ਇਸਤਰੀ ਦੀ ਆਜ਼ਾਦੀ ਤੇ ਚਿਤਰਕਾਰ ਦੀ ਤੂਲਿਕਾ

ਦਿੱਲੀ ਵੱਸਦੇ ਲਿਖਾਰੀ ਗੁਰਬਚਨ ਸਿੰਘ ਭੁੱਲਰ ਨੇ ਸਾਧਾਰਨ ਕਿਸਾਨ ਪਰਿਵਾਰ ਵਿਚ ਪੈਦਾ ਹੋਏ ਚਿਤਰਕਾਰ ਦਰਸ਼ਨ ਸਿੰਘ ਵੱਲੋਂ ਇਸਤਰੀ ਦੀ ਆਜ਼ਾਦੀ ਬਾਰੇ ਬਣਾਏ ਚਿਤਰ ਨੂੰ ਆਪਣੇ ਇਸ ਲੇਖ ‘ਇਸਤਰੀ ਦੀ ਆਜ਼ਾਦੀ ਤੇ ਚਿਤਰਕਾਰ ਦੀ ਤੂਲਿਕਾ’ ਦਾ ਵਿਸ਼ਾ ਬਣਾਇਆ ਹੈ। ਸਿੱਟੇ ਵਜੋਂ ਬਹੁਤ ਸਾਧਾਰਨ ਦਿਸਦੇ ਚਿਤਰ ਦੀਆਂ ਪਰਤਾਂ ਇਕ-ਇਕ ਕਰ ਕੇ ਉਵੇਂ ਹੀ ਖੁੱਲ੍ਹਣ ਲਗਦੀਆਂ ਹਨ, ਜਿਵੇਂ ਲਿਖਾਰੀ ਆਪਣੀਆਂ ਹੋਰ ਰਚਨਾਵਾਂ ਵਿਚ ਅਕਸਰ ਖੋਲ੍ਹਦਾ ਹੈ। ਜਿੰਨੇ ਸਹਿਜ ਨਾਲ ਚਿਤਰਕਾਰ ਨੇ ਆਪਣੀ ਗੱਲ ਆਪਣੇ ਚਿਤਰ ਵਿਚ ਉਤਾਰੀ ਹੈ,

ਉਨੇ ਹੀ ਸਹਿਜ ਨਾਲ ਲੇਖਕ ਨੇ ਚਿਤਰ ਬਾਬਤ ਆਪਣੇ ਵਿਚਾਰ ਸਾਂਝੇ ਕਰ ਲਏ ਹਨ। ਬੁਰਸ਼ ਅਤੇ ਕਲਮ ਦੀ ਇਹ ਜੁਗਲਬੰਦੀ ਪੂਰੇ ਨਖਰੇ ਨਾਲ ਨਿੱਖਰ ਕੇ ਸਾਹਮਣੇ ਆਈ ਹੈ। -ਸੰਪਾਦਕ

ਗੁਰਬਚਨ ਸਿੰਘ ਭੁੱਲਰ
ਫੋਨ: 011-42502364

ਜ਼ਿਲਾ ਸੰਗਰੂਰ ਦੇ ਪਿੰਡ ਟਿੱਬਾ ਦੇ ਸਾਧਾਰਨ ਕਿਸਾਨ ਪਰਿਵਾਰ ਵਿਚ ਪੈਦਾ ਹੋਏ ਦਰਸ਼ਨ ਨੂੰ ਕਲਾ ਕੁਦਰਤੀ ਦਾਤ ਵਜੋਂ ਮਿਲੀ। ਬਚਪਨ ਵਿਚ ਹੀ ਉਹ ਗਿੱਲੀ ਮਿੱਟੀ ਦੇ ਬਲ੍ਹਦ-ਬੋਤੇ ਬਣਾਉਣ ਲੱਗ ਪਿਆ ਸੀ। ਟਿੱਬਿਆਂ ਦੇ ਕੱਕੇ ਰੇਤੇ ਉਤੇ ਉਂਗਲਾਂ ਨਾਲ ਮੂਰਤਾਂ ਵਾਹੁਣ ਦਾ ਉਹਦਾ ਸ਼ੌਕ ਜਦੋਂ ਸਕੂਲ ਦੀਆਂ ਕਾਪੀਆਂ ਦੇ ਪੰਨਿਆਂ ਉਤੇ ਪੈਨਸਿਲ ਰਾਹੀਂ ਉਤਰਨ ਲਗਿਆ ਤਾਂ ਡਰਾਇੰਗ ਮਾਸਟਰ ਮਹਿੰਦਰ ਸਿੰਘ ਦੀ ਪਾਰਖੂ ਅੱਖ ਨੇ ਉਹਦੀ ਭਵਿੱਖੀ ਪ੍ਰਤਿਭਾ ਨੂੰ ਪਛਾਣ ਲਿਆ। ਉਹਦੀ ਹੱਲਾਸ਼ੇਰੀ ਨਾਲ ਕਲਾ ਦੇ ਰਾਹ ਤੁਰਿਆ ਦਰਸ਼ਨ ਆਖ਼ਰ ਨਾਭੇ ਤੋਂ ਆਰਟ ਐਂਡ ਕਰਾਫਟ ਟੀਚਰ ਵਜੋਂ ਟਰੇਨਿੰਗ ਲੈ ਕੇ ਚਿਤਰਕਲਾ ਤੇ ਮੂਰਤੀਕਾਰੀ ਦਾ ਸਾਧਕ ਬਣ ਗਿਆ। ਇਹਦੇ ਨਾਲ ਹੀ ਉਹ ਸਾਹਿਤ ਦਾ ਰਸੀਆ ਪਾਠਕ ਤਾਂ ਹੈ ਹੀ, ਕਦੀ ਕਦੀ ਸਾਹਿਤ ਰਚਣ ਵਾਸਤੇ ਕਲਮਕਾਰ ਦਾ ਰੂਪ ਵੀ ਧਾਰ ਲੈਂਦਾ ਹੈ। ਆਯੂ ਦੇ ਸੱਤਵੇਂ ਦਹਾਕੇ ਵਿਚ ਦਾਖ਼ਲ ਹੋ ਚੁੱਕਿਆ ਦਰਸ਼ਨ ਸਿੰਘ ਹੁਣ ਬਰਨਾਲੇ ਦਾ ਵਾਸੀ ਹੈ। ਉਹਨੇ ਸਾਧਾਰਨ ਮਨੁੱਖ ਦੇ, ਖਾਸ ਕਰ ਕੇ ਇਸਤਰੀ ਦੇ ਮੁਸ਼ੱਕਤੀ ਜੀਵਨ ਨੂੰ ਆਪਣੀਆਂ ਬਹੁਤੀਆਂ ਕਿਰਤਾਂ ਦਾ ਵਿਸ਼ਾ ਬਣਾਇਆ ਹੈ। ਇਸ ਪਿੱਛੇ ਭਾਵਨਾ ਤੇ ਪ੍ਰੇਰਨਾ ਬਚਪਨ ਤੋਂ ਥੁੜਾਂ ਤੇ ਤੰਗੀਆਂ-ਤੁਰਸ਼ੀਆਂ ਨਾਲ ਘੁਲਦਿਆਂ ਉਸ ਸਮਾਜਕ ਆਲ਼ੇ-ਦੁਆਲ਼ੇ ਵਿਚ ਅੱਗੇ ਵਧਿਆ ਉਹਦਾ ਆਪਣਾ ਜੀਵਨ ਹੈ ਜਿਸ ਵਿਚ ਪੁਰਸ਼ ਦੇ ਮੁਕਾਬਲੇ ਇਸਤਰੀ ਬਹੁਤ ਵੱਧ ਕੁਝ ਸਹਿੰਦੀ-ਭੋਗਦੀ ਹੈ। ਉਹ ਸੱਚੀ ਤੇ ਖਰੀ ਕਲਾ ਉਸੇ ਨੂੰ ਮੰਨਦਾ ਹੈ ਜੋ ਸਾਧਾਰਨ ਮਨੁੱਖ ਦੇ ਜੀਵਨ ਦਾ ਅਕਸ ਹੋਵੇ ਅਤੇ ਨਰੋਈਆਂ ਮਨੁੱਖੀ ਤੇ ਸਮਾਜਕ ਕਦਰਾਂ-ਕੀਮਤਾਂ ਦੀ ਪ੍ਰੇਰਕ ਬਣੇ।
ਮਨੁੱਖ ਜਾਤੀ ਨੂੰ ਹਨੇਰੇ ਤੋਂ ਚਾਨਣ ਤੱਕ ਪੁੱਜਣ ਲਈ ਬੜਾ ਲੰਮਾ ਪੰਧ ਤੈਅ ਕਰਨਾ ਪਿਆ ਹੈ। ਆਪਣੇ ਆਰੰਭਕ ਕਾਲ ਵਿਚ, ਕੀ ਪੁਰਸ਼ ਤੇ ਕੀ ਇਸਤਰੀ, ਸਮੁੱਚੀ ਮਾਨਵ ਜਾਤੀ ਹੀ ਕੁਦਰਤੀ ਸ਼ਕਤੀਆਂ ਸਾਹਮਣੇ ਬੇਵਸੀ ਤੇ ਅਧੀਨਗੀ ਦਾ ਜੰਗਲੀ ਜੀਵਨ ਬਤੀਤ ਕਰਦੀ ਸੀ। ਕੁਝ ਸੋਝੀ ਆਉਣ ਨਾਲ ਜਦੋਂ ਮਨੁੱਖ ਹੌਲ਼ੀ ਹੌਲ਼ੀ ਕੁਝ ਪੱਖਾਂ ਤੋਂ ਕੁਦਰਤ ਉਤੇ ਭਾਰੂ ਹੋਣ ਲੱਗ ਪਿਆ, ਪੁਰਸ਼ ਨੇ ਆਪਣੇ ਬਾਹੂਬਲ ਅਤੇ ਇਸਤਰੀ ਦੇ ਮਾਂ-ਰੂਪੀ ਫ਼ਰਜ਼ਾਂ ਤੇ ਰੁਝੇਵਿਆਂ ਦਾ ਲਾਹਾ ਲੈ ਕੇ ਉਹਨੂੰ ਅਧੀਨਗੀ ਵੱਲ ਧੱਕਣਾ ਸ਼ੁਰੂ ਕਰ ਦਿੱਤਾ। ਇਸ ਕਰ ਕੇ ਜਿਥੇ ਪੁਰਸ਼ ਨੂੰ ਕੇਵਲ ਕੁਦਰਤ ਨਾਲ ਹੀ ਲੜਨਾ ਪਿਆ, ਇਸਤਰੀ ਨੂੰ ਇਸ ਲੜਾਈ ਦੇ ਸਮਾਨੰਤਰ ਪੁਰਸ਼ ਤੋਂ ਆਪਣੇ ਅਧਿਕਾਰ ਖੋਹਣ ਦੀ ਲੰਮੀ ਲੜਾਈ ਵੀ ਲੜਨੀ ਪਈ ਜੋ ਅੱਜ ਤੱਕ ਵੀ ਅਧੂਰੀ ਹੋਣ ਕਰ ਕੇ ਜਾਰੀ ਹੈ। ਆਪਣੇ ਸਥਾਨ ਅਤੇ ਅਧਿਕਾਰ ਦੀ ਲੜਾਈ ਦੇ ਲੰਮੇ ਇਤਿਹਾਸ ਵਿਚ ਇਸਤਰੀ ਨੇ ਅਨੇਕ ਮੋਰਚੇ ਫ਼ਤਿਹ ਕੀਤੇ ਹਨ। ਪੁਰਸ਼ ਨਾਲ ਪੂਰੀ ਸਮਾਜਕ-ਆਰਥਕ ਬਰਾਬਰੀ ਭਾਵੇਂ ਅਜੇ ਵੀ ਦੂਰ ਦਾ ਸੁਫ਼ਨਾ ਲਗਦੀ ਹੈ, ਤਾਂ ਵੀ ਇਸਤਰੀ ਦੀ ਸਫਲਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦਰਸ਼ਨ ਸਿੰਘ ਟਿੱਬਾ ਦਾ ਇਥੇ ਪੇਸ਼ ਸੱਜਰਾ, 2015 ਦਾ ਸਿਰਜਿਆ ਚਿੱਤਰ ਇਸੇ ਸਫਲਤਾ ਦੀ ਹੀ ਬਾਤ ਪਾਉਂਦਾ ਹੈ। ਉਹਨੇ ਡੂੰਘੇ ਹਨੇਰੇ ਅਤੀਤ ਤੋਂ ਜਾਗਰਿਤ ਵਰਤਮਾਨ ਤੱਕ ਦੀ ਇਸ ਸੰਗਰਾਮੀ ਯਾਤਰਾ ਦੇ ਸੱਤ ਪੜਾਅ ਦਿਖਾਏ ਹਨ ਅਤੇ ਹਰ ਪੜਾਅ ਨੂੰ ਇਸਤਰੀ ਦੀ ਉਸ ਸਮੇਂ ਦੀ ਹਾਲਤ ਰਾਹੀਂ ਪੇਸ਼ ਕੀਤਾ ਹੈ।
ਸੁਭਾਵਿਕ ਸੀ ਕਿ ਪਹਿਲੇ ਪੜਾਅ ਨੂੰ ਵਿਸਤਾਰ ਵਿਚ ਚਿਤਰਿਆ ਜਾਂਦਾ। ਇਥੇ ਨਿੰਮੋਝੂਣ ਇਸਤਰੀ ਗੋਡਿਆਂ ਵਿਚ ਸਿਰ ਦੇ ਕੇ ਸੁੰਗੜੀ ਬੈਠੀ ਹੈ। ਦਰਸ਼ਕ ਵੱਲ, ਖੁੱਲ੍ਹੀ-ਡੁੱਲ੍ਹੀ ਉਤਸਾਹੀ ਜ਼ਿੰਦਗੀ ਵੱਲ ਉਹਦੀ ਪਿੱਠ ਹੈ। ਸਾਹਮਣੇ ਨਿਪੱਤਰਾ ਬਿਰਛ ਹੈ ਜੋ ਇਸਤਰੀ ਦੀ ਖ਼ੁਸ਼ੀਉਂ ਵਿਰਵੀ ਨਿਹਫਲ ਜ਼ਿੰਦਗੀ ਨੂੰ ਪੇਸ਼ ਕਰਦਾ ਹੈ। ਬਿਰਛ ਦੇ ਪੋਰੇ ਦੇ ਅੱਧ ਵਿਚ, ਪਹਿਲਾਂ ਕਦੀ ਡਾਹਣੀ ਦੇ ਟੁੱਟਣ ਨਾਲ ਬਣੀ ਹੋਈ, ਅੰਨ੍ਹੀ ਅੱਖ ਹੈ ਜੋ ਸਮਾਜ ਦੀ ਦ੍ਰਿਸ਼ਟੀਹੀਣਤਾ ਦੀ ਲਖਾਇਕ ਹੈ। ਖੱਬੇ ਹੱਥ ਬਿਰਛ ਦੀ ਟੁੱਟੀ ਹੋਈ ਨਿਪੱਤਰੀ ਡਾਹਣੀ ਪਈ ਹੈ ਜੋ ਮਾਹੌਲ ਦੀ ਨੀਰਸਤਾ ਤੇ ਬੰਜਰਤਾ ਵਿਚ ਵਾਧਾ ਕਰਦੀ ਹੈ। ਕੋਲ ਮਰਦਾਵੇਂ ਜੁੱਤੇ ਦੇ ਦੋਵੇਂ ਪੈਰ ਅੱਗੜ-ਪਿੱਛੜ ਪਏ ਹਨ। ਜੁੱਤਾ ਸ਼ੁਰੂ ਤੋਂ ਹੀ ਪੁਰਸ਼ ਦੀ ਨਜ਼ਰ ਵਿਚ ਬਣੀ ਹੋਈ ਪੈਰ ਦੀ ਜੁੱਤੀ ਵਾਲ਼ੀ ਇਸਤਰੀ ਦੀ ਹੈਸੀਅਤ ਦਾ ਪ੍ਰਤੀਕ ਹੈ ਤੇ ਜਦੋਂ ਵੀ ਪੁਰਸ਼ ਦੇ ਮਨ ਦੀ ਮੌਜ ਹੋਵੇ, ਉਹਨੂੰ ਦੁਸ਼ਾਂਦਾ ਦੇਣ ਲਈ ਸੌਖਾ ਸ਼ਸਤਰ ਵੀ ਬਣਦਾ ਰਿਹਾ ਹੈ। ਜੁੱਤੇ ਦੇ ਦੋਵਾਂ ਪੈਰਾਂ ਵਿਚਕਾਰ ਪੁਲਾਂਘ ਜਿੰਨੀ ਵਿੱਥ ਹੈ। ਉਨ੍ਹਾਂ ਦਾ ਰੁਖ਼ ਇਸਤਰੀ-ਯਾਤਰਾ ਦੇ ਸਮਾਨੰਤਰ ਹੈ। ਇਉਂ ਲਗਦਾ ਹੈ ਜਿਵੇਂ ਉਹ ਪੁਰਸ਼ ਦੇ ਅਦਿਸ ਪੈਰਾਂ ਨੇ ਪਾਏ ਹੋਏ ਹੋਣ ਜਿਸ ਨੇ ਇਸਤਰੀ ਦੇ ਨਾਲ ਨਾਲ ਚੱਲਣ ਦੀ ਧਾਰੀ ਹੋਈ ਹੋਵੇ, ਪਰ ਸੰਘਰਸ਼ੀ ਇਸਤਰੀ ਅੱਗੇ ਨਿਕਲ ਜਾਂਦੀ ਹੈ, ਜੁੱਤੇ ਮਾਤ ਖਾ ਕੇ ਥਾਂ ਦੀ ਥਾਂ ਰਹਿ ਜਾਂਦੇ ਹਨ। ਉਹਦੇ ਪੈਰੀਂ, ਗ਼ੁਲਾਮੀ ਦਾ ਚਿੰਨ੍ਹ, ਮੋਟਾ-ਲੰਮਾ ਸੰਗਲ ਹੈ। ਉਹ ਵੀ ਉਹਦਾ ਸਾਥ ਛੱਡਣ ਵਾਲ਼ਾ ਨਹੀਂ ਲਗਦਾ। ਉਹ ਵੀ ਉਸੇ ਸੇਧ ਵਿਚ ਦੂਰ ਤੱਕ ਵਧਿਆ-ਵਿਛਿਆ ਹੋਇਆ ਹੈ, ਪਰ ਆਖ਼ਰ ਇਸਤਰੀ ਦੀ ਛੁਹਲ਼ੀ ਤੋਰ ਤੋਂ ਪਛੜ ਕੇ ਉਸ ਨਾਲੋਂ ਵਿੱਥ ਪਾਉਂਦਾ ਤੇ ਦੂਰ ਹੁੰਦਾ ਔਝੜ ਵਿਚ ਮੁੱਕ ਜਾਂਦਾ ਹੈ।
ਬਿਰਛ ਹੇਠ ਕੁੰਡਲੀਆ ਸੱਪ ਇਸਤਰੀ ਵੱਲ ਫਨ ਚੁੱਕ ਕੇ ਫੁੰਕਾਰੇ ਮਾਰ ਰਿਹਾ ਹੈ। ਫੁੰਕਾਰਦੇ ਫਨ ਵਾਲ਼ਾ ਸੱਪ ਗੁੱਟ ਤੋਂ ਕੁਝ ਉਤਾਂਹ ਤੱਕ ਦਿਸਦੇ ਡਾਂਗ ਵਾਲੇ ਖੱਬੇ ਹੱਥ ਦੇ ਰੂਪ ਵਿਚ ਹਾਜ਼ਰ ਅਦਿਸਦੇ ਪੁਰਸ਼ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ; ਸਗੋਂ ਸੱਪ ਤੇ ਪੁਰਸ਼ ਇਸਤਰੀ ਵੱਲ ਰਵੱਈਏ ਦੇ ਪੱਖੋਂ ਇਕ ਦੂਜੇ ਦੇ ਪੂਰਕ ਤੇ ਅਰਥਾਵੇ ਹਨ। ਚਿਤਰਕਾਰ ਦਾ ਪੁਰਸ਼ ਦੀ ਇਸ ਤੋਂ ਵਧੀਕ ਕਾਇਆ ਨੂੰ ਚਿਤਰਨ ਦੇ ਮੋਹ ਵਿਚ ਨਾ ਪੈਣਾ ਡੂੰਘੀ ਰਮਜ਼ ਦਿੰਦਾ ਹੈ। ਚਿਤਰ ਦੇ ਚੌਖਟੇ ਤੋਂ ਬਾਹਰ ਰੱਖੇ ਗਏ ਪੁਰਸ਼ ਦਾ ਸਰੂਪ ਕੋਈ ਅਰਥ ਤੇ ਅਹਿਮੀਅਤ ਨਹੀਂ ਰਖਦਾ। ਉਹ ਕੋਈ ਵੀ ਹੋਵੇ, ਕਿਹੋ ਜਿਹਾ ਵੀ ਹੋਵੇ, ਇਸਤਰੀ ਜਾਤ ਲਈ ਉਹਦੀ ਪੁਰਸ਼ੀ ਹਉਂ ਤੇ ਹੈਂਕੜ ਹੱਥ ਵਿਚ ਫੜੀ ਹੋਈ ਮੋਟੀ ਡਾਂਗ ਦਾ ਰੂਪ ਧਾਰ ਕੇ ਹੀ ਪ੍ਰਗਟ ਹੁੰਦੀ ਹੈ। ਚਿਤਰ ਵਿਚ ਉਹਦੀ ਏਨੀ, ਟੋਟਾ ਹੋਂਦ ਹੀ ਪੂਰੀ ਇਸਤਰੀ ਦੇ ਮੁਕਾਬਲੇ ਭਾਰੂ ਅਤੇ ਕਾਬਜ਼ ਹੈ। ਇਹ ਚਿਤਰਕਾਰ ਦੀ ਕਲਾ ਦਾ ਕਮਾਲ ਹੀ ਹੈ ਕਿ ਕੂਹਣੀ ਤੇ ਗੁੱਟ ਦੇ ਵਿਚਕਾਰ ਤੱਕ ਦਿਸਦੀ ਡਾਂਗ ਵਾਲ਼ੀ ਬਾਂਹ ਰਾਹੀਂ ਉਹਨੇ ਉਹ ਸਭ ਕੁਝ ਕਹਿ ਤੇ ਦਰਸਾ ਦਿੱਤਾ ਹੈ ਜੋ ਕਿਹਾ-ਦਰਸਾਇਆ ਜਾਣਾ ਚਾਹੀਦਾ ਸੀ। ਕੁੜਤੇ ਦੀ ਬਾਂਹ ਦਾ ਜੋ ਥੋੜ੍ਹਾ ਜਿਹਾ ਅਗਲਾ ਗੋਲ਼ ਸਿਰਾ ਦਿਸਦਾ ਹੈ, ਉਹਦੇ ਕੱਪੜੇ ਦੀ ਬਣਤ-ਬੁਣਤ ਤੇ ਸਿਲਾਈ ਤੋਂ ਪੁਰਾਤਨਤਾ ਦੀ ਦੱਸ ਪੈਂਦੀ ਹੈ। ਕੁੜਤੇ ਦੀ ਬਾਂਹ ਤੋਂ ਦੋ ਕੁ ਉਂਗਲਾਂ ਪਿੱਛੇ ਤੱਕ ਕੋਟ ਦੀ ਬਾਂਹ ਦਾ ਅਜਿਹਾ ਹੀ ਪੁਰਾਤਨੀ ਖੁਰਦਰਾ ਸਿਰਾ ਦਿਖਾਈ ਦਿੰਦਾ ਹੈ। ਇਹ ਕੋਟ ਸੱਤਾ, ਅਧਿਕਾਰ, ਦਬਦਬੇ ਤੇ ਦਾਬੇ ਦਾ ਚਿੰਨ੍ਹ ਹੈ, ਕਿਉਂਕਿ ਉਸ ਜ਼ਮਾਨੇ ਵਿਚ ਸਾਧਾਰਨ ਜਨਮਾਨਸ ਲਈ ਅਜਿਹਾ ਬਾਣਾ ਪਹੁੰਚ ਵਿਚ ਨਾ ਹੋਣ ਤੋਂ ਇਲਾਵਾ ਸਮਾਜਿਕ ਦਰਜੇਬੰਦੀ ਦੇ ਪੱਖੋਂ ਪਹਿਨਣਾ ਵੀ ਸੰਭਵ ਨਹੀਂ ਸੀ ਸਗੋਂ ਵਰਜਿਤ ਸੀ। ਗਿੱਠ ਕੁ ਬਾਂਹ ਤੋਂ ਬਿਨਾ ਚਿਤਰ ਵਿਚੋਂ ਪੁਰਸ਼ ਦੀ ਗ਼ੈਰਹਾਜ਼ਰੀ ਇਸ ਦਸਦੀ ਹੈ ਕਿ ਪੁਰਸ਼ ਗ਼ੈਰ-ਹਾਜ਼ਰ ਵੀ ਹੋਵੇ, ਇਸਤਰੀ ਉਤੇ ਉਹਦਾ ਦਾਬਾ ਹਾਜ਼ਰ ਰਹਿੰਦਾ ਹੈ।
ਪੁਰਸ਼ ਦੀ ਬਾਂਹ ਦੇ ਏਨੇ ਕੁ ਹਿੱਸੇ ਵਾਂਗ ਡਾਂਗ ਵੀ ਬਹੁਤ ਕੁਝ ਕਹਿੰਦੀ-ਦਿਖਾਉਂਦੀ ਹੈ। ਡਾਂਗ ਮੋਟੀ ਤੇ ਮਜ਼ਬੂਤ ਤਾਂ ਹੈ ਹੀ, ਪੋਰੀਦਾਰ ਵੀ ਹੈ। ਪੋਰੀਆਂ ਸਮਾਜ ਵਿਚ ਸੱਤਾ ਦੀ ਪਰਤਬੰਦੀ ਦੀਆਂ ਪ੍ਰਤੀਕ ਹਨ। ਇਸਤਰੀ ਤਾਂ ਸਭ ਤੋਂ ਹੇਠਾਂ ਹੈ ਹੀ, ਪੁਰਸ਼-ਪ੍ਰਧਾਨ ਸਮਾਜ ਵਿਚ ਛੋਟੇ ਸੱਤਾਧਾਰੀ ਪੁਰਸ਼ ਦੇ ਉਤੇ ਉਸ ਤੋਂ ਵੱਡਾ ਸੱਤਾਧਾਰੀ ਤੇ ਉਸ ਤੋਂ ਉਤੇ ਹੋਰ ਵੱਡਾ ਸੱਤਾਧਾਰੀ ਹੋਣ ਦਾ ਸਿਲਸਿਲਾ ਡਾਂਗ ਦੀਆਂ ਪੋਰੀਆਂ ਵਾਂਗ ਕਈ ਪਰਤਾਂ ਵਾਲ਼ਾ ਰਿਹਾ ਹੈ। ਡਾਂਗ ਦਾ ਸੱਜੇ ਦੀ ਥਾਂ ਖੱਬੇ ਹੱਥ ਵਿਚ ਹੋਣਾ ਪੁਰਸ਼ ਦੀ ਇਸ ਮਾਨਸਿਕਤਾ ਦਾ ਲਖਾਇਕ ਹੈ ਕਿ ਇਸਤਰੀ ਨੂੰ ਉਹਦੀ ਗ਼ੁਲਾਮ ਹੈਸੀਅਤ ਵਿਚ ਰੱਖਣਾ ਉਹਦੇ ਖੱਬੇ ਹੱਥ ਦੀ ਖੇਡ ਹੈ। ਡਾਂਗ ਉਤੇ ਪੰਜਾਂ ਉਂਗਲਾਂ ਦੀ ਮਜ਼ਬੂਤ ਪਕੜ ਰਾਹੀਂ ਉਜਾਗਰ ਹੁੰਦਾ ਇਸਤਰੀ-ਜੀਵਨ ਉਤੇ ਪੁਰਸ਼ੀ ਵਸੀਕਾਰ ਡਾਂਗ ਦਾ ਹੇਠਲਾ ਸਿਰਾ ਇਸਤਰੀ ਦੇ ਐਨ ਮੂਹਰੇ ਟਿਕਣ ਨਾਲ ਸੰਪੂਰਨ ਹੋ ਜਾਂਦਾ ਹੈ। ਡਾਂਗ ਦੇ ਉਪਰਲੇ ਸਿਰੇ ਉਤੇ ਸੋਨੇ ਦਾ ਪੋਲਰਾ ਮਜਬੂਰ, ਮਜ਼ਲੂਮ ਤੇ ਹੱਥਲ ਇਸਤਰੀ ਦੇ ਮੁਕਾਬਲੇ ਪੁਰਸ਼ ਦੀ ਜਾਇਦਾਦ-ਮਾਲਕੀ ਤੇ ਆਰਥਿਕ ਸਰਦਾਰੀ ਦਾ ਪ੍ਰਤੀਕ ਹੈ।
ਨਿਪੱਤਰਾ ਬਿਰਛ, ਫਨਦਾਰ ਨਾਗ ਅਤੇ ਡਾਂਗੂ ਪੁਰਸ਼ ਮਿਲ ਕੇ ਧੌਂਸ ਭਰੇ ਵਿਸ਼ੈਲੇ ਪੁਰਸ਼-ਪ੍ਰਧਾਨ ਮਾਹੌਲ ਵਿਚ ਇਸਤਰੀ ਦੇ ਹਿੱਸੇ ਆਈ ਨਿਪੱਤਰੀ-ਨਿਹਫਲ ਜ਼ਿੰਦਗੀ ਦੀ ਤਸਵੀਰ ਮੁਕੰਮਲ ਕਰ ਦਿੰਦੇ ਹਨ!
ਦੂਜੇ ਪੜਾਅ ਉਤੇ ਇਸਤਰੀ ਬੈਠੀ ਉਸੇ ਪਹਿਲੀ ਨਿੰਮੋਝੂਣ ਸਰੀਰਕ-ਮਾਨਸਿਕ ਹਾਲਤ ਵਿਚ ਹੈ ਪਰ ਉਹਨੇ ਲੰਮਾ ਘੁੰਡ ਕਢਿਆ ਹੋਇਆ ਹੈ। ਜਿਥੇ ਪਹਿਲਾਂ ਵਾਲ਼ਾ ਨੰਗਾ ਸਿਰ ਕਾਮੁਕ ਪੱਖੋਂ ਕਿਸੇ ਤੇਰ-ਮੇਰ ਤੋਂ ਪੂਰਵਲੇ ਇੱਜੜੀ ਦੌਰ ਦੀ ਸੋਚ ਦੀ ਦੱਸ ਪਾਉਂਦਾ ਸੀ ਜਦੋਂ ਇਸਤਰੀ ਉਤੇ ਪੁਰਸ਼ ਦੇ ਕਾਇਆ-ਕਬਜ਼ੇ ਦੇ ਵਿਚਾਰ ਦੀ ਅਣਹੋਂਦ ਕਾਰਨ ਅਜੇ ਲਾਜ-ਸ਼ਰਮ ਦਾ ਸੰਕਲਪ ਉਸ ਨਾਲ ਜੋੜਿਆ ਨਹੀਂ ਸੀ ਗਿਆ, ਇਹ ਘੁੰਡ ਇਸਤਰੀ ਉਤੇ ਇਕ ਪੁਰਸ਼ ਦੀ ਹੋ ਕੇ ਰਹਿਣ ਦਾ ਤੇ ਲਾਜ-ਸ਼ਰਮ ਦਾ ਨੇਮ ਲਾਗੂ ਤੇ ਲਾਦੂ ਕਰ ਦਿੱਤੇ ਜਾਣ ਦਾ ਸੂਚਕ ਹੈ। ਅਗਲੇ ਦੌਰ ਦੀ ਇਸਤਰੀ ਨੇ ਗਰਦਨ ਕੁਝ ਕੁਝ ਉਚੀ ਕਰ ਲਈ ਹੈ। ਬੁੱਕਲ ਵਿਚ ਟਿਕੇ ਹੋਣ ਕਰ ਕੇ ਪਹਿਲਾਂ ਦੇ ਅਦਿਸਦੇ ਹੱਥਾਂ ਦੀ ਥਾਂ ਉਹਨੇ ਖੱਬਾ ਹੱਥ ਧਰਤੀ ਉਤੇ ਟੇਕ ਲਿਆ ਹੈ ਜੋ ਹੰਭਲਾ ਮਾਰਨ ਦੀ ਤਿਆਰੀ ਦਾ ਸੰਕੇਤ ਹੈ। ਅਸਲ ਮੋੜ ਉਸ ਤੋਂ ਅਗਲਾ ਹੈ ਜਿਥੇ ਇਸਤਰੀ ਨੇ ਚਿਹਰਾ ਸਾਹਮਣੇ ਵੱਲ ਕਰਨ ਵਾਸਤੇ ਪਾਸਾ ਤਾਂ ਮੋੜ ਲਿਆ ਹੈ ਪਰ ਸੰਗਲ ਲਹਿ ਜਾਣ ਦੇ ਬਾਵਜੂਦ ਬਚੀ-ਖੁਚੀ ਗੁਲ਼ਾਮੀ ਦਾ ਚਿੰਨ੍ਹ, ਮੋਟਾ ਕੜਾ, ਖੱਬੇ ਗਿੱਟੇ ਕੋਲ ਬਾਕੀ ਹੋਣ ਕਾਰਨ ਉਹ ਅੱਧਾ ਘੁੰਡ ਚੁੱਕਣ ਦਾ ਸਾਹਸ ਹੀ ਕਰ ਸਕੀ ਹੈ। ਅਗਲੀ ਇਸਤਰੀ ਪੂਰਾ ਘੁੰਡ ਚੁੱਕ ਕੇ ਚਿਹਰਾ ਤਾਂ ਸਾਹਮਣੇ ਕਰ ਲੈਂਦੀ ਹੈ ਪਰ ਉਹ ਚਿਹਰਾ ਹੁਣ ਤੱਕ ਦੀ ਲੰਮੀ ਔਖੀ ਯਾਤਰਾ ਦੀ ਥਕਾਵਟ ਤੇ ਪੀੜ ਕਾਰਨ ਅਤੇ ਭਵਿੱਖ ਵਿਚ ਲੜਨੀ ਪੈਣੀ ਲੜਾਈ ਦੀ ਫ਼ਿਕਰਮੰਦੀ ਕਾਰਨ ਖੇੜੇ-ਖ਼ੁਸ਼ੀ ਦੇ ਕਿਸੇ ਵੀ ਸੰਕੇਤ ਤੋਂ ਸੱਖਣਾ ਹੈ। ਇਹ ਅਗਲਾ ਪੜਾਅ ਹੈ ਜਿਸ ਵਿਚ ਫ਼ੈਸਲਾਕੁਨ ਮੋੜ ਆਉਂਦਾ ਹੈ। ਇਥੇ ਗੋਡਿਆਂ ਭਾਰ ਹੋਈ ਇਸਤਰੀ ਦੇ ਛੇਤੀ ਹੀ ਖੜ੍ਹੀ ਹੋ ਜਾਣ ਵਿਚ ਕੋਈ ਸੰਦੇਹ ਨਹੀਂ ਰਹਿ ਜਾਂਦਾ। ਉਹਨੇ ਘੁੰਡ ਪੂਰੀ ਤਰ੍ਹਾਂ ਲਾਹ ਮਾਰਿਆ ਹੈ। ਸਿਰ ਉਤੇ ਟਿਕੇ ਹੋਏ ਸੱਜੇ ਹੱਥ ਤੋਂ ਅਤੇ ਦੂਰ ਦੁਮੇਲ ਵੱਲ ਟਿਕੀਆਂ ਹੋਈਆਂ ਇਕਾਗਰ ਨਜ਼ਰਾਂ ਤੋਂ ਆਪਣੀ ਹਾਲਤ-ਹੈਸੀਅਤ ਬਾਰੇ ਸੋਚ-ਵਿਚਾਰ ਦੀ ਅਤੇ ਅਗਲੇ ਪੰਧ ਬਾਰੇ ਚਿੰਤਨ-ਮੰਥਨ ਦੀ ਦੱਸ ਪੈਂਦੀ ਹੈ। ਘੁੰਡ ਸਾਂਭਣ ਤੋਂ ਮੁਕਤ ਹੋ ਚੁਕਿਆ ਖੱਬਾ ਹੱਥ ਉਹਦੀ ਸੋਚ ਨੂੰ ਅਮਲ ਵਿਚ ਸਾਕਾਰ ਕਰਨ ਵਾਸਤੇ ਤਿਆਰ-ਬਰ-ਤਿਆਰ ਦਿਸਦਾ ਹੈ।
ਅੰਤ ਵਿਚ ਅਜੋਕੀ ਜਾਗ੍ਰਿਤ ਤੇ ਚੇਤੰਨ ਮੁਟਿਆਰ ਹੈ। ਉਹਦਾ ਬਾਣਾ ਆਧੁਨਿਕ ਹੈ ਜੋ ਕਿਸੇ ਘੁੰਡ ਦੀ ਗੁੰਜਾਇਸ਼ ਹੀ ਨਹੀਂ ਰਹਿਣ ਦਿੰਦਾ। ਬਾਣਾ ਆਧੁਨਿਕ ਹੋਣ ਦੇ ਨਾਲ ਨਾਲ ਸਾਊ-ਸੁਚੱਜਾ ਹੈ, ਕੁਚੱਜਾ ਅੰਗ-ਪ੍ਰਦਰਸ਼ਕ ਤੇ ਅਖੌਤੀ ਨਾਰੀਵਾਦੀ ਆਧੁਨਿਕ ਨਹੀਂ। ਖੁੱਲ੍ਹੇ ਭਰਪੂਰ ਕੇਸ ਸਭ ਬੰਧਨਾਂ ਤੋਂ ਉਹਦੀ ਮੁਕਤੀ ਦਾ ਜੈਕਾਰਾ ਹਨ। ਉਚੇ ਚੁੱਕੇ ਹੋਏ ਖੱਬੇ ਹੱਥ ਵਿਚ ਲਟਲਟ ਬਲਦੀ ਮਸ਼ਾਲ ਹੈ ਜਿਸ ਦੀ ਲਾਟ ਦੀ ਨੋਕ ਦੂਰ ਦੁਮੇਲ ਉਤੇ ਉਦੈ ਹੋਏ ਚੰਦਰਮਾ ਤੋਂ ਵੀ ਉਚੀ ਦਿਸਦੀ ਹੈ। ਸੱਜੇ ਹੱਥ ਵਿਚ ਅਕਲ ਦਾ ਸਾਕਾਰ ਰੂਪ ਪੁਸਤਕ ਹੈ ਜੋ ਉਹਨੇ ਹਿੱਕ ਨਾਲ ਲਾਈ ਹੋਈ ਹੈ। ਮਸ਼ਾਲ ਤੇ ਪੁਸਤਕ, ਦੋਵੇਂ ਸੰਪੂਰਨਤਾਵਾਂ ਮਿਲ ਕੇ ਇਕ ਨਵੀਂ ਵਡੇਰੀ ਸੰਪੂਰਨਤਾ, ਚਾਨਣ ਦੀ ਵਿਆਪਕਤਾ ਸਿਰਜਦੀਆਂ ਹਨ ਅਤੇ ਇਉਂ ਇਕ ਦੂਜੀ ਦੀਆਂ ਪੂਰਕ ਬਣ ਜਾਂਦੀਆਂ ਹਨ। ਮਸ਼ਾਲ ਬਾਹਰ ਚੁਫੇਰੇ ਚਾਨਣ ਕਰਦੀ ਹੈ ਤਾਂ ਪੁਸਤਕ ਚਿੱਤ-ਚੇਤੇ ਨੂੰ ਰੌਸ਼ਨ ਕਰਦੀ ਹੈ। ਅੱਖਾਂ ਵਿਚ ਕਿਸੇ ਵੀ ਡਰ-ਭੈ ਜਾਂ ਦੁਬਿਧਾ ਦੀ ਥਾਂ ਦ੍ਰਿੜ੍ਹਤਾ ਹੈ। ਪੈਰਾਂ ਵਿਚ ਲੰਮੀਆਂ ਵਾਟਾਂ ਤੈਅ ਕਰਨ ਦੀ ਤਾਂਘ ਤੇ ਹਿੰਮਤ ਹੈ ਅਤੇ ਉਸੇ ਅਨੁਸਾਰ ਤਿੱਖੀ ਹਰਕਤ ਹੈ। ਚਿਹਰੇ ਉਤੇ ਪ੍ਰਾਪਤੀ, ਜਿੱਤ, ਖ਼ੁਸ਼ੀ ਤੇ ਤਸੱਲੀ ਦੀ ਮੋਨਾਲਿਜ਼ੀ ਮੁਸਕਾਨ ਹੈ। ਚਿਹਰੇ ਉਤੋਂ ਹੀ ਨਹੀਂ, ਸਮੁੱਚੀ ਕਾਇਆ ਵਿਚੋਂ ਆਤਮ-ਵਿਸ਼ਵਾਸ ਅਤੇ ਨਾਰੀ-ਸ਼ਕਤੀ ਦਾ ਤੇਜ ਤੇ ਜਲੌਅ ਝਲਕਦਾ, ਡਲ੍ਹਕਦਾ ਤੇ ਛਲਕਦਾ ਹੈ। ਜਿਥੇ ਪਹਿਲੀ, ਗ਼ੁਲਾਮ ਇਸਤਰੀ ਨੇੜਲਾ ਬਿਰਛ ਉਹਦੀ ਹਾਲਤ ਨਾਲ ਮੇਲ ਖਾਂਦਿਆਂ ਖੜਸੁਕ ਨਿਪੱਤਰਾ ਸੀ, ਉਹਦੇ ਮੁਕਾਬਲ ਆਜ਼ਾਦ ਇਸਤਰੀ ਨੇੜਲਾ ਬਿਰਛ ਉਹਦੀ ਹੈਸੀਅਤ ਅਨੁਸਾਰ ਖ਼ੂਬ ਫੁੱਲਿਆ-ਫਲਿਆ ਹੋਇਆ ਹੈ। ਉਸ ਇਕੱਲੇ ਦਾ ਫੁਟਾਰਾ ਤੇ ਪਸਾਰਾ ਪੂਰੇ ਵਣ ਦਾ ਪ੍ਰਤੀਨਿਧ ਬਣ ਜਾਂਦਾ ਹੈ। ਵਣ-ਪਰਬਤ ਇਸਤਰੀ ਦੀਆਂ ਪੁਲਾਂਘਾਂ ਤੋਂ ਬਹੁਤ ਹੇਠ ਰਹਿ ਗਏ ਹਨ। ਉਹਦਾ ਦਾਈਆ ਉਚੇ ਅੰਬਰਾਂ ਨਾਲ ਹੈ।
ਇਸਤਰੀ ਦੀ ਬੰਧਨ-ਬੱਝੀ ਹਾਲਤ ਤੋਂ ਖੰਭ ਖੋਲ੍ਹਣ ਤੇ ਤੋਲਣ ਤੱਕ ਦੀ ਇਸ ਸੱਤ-ਪੜਾਵੀ ਯਾਤਰਾ ਨੂੰ ਕਲਾਕਾਰ ਨੇ ਆਕਾਸ਼ ਵਿਚ ਸਫ਼ੈਦ ਪੰਛੀ ਦੀ ਸਮਾਨੰਤਰ ਉਡਾਨ ਰਾਹੀਂ ਦੂਹਰਾ ਪ੍ਰਗਟਾਉ ਦਿੱਤਾ ਹੈ। ਪੰਛੀ ਨੇ ਆਪਣੇ ਪੋਟੇ-ਪੋਟੇ ਤੇ ਖੰਭ-ਖੰਭ ਵਿਚ ਬਲ ਜਗਾਇਆ ਹੋਇਆ ਹੈ ਜੋ ਦੂਰ ਮੰਜ਼ਿਲ ਵੱਲ ਟਿਕੀ ਹੋਈ ਸੁਰਤੀ, ਲੰਮੀ ਉਡਾਨ ਲਈ ਤਤਪਰ ਸੂਤਵੇਂ ਸਰੀਰ ਅਤੇ ਵਿਰੋਧੀ ਪੌਣਾਂ ਨੂੰ ਚੀਰਨ ਲਈ ਖੁੱਲ੍ਹੇ ਹੋਏ ਖੰਭਾਂ ਵਿਚ ਉਜਾਗਰ ਹੁੰਦਾ ਹੈ। ਚਿਤਰ ਦੇ ਖੱਬੇ ਹੇਠਲੇ ਕੋਨੇ ਤੋਂ ਸੱਜੇ ਉਪਰਲੇ ਕੋਨੇ ਵੱਲ ਦਾ ਕੇਂਦਰੀ ਸਥਾਨ, ਕੁਦਰਤੀ ਗੱਲ ਹੈ, ਮੁੱਖ ਵਿਸ਼ੇ, ਗ਼ੁਲਾਮੀ ਤੋਂ ਆਜ਼ਾਦੀ ਵੱਲ ਦੀ ਇਸਤਰੀ ਦੀ ਯਾਤਰਾ ਨੇ ਮੱਲਿਆ ਹੋਇਆ ਹੈ। ਪਹਿਲੀ ਇਸਤਰੀ ਦੇ ਹਨੇਰੇ ਪਿਛਵਾੜੇ ਤੋਂ ਅੱਗੇ ਦੂਜੀ ਇਸਤਰੀ ਦੇ ਪਿਛਵਾੜੇ ਵਿਚ ਫੁੱਟਿਆ ਚਾਨਣ ਵਧਦਾ-ਵਧਦਾ, ਫੈਲਦਾ-ਫੈਲਦਾ ਅਜੋਕੀ ਇਸਤਰੀ ਦੇ ਪਿਛਵਾੜੇ ਤੱਕ ਪਹੁੰਚ ਕੇ ਚਾਨਣ ਦਾ ਛਲਕਾਰਾ ਬਣ ਜਾਂਦਾ ਹੈ। ਅੰਦਰਲਾ ਤੇ ਬਾਹਰਲਾ ਚਾਨਣ ਘੁਲਮਿਲ ਕੇ ਇਕ ਹੋ ਜਾਂਦੇ ਹਨ। ਸੱਜੀ ਹੇਠਲੀ ਥਾਂ ਜੰਗਲ-ਪਰਬਤ ਨੇ ਰੋਕੀ ਹੋਈ ਹੈ। ਉਪਰ ਪਿਛਵਾੜੇ ਵਿਚ ਖੱਬਿਉਂ ਸ਼ੁਰੂ ਹੁੰਦੇ ਅੰਬਰ ਉਤੇ, ਨਿਪੱਤਰੇ ਬਿਰਛ ਦੇ ਪਿੱਛੇ, ਧੁੰਦਲਾ-ਹਨੇਰਾ ਹੈ। ਸੱਜੇ ਵੱਲ ਬੱਦਲਾਂ ਤੇ ਹਨੇਰੇ ਦੀ ਸੰਘਣੀ ਮਿੱਸ ਹੈ ਜੋ ਸਹਿਜੇ ਸਹਿਜੇ ਪਤਲੀ ਤੇ ਛਿਦਰੀ ਹੁੰਦੀ ਜਾਂਦੀ ਹੈ ਅਤੇ ਅੰਤ ਨੂੰ ਮਸ਼ਾਲ ਵਾਲੀ ਨਾਇਕਾ ਦੇ ਪਿਛਵਾੜੇ ਤੱਕ ਪਹੁੰਚਦਿਆਂ ਚਿੱਟੇ ਚਾਨਣ ਵਿਚ ਪਲਟ ਕੇ ਉਹਦੇ ਦੁਆਲ਼ੇ ਦੇ ਚਾਨਣੇ ਜਲੌਅ ਵਿਚ, ਸਾਗਰ ਪਹੁੰਚੀ ਨਦੀ ਵਾਂਗ, ਲੀਨ ਹੋ ਜਾਂਦੀ ਹੈ।
ਕਲਾਕਾਰ ਨੇ ਇਸਤਰੀ ਦੇ ਔਖੇ ਤੇ ਲੰਮੇ ਆਜ਼ਾਦੀ ਸੰਗਰਾਮ ਨੂੰ ਚਿਤਰਨ ਦੇ ਜਿਸ ਦਾਈਏ ਨਾਲ ਪਹਿਲੀ ਛੋਹ ਦੀ ਕਲਪਨਾ ਕਰਦਿਆਂ ਕੈਨਵਸ ਅੱਗੇ ਖਲੋ ਕੇ ਰੰਗ ਵਿਚ ਆਪਣੀ ਤੂਲਿਕਾ ਡੁਬੋਈ ਸੀ, ਉਹ ਉਸ ਦਾਈਏ ਉਤੇ ਪੂਰਾ ਉਤਰਿਆ ਹੈ।