ਪ੍ਰਿੰæ ਸਰਵਣ ਸਿੰਘ
ਇੱਕ ਦਿਨ ਅਮਰਦੀਪ ਕਾਲਜ ਮੁਕੰਦਪੁਰ ਦੀਆਂ ਕੁੜੀਆਂ ਅਮਰਦੀਪ ਮੇਲੇ ਲਈ ਗਿੱਧੇ ਦੀ ਆਈਟਮ ਤਿਆਰ ਕਰ ਰਹੀਆਂ ਸਨ। ਦਫਤਰ ਦੇ ਪਿਛਲੇ ਪਾਸੇ ਰਿਹਰਸਲ ਹੋ ਰਹੀ ਸੀ। ਮੈਂ ਰਿਹਰਸਲ ਵੇਖ ਰਿਹਾ ਸਾਂ। ਮੈਨੂੰ ਦੱਸਿਆ ਗਿਆ ਕਿ ਡਾæ ਸਰਦਾਰਾ ਸਿੰਘ ਜੌਹਲ ਆਏ ਨੇ। ਮੈਂ ਦਫਤਰ ਆਇਆ ਤੇ ਚਾਹ ਪਾਣੀ ਮੰਗਾਇਆ।
ਗਿੱਧੇ ‘ਚੋਂ ਵਾਰ-ਵਾਰ ਆਵਾਜ਼ ਆਵੇ-ਉਹਨੇ ਕੀ ਨੱਚਣਾ, ਜੀਹਨੇ ਦੁੱਧ ਬੱਕਰੀ ਦਾ ਪੀਤਾ, ਉਹਨੇ ਕੀ ਨੱਚਣਾæææ। ਡਾæ ਜੌਹਲ ਮੁਸਕਰਾਉਂਦਿਆਂ ਕਹਿਣ ਲੱਗੇ, “ਇਨ੍ਹਾਂ ਕੁੜੀਆਂ ਨੂੰ ਕੀ ਪਤਾ, ਬੱਕਰੀ ਦੇ ਦੁੱਧ ‘ਚ ਕਿੰਨੀਆਂ ਨਿਆਮਤਾਂ ਹੁੰਦੀਆਂ ਨੇ? ਮਹਾਤਮਾ ਗਾਂਧੀ ਐਵੇਂ ਨਹੀਂ ਸੀ ਬੱਕਰੀ ਲਈ ਫਿਰਦਾ। ਸਾਡੀ ਪੰਜਾਬੀਆਂ ਦੀ ਮੱਤ ਮਾਰੀ ਏ ਮੱਝ ਦੇ ਦੁੱਧ ਨੇ ਐਵੇਂ। ਜਿਹੋ ਜਿਹੀ ਮੱਝ, ਉਹੋ ਜਿਹੀ ਅਕਲ। ਕਦੇ ਸੋਚਿਆ, ਪੰਡਤ ਪੁੰਨ ਦਾਨ ਵਿਚ ਗਾਂ ਹੀ ਕਿਉਂ ਲੈਂਦੇ ਨੇ?”
ਗੱਲਾਂ ਮੱਝ, ਗਊ, ਊਠਣੀ ਤੇ ਬੱਕਰੀ ਦੇ ਦੁੱਧ ਬਾਰੇ ਚੱਲ ਪਈਆਂ। ਕੁੜੀਆਂ ਵੱਲੋਂ ਮੁੜ ਮੁੜ ਆਵਾਜ਼ਾਂ ਆਈ ਜਾਣ-ਉਹਨੇ ਕੀ ਨੱਚਣਾ, ਜੀਹਨੇ ਦੁੱਧ ਬੱਕਰੀ ਦਾ ਪੀਤਾæææ। ਡਾæ ਜੌਹਲ ਕਹਿਣ ਲੱਗੇ, ਮਾਂ ਦੇ ਦੁੱਧ ਤੋਂ ਬਾਅਦ ਬੱਕਰੀ ਦਾ ਦੁੱਧ ਇਨਸਾਨੀ ਦੁੱਧ ਦੇ ਸਭ ਤੋਂ ਨੇੜੇ ਹੁੰਦੈ। ਵਿਗਿਆਨਕ ਤੌਰ ‘ਤੇ ਬੱਕਰੀ ਦੇ ਦੁੱਧ ਵਿਚ ਬੜੀਆਂ ਬਰਕਤਾਂ ਨੇ ਪਰ ਅਸੀਂ ਹਾਸੇ ਭਾਣੇ ਉਡਾ ਛੱਡਦੇ ਹਾਂ। ਜੇ ਕੋਈ ਬੱਚਾ ਬਿਮਾਰ ਹੋ ਜਾਵੇ ਤਾਂ ਹਕੀਮ ਬੱਕਰੀ ਦੇ ਦੁੱਧ ਦੀ ਸਿਫਾਰਸ਼ ਕਰਦੇ ਸਨ। ਪੱਛਮੀ ਮੁਲਕਾਂ ਵਿਚ ਬੱਕਰੀ ਦਾ ਦੁੱਧ ਗੋਕੇ ਦੁੱਧ ਤੋਂ ਤਿੰਨ ਗੁਣਾ ਮਹਿੰਗਾ ਵਿਕਦੈ।
ਉਹ ਅਰਥ ਸ਼ਾਸਤਰੀ ਵਜੋਂ ਬੋਲਦੇ ਗਏ, ਮੈਂ ਅਸੂਲੀ ਤੌਰ ‘ਤੇ ਮੱਝਾਂ ਨੂੰ ਦੁਧਾਰੂ ਜਾਨਵਰ ਹੀ ਨਹੀਂ ਮੰਨਦਾ। ਮੱਝ ਜ਼ਿਆਦਾ ਖਾਂਦੀ ਹੈ, ਦੁੱਧ ਘੱਟ ਦਿੰਦੀ ਤੇ ਗੋਹਾ ਵੱਧ ਕਰਦੀ ਹੈ। ਮੈਂ ਤਾਂ ਮੱਝ ਨੂੰ ਹਰੇ ਚਾਰੇ ਤੋਂ ਗੋਬਰ ਬਣਾਉਣ ਵਾਲੀ ਮਸ਼ੀਨ ਸਮਝਦਾਂ। ਚਾਰੇ ਦੇ ਹਿਸਾਬ ਨਾਲ ਦਿੱਤੇ ਮੱਝ ਦੇ ਥੋੜ੍ਹੇ ਦੁੱਧ ਵਿਚ ਚਰਬੀ ਬਹੁਤ ਹੁੰਦੀ ਹੈ ਜਿਸ ਨੂੰ ਆਮ ਬੋਲ ਚਾਲ ਵਿਚ ਫੈਟ ਕਹਿੰਦੇ ਹਨ। ਮੱਝ ਦੇ ਮੁਕਾਬਲੇ ਗਊ ਦੀ ਘੱਟ ਚਾਰਾ ਖਾ ਕੇ ਵੱਧ ਦੁੱਧ ਦੇਣ ਦੀ ਸਮਰੱਥਾ ਹੈ। ਕਿਉਂਕਿ ਗਊ ਵੱਧ ਦੁੱਧ ਦਿੰਦੀ ਹੈ, ਇਸ ਲਈ ਉਸ ਦੇ ਦੁੱਧ ਵਿਚ ਚਰਬੀ ਘੱਟ ਹੁੰਦੀ ਹੈ। ਚੰਗੀ ਨਸਲ ਦੀਆਂ ਗਊਆਂ ਇੱਕ ਸੂਏ ਵਿਚ ਪੰਜ ਹਜ਼ਾਰ ਲਿਟਰ ਦੇ ਕਰੀਬ ਦੁੱਧ ਦੇ ਦਿੰਦੀਆਂ ਹਨ ਜਦ ਕਿ ਚੰਗੀ ਮੱਝ ਮਸੀਂ ਦੋ ਢਾਈ ਹਜ਼ਾਰ ਲਿਟਰ ਦੁੱਧ ਦਿੰਦੀ ਹੈ।
ਡਾæ ਜੌਹਲ ਨੇ ਅਫਸੋਸ ਜ਼ਾਹਰ ਕੀਤਾ ਕਿ ਸਾਡੀ ਪੰਜਾਬੀਆਂ ਦੀ ਸੋਚ ਹੀ ਅਜਿਹੀ ਬਣ ਗਈ ਹੈ ਕਿ ਵੱਧ ਚਰਬੀ ਵਾਲਾ ਦੁੱਧ ਹੀ ਅਸੀਂ ਅਸਲੀ ਦੁੱਧ ਸਮਝਦੇ ਹਾਂ। ਤਿੰਨ ਚਾਰ ਫੀਸਦੀ ਚਰਬੀ ਵਾਲੇ ਦੁੱਧ ਨੂੰ ਤਾਂ ਅਸੀਂ ਦੁੱਧ ਹੀ ਨਹੀਂ ਸਮਝਦੇ। ਪੱਛਮੀ ਦੇਸ਼ਾਂ ਵਿਚ ਵਧੇਰੇ ਕਰ ਇੱਕ ਦੋ ਜਾਂ ਵੱਧ ਤੋਂ ਵੱਧ ਤਿੰਨ ਫੀਸਦੀ ਚਰਬੀ ਵਾਲਾ ਦੁੱਧ ਹੀ ਵਰਤਿਆ ਜਾਂਦੈ। ਸਾਨੂੰ ਦੁੱਧ ਬਾਰੇ ਆਪਣੀ ਸੋਚ ਬਦਲਣ ਦੀ ਲੋੜ ਹੈ। ਚਰਬੀ ਦੁੱਧ ਨਹੀਂ ਹੁੰਦੀ ਸਗੋਂ ਇਹ ਸਿਹਤ ਲਈ ਨੁਕਸਾਨਦੇਹ ਹੁੰਦੀ ਹੈ। ਵੈਸੇ ਵੀ ਮੱਝ ਦੇ ਦੁੱਧ ਵਿਚ ਜੋ ਚਰਬੀ ਹੁੰਦੀ ਹੈ, ਉਸ ਦੇ ਦਾਣੇ (ਗਲੋਬੀਉਲ) ਵੱਡੇ ਹੁੰਦੇ ਹਨ ਜੋ ਇਨਸਾਨੀ ਖੁਰਾਕ ਲਈ ਚੰਗੇ ਨਹੀਂ ਹਨ। ਗਊ ਦੇ ਦੁੱਧ ਦੀ ਚਰਬੀ ਦੇ ਦਾਣੇ ਛੋਟੇ ਅਤੇ ਇਨਸਾਨੀ ਦੁੱਧ ਦੇ ਨੇੜੇ ਹੁੰਦੇ ਹਨ। ਚੱਲਦੀਆਂ ਗੱਲਾਂ ਨੇ ਦਿਲਚਸਪ ਮੋੜ ਲੈ ਲਿਆ ਸੀ।
ਡਾæ ਜੌਹਲ ਕਹਿਣ ਲੱਗੇ, ਤਿੰਨ ਕੁ ਦਹਾਕੇ ਪਹਿਲਾਂ ਮੈਂ ਫਿਲੌਰ ਤੋਂ ਨੂਰ ਮਹਿਲ ਨੂੰ ਗੱਡੀ ‘ਚ ਸਫਰ ਕਰ ਰਿਹਾ ਸਾਂ। ਦੋ ਹੱਟੀਆਂ-ਕੱਟੀਆਂ ਅੱਧਖੜ ਜੱਟੀਆਂ ਆਪਸ ਵਿਚ ਝਗੜ ਪਈਆਂ। ਇੱਕ ਕਹਿਣ ਲੱਗੀ, “ਚੱਲ ਪਿੰਡ, ਅੱਜ ਕੱਢੀਂ ਆਪਣੇ ਜਣਿਆਂ ਨੂੰ, ਦੇਖੂੰਗੀ ਤੇਰਾ ਦੁੱਧ ਚੁੰਘਾਇਆ ਆਪਣੇ ਪੁੱਤਾਂ ਮੋਹਰੇ।” ਉਹ ਮਾਤਾ ਠੀਕ ਕਹਿੰਦੀ ਸੀ। ਚੁੰਘਾਏ ਦੁੱਧ ਦਾ ਸਰੀਰ ਤੇ ਬੁੱਧ ‘ਤੇ ਬਹੁਤ ਅਸਰ ਹੁੰਦੈ। ਜਿਹੋ ਜਿਹੇ ਜਾਨਵਰ ਦਾ ਦੁੱਧ ਅਸੀਂ ਪੀਂਦੇ ਹਾਂ ਉਹੋ ਜਿਹੀ ਸਾਡੀ ਬੁੱਧ ਬਣਦੀ ਹੈ। ਭ੍ਰਿਸ਼ਟ ਜਾਂ ਸੂਖਮ ਬੁੱਧੀ ਮਾਂ ਦੇ ਦੁੱਧ ਤੋਂ ਕਾਫੀ ਪ੍ਰਭਾਵਿਤ ਹੁੰਦੀ ਹੈ। ਮੈਂ ਸੋਚਦਾਂ ਕਿ ਪੰਜਾਬੀਆਂ ਨੂੰ ਦੁੱਧ ਚੁੰਘਾਉਣ ਵਾਲੀ ਮਾਂ ਤਾਂ ਦਰਅਸਲ ਮੱਝ ਹੀ ਹੈ। ਇਸ ਜਾਨਵਰ ਜਿੰਨਾ ਮੂਰਖ ਜਾਨਵਰ ਰੱਬ ਨੇ ਸ਼ਾਇਦ ਹੀ ਹੋਰ ਕੋਈ ਪੈਦਾ ਕੀਤਾ ਹੋਵੇ। ਇਸ ਬੁੱਧੀਹੀਣ, ਮੋਟੀ ਚਮੜੀ ਵਾਲੇ ਅਤੇ ਮੋਟੇ ਹੱਡਾਂ ਤੇ ਮੋਟੇ ਮਾਸ ਵਾਲੇ ਜਾਨਵਰ ਦਾ ਦੁੱਧ ਪੀ ਪੀ ਅਸੀਂ ਬਹਾਦਰ ਤੇ ਧੱਕੜ ਤਾਂ ਬਣ ਗਏ। ਮੱਝਾਂ ਦੀਆਂ ਪੂਛਾਂ ਵਰਗੀਆਂ ਗਾਲ੍ਹਾਂ ਵੀ ਕੱਢਣ ਦੇ ਕਾਬਲ ਹੋ ਗਏ ਪਰ ਨੀਤੀ, ਸੂਖਮਤਾ ਅਤੇ ਬੁੱਧ-ਵਿਹਾਰ ਵਿਚ ਮਾਰ ਖਾ ਗਏ। ਬ੍ਰਾਹਮਣ ਕਪਲਾ ਗਊ ਜੱਟਾਂ ਕੋਲੋਂ ਇਸੇ ਲਈ ਦਾਨ ਕਰਵਾ ਲੈਂਦੇ ਸਨ ਕਿ ਜੱਟਾਂ ਕੋਲ ਰਹੀ ਤਾਂ ਇਹਦਾ ਦੁੱਧ ਪੀਣਗੇ ਤੇ ਸਾਡੇ ਵਾਂਗ ਅਕਲਮੰਦ ਹੋ ਜਾਣਗੇ! ਮੂਰਖ ਜਾਨਵਰ ਦਾ ਦੁੱਧ ਪਿਆ ਕੇ ਹੀ ਉਨ੍ਹਾਂ ਨੂੰ ਮੂਰਖ ਰੱਖਿਆ ਜਾ ਸਕਦਾ ਸੀ। ਕਦੇ ਕਿਸੇ ਪੰਡਤ ਨੂੰ ਮੱਝ ਦਾ ਦਾਨ ਲੈਂਦੇ ਸੁਣਿਆਂ?
ਡਾæ ਜੌਹਲ ਨੇ ਪੁਸਤਕ ‘ਰੰਗਾਂ ਦੀ ਗਾਗਰ’ ਵਿਚ ਲਿਖਿਆ, “ਮੈਂ ਤਾਂ ਸਮਝਦਾ ਹਾਂ ਕਿ ਪੰਜਾਬ ਦਾ ਸਾਰਾ ਸਿਆਸੀ ਜਾਂ ਸਮਾਜਿਕ ਮਸਲਾ ਹੀ ਮੱਝ ਕਰਕੇ ਪੈਦਾ ਹੋਇਆ ਹੈ। ਸਾਡੇ ਸਿਆਸੀ ਲੀਡਰ ਅਤੇ ਧਾਰਮਕ ਤੇ ਸਮਾਜਕ ਆਗੂ ਮੱਝ ਦਾ ਸੰਘਣਾ ਦੁੱਧ ਪੀਂਦੇ ਤੇ ਘਿਉ ਖਾਂਦੇ ਹਨ ਜੀਹਦੇ ਖੁੱਲ੍ਹੇ ਗੱਫੇ ਲੱਗਦੇ ਹਨ। ਇਸ ਪਾਸੇ ਕਿਸੇ ਹੋਰ ਨੂੰ ਤਾਂ ਕਮੀ ਹੋਵੇਗੀ, ਪਰ ਇਨ੍ਹਾਂ ਲੀਡਰਾਂ, ਆਗੂਆਂ ਨੂੰ ਤਾਂ ਕੋਈ ਕਮੀ ਹੈ ਹੀ ਨਹੀਂ। ਇਸ ਖੁਰਾਕ ਨਾਲ ਬੁਧੀ ‘ਤੇ ਚਰਬੀ ਦੀਆਂ ਤੈਹਾਂ ਜੰਮ ਗਈਆਂ ਹਨ ਅਤੇ ਚਰਬੀ ਵੀ ਮੂਰਖ, ਬੁਧੀਹੀਣ ਮੋਟੀ ਚਮੜੀ ਵਾਲੇ ਪਸ਼ੂ ਦੀ। ਆਪਣੇ ਸਮਾਜਕ, ਆਰਥਕ ਤੇ ਸਿਆਸੀ ਹਿੱਤਾਂ ਵਾਸਤੇ ਵੀ ਮੱਝ ਵਾਲੀ ਢੀਠਤਾ ਨਾਲ ਇਹ ਆਗੂ ਡਟੇ ਹੋਏ ਹਨ। ਸਮਾਜਕ ਹਿੱਤਾਂ ਬਾਰੇ ਸੋਚਣ ਦੇ ਇਹ ਸਮਰੱਥ ਹੀ ਨਹੀਂ ਰਹੇ। ਬ੍ਰਾਹਮਣੀ ਕੇਂਦਰੀ ਰਾਜ ਦੇ ਲੀਡਰ ਮੱਝ ਦੀ ਚਰਬੀ ਤੋਂ ਬਚੇ ਹੋਏ ਹਨ। ਇਸੇ ਕਰਕੇ ਸਾਡੇ ਲੀਡਰਾਂ ਨੂੰ ਦੁੜਕੀ ਲਾਈ ਫਿਰਦੇ ਨੇ! ਇਸ ਕਰਕੇ ਵੀ ਮੇਰਾ ਯਕੀਨ ਹੈ ਕਿ ਸਮਾਜਕ ਅਤੇ ਮਾਨਸਿਕ ਪੱਖ ਤੋਂ ਸਾਡੇ ਵਿਗਿਆਨੀਆਂ ਨੂੰ ਮੱਝ ਦੀ ਥਾਂ ਗਊ ਦੀਆਂ ਉੱਨਤ ਕਿਸਮਾਂ ਪੈਦਾ ਕਰਨ ਅਤੇ ਗੋਕੇ ਦੁੱਧ ਦੇ ਉਤਪਾਦਨ ਵਿਚ ਵਾਧਾ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ। ਆਰਥਕ ਪੱਖ ਤੋਂ ਤਾਂ ਗਊ ਮੱਝ ਨਾਲੋਂ ਕਿਤੇ ਵੱਧ ਲਾਹੇਵੰਦ ਹੈ ਹੀ; ਖੁਰਾਕੀ ਪੱਖੋਂ ਵੀ ਗੋਕਾ ਦੁੱਧ ਕਿਤੇ ਵਧੀਆ ਹੈ।”
ਡਾæ ਜੌਹਲ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹੀਂ ਦਿਨੀਂ ਵਿਚ ਮੈਂ ਵੀ ਇੱਕ ਲੇਖ ‘ਮੱਝਾਂ ਦਾ ਦੁੱਧ ਪੀਣ ਵਾਲੇ’ ਅਖਬਾਰਾਂ ਵਿਚ ਛਪਵਾਇਆ ਸੀ। ਲਿਖਿਆ ਸੀ, “ਮੱਝਾਂ ਸਿੰਗ ਫਸਾ ਬਹਿੰਦੀਆਂ ਹਨ ਤੇ ਝੋਟੇ ਖੌਰੂ ਪਾਏ ਬਿਨਾ ਨਹੀਂ ਰਹਿੰਦੇ। ਉਹ ਭਿੜਨ ਦਾ ਬਹਾਨਾ ਈ ਭਾਲਦੇ ਹਨ। ਇੱਕ ਝੋਟਾ ਦੂਜੇ ਨੂੰ ਵੇਖ ਨਹੀਂ ਸਖਾਉਂਦਾ। ਇਹੋ ਹਾਲ ਮਾਝਾ ਦੁੱਧ ਪੀਣ ਵਾਲਿਆਂ ਦਾ ਹੈ।æææਗੁਰੂ ਅੰਗਦ ਦੇਵ ਪਸ਼ੂ ਪਾਲਣ ਯੂਨੀਵਰਸਿਟੀ ਨੂੰ ਖੋਜ ਕਰਵਾਉਣੀ ਚਾਹੀਦੀ ਹੈ ਕਿ ਸਾਰੀ ਦੁਨੀਆਂ ‘ਚੋਂ ਪੰਜਾਬੀ ਲੋਕ ਹੀ ਮੱਝਾਂ ਦਾ ਦੁੱਧ ਕਿਉਂ ਵੱਧ ਪੀਂਦੇ ਹਨ? ਪੰਜਾਬ ਵਿਚ ਗਊਆਂ ਤੇ ਬੱਕਰੀਆਂ ਦਾ ਦੁੱਧ ਕਿਉਂ ਨਹੀਂ ਵਧੇਰੇ ਵਰਤਿਆ ਜਾਂਦਾ? ਪੰਜਾਬ ਦੇ ਲਵੇਰਿਆਂ ਵਿਚ ਮੱਝਾਂ ਦੀ ਸਰਦਾਰੀ ਕਿਉਂ ਹੈ? ਕਿਤੇ ਮੱਝਾਂ ਦਾ ਦੁੱਧ ਪੀਣ ਵਾਲੇ ਹੀ ਪੰਜਾਬ ਦੇ ਲੀਡਰ ਤਾਂ ਨਹੀਂ ਬਣ ਰਹੇ? ਜੇ ਉਹੀ ਬਣ ਰਹੇ ਹਨ ਤਾਂ ਉਨ੍ਹਾਂ ਨੂੰ ਸਿੰਗ ਫਸਾਉਣ, ਖੌਰੂ ਪਾਉਣ ਤੇ ਭਿੜਨ ਤੋਂ ਹਟਾਉਣ ਦਾ ਟੀਕਾ ਤਿਆਰ ਕਰਵਾਉਣਾ ਚਾਹੀਦੈ। ਯੂਨੀਵਰਸਿਟੀ ਖੁਦ ਟੀਕਾ ਤਿਆਰ ਕਰਵਾਵੇ। ਕਿਹਾ ਜਾਂਦੈ ਕਿ ਮੈਂਹਾਂ ਮੈਂਹੇਂ ਦਾ ਵੈਰੀ ਹੁੰਦੈ। ਖੋਜ ਹੋਵੇ ਕਿ ਇਹ ਕਿਉਂ ਹੁੰਦੈ?”
ਡਾæ ਜੌਹਲ ਨੇ ਆਪਣੇ ਇੱਕ ਅਖਬਾਰੀ ਲੇਖ ‘ਜਿਥੇ ਦੁੱਧ ਜ਼ਹਿਰੀਲਾ ਹੈ’ ਵਿਚ ਲਿਖਿਆ: ਕੋਈ ਜ਼ਮਾਨਾ ਸੀ ਦੁੱਧ ਅਤੇ ਪੁੱਤ ਦੀ ਸਹੁੰ ਨਹੀਂ ਸੀ ਖਾਧੀ ਜਾਂਦੀ। ਕੋਈ ਲੱਖ ਸਹੁੰਆਂ ਖਾਵੇ ਪਰ ਦੁੱਧ-ਪੁੱਤ ਦੀ ਸਹੁੰ ਨਹੀਂ ਸੀ ਖਾਂਦਾ। ਪਰ ਪਿਛਲੇ ਪੰਜ-ਛੇ ਦਹਾਕਿਆਂ ‘ਚ ਬੜਾ ਬਦਲਾਓ ਆ ਗਿਆ ਹੈ। ਦੁੱਧ ਪਹਿਲੋਂ ਵੇਚਣ ਵਾਲੀ ਵਸਤੂ ਦੇ ਤੌਰ ‘ਤੇ ਨਹੀਂ ਸੀ ਸਮਝਿਆ ਜਾਂਦਾ। ਫਿਰ ਦੁੱਧ ਵੀ ਹੋਰ ਚੀਜ਼ਾਂ ਵਾਂਗ ਵੇਚਿਆ ਜਾਣ ਲੱਗ ਪਿਆ। ਇਸ ਪਰਿਵਰਤਨ ਨਾਲ ਪਵਿੱਤਰ ਦੁੱਧ ਵਿਚ ਵੀ ਵਿਉਪਾਰ ਵਾਲੀਆਂ ਸਾਰੀਆਂ ਅਲਾਮਤਾਂ ਆ ਗਈਆਂ। ਉਤਪਾਦਕਾਂ ਨੇ ਦੁੱਧ ਵਿਚ ਪਾਣੀ ਤੇ ਹੋਰ ਵਸਤਾਂ ਦੀ ਮਿਲਾਵਟ ਸ਼ੁਰੂ ਕਰ ਦਿੱਤੀ। ਬਹੁਤ ਘੱਟ ਲੋਕ ਜਾਣਦੇ ਤੇ ਸਮਝਦੇ ਹਨ ਕਿ ਜੇ ਦੁੱਧ ਇਨਸਾਨ ਵਾਸਤੇ ਵਧੀਆ ਖੁਰਾਕ ਹੈ ਤਾਂ ਬੀਮਾਰੀ ਦੇ ਕਿਟਾਣੂੰਆਂ ਵਾਸਤੇ ਵੀ ਇਹ ਉਨੀ ਹੀ ਖਿੱਚਪਾਊ ਖੁਰਾਕ ਹੈ। ਦੁੱਧ ਤਾਂ ਏਨੀ ਨਾਜ਼ਕ ਵਸਤੂ ਹੈ ਕਿ ਕੋਲ ਪਈ ਕਿਸੇ ਵੀ ਮੁਸ਼ਕ ਵਾਲੀ ਵਸਤੂ ਦੀ ਖੁਸ਼ਬੂ ਜਾਂ ਬਦਬੂ ਉਸੇ ਵਕਤ ਉਸ ਵਿਚ ਸਮਾ ਜਾਂਦੀ ਹੈ। ਜੇ ਪਸ਼ੂ ਦੇ ਪਿੰਡੇ ਉਤੇ ਕੋਈ ਮੁਸ਼ਕ ਵਾਲੀ ਚੀਜ਼ ਮਲ ਦੇਈਏ ਤਾਂ ਉਹਦਾ ਅਸਰ ਅਤੇ ਮੁਸ਼ਕ ਵੀ ਦੁੱਧ ਵਿਚ ਆ ਜਾਂਦਾ ਹੈ। ਬੱਕਰੀ ਦੇ ਦੁੱਧ ਤੋਂ ਤਾਂ ਹੀਂ ਇੱਕ ਖਾਸ ਕਿਸਮ ਦੀ ਬੋ ਆਉਂਦੀ ਹੈ ਕਿਉਂਕਿ ਇਹ ਜਾਨਵਰ ਅਬਲ-ਸਬਲ ਚਾਰਾ ਖਾਂਦਾ ਰਹਿੰਦਾ ਹੈ। ਜੇ ਚਾਰੇ ਵਿਚ ਜਾਂ ਪਸ਼ੂ ਦੇ ਪਿੰਡੇ ‘ਤੇ ਕੋਈ ਦਵਾਈ ਆਦਿ ਲੱਗੀ ਹੋਵੇ ਤਾਂ ਉਸ ਦੇ ਅੰਸ਼ ਵੀ ਦੁੱਧ ਵਿਚ ਆ ਜਾਂਦੇ ਹਨ। ਇੰਨੇ ਸੋਹਲ ਖਾਧ ਪਦਾਰਥ ਵਿਚ ਜੇ ਮਿਲਾਵਟ ਦੀ ਅਣਗਹਿਲੀ ਹੋ ਜਾਵੇ ਤਾਂ ਦੁੱਧ ਜ਼ਹਿਰੀਲਾ ਬਣ ਜਾਂਦਾ ਹੈ। ਜੇ ਦੁੱਧ ਚੋਣ ਵਾਲੇ ਨੂੰ ਕੋਈ ਤਪਦਿਕ ਆਦਿ ਦੀ ਬਿਮਾਰੀ ਹੋਵੇ ਤਾਂ ਉਸ ਦੇ ਕਿਟਾਣੂੰ ਦੁੱਧ ਨੂੰ ਵੀ ਦੂਸ਼ਤ ਕਰ ਦਿੰਦੇ ਹਨ। ਗੰਦੇ ਹੱਥਾਂ ਜਾਂ ਗੰਦੇ ਕਪੜਿਆਂ ਨਾਲ ਦੁੱਧ ਚੋਣਾ ਵੀ ਦੁੱਧ ਨੂੰ ਦੂਸ਼ਿਤ ਕਰਦਾ ਹੈ। ਦੁੱਧ ‘ਤੇ ਮੱਖੀਆਂ ਬੈਠਣ ਨਾਲ ਅਨੇਕ ਕਿਸਮ ਦੀਆਂ ਬਿਮਾਰੀਆਂ ਦੁੱਧ ਵਿਚ ਦਾਖਲ ਹੋ ਜਾਂਦੀਆਂ ਹਨ।
ਕੱਚਾ ਦੁੱਧ ਤਾਂ ਪੂਰਾ ਬਿਮਾਰੀਆਂ ਦਾ ਘਰ ਹੈ ਜਿਸ ਕਰਕੇ ਇਸ ਦੀ ਵਰਤੋਂ ਖਤਰਨਾਕ ਹੈ। ਉਤੋਂ ਦੁੱਧ ਉਤਪਾਦਕ ਦੁੱਧ ਵਧਾਉਣ ਲਈ ਹਰ ਹਰਬਾ ਵਰਤਦੇ ਹਨ। ਪਹਿਲਾਂ ਤਾਂ ਦੁੱਧ ਵਧਾਉਣ ਲਈ ਲਵੇਰੇ ਦੇ ਟੀਕੇ ਲਾਉਂਦੇ ਹਨ, ਫਿਰ ਦੁੱਧ ਉਤਾਰਨ ਲਈ ਟੀਕੇ ਤੇ ਤਸੀਹੇ। ਇਸ ਸਭ ਦਾ ਹਾਨੀਕਾਰਕ ਅਸਰ ਦੁੱਧ ‘ਤੇ ਪੈਂਦਾ ਹੈ। ਹੁਣ ਤਾਂ ਕੀਮੀਆਈ ਦੁੱਧ ਵੀ ਯੂਰੀਆ ਆਦਿ ਪਾ ਕੇ ਬਣਾਇਆ ਫੜਿਆ ਜਾਣ ਲੱਗਾ ਹੈ। ਦੁੱਧ ਨੂੰ ਬੇਹਾ ਹੋ ਕੇ ਫਟਣ ਤੋਂ ਬਚਾਉਣ ਲਈ ਡੇਅਰੀਆਂ ਵਾਲੇ ਦੁੱਧ ਵਿਚ ਦੁਆਈਆਂ ਪਾਉਂਦੇ ਹਨ। ਸਾਡੇ ਲਈ ਮਾੜੇ ਮੋਟੇ ਬਚਾਓ ਵਾਲੀ ਇਕੋ ਗੱਲ ਹੈ ਕਿ ਅਸੀਂ ਦੁੱਧ ਉਬਾਲ ਕੇ ਵਰਤਦੇ ਹਾਂ।
ਫਿਰ ਵਾਰੀ ਆਉਂਦੀ ਹੈ ਦੋਧੀਆਂ ਦੀ। ਖਪਤਕਾਰ ਤਾਈਂ ਪੁਚਾਉਂਦਿਆਂ ਇਹ ਦੁੱਧ ਦਾ ਹੁਲੀਆ ਹੀ ਵਿਗਾੜ ਦਿੰਦੇ ਹਨ। ਇਨ੍ਹਾਂ ਦਾ ਪਾਣੀ ਧਾਣੀ ਪਾਉਣ ਤੋਂ ਬਾਅਦ ਪਹਿਲਾ ਪੜਾਓ ਕਰੀਮ ਕੱਢਣ ਵਾਲੀਆਂ ਡੇਅਰੀਆਂ ‘ਤੇ ਹੁੰਦਾ ਹੈ। ਜਿਹੜਾ ਦੁੱਧ ਉਥੇ ਦੇਣਾ ਹੁੰਦਾ ਹੈ, ਦੇ ਕੇ ਹੋਰ ਮਿਲਾਵਟ ਕੀਤੀ ਜਾਂਦੀ ਹੈ। ਬਗੈਰ ਕਿਸੇ ਸ਼ਰਮ-ਹਯਾ ਦੇ ਇਹ ਸਪਰੇਟਾ ਦੁੱਧ ਖਰੀਦ ਕੇ ਆਪਣੇ ਪਿੰਡਾਂ ਤੋਂ ਲਿਆਂਦੇ ਦੁੱਧ ਵਿਚ ਸਾਰਿਆਂ ਦੇ ਸਾਹਮਣੇ ਮਿਲਾਵਟ ਕਰਦੇ ਹਨ। ਨਿਰਾ ਸਪਰੇਟਾ ਹੀ ਮਿਲਾਉਣਾ ਸ਼ਾਇਦ ਇਨ੍ਹਾਂ ਨੂੰ ਪੁੱਗਦਾ ਨਹੀਂ। ਕੋਲੋਂ ਨਲਕੇ ਦਾ ਪਾਣੀ ਪਾ ਲੈਂਦੇ ਹਨ। ਨਲਕੇ ਦਾ ਨਾ ਹੋਇਆ ਤਾਂ ਛੱਪੜ ਦਾ ਹੀ ਸਹੀ! ਇਨ੍ਹਾਂ ਦੀ ਗੰਦਗੀ ਦਾ ਇਹ ਹਾਲ ਹੈ ਕਿ ਇੱਕ ਵੇਰ ਮੈਂ ਵੇਖਿਆ, ਸੜਕ ‘ਤੇ ਜਾਂਦੇ ਦੋਝੀ ਦਾ ਸਾਈਕਲ ਉਲਟ ਗਿਆ ਜਿਸ ਨਾਲ ਦੁੱਧ ਦਾ ਡਰੰਮ ਡੁੱਲ੍ਹ ਗਿਆ। ਉਸ ਨੇ ਸਾਈਕਲ ਸਿੱਧਾ ਕਰ ਕੇ, ਫਟਾ-ਫਟ ਆਪਣਾ ਤੰਬਾ ਲਾਹਿਆ ਅਤੇ ਪੱਕੀ ਸੜਕ ‘ਤੇ ਡੁੱਲ੍ਹੇ ਦੁੱਧ ਵਿਚ ਭਿਉਂ ਕੇ ਡਰੰਮ ਵਿਚ ਨਚੋੜ ਲਿਆ। ਇਸ ਤਰ੍ਹਾਂ ਚਾਰ-ਪੰਜ ਵਾਰ ਉਸ ਨੇ ਡੁੱਲ੍ਹੇ ਦੁੱਧ ਵਿਚ ਚਾਦਰ ਭਿਉਂ ਕੇ ਡਰੰਮ ਵਿਚ ਨਿਚੋੜੀ ਅਤੇ ਸਾਰੇ ਦਾ ਸਾਰਾ ਦੁੱਧ ਡਰੰਮ ਵਿਚ ਸਮੇਟ ਲਿਆ। ਜੌਹਲ ਲਿਖਦਾ ਹੈ: ਇਹ ਨਜ਼ਾਰਾ ਵੇਖ ਕੇ ਮੈਂ ਮੁੜ ਕੇ ਕਿਸੇ ਦੋਝੀ ਤੋਂ ਦੁੱਧ ਨਹੀਂ ਖਰੀਦਿਆ।
ਦੁੱਧ ਦੀਆਂ ਡੇਅਰੀਆਂ ‘ਤੇ ਮੱਖੀਆਂ ਏਨੀਆਂ ਹੋ ਗਈਆਂ ਹਨ ਕਿ ਕਿਸੇ ਨੂੰ ਮੱਖੀਆਂ ਦੀ ਕੋਈ ਪਰਵਾਹ ਹੀ ਨਹੀਂ ਰਹੀ। ਮੱਖੀਆਂ ਦੇ ਢੇਰ ਵਿਖਾਈ ਦਿੰਦੇ ਹਨ ਦੁੱਧ ਦੀਆਂ ਦੁਕਾਨਾਂ ‘ਤੇ। ਮੱਖੀਆਂ ਦੁੱਧ ਵਿਚ ਡਿੱਗੀ ਜਾਂਦੀਆਂ ਹਨ ਅਤੇ ਦੁਕਾਨਦਾਰ ਪੋਣੀ ਨਾਲ ਕੱਢੀ ਜਾਂਦੇ ਹਨ। ਉਹ ਵੀ ਤਾਂ ਜੇ ਕੋਈ ਕਹਿ ਦੇਵੇ। ਨਹੀਂ ਘਰ ਜਾ ਕੇ ਆਪ ਕੱਢ ਲਵੇ! ਜਿਹੜੇ ਇੰਸਪੈਕਟਰ ਲਾਏ ਜਾਂਦੇ ਹਨ, ਉਨ੍ਹਾਂ ਦੇ ਡੇਅਰੀ ਮਾਲਕਾਂ ਤੇ ਦੁਕਾਨਦਾਰਾਂ ਨਾਲ ‘ਮਹੀਨੇ’ ਬੱਝ ਜਾਂਦੇ ਹਨ। ਇਸ ਹਾਲਤ ਵਿਚ ਜਿਥੇ ਕੁੱਤੀ ਚੋਰਾਂ ਨਾਲ ਰਲੀ ਹੋਵੇ ਤੇ ਚੋਰਾਂ ਦੀ ਜੁੰਡਲੀ ਆਪਸ ਵਿਚ ਜੁੜੀ ਹੋਵੇ, ਉਥੇ ਦੁੱਧ ਜ਼ਹਿਰ ਨਾ ਹੋਵੇ ਤਾਂ ਹੋਰ ਕੀ ਹੋਵੇ? ਲੋਕ ਫਿਰ ਵੀ ਪੀਵੀ ਜਾਂਦੇ ਹਨ ਦੁੱਧ ਸਮਝ ਕੇ ਅਤੇ ਲੋਟੂ ਲੁੱਟੀ ਜਾਂਦੇ ਹਨ ਲੋਕਾਂ ਨੂੰ ਦੁੱਧ ਵਿਚ ਜ਼ਹਿਰ ਮਿਲਾ ਕੇ। ਪਰ ਕੌਣ ਸੁਣਦੈ ਇਹ ਗੱਲਾਂ ਇਸ ਰਿਸ਼ੀਆਂ-ਮੁਨੀਆਂ ਦੀ ਧਰਤੀ ‘ਭਾਰਤ ਮਹਾਨ’ ਵਿਚ?
(ਪੁਸਤਕ ਲੈਣ ਲਈ ਸੰਗਮ ਪਬਲਿਸ਼ਰਜ਼ ਨਾਲ ਫੋਨ 011-91-17645-01934 ਜਾਂ 011-91-92090-00001 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।)