਫ ਦਾ ਹਊਆ ਪਨਪਦਾ ਤਾਂ ਅਜਿਹੀ ਹਿੱਕ ਬਿਗਾਨੇ ਦੁੱਖਾਂ-ਦਰਦਾਂ ‘ਚੋਂ ਸੁਖਨ ਲੋਚਦੀ, ਆਪਣੀ ਸੀੜੀ ਤਿਆਰ ਕਰਦੀ, ਖੁਦ ਦੀ ਕਬਰ ਪੁੱਟਣ ਦੇ ਆਹਰ ਵਿਚ ਗਲਤਾਨ ਹੁੰਦੀ ਏ। ਸਮਿਆਂ ਦਾ ਇਤਿਹਾਸ, ਚਸ਼ਮਦੀਦ ਗਵਾਹ।
ਜਦ ਬਜੁਰਗ ਮਾਪਿਆਂ ਦੀ ਹਿੱਕ ਵਿਚ ਜਵਾਨ ਰੁੱਤੇ ਤੁਰ ਗਏ ਪੁੱਤ ਦਾ ਗ਼ਮ, ਦਾਜ ਖੁਣੋਂ ਵਿਆਹ ਦੀ ਉਮਰ ਵਿਹਾਜ ਚੁੱਕੀ ਧੀ ਦਾ ਫਿਕਰ, ਕਰਜ਼ਿਆਂ ਵਿਚ ਡੁੱਬੀ ਜ਼ਿੰਦ ਅਤੇ ਤਨ ਤੇ ਪਾਈਆਂ ਲੀਰਾਂ ਦੀ ਚਿੰਤਾ, ਘੁੱਣ ਬਣ ਜਾਵੇ ਤਾਂ ਹਿੱਕ ਧੁਖਣ ਲੱਗ ਪੈਂਦੀ ਅਤੇ ਇਸ ਵਿਚ ਰਾਖ ਹੋ ਜਾਂਦਾ ਜਮਾਨੇ ਦਾ ਸਿੱਤਮ। ਨਵੇਂ ਸੂਰਜ ਦੀ ਦਸਤਕ, ਹਨੇਰੀਆਂ ਰਾਤਾਂ ਨੂੰ ਰੁਸ਼ਨਾਉਣ ਦਾ ਸਬੱਬ ਬਣਦੀ।
ਜਦ ਹਿੱਕ ਵਿਚ ਸੁਪਨੇ ਸਜਾਉਣ ਦੀ ਰੁੱਤ ਵਿਧਵਾ ਹੋ ਜਾਵੇ, ਸੁਪਨਿਆਂ ਦੀ ਧਰਤ ਕਰੰਡੀ ਜਾਵੇ ਜਾਂ ਕੋਫਾਂ ਨੂੰ ਕਹਿਰ ਦਾ ਕੋਹਰਾ ਮਾਰ ਦੇਵੇ ਤਾਂ ਹਿੱਕ ਵਿਚ ਪੈਦਾ ਹੋਈ ਹਲਚਲ, ਅਣਹੋਣੀ ਨੂੰ ਹੋਣੀ ਵਿਚ ਬਦਲ ਕੇ ਤਹਿਰੀਕ ਨੂੰ ਨਵਾਂ ਮੁਹਾਂਦਰਾ ਪ੍ਰਦਾਨ ਕਰਦੀ।
ਹਿੱਕ ਦਾ ਵਾਲ ਬਣੇ ਸੱਜਣਾਂ ਤੋਂ ਸਾਹਾਂ ਦੀ ਸਲਤਨਤ, ਦੌਲਤਾਂ ਦੇ ਅੰਬਾਰ ਤੇ ਸਹੂਲਤਾਂ ਦੇ ਸੰਸਾਰ ਵਾਰਨਾ, ਜਿਊਣ-ਸਰਗਮ ਬਣਦਾ ਜਿਸ ਦੀ ਸੁਗਮਤਾ ‘ਚੋਂ ਜੀਵਨ-ਰਸ ਚੋ-ਚੋ ਪੈਂਦਾ।
ਜਦ ਜਵਾਨ ਹਿੱਕ ਵਿਚ ਸੂਹੇ ਪਲਾਂ ਦੀ ਤਸ਼ਬੀਹ ਲਰਜਣ ਲੱਗ ਪਵੇ, ਸੁਪਨਾ ਤੇ ਸੱਚ ਸਾਹਮਣੇ ਨਜ਼ਰ ਆਉਣ ਲੱਗ ਪਵੇ ਤਾਂ ਜ਼ਿੰਦਗੀ ਦੀ ਮਾਰਗ-ਦਰਸ਼ਨਾਂ ਲਈ, ਦੋ ਜਿਸਮ ਇਕ ਜਾਨ ਦਾ ਸਾਥ ਸਦੀਵੀ ਸਾਥ ਬਣ ਜਾਂਦਾ।
ਹਿੱਕ ਸੁਹੰਢਣੀ, ਹਿੱਕ ਸੰਜੋਗੀ। ਹਿੱਕ ਸੁਹੱਪਣ, ਹਿੱਕ ਅਰੋਗੀ। ਹਿੱਕ ‘ਚੋਂ ਉਗੇ ਸਮਿਆਂ ਦਾ ਰਾਗ, ਹਿੱਕ ਹੀ ਬਣਦੀ ਕਿਸਮਤ-ਭਾਗ। ਹਿੱਕ ਬਣਾਉਂਦੀ ਨਵੀਆਂ ਰਾਹਾਂ, ਹਿੱਕ-ਜੋਰ ਲਈ ਨਵੀਆਂ ਦਿਸ਼ਾਵਾਂ। ਹਿੱਕ ‘ਚੋਂ ਉਗਦਾ ਜੋਸ਼ ਤੇ ਹੋਸ਼, ਹਿੱਕ ਹੀ ਬਣਦੀ ਮਾਂ-ਆਗੋਸ਼। ਹਿੱਕ ਹੀ ਹਿੱਕ ਦਾ ਹਾਸਲ ਹੋਵੇ, ਹਿੱਕ ਹੀ ਹਿੱਕ ਲਈ ਚਾਨਣ ਚੋਵੇ। ਹਿੱਕ ਹੀ ਬਣਦੀ ਨਿੱਘ ਤੇ ਲੋਰ, ਹਿੱਕ ਸਰੂਰ ਤੇ ਹਿੱਕ ਮਨ-ਮੋਰ। ਹਿੱਕ ਨੂੰ ਹਿੱਕ ਦਾ ਹੱਕ ਦੁਆਵੇ, ਹਿੱਕ ਹੀ ਹਿੱਕ ਲਈ ਹਾਅ ਬਣ ਜਾਵੇ। ਹਿੱਕ ਜਦ ਹਿੱਕ ਸਹਿਲਾਵੇ, ਤਾਂ ਹਿੱਕ ਰੂਹ-ਨਗਮੇ ਗਾਵੇ। ਹਿੱਕ ਨੂੰ ਹਿੱਕ ਦੇ ਨਾਲ ਲਗਾਵੋ, ਤੇ ਹਿੱਕ-ਝੋਲੀ ਸੁੱਚੀਆਂ ਸੱਧਰਾਂ ਪਾਓ।
ਹਿੱਕ ਦੇ ਜੋਰ ਗਾਉਣ ਵਾਲੇ ਆਪਣੀ ਆਵਾਜ਼ ਦੇ ਦਮ ‘ਤੇ ਬੁਲੰਦੀ ਦੀ ਵਿਲੱਖਣਤਾ ਹੁੰਦੇ। ਹਿੱਕ ‘ਤੇ ਸਲੀਬਾਂ, ਸਲਾਖਾਂ ਅਤੇ ਸੂਲਾਂ ਨੂੰ ਜਰਨ ਵਾਲਿਆਂ ਨੂੰ ਇਤਿਹਾਸ ਨਤ ਮਸਤਕ ਹੁੰਦਾ। ਹਿੱਕ, ਹਾਅ ਦਾ ਨਾਹਰਾ ਵੀ ਬਣਦੀ, ਨਿਤਾਣੇ ਲਈ ਸਹਾਰਾ ਵੀ ਬਣਦੀ, ਅਬਲਾ ਦੇ ਸਿਰ ਦੀ ਛੱਤ, ਬੱਚੇ ਲਈ ਅਸ਼ੀਰਵਾਦੀ ਹੱਥ ਅਤੇ ਲੋੜਵੰਦ ਲਈ ਬਖਸ਼ਿਸ਼ਾਂ ਵਾਲਾ ਰੱਬ ਵੀ ਹੁੰਦੀ।
ਹਿੱਕ ‘ਚ ਚੀਰ ਪਵਾਉਣ ਵਾਲੇ ਆਰਿਆਂ ਦੇ ਦੰਦਿਆਂ ਦੇ ਮੂੰਹ ਮੋੜਦੇ। ਆਪਣਿਆਂ ਦੇ ਬੋਲ ਜਦ ਹਿੱਕ ਚੀਰ ਜਾਂਦੇ ਤਾਂ ਹਿੱਕ ਵਿਚੋਂ ਉਠੀ ਕਾਂਗ, ਮਹਿਲਾਂ ਨੂੰ ਤਹਿਸ-ਨਹਿਸ ਕਰਦੀ, ਕੁੱਲੀਆਂ ਦਾ ਸੰਗਮਰਮਰੀ ਥਮਲਾ ਬਣਦੀ।
ਹਿੱਕ ਨੂੰ ਸੁਪਨਿਆਂ ਦੀ ਸਰਜਮੀਂ ਬਣਾਓ ਅਤੇ ਇਸ ਵਿਚ ਸੁੱਚੀ ਸੋਚ ਦੀਆਂ ਕਲਮਾਂ ਲਾਓ ਤਾਂ ਇਸ ਦੀਆਂ ਟਾਹਣੀਆਂ ‘ਤੇ ਕੋਮਲ ਭਾਵਨਾਵਾਂ ਤੇ ਚਾਵਾਂ ਦੀਆਂ ਲਗਰਾਂ, ਜੀਵਨ-ਵਿਹੜੇ ‘ਚ ਬਹਾਰ ਦਾ ਨਿਉਂਦਾ ਬਣ, ਜੀਵਨੀ ਰੰਗਾਂ ਤੇ ਮਹਿਕਾਂ ਦਾ ਸੰਧਾਰਾ ਬਣਨਗੀਆਂ।
ਆਮੀਨ!